05-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-10-2026

ਬਾਸਮਤੀ ਦੇ ਚੰਗੇ ਭਾਅ ਤੋਂ ਕਿਸਾਨਾਂ ਨੂੰ ਮਿਲੀ ਸੰਤੁਸ਼ਟੀ

ਬਾਸਮਤੀ ਦੇ ਚੰਗੇ ਭਾਅ ਤੋਂ ਕਿਸਾਨਾਂ ਨੂੰ ਮਿਲੀ ਸੰਤੁਸ਼ਟੀ

Ad Position 21
No active advertisement
ਅਜੀਤ ਡੈਸਕ 06-10-2026

ਝੋਨਾ ਤੇ ਬਾਸਮਤੀ ਦੇ ਝਾੜ ਅਤੇ ਬਾਸਮਤੀ ਦੀਆਂ ਕੀਮਤਾਂ 'ਚ ਹੋਏ ਵਾਧੇ ਕਾਰਨ ਕਿਸਾਨਾਂ ਦੇ ਚਿਹਰਿਆਂ 'ਤੇ ਮੁਸਕਰਾਹਟ ਆਈ ਹੈ | ਭਾਵੇਂ ਆਉਣ ਵਾਲੀ ਰਬੀ ਸੀਜ਼ਨ ਲਈ ਕਣਕ ਦੀ ਐਮ.ਐਸ.ਪੀ. ਜੋ ਕੇਂਦਰ ਵਲੋਂ ਮੁਕਰਰ ਕੀਤੀ ਗਈ ਹੈ, ਉਸ 'ਚ ਪਿਛਲੇ ਸਾਲ ਨਾਲੋਂ ਕੇਵਲ 25 ਰੁਪਏ ਪ੍ਰਤੀ ਕੁਇੰਟਲ ਵਾਧਾ ਕਰਕੇ ਇਸ ਨੂੰ  2610 ਰੁਪਏ ਕੀਤਾ ਗਿਆ ਹੈ | ਉਤਪਾਦਨ ਖਰਚਿਆਂ ਨੂੰ  ਵੇਖਦਿਆਂ ਇਹ ਵਾਧਾ ਬਹੁਤ ਮਾਮੂਲੀ ਹੈ, ਜੋ ਵਧ ਰਹੇ ਉਤਪਾਦਨ ਖਰਚੇ ਦੀ ਉੱਕਾ ਪੂਰਤੀ ਨਹੀਂ ਕਰਦਾ | ਇਸ ਨੇ ਕਿਸਾਨਾਂ ਨੂੰ  ਨਿਰਾਸ਼ਾ ਕੀਤਾ ਹੈ |

ਪੰਜਾਬ 'ਚ ਝੋਨਾ–ਕਣਕ ਫ਼ਸਲੀ–ਚੱਕਰ ਪ੍ਰਧਾਨ ਹੈ | ਝੋਨੇ ਦਾ ਬੜਾ ਆਸ਼ਾਜਨਕ ਝਾੜ ਆ ਰਿਹਾ ਤੇ ਜਿਹੜੀ ਫ਼ਸਲ ਅਜੇ ਖੜ੍ਹੀ ਹੈ, ਉਹ ਵੀ ਵਧੀਆ ਉਤਪਾਦਨ ਦੀ ਸੰਭਾਵਨਾ ਦਰਸਾਉਂਦੀ ਹੈ | ਬਾਸਮਤੀ ਦੀ ਪੂਸਾ ਬਾਸਮਤੀ–1509 ਕਿਸਮ 4600 ਰੁਪਏ ਪ੍ਰਤੀ ਕੁਇੰਟਲ ਤੱਕ ਵਿਕ ਰਹੀ ਹੈ | ਹੁਣ ਤੱਕ ਕਿਸਾਨਾਂ ਨੂੰ  4300 ਤੋਂ 4600 ਰੁਪਏ ਪ੍ਰਤੀ ਕੁਇੰਟਲ ਦੇ ਭਾਅ ਪ੍ਰਾਪਤ ਹੋਏ ਹਨ | ਪੂਸਾ ਬਾਸਮਤੀ–1509 ਦਾ ਝਾੜ ਵੀ ਔਸਤਨ 22 ਕੁਇੰਟਲ ਪ੍ਰਤੀ ਏਕੜ ਤੋਂ ਵੱਧ ਆ ਰਿਹਾ ਹੈ ਅਤੇ ਕਿਸਾਨਾਂ ਨੂੰ  1.10 ਲੱਖ ਰੁਪਏ ਪ੍ਰਤੀ ਏਕੜ ਦੀ ਵੱਟਤ ਹੋ ਰਹੀ ਹੈ | ਝੋਨਾ, ਬਾਸਮਤੀ ਸਮੇਤ 32.75 ਲੱਖ ਹੈਕਟੇਅਰ ਤੋਂ ਵੱਧ ਰਕਬੇ 'ਤੇ ਬੀਜਿਆ ਹੋਇਆ ਹੈ, ਜਿਸ 'ਚੋਂ ਇਕ ਅਨੁਮਾਨ ਅਨੁਸਾਰ 6.90 ਲੱਖ ਹੈਕਟੇਅਰ ਦੇ ਕਰੀਬ 'ਤੇ ਬਾਸਮਤੀ ਦੀਆਂ ਕਿਸਮਾਂ ਹਨ, ਜਿਨ੍ਹਾਂ 'ਚ ਸਭ ਤੋਂ ਵੱਧ ਰਕਬੇ 'ਤੇ ਥੋੜ੍ਹੇ ਸਮੇਂ 'ਚ ਪੱਕਣ ਵਾਲੀ ਪੂਸਾ ਬਾਸਮਤੀ–1509 ਕਿਸਮ ਬੀਜੀ ਗਈ | ਮਾਹਿਰਾਂ ਤੇ ਬਰਾਮਦਕਾਰਾਂ ਦਾ ਅਨੁਮਾਨ ਹੈ ਕਿ ਅਗਲੇ ਸਾਲ ਬਾਸਮਤੀ ਦੀ ਕਾਸ਼ਤ ਥੱਲੇ ਹੋਰ ਰਕਬਾ ਵਧੇਗਾ ਤੇ ਬਾਸਮਤੀ ਫ਼ਸਲੀ–ਭਿੰਨਤਾ 'ਚ ਵਧੇਰੇ ਅਹਿਮ ਰੋਲ ਅਦਾ ਕਰੇਗੀ | ਉੱਤਰ ਪ੍ਰਦੇਸ਼ ਦੇ ਕਿਸਾਨਾਂ ਨੇ ਤਾਂ ਬਾਸਮਤੀ ਦੀ ਵੱਧ ਕੀਮਤ ਲੈ ਕੇ ਆਪਣੇ ਹੱਥ ਰੰਗ ਲਏ, ਜਿੱਥੇ 15 ਜੂਨ ਤੋਂ ਪਹਿਲਾਂ ਝੋਨੇ ਦੀ ਕਾਸ਼ਤ 'ਤੇ ਕੋਈ ਪਾਬੰਦੀ ਨਹੀਂ ਹੈ | ਯੂ.ਪੀ. ਦੇ ਕਿਸਾਨਾਂ ਨੇ ਅਗੇਤੀ ਹੀ ਆਪਣੀ ਫ਼ਸਲ ਹਰਿਆਣਾ ਦੀਆਂ ਮੰਡੀਆਂ 'ਚ ਲਿਆ ਕੇ ਵੱਧ ਭਾਅ 'ਤੇ ਵੇਚ ਲਈ |
ਪੰਜਾਬ ਜੀ.ਆਈ. ਜ਼ੋਨ 'ਚ ਹੋਣ ਕਰਕੇ ਇੱਥੋਂ ਦੀ ਮਿੱਟੀ ਬਾਸਮਤੀ ਪੈਦਾ ਕਰਨ ਲਈ ਜ਼ਿਆਦਾ ਅਨੁਕੂਲ ਹੈ ਤੇ ਇਸ ਦੀ ਬਾਸਮਤੀ ਖ਼ਪਤਕਾਰਾਂ ਨੂੰ  ਵਧੇਰੇ ਪਸੰਦ ਹੈ | 2025–26 'ਚ ਭਾਰਤ ਤੋਂ 65.2 ਲੱਖ ਮੀਟਿ੍ਕ ਟਨ 50 ਹਜ਼ਾਰ ਕਰੋੜ ਰੁਪਏ ਤੋਂ ਵੱਧ ਦੀ ਮਾਲੀਅਤ ਦੀ ਬਾਸਮਤੀ ਬਰਾਮਦ ਕੀਤੀ ਗਈ, ਜਿਸ 'ਚ ਪੰਜਾਬ ਦਾ ਹਰਿਆਣੇ ਸਮੇਤ 40 ਫ਼ੀਸਦੀ ਤੋਂ ਵੱਧ ਦਾ ਯੋਗਦਾਨ ਹੈ | ਇਹ ਜ਼ਿਆਦਾ ਮੱਧ ਪੂਰਬ ਦੇ ਮੁਲਕਾਂ ਨੂੰ  ਬਰਾਮਦ ਕੀਤੀ ਗਈ | ਬਾਸਮਤੀ ਦੀ ਘਰੇਲੂ ਖ਼ਪਤ ਵੀ ਦਿਨੋ–ਦਿਨ ਵਧ ਰਹੀ ਹੈ | ਪਿਛਲੇ ਸਾਲ ਭਾਰਤ 'ਚ 154 ਮਿਲੀਅਨ ਟਨ ਦੀ ਚੌਲਾਂ ਦੀ ਪੈਦਾਵਾਰ ਹੋਈ | ਇਸ ਸਾਲ ਪੰਜਾਬ 'ਚ 180 ਲੱਖ ਟਨ ਝੋਨੇ ਦੀ ਸਰਕਾਰੀ ਕੀਮਤ 'ਤੇ ਖਰੀਦ ਕਰਨ ਦਾ ਟੀਚਾ ਰੱਖਿਆ ਗਿਆ ਹੈ | ਭਾਵੇਂ ਕੇਂਦਰ ਤੇ ਪੰਜਾਬ ਸਰਕਾਰ ਨੇ ਪੂਸਾ–44 ਝੋਨੇ ਦੀ ਕਿਸਮ ਜੋ ਸਭ ਕਿਸਮਾਂ ਨਾਲੋਂ ਵੱਧ ਝਾੜ ਦਿੰਦੀ ਹੈ, ਦੀ ਕਾਸ਼ਤ ਬੰਦ ਕਰਨ ਲਈ ਇਸ ਦਾ ਬੀਜ ਪੈਦਾ ਕਰਨਾ ਬੰਦ ਕਰ ਦਿੱਤਾ ਹੈ | ਪਰ ਫਿਰ ਵੀ ਕਿਸਾਨਾਂ ਵਲੋਂ 15 ਫ਼ੀਸਦੀ ਤੱਕ ਰਕਬਾ ਪੂਸਾ-44 ਅਤੇ ਕਿਸਮਾਂ ਦੇ ਨਾਂਅ 'ਤੇ ਬੀਜਿਆ ਗਿਆ ਹੈ | ਇਸ ਦਾ ਪੁਰਾਣਾ ਬੀਜ ਵਰਤ ਕੇ ਵੀ ਕਿਸਾਨ ਪੂਸਾ-44 ਨਾਲ ਸਭ ਕਿਸਮਾਂ ਨਾਲੋਂ ਵੱਧ ਝਾੜ ਲੈਣ ਦੀ ਉਮੀਦ ਰੱਖਦੇ ਹਨ | ਅਜੇ ਤੱਕ ਪੂਸਾ-44 ਕਿਸਮ ਦੇ ਬਰਾਬਰ ਝਾੜ ਦੇਣ ਵਾਲੀ ਕੋਈ ਕਿਸਮ ਵਿਕਸਿਤ ਨਹੀਂ ਹੋਈ | ਅਗਲੇ ਸਾਲ ਥੋੜ੍ਹੇ ਸਮੇਂ 'ਚ ਪੱਕਣ ਵਾਲੀਆਂ ਪੀਆਰ-126 ਤੇ ਹਾਈਬਿ੍ਡ ਕਿਸਮਾਂ ਦੀ ਥਾਂ ਕਿਸਾਨਾਂ ਦਾ ਝੁਕਾਅ ਪੂਸਾ ਬਾਸਮਤੀ-1509 ਕਿਸਮ ਵੱਲ ਜ਼ਿਆਦਾ ਵਧ ਰਿਹਾ ਹੈ | ਆਲੂ ਆਦਿ ਬੀਜਣ ਵਾਲੇ ਵੀ ਪੂਸਾ ਬਾਸਮਤੀ-1509 ਦੀ ਕਾਸ਼ਤ ਕਰਨਗੇ, ਜਿਸ ਤੋਂ ਉਨ੍ਹਾਂ ਨੂੰ  ਵੱਧ ਮੁਨਾਫ਼ਾ ਹੋਵੇਗਾ |
ਸਰਕਾਰ ਵਲੋਂ ਪਰਾਲੀ ਨੂੰ  ਜ਼ਮੀਨ 'ਚ ਦਬਾਅ ਕੇ ਉਪਜਾਊ ਸ਼ਕਤੀ ਵਧਾਉਣ ਲਈ ਅਤੇ ਰਹਿੰਦ-ਖੂੰਹਦ ਨੂੰ  ਅੱਗ ਲਾਉਣ ਦੀ ਪ੍ਰਥਾ ਬੰਦ ਕਰਨ ਲਈ ਮਸ਼ੀਨਰੀ ਸਬਸਿਡੀ 'ਤੇ ਦੇ ਕੇ ਉਪਰਾਲੇ ਕੀਤੇ ਜਾ ਰਹੇ ਹਨ ਪਰ ਫੇਰ ਵੀ ਕੁਝ ਅਗੇਤੀ ਪੱਕਣ ਵਾਲੀ ਫ਼ਸਲ ਦੇ ਉਤਪਾਦਕ ਅੰਮਿ੍ਤਸਰ, ਤਰਨ ਤਾਰਨ ਆਦਿ ਜ਼ਿਲਿ੍ਹਆਂ 'ਚ ਰਹਿੰਦ-ਖੂੰਹਦ ਨੂੰ  ਅੱਗ ਲਾ ਰਹੇ ਹਨ, ਜਿਸ ਨਾਲ ਪ੍ਰਦੂਸ਼ਣ ਪੈਦਾ ਹੋਣ ਤੋਂ ਇਲਾਵਾ ਜ਼ਮੀਨ ਦੀ ਉਪਜਾਊ ਸ਼ਕਤੀ ਘਟਦੀ ਹੈ | ਭਾਵੇਂ ਰਿਪੋਰਟਾਂ ਇਹ ਦਰਸਾਉਂਦੀਆਂ ਹਨ ਕਿ ਦਿੱਲੀ 'ਚ ਧੂੰਏਾ ਦਾ ਕਾਰਨ ਪੰਜਾਬ 'ਚ ਝੋਨੇ ਦੀ ਰਹਿੰਦ-ਖੂੰਹਦ ਨੂੰ  ਅੱਗ ਲਾਉਣਾ ਨਹੀਂ, ਪਰ ਫੇਰ ਵੀ ਕੇਂਦਰ ਸਰਕਾਰ ਪਰਾਲੀ ਨੂੰ  ਅੱਗ ਲਾਉਣ ਦੇ ਰੁਝਾਨ ਨੂੰ  ਠੱਲ੍ਹ ਪਾਉਣ ਲਈ ਪੰਜਾਬ ਸਰਕਾਰ ਨੂੰ  ਮਸ਼ੀਨਰੀ ਸਬਸਿਡੀ 'ਤੇ ਦੇਣ ਲਈ ਖੁੱਲ੍ਹੀ ਇਮਦਾਦ ਦੇ ਰਹੀ ਹੈ | ਲੰਮੇ ਸਮੇਂ 'ਚ ਪੱਕਣ ਵਾਲੀ ਪੂਸਾ ਬਾਸਮਤੀ-1121 ਕਿਸਮ ਖ਼ਪਤਕਾਰਾਂ ਦੀ ਬਹੁਤ ਮਨਪਸੰਦ ਰਹੀ ਹੈ ਤੇ ਵੱਡੇ ਪੈਮਾਨੇ 'ਤੇ ਬਰਾਮਦ ਕੀਤੀ ਜਾਂਦੀ ਸੀ, ਉਸ ਦੀ ਥਾਂ ਹੁਣ ਪੂਸਾ ਬਾਸਮਤੀ-1509 ਨੇ ਲੈ ਲਈ ਹੈ, ਜੋ ਪੱਕਣ ਨੂੰ  ਥੋੜ੍ਹਾ ਸਮਾਂ ਲੈਂਦੀ ਹੈ ਤੇ ਸਭ ਕਿਸਮਾਂ ਤੋਂ ਵੱਧ ਬਰਾਮਦ ਕੀਤੀ ਜਾਂਦੀ ਹੈ | ਆਈ.ਸੀ.ਏ.ਆਰ–ਇੰਡੀਅਨ ਐਗਰੀਕਲਚਰਲ ਰਿਸਰਚ ਇੰਸਟੀਚਿਊਟ ਦੇ ਸੰਯੁਕਤ ਡਾਇਰੈਕਟਰ (ਖੋਜ) ਡਾ. ਵਿਸ਼ਵਨਾਥਨ ਸੀ. ਅਨੁਸਾਰ ਪੂਸਾ 'ਚ ਬਾਸਮਤੀ ਤੇ ਝੋਨਾ ਕਿਸਮਾਂ ਦੀ ਖੋਜ ਤੇਜ਼ੀ ਨਾਲ ਕੀਤੀ ਜਾ ਰਹੀ ਹੈ ਅਤੇ ਹੋਰ ਲਾਹੇਵੰਦ, ਸੁਧਰੀਆਂ ਕਿਸਮਾਂ ਨੋਟੀਫਾਈ ਹੋਣ ਉਪਰੰਤ ਕਿਸਾਨਾਂ ਤੱਕ ਛੇਤੀ ਹੀ ਪਹੁੰਚਣ ਦੀ ਸੰਭਾਵਨਾ ਹੈ, ਜਿਨ੍ਹਾਂ ਨਾਲ ਉਨ੍ਹਾਂ ਦੀ ਆਮਦਨ ਵਧੇਗੀ |
 

ਈ-ਮੇਲ : bhagwandass226@gmail.com

Ad Position 22
No active advertisement
ਪਿਛਲੀ ਖ਼ਬਰ ਔਖੇ ਸਮੇਂ 'ਚੋਂ ਗੁਜ਼ਰ ਰਹੇ ਹਨ ਚੋਣ ਕਮਿਸ਼ਨ ਤੇ ਸਰਕਾਰ ਅਗਲੀ ਖ਼ਬਰ ਐੱਫ.ਜ਼ੈੱਡ. 1073 ਉਡਾਣ ਦੀ ਘਟਨਾ ਜੇਕਰ ਜਹਾਜ਼ ਵਿਚ 'ਆਫ-ਡਿਊਟੀ' ਪਾਇਲਟ ਨਾ ਹੁੰਦੇ?
Ad Position 24