23-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-10-2026

ਦੋ ਬੂੰਦਾਂ ਨਾਲ ਹੋਈ ਮਨੁੱਖਤਾ ਦੀ ਜਿੱਤ

ਦੋ ਬੂੰਦਾਂ ਨਾਲ ਹੋਈ ਮਨੁੱਖਤਾ ਦੀ ਜਿੱਤ

Ad Position 21
No active advertisement
ਅਜੀਤ ਡੈਸਕ 24-10-2026

ਕਦੇ ਪੋਲੀਓ ਦਾ ਨਾਂਅ ਸੁਣਦਿਆਂ ਹੀ ਮਾਪਿਆਂ ਦੇ ਦਿਲਾਂ 'ਚ ਡਰ ਪੈਦਾ ਹੋ ਜਾਂਦਾ ਸੀ | ਹੱਸਦੇ-ਖੇਡਦੇ ਬੱਚੇ ਦਾ ਅਚਾਨਕ ਤੁਰਨ-ਫਿਰਨ ਦੀ ਸਮਰੱਥਾ ਗੁਆ ਬੈਠਣਾ ਜਾਂ ਕਿਸੇ ਦੇ ਹੱਥ-ਪੈਰਾਂ 'ਚ ਸਦਾ ਲਈ ਕਮਜ਼ੋਰੀ ਆ ਜਾਣੀ ਤੇ ਜ਼ਿੰਦਗੀ ਦਾ ਇਸ ਕਾਰਨ ਖ਼ਤਰੇ 'ਚ ਪੈ ਜਾਣਾ, ਪੋਲੀਓ ਦੀ ਅਜਿਹੀ ਤਸਵੀਰ ਦਰਦਨਾਕ ਤੇ ਭਿਆਨਕ ਹੁੰਦੀ ਸੀ | ਪਰ ਵਿਗਿਆਨ ਦੀ ਤਾਕਤ, ਸਿਹਤ ਕਰਮਚਾਰੀਆਂ ਦੀ ਮਿਹਨਤ ਅਤੇ ਲੋਕਾਂ ਦੇ ਸਾਂਝੇ ਸੰਕਲਪ ਨੇ ਇਸ ਬਿਮਾਰੀ ਨੂੰ  ਦੁਨੀਆ ਦੇ ਵੱਡੇ ਹਿੱਸੇ ਵਿਚ ਲਗਭਗ ਇਤਿਹਾਸ ਦਾ ਹਿੱਸਾ ਬਣਾ ਦਿੱਤਾ ਹੈ | ਹਰ ਸਾਲ 24 ਅਕਤੂਬਰ ਨੂੰ  ਮਨਾਇਆ ਜਾਣ ਵਾਲਾ 'ਵਿਸ਼ਵ ਪੋਲੀਓ ਦਿਵਸ' ਇਸੇ ਲੰਬੀ ਲੜਾਈ, ਮਹਾਨ ਵਿਗਿਆਨਕ ਉਪਲਬਧੀ ਅਤੇ ਮਨੁੱਖਤਾ ਦੇ ਸਾਂਝੇ ਸੰਕਲਪ ਨੂੰ  ਯਾਦ ਕਰਨ ਦਾ ਦਿਨ ਹੈ | ਇਹ ਤਾਰੀਖ ਵਿਸ਼ੇਸ਼ ਤੌਰ 'ਤੇ ਇਸ ਲਈ ਵੀ ਅਹਿਮ ਹੈ ਕਿਉਂਕਿ 24 ਅਕਤੂਬਰ 1914 ਨੂੰ  ਜਨਮੇ ਅਮਰੀਕੀ ਵਿਗਿਆਨੀ ਡਾ. ਜੋਨਸ ਸਾਲਕ ਨੇ ਪੋਲੀਓ ਵਿਰੁੱਧ ਪਹਿਲੀ ਸਫਲ ਤੇ ਪ੍ਰਭਾਵਸ਼ਾਲੀ ਵੈਕਸੀਨ ਵਿਕਸਤ ਕੀਤੀ ਸੀ | ਪੋਲੀਓ ਜਿਸ ਨੂੰ  ਪੋਲੀਓਮਾਇਲਾਈਟਿਸ ਵੀ ਕਿਹਾ ਜਾਂਦਾ ਹੈ, ਵਾਇਰਸ ਕਾਰਨ ਛੂਤ ਵਾਲੀ ਬਿਮਾਰੀ ਹੈ, ਜੋ ਮੁੱਖ ਤੌਰ 'ਤੇ ਪੰਜ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ  ਪ੍ਰਭਾਵਿਤ ਕਰਦੀ ਹੈ |

1952 'ਚ ਅਮਰੀਕਾ ਵਿਚ ਪੋਲੀਓ ਦਾ ਭਿਆਨਕ ਪ੍ਰਕੋਪ ਸਾਹਮਣੇ ਆਇਆ ਸੀ | ਇਸੇ ਦੌਰ ਨੇ ਵਿਗਿਆਨੀਆਂ 'ਤੇ ਇਕ ਪ੍ਰਭਾਵਸ਼ਾਲੀ ਟੀਕਾ ਤਿਆਰ ਕਰਨ ਦਾ ਦਬਾਅ ਬਣਾਇਆ ਸੀ | ਜੋਨਸ ਸਾਲਕ ਦਾ ਜਨਮ ਨਿਊਯਾਰਕ 'ਚ ਹੋਇਆ, ਜਿਨ੍ਹਾਂ ਨੇ ਮੈਡੀਕਲ ਸਿੱਖਿਆ ਹਾਸਲ ਕਰਨ ਤੋਂ ਬਾਅਦ ਵਾਇਰਸਾਂ ਅਤੇ ਰੋਗ-ਰੋਧਕ ਪ੍ਰਣਾਲੀ 'ਤੇ ਖੋਜ ਕੀਤੀ | ਉਨ੍ਹਾਂ ਦਾ ਵਿਸ਼ਵਾਸ ਸੀ ਕਿ ਜੇ ਵਾਇਰਸ ਨੂੰ  ਬੇਅਸਰ ਕਰਕੇ ਸਰੀਰ ਵਿਚ ਰੋਗ-ਰੋਧਕ ਪ੍ਰਤੀਕਿਰਿਆ ਪੈਦਾ ਕੀਤੀ ਜਾ ਸਕੇ ਤਾਂ ਪੋਲੀਓ ਵਿਰੁੱਧ ਪ੍ਰਭਾਵਸ਼ਾਲੀ ਟੀਕਾ ਬਣਾਇਆ ਜਾ ਸਕਦਾ ਹੈ | ਸਾਲਕ ਤੇ ਉਨ੍ਹਾਂ ਦੀ ਟੀਮ ਨੇ ਕਿਰਿਆਹੀਣ ਕੀਤੇ ਪੋਲੀਓ ਵਾਇਰਸ ਦੀ ਵਰਤੋਂ ਕਰਕੇ ਵੈਕਸੀਨ ਤਿਆਰ ਕੀਤੀ | ਬਾਕੀ ਵਿਗਿਆਨੀਆਂ ਨਾਲੋਂ ਉਨ੍ਹਾਂ ਦੀ ਸੋਚ ਵੱਖਰੀ ਸੀ, ਜੋ ਕਮਜ਼ੋਰ ਪਰ ਜ਼ਿੰਦਾ ਵਾਇਰਸ ਦੀ ਵਰਤੋਂ ਵੱਲ ਵਧ ਰਹੇ ਸਨ | ਵੈਕਸੀਨ ਦੀ ਸੁਰੱਖਿਆ ਤੇ ਪ੍ਰਭਾਵ ਦੇਖਣ ਲਈ 1954 'ਚ ਅਮਰੀਕਾ ਵਿਚ ਲਗਭਗ 18 ਲੱਖ ਬੱਚਿਆਂ 'ਤੇ ਪ੍ਰੀਖਣ ਕੀਤਾ ਗਿਆ | 12 ਅਪ੍ਰੈਲ 1955 ਨੂੰ  ਪ੍ਰੀਖਣਾਂ ਦੇ ਨਤੀਜੇ ਜਨਤਕ ਕੀਤੇ ਗਏ ਤੇ ਸਾਲਕ ਦੀ ਵੈਕਸੀਨ ਨੂੰ  ਪੋਲੀਓ ਵਿਰੁੱਧ ਪ੍ਰਭਾਵਸ਼ਾਲੀ ਪਾਇਆ ਗਿਆ | ਸਾਲਕ ਦੀ ਸੋਚ ਉਨ੍ਹਾਂ ਦੀ ਖੋਜ ਤੋਂ ਵੀ ਵੱਡੀ ਸੀ, ਕਿਉਂਕਿ ਵੈਕਸੀਨ ਨੂੰ  ਨਿੱਜੀ ਪੇਟੈਂਟ ਰਾਹੀਂ ਵੱਡੀ ਦੌਲਤ ਕਮਾਉਣ ਦੀ ਥਾਂ ਉਨ੍ਹਾਂ ਨੇ ਇਸ ਨੂੰ  ਮਨੁੱਖਤਾ ਦੀ ਭਲਾਈ ਨਾਲ ਜੋੜਿਆ | ਜਦੋਂ ਉਨ੍ਹਾਂ ਤੋਂ ਵੈਕਸੀਨ ਦੇ ਪੇਟੈਂਟ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਦਾ ਜਵਾਬ ਸੀ, 'ਕੀ ਤੁਸੀਂ ਸੂਰਜ ਨੂੰ  ਪੇਟੈਂਟ ਕਰ ਸਕਦੇ ਹੋ?' ਇਹ ਕਥਨ ਅੱਜ ਵੀ ਵਿਗਿਆਨਕ ਸੇਵਾ ਤੇ ਮਨੁੱਖਤਾ-ਪੱਖੀ ਸੋਚ ਦੀ ਮਿਸਾਲ ਵਜੋਂ ਯਾਦ ਕੀਤਾ ਜਾਂਦਾ ਹੈ |
ਪੋਲੀਓ ਵਿਰੁੱਧ ਲੜਾਈ ਨੂੰ  ਹੋਰ ਅੱਗੇ ਵਧਾਉਣ 'ਚ ਮਹਾਨ ਵਿਗਿਆਨੀ ਡਾ. ਅਲਬਰਟ ਸਬਿਨ ਦਾ ਯੋਗਦਾਨ ਵੀ ਬੇਹੱਦ ਮਹੱਤਵਪੂਰਨ ਰਿਹਾ, ਜਿਨ੍ਹਾਂ ਨੇ ਮੌਖਿਕ ਪੋਲੀਓ ਵੈਕਸੀਨ ਵਿਕਸਤ ਕੀਤੀ, ਜਿਸ ਨੂੰ  ਮੂੰਹ ਰਾਹੀਂ ਬੂੰਦਾਂ ਦੇ ਰੂਪ 'ਚ ਦਿੱਤਾ ਜਾ ਸਕਦਾ ਸੀ | ਮੌਖਿਕ ਵੈਕਸੀਨ ਦੀ ਸੌਖੀ ਵਿਧੀ ਨੇ ਵੱਡੇ ਪੱਧਰ 'ਤੇ ਟੀਕਾਕਰਨ ਮੁਹਿੰਮਾਂ ਨੂੰ  ਆਸਾਨ ਬਣਾਇਆ | ਇੱਥੋਂ ਹੀ ਪੋਲੀਓ ਵਿਰੁੱਧ ਉਹ ਤਸਵੀਰ ਬਣੀ, ਜਿਸ 'ਚ ਸਿਹਤ ਕਰਮਚਾਰੀ ਬੱਚੇ ਦੇ ਮੂੰਹ ਵਿਚ ਵੈਕਸੀਨ ਦੀਆਂ ਕੁਝ ਬੂੰਦਾਂ ਪਾਉਂਦੇ ਸਨ | 1988 'ਚ 'ਗਲੋਬਲ ਪੋਲੀਓ ਇਰੇਡੀਕੇਸ਼ਨ ਇਨੀਸ਼ੀਏਟਿਵ' ਦੀ ਸ਼ੁਰੂਆਤ ਹੋਈ | ਵਿਸ਼ਵ ਸਿਹਤ ਸੰਗਠਨ, ਯੂਨੀਸੈਫ, ਰੋਟਰੀ ਇੰਟਰਨੈਸ਼ਨਲ ਅਤੇ ਹੋਰ ਭਾਈਵਾਲ ਸੰਸਥਾਵਾਂ ਨੇ ਦੁਨੀਆ ਨੂੰ  ਪੋਲੀਓ ਮੁਕਤ ਕਰਨ ਲਈ ਵਿਸ਼ਾਲ ਮੁਹਿੰਮ ਚਲਾਈ, ਜਿਸ ਕਾਰਨ ਇਨ੍ਹਾਂ ਮਾਮਲਿਆਂ ਵਿਚ ਬੇਮਿਸਾਲ ਕਮੀ ਆਈ |
ਪੋਲੀਓ ਖਾਤਮੇ ਦੀ ਵਿਸ਼ਵ ਕਹਾਣੀ 'ਚ ਭਾਰਤ ਦਾ ਅਧਿਆਏ ਸਭ ਤੋਂ ਪ੍ਰੇਰਨਾਦਾਇਕ ਹੈ | ਇਕ ਸਮਾਂ ਸੀ ਜਦੋਂ ਭਾਰਤ ਪੋਲੀਓ ਦੇ ਸਭ ਤੋਂ ਵੱਧ ਮਾਮਲਿਆਂ ਵਾਲੇ ਦੇਸ਼ਾਂ 'ਚ ਸ਼ਾਮਿਲ ਸੀ | 1995 ਵਿਚ ਭਾਰਤ ਨੇ 'ਪਲਸ ਪੋਲੀਓ ਇਮਿਊਨਾਈਜ਼ੇਸ਼ਨ ਪ੍ਰੋਗਰਾਮ' ਸ਼ੁਰੂ ਕੀਤਾ | ਇਸ ਤੋਂ ਬਾਅਦ 'ਦੋ ਬੂੰਦ ਜ਼ਿੰਦਗੀ ਕੀ' ਦਾ ਨਾਅਰਾ ਦੇਸ਼ ਦੇ ਹਰ ਕੋਨੇ 'ਚ ਗੂੰਜਣ ਲੱਗਾ | ਪੋਲੀਓ ਬੂਥਾਂ 'ਤੇ ਲੰਬੀਆਂ ਕਤਾਰਾਂ ਲੱਗਦੀਆਂ, ਰੇਲਵੇ ਸਟੇਸ਼ਨਾਂ, ਬੱਸ ਅੱਡਿਆਂ ਅਤੇ ਮੇਲਿਆਂ ਵਿਚ ਵਿਸ਼ੇਸ਼ ਟੀਕਾਕਰਨ ਕੇਂਦਰ ਬਣਾਏ ਜਾਂਦੇ ਤੇ ਸਿਹਤ ਕਰਮਚਾਰੀ ਘਰ-ਘਰ ਪਹੁੰਚਦੇ | ਇਹ ਮੁਹਿੰਮ ਹੌਲੀ-ਹੌਲੀ ਲੋਕ ਲਹਿਰ ਦਾ ਰੂਪ ਧਾਰ ਗਈ | ਆਸ਼ਾ ਵਰਕਰਾਂ, ਆਂਗਣਵਾੜੀ ਵਰਕਰਾਂ, ਨਰਸਾਂ, ਸਿਹਤ ਵਿਭਾਗ ਦੇ ਕਰਮਚਾਰੀਆਂ ਤੇ ਹਜ਼ਾਰਾਂ ਵਲੰਟੀਅਰਾਂ ਨੇ ਇਸ ਮੁਹਿੰਮ ਨੂੰ  ਜ਼ਮੀਨੀ ਪੱਧਰ 'ਤੇ ਸਫਲ ਬਣਾਇਆ | ਭਾਰਤ ਵਿਚ ਜੰਗਲੀ ਪੋਲੀਓ ਵਾਇਰਸ ਦਾ ਆਖਰੀ ਦਰਜ ਮਾਮਲਾ 13 ਜਨਵਰੀ 2011 ਨੂੰ  ਪੱਛਮੀ ਬੰਗਾਲ 'ਚ ਸਾਹਮਣੇ ਆਇਆ ਸੀ | ਤਿੰਨ ਸਾਲ ਤੱਕ ਕੋਈ ਨਵਾਂ ਮਾਮਲਾ ਸਾਹਮਣੇ ਨਾ ਆਉਣ ਤੋਂ ਬਾਅਦ 27 ਮਾਰਚ 2014 ਨੂੰ  ਵਿਸ਼ਵ ਸਿਹਤ ਸੰਗਠਨ ਨੇੇ ਦੱਖਣ-ਪੂਰਬੀ ਏਸ਼ੀਆ ਖੇਤਰ ਨੂੰ  ਪੋਲੀਓ ਮੁਕਤ ਪ੍ਰਮਾਣਿਤ ਕੀਤਾ ਸੀ, ਜਿਸ ਵਿਚ ਭਾਰਤ ਵੀ ਸ਼ਾਮਿਲ ਸੀ | ਇਹ ਉਪਲਬਧੀ ਭਾਰਤ ਦੇ ਜਨਤਕ ਸਿਹਤ ਇਤਿਹਾਸ ਦੀਆਂ ਸਭ ਤੋਂ ਵੱਡੀਆਂ ਜਿੱਤਾਂ 'ਚੋਂ ਇਕ ਹੈ |
ਭਾਰਤ ਭਾਵੇਂ ਪੋਲੀਓ ਮੁਕਤ ਹੈ, ਪਰ ਦੁਨੀਆ ਅਜੇ ਪੂਰੀ ਤਰ੍ਹਾਂ ਪੋਲੀਓ ਮੁਕਤ ਨਹੀਂ ਹੋਈ | ਜਦੋਂ ਤੱਕ ਕਿਤੇ ਵੀ ਜੰਗਲੀ ਪੋਲੀਓ ਵਾਇਰਸ ਮੌਜੂਦ ਹੈ, ਇਸ ਦੇ ਮੁੜ ਫੈਲਣ ਦਾ ਖ਼ਤਰਾ ਬਣਿਆ ਰਹਿੰਦਾ ਹੈ | ਅਫ਼ਗਾਨਿਸਤਾਨ ਤੇ ਪਾਕਿਸਤਾਨ 'ਚ ਜੰਗਲੀ ਪੋਲੀਓ ਵਾਇਰਸ ਦਾ ਸੰਚਾਰ ਅਜੇ ਵੀ ਵਿਸ਼ਵ ਪੱਧਰੀ ਖਾਤਮਾ ਮੁਹਿੰਮ ਲਈ ਚੁਣੌਤੀ ਬਣਿਆ ਹੋਇਆ ਹੈ | ਇਸ ਲਈ ਪੋਲੀਓ ਟੀਕਾਕਰਨ ਨੂੰ  ਲੈ ਕੇ ਲਾਪ੍ਰਵਾਹੀ ਦੀ ਕੋਈ ਗੁੰਜਾਇਸ਼ ਨਹੀਂ | ਪੋਲੀਓ ਦੇ ਮਾਮਲਿਆਂ 'ਚ ਆਈ ਇਤਿਹਾਸਕ ਕਮੀ ਸਾਨੂੰ ਆਸ ਦਿੰਦੀ ਹੈ, ਪਰ ਅੰਤਿਮ ਜਿੱਤ ਲਈ ਚੌਕਸੀ ਅਜੇ ਵੀ ਲਾਜ਼ਮੀ ਹੈ | ਟੀਚਾ ਸਪੱਸ਼ਟ ਹੈ, ਧਰਤੀ ਦੇ ਹਰ ਬੱਚੇ ਨੂੰ  ਪੋਲੀਓ ਤੋਂ ਪੂਰੀ ਤਰ੍ਹਾਂ ਸੁਰੱਖਿਅਤ ਕਰਨਾ ਸਭ ਦਾ ਸਾਂਝਾ ਉਦੇਸ਼ ਹੋਣਾ ਚਾਹੀਦਾ ਹੈ |

–ਮੋਬਾਈਲ :  90412-95900

Ad Position 22
No active advertisement
ਪਿਛਲੀ ਖ਼ਬਰ ਸਭ ਦੀ ਵੱਡੀ ਜ਼ਿੰਮੇਵਾਰੀ ਹੈ ਪਾਣੀ ਬਚਾਉਣਾ ਅਗਲੀ ਖ਼ਬਰ Major Anti-Drug Crackdown : ਮੈਡੀਕਲ ਸਟੋਰ ਸੀਲ; ਜਾਂਚ ਲਈ ਮਾਲਕ ਨੂੰ ਨੋਟਿਸ ਜਾਰੀ
Ad Position 24