22-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2026

ਜਲਵਾਯੂ ਤਬਦੀਲੀ ਹੁਣ ਭਵਿੱਖ ਦਾ ਸੰਕਟ ਨਹੀਂ, ਅੱਜ ਦੀ ਹਕੀਕਤ

ਜਲਵਾਯੂ ਤਬਦੀਲੀ ਹੁਣ ਭਵਿੱਖ ਦਾ ਸੰਕਟ ਨਹੀਂ, ਅੱਜ ਦੀ ਹਕੀਕਤ

Ad Position 21
No active advertisement
ਅਜੀਤ ਡੈਸਕ 23-09-2026

ਅੱਜ ਮਨੁੱਖਤਾ ਦੇ ਸਾਹਮਣੇ ਖੜ੍ਹੀਆਂ ਸਭ ਤੋਂ ਗੰਭੀਰ ਚੁਣੌਤੀਆਂ 'ਚੋਂ ਜਲਵਾਯੂ ਤਬਦੀਲੀ ਇਕ ਅਜਿਹੀ ਚੁਣੌਤੀ ਹੈ, ਜਿਸ ਤੋਂ ਕੋਈ ਵੀ ਮਨੁੱਖ, ਦੇਸ਼ ਤੇ ਸਮਾਜ ਆਪਣੇ-ਆਪ ਨੂੰ  ਵੱਖ ਨਹੀਂ ਰੱਖ ਸਕਦਾ | ਇਹ ਸਮੱਸਿਆ ਸਿਰਫ਼ ਵਧਦੀ ਗਰਮੀ ਦੀ ਨਹੀਂ ਹੈ, ਸਗੋਂ ਹਵਾ, ਪਾਣੀ, ਮਿੱਟੀ, ਜੰਗਲਾਂ, ਸਮੁੰਦਰਾਂ, ਖੇਤੀਬਾੜੀ, ਮਨੁੱਖੀ ਸਿਹਤ, ਜੀਵ-ਜੰਤੂਆਂ ਤੇ ਆਉਣ ਵਾਲੀਆਂ ਪੀੜ੍ਹੀਆਂ ਦੇ ਭਵਿੱਖ ਨਾਲ ਜੁੜਿਆ ਹੋਇਆ ਇਕ ਵਿਸ਼ਾਲ ਸੰਕਟ ਹੈ | ਵਿਗਿਆਨ ਅਨੁਸਾਰ ਧਰਤੀ ਦਾ ਤਾਪਮਾਨ ਸਿਰਫ਼ ਕੁਦਰਤੀ ਕਾਰਨਾਂ ਕਰਕੇ ਹੀ ਨਹੀਂ ਵਧ ਰਿਹਾ | ਅੰਤਰ-ਸਰਕਾਰੀ ਜਲਵਾਯੂ ਤਬਦੀਲੀ ਮੰਡਲ (ਆਈ.ਪੀ.ਸੀ.ਸੀ.) ਅਨੁਸਾਰ ਮਨੁੱਖੀ ਸਰਗਰਮੀਆਂ ਖ਼ਾਸ ਕਰਕੇ ਗਰਮੀ ਫੜਨ ਵਾਲੀਆਂ ਗੈਸਾਂ ਦੇ ਨਿਕਾਸ ਨੇ ਧਰਤੀ ਨੂੰ  ਵਧੇਰੇ ਗਰਮ ਕੀਤਾ ਹੈ | 1850-1900 ਦੌਰਾਨ ਧਰਤੀ ਦੀ ਸਤ੍ਹਾ ਦਾ ਔਸਤ ਤਾਪਮਾਨ 13.7 ਡਿਗਰੀ ਸੈਲਸੀਅਸ ਸੀ, ਜੋ 2011 ਤੋਂ 2020 ਦੇ ਦਰਮਿਆਨ  1.1 ਡਿਗਰੀ ਵਧ ਕੇ ਲਗਭਗ 14.8 ਡਿਗਰੀ ਸੈਲਸੀਅਸ ਹੋ ਚੁੱਕਾ ਹੈ | ਧਰਤੀ ਦੀ ਸਤ੍ਹਾ ਦਾ ਤਾਪਮਾਨ 1970 ਤੋਂ ਬਾਅਦ ਪਿਛਲੇ ਦੋ ਹਜ਼ਾਰ ਸਾਲਾਂ ਦੇ ਕਿਸੇ ਵੀ ਹੋਰ 50 ਸਾਲਾਂ ਦੇ ਸਮੇਂ ਨਾਲੋਂ ਕਿਤੇ ਤੇਜ਼ੀ ਨਾਲ ਵਧਿਆ ਹੈ | ਭਾਵੇਂ ਇਕ ਡਿਗਰੀ ਤੋਂ ਥੋੜ੍ਹਾ ਜਿਹਾ ਵੱਧ ਤਾਪਮਾਨ ਬਹੁਤ ਵੱਡੀ ਗੱਲ ਨਾ ਲੱਗੇ, ਕਿਸੇ ਮਨੁੱਖੀ ਸਰੀਰ ਦਾ ਤਾਪਮਾਨ ਇਕ ਡਿਗਰੀ ਵਧਣ ਨੂੰ  ਸ਼ਾਇਦ ਛੋਟੀ ਤਬਦੀਲੀ ਸਮਝੇ, ਪਰ ਧਰਤੀ ਇਕ ਮਨੁੱਖੀ ਸਰੀਰ ਨਹੀਂ ਹੈ | ਇਹ ਇਕ ਵਿਸ਼ਾਲ ਤੇ ਬਹੁਤ ਜਟਿਲ ਪ੍ਰਣਾਲੀ ਹੈ, ਜਿਸ ਵਿਚ ਸਮੁੰਦਰ, ਵਾਤਾਵਰਨ, ਬਰਫ਼, ਜੰਗਲ, ਮਿੱਟੀ ਤੇ ਅਣਗਿਣਤ ਜੀਵ ਇਕ ਦੂਜੇ ਨਾਲ ਜੁੜੇ ਹੋਣ ਕਰਕੇ ਪੂਰੀ ਪ੍ਰਣਾਲੀ ਦੇ ਔਸਤ ਤਾਪਮਾਨ ਵਿਚ ਇਕ ਡਿਗਰੀ ਵਾਧੇ ਦੇ ਅਰਥ ਬਹੁਤ ਵੱਡੇ ਹਨ |

ਵਿਸ਼ਵ ਮੌਸਮ ਵਿਗਿਆਨ ਸੰਸਥਾ ਅਨੁਸਾਰ 2024 ਧਰਤੀ ਦੇ ਲਗਭਗ 175 ਸਾਲਾਂ ਦੇ ਦਰਜ ਕੀਤੇ ਮੌਸਮੀ ਇਤਿਹਾਸ ਵਿਚ ਸਭ ਤੋਂ ਗਰਮ ਸਾਲ ਸੀ, ਜੋ 1850 ਤੋਂ 1900 ਦੇ ਔਸਤ ਨਾਲੋਂ ਲਗਭਗ 1.55 ਡਿਗਰੀ ਵੱਧ ਸੀ | ਜਦਕਿ 2015 ਤੋਂ 2024 ਤੱਕ ਦੇ 10 ਸਾਲ ਸਭ ਤੋਂ ਗਰਮ ਗਿਣੇ ਗਏ ਹਨ | ਇਕ ਸਾਲ ਦਾ ਔਸਤ ਤਾਪਮਾਨ 1.5 ਡਿਗਰੀ ਤੋਂ ਉੱਪਰ ਚਲਾ ਜਾਣਾ ਦੱਸਦਾ ਹੈ ਕਿ ਧਰਤੀ ਦਾ ਤਾਪਮਾਨ ਖ਼ਤਰਨਾਕ ਦਿਸ਼ਾ ਵੱਲ ਵਧ ਰਿਹਾ ਹੈ | 2024 ਵਿਚ ਸਮੁੰਦਰਾਂ ਵਿਚ ਇਕੱਠੀ ਹੋਈ ਗਰਮੀ ਵੀ ਇਤਿਹਾਸ ਵਿਚ ਸਭ ਤੋਂ ਵੱਧ ਸੀ ਅਤੇ ਸਮੁੰਦਰੀ ਪੱਧਰ ਵੀ ਨਵੇਂ ਉੱਚ ਪੱਧਰ 'ਤੇ ਪਹੁੰਚਿਆ ਹੈ | ਇਹ ਗਰਮੀ ਆਖ਼ਰ ਆ ਕਿੱਥੋਂ ਰਹੀ ਹੈ? ਜਿਸ ਦਾ ਜਵਾਬ ਸਾਨੂੰ ਵਾਤਾਵਰਨ ਦੀਆਂ ਗਰਮੀ ਫੜਨ ਵਾਲੀਆਂ ਗੈਸਾਂ- ਕਾਰਬਨ ਡਾਈਆਕਸਾਈਡ, ਮੀਥੇਨ ਤੇ ਨਾਈਟਰਸ ਆਕਸਾਈਡ ਤੋਂ ਮਿਲਦਾ ਹੈ, ਜੋ ਸੂਰਜੀ ਊਰਜਾ ਨਾਲ ਗਰਮ ਹੋਈ ਧਰਤੀ ਤੋਂ ਨਿਕਲਣ ਵਾਲੀ ਗਰਮੀ ਦੇ ਇਕ ਹਿੱਸੇ ਨੂੰ  ਵਾਤਾਵਰਨ ਵਿਚ ਰੋਕ ਕੇ ਰੱਖਦੀਆਂ ਹਨ | ਇਹ ਕੁਦਰਤੀ ਪ੍ਰਕਿਰਿਆ ਆਪਣੇ ਆਪ ਵਿਚ ਜੀਵਨ ਲਈ ਜ਼ਰੂਰੀ ਹੈ |  ਉਦਯੋਗਿਕ ਯੁੱਗ ਤੋਂ ਪਹਿਲਾਂ ਵਾਤਾਵਰਨ ਵਿਚ ਕਾਰਬਨ ਡਾਈਆਕਸਾਈਡ ਦੀ ਮਾਤਰਾ 280 ਹਿੱਸੇ ਪ੍ਰਤੀ 10 ਲੱਖ ਦੇ ਆਸ-ਪਾਸ ਸੀ, 2023 ਤੱਕ ਇਸ ਦੀ ਸਾਲਾਨਾ ਔਸਤ ਮਾਤਰਾ 420 ਹਿੱਸੇ ਪ੍ਰਤੀ 10 ਲੱਖ ਤੱਕ ਪਹੁੰਚ ਗਈ | ਉਸੇ ਸਮੇਂ ਮੀਥੇਨ ਤੇ ਨਾਈਟਰਸ ਆਕਸਾਈਡ ਦੀਆਂ ਮਾਤਰਾਵਾਂ ਵੀ ਉਦਯੋਗਿਕ ਯੁੱਗ ਤੋਂ ਪਹਿਲਾਂ ਦੇ ਪੱਧਰਾਂ ਨਾਲੋਂ ਬਹੁਤ ਉੱਪਰ ਸਨ | 
ਮਨੁੱਖ ਨੇ ਧਰਤੀ ਦੇ ਵਾਤਾਵਰਨ ਦੀ ਰਸਾਇਣਕ ਬਣਤਰ ਨੂੰ  ਹੀ ਬਦਲ ਦਿੱਤਾ ਹੈ | ਅਸੀਂ ਸਿਰਫ਼ ਧਰਤੀ 'ਤੇ ਘਰ ਨਹੀਂ ਬਣਾਏ, ਸਗੋਂ ਉਸ ਹਵਾ ਨੂੰ  ਵੀ ਬਦਲ ਦਿੱਤਾ ਹੈ ਜਿਸ ਵਿਚ ਅਸੀਂ ਸਾਹ ਲੈਂਦੇ ਹਾਂ | ਪਰ ਧਰਤੀ ਦੀ ਕਹਾਣੀ ਸਿਰਫ਼ ਹਵਾ ਦੀ ਕਹਾਣੀ ਨਹੀਂ ਹੈ, ਸਮੁੰਦਰ ਵੀ ਮਨੁੱਖੀ ਸਰਗਰਮੀਆਂ ਨਾਲ ਪੈਦਾ ਹੋਈ ਵਾਧੂ ਗਰਮੀ ਦਾ ਵੱਡਾ ਹਿੱਸਾ ਆਪਣੇ ਅੰਦਰ ਸੋਖ ਰਹੇ ਹਨ | ਵਿਸ਼ਵ ਮੌਸਮ ਵਿਗਿਆਨ ਸੰਸਥਾ ਦੇ ਅਨੁਸਾਰ 2024 ਵਿਚ ਸਮੁੰਦਰ ਦੀ ਗਰਮੀ ਦਰਜ ਕੀਤੇ 65 ਸਾਲਾਂ ਦੇ ਇਤਿਹਾਸ ਵਿਚ ਸਭ ਤੋਂ ਵੱਧ ਸੀ | 2005 ਤੋਂ 2024 ਦੇ ਸਮੇਂ ਵਿਚ ਸਮੁੰਦਰਾਂ ਦੇ ਗਰਮ ਹੋਣ ਦੀ ਦਰ 1960 ਤੋਂ 2005 ਦੇ ਸਮੇਂ ਨਾਲੋਂ ਦੋ ਗੁਣਾ ਤੋਂ ਵੀ ਵੱਧ ਰਹੀ | 2015 ਤੋਂ 2024 ਦੇ ਦਰਮਿਆਨ ਵਿਸ਼ਵ ਪੱਧਰ 'ਤੇ ਸਮੁੰਦਰੀ ਪੱਧਰ ਵਧਣ ਦੀ ਸਾਲਾਨਾ ਦਰ ਲਗਭਗ 4.7 ਮਿਲੀਮੀਟਰ ਰਹੀ, ਜੋ 1993 ਤੋਂ 2002 ਦੌਰਾਨ 2.1 ਮਿਲੀਮੀਟਰ ਸੀ | ਸਾਨੂੰ ਸਥਿਰ ਦਿਖਾਈ ਦਿੰਦੀ ਧਰਤੀ  ਅਸਲ ਵਿਚ ਇਕ ਲਗਾਤਾਰ ਬਦਲ ਰਹੀ ਪ੍ਰਣਾਲੀ ਹੈ | ਬਰਫ਼ ਪਿਘਲਦੀ ਹੈ, ਸਮੁੰਦਰ ਗਰਮ ਹੁੰਦੇ ਹਨ, ਮੀਂਹ ਦੇ ਢੰਗ ਬਦਲਣ ਨਾਲ ਗਰਮੀ ਦੀਆਂ ਲਹਿਰਾਂ ਵਧਦੀਆਂ ਹਨ | ਇਨ੍ਹਾਂ ਤਬਦੀਲੀਆਂ ਦਾ ਪ੍ਰਭਾਵ ਮਨੁੱਖੀ ਸਿਹਤ 'ਤੇ ਵੀ ਪੈਂਦਾ ਹੈ | ਬਜ਼ੁਰਗਾਂ, ਬੱਚਿਆਂ, ਮਜ਼ਦੂਰਾਂ ਤੇ ਕਮਜ਼ੋਰ ਸਿਹਤ ਵਾਲੇ ਲੋਕਾਂ ਲਈ ਲੰਮੇ ਸਮੇਂ ਦੀ ਤੀਬਰ ਗਰਮੀ ਖ਼ਤਰਨਾਕ ਹੋ ਸਕਦੀ ਹੈ | ਜਲਵਾਯੂ ਬਦਲਾਅ ਦੁਨੀਆ ਦੇ ਹਰ ਖੇਤਰ 'ਚ ਮੌਸਮੀ ਘਟਨਾਵਾਂ ਨੂੰ  ਪ੍ਰਭਾਵਿਤ ਕਰਕੇ  ਭੋਜਨ, ਪਾਣੀ, ਸਿਹਤ, ਅਰਥਵਿਵਸਥਾ ਤੇ ਸਮਾਜ 'ਤੇ ਬੁਰਾ ਪ੍ਰਭਾਵ ਪਾ ਰਿਹਾ ਹੈ |
ਇਥੇ ਭਾਰਤ ਤੇ ਖ਼ਾਸ ਕਰਕੇ ਪੰਜਾਬ ਦੀ ਗੱਲ ਕਰਨੀ ਜ਼ਰੂਰੀ ਹੈ | ਭਾਰਤ ਦੀ ਵੱਡੀ ਆਬਾਦੀ ਖੇਤੀਬਾੜੀ ਤੇ ਮੌਨਸੂਨ 'ਤੇ ਨਿਰਭਰ ਹੋਣ ਕਰਕੇ ਮੀਂਹ ਦੇ ਸਮੇਂ ਤੇ ਮਾਤਰਾ ਦਾ ਸਿੱਧਾ ਪ੍ਰਭਾਵ ਕਿਸਾਨ ਦੀ ਫ਼ਸਲ 'ਤੇ ਪੈਂਦਾ ਹੈ | ਪੰਜਾਬ ਵਿਚ ਇਹ ਸਵਾਲ ਹੋਰ ਵੀ ਗੰਭੀਰ ਹੈ, ਕਿਉਂਕਿ ਇੱਥੇ ਖੇਤੀ ਦੀ ਮੌਜੂਦਾ ਪ੍ਰਣਾਲੀ ਪਹਿਲਾਂ ਹੀ ਧਰਤੀ ਹੇਠਲੇ ਪਾਣੀ 'ਤੇ ਬਹੁਤ ਨਿਰਭਰ ਹੈ | ਇਕ ਪਾਸੇ ਮੌਸਮ ਗਰਮ ਹੋਣ ਕਾਰਨ  ਫ਼ਸਲਾਂ ਨੂੰ  ਵੱਧ ਪਾਣੀ ਦੀ ਲੋੜ ਪਵੇਗੀ ਤਾਂ ਦੂਜੇ ਪਾਸੇ ਧਰਤੀ ਹੇਠਾਂ ਪਾਣੀ ਘੱਟ ਹੁੰਦਾ ਜਾਵੇਗਾ | ਇਸ ਲਈ ਪੰਜਾਬ ਵਿਚ ਜਲਵਾਯੂ ਤਬਦੀਲੀ ਸਿਰਫ਼ ਵਾਤਾਵਰਨ ਦੀ ਚਰਚਾ ਨਹੀਂ, ਸਗੋਂ ਇਹ ਕਿਸਾਨ ਦੀ ਆਮਦਨ, ਪਾਣੀ ਤੇ ਖੁਰਾਕ ਸੁਰੱਖਿਆ ਸਮੇਤ ਪਿੰਡਾਂ ਦੇ ਭਵਿੱਖ ਦੀ ਚਰਚਾ ਵੀ ਹੈ | ਇਸ ਸੰਕਟ ਦਾ ਬਹੁਤ ਡੂੰਘਾ ਪੱਖ ਮਨੁੱਖੀ ਖਪਤ ਨਾਲ ਜੁੜਿਆ ਹੋਇਆ ਹੈ | ਵਿਗਿਆਨਕ ਅਧਿਐਨ ਅਨੁਸਾਰ ਮਨੁੱਖੀ ਸਰਗਰਮੀਆਂ ਨੇ ਹੀ ਗਰਮੀ ਨੂੰ  ਵਧਾਇਆ ਹੈ | ਅਸੀਂ ਕਿੰਨਾ ਪੈਦਾ ਕਰਦੇ, ਕਿੰਨਾ ਖਰੀਦਦੇ, ਕਿੰਨਾ ਵਰਤਦੇ ਤੇ ਕਿੰਨਾ ਸੁੱਟਦੇ ਹਾਂ— ਇਹ ਸਭ ਸਵਾਲ ਵਾਤਾਵਰਨ ਨਾਲ ਜੁੜੇ ਹੋਏ ਹਨ | ਮਨੁੱਖੀ ਇੱਛਾਵਾਂ ਬੇਅੰਤ ਹਨ ਪਰ ਧਰਤੀ ਕੋਲ ਸੀਮਤ ਜ਼ਮੀਨ, ਸੀਮਤ ਮਿੱਠਾ ਪਾਣੀ, ਸੀਮਤ ਜੰਗਲ ਤੇ ਕੁਦਰਤੀ ਸਰੋਤ ਹਨ, ਪਰ ਬਾਜ਼ਾਰ ਤੇ ਮਨੁੱਖੀ ਇੱਛਾਵਾਂ ਲਗਾਤਾਰ ਵਧ ਰਹੀਆਂ ਹਨ |
ਜਲਵਾਯੂ ਤਬਦੀਲੀ ਸਾਨੂੰ ਸਿਰਫ਼ ਇਹ ਨਹੀਂ ਪੁੱਛਦੀ ਕਿ ਅਸੀਂ ਕਿੰਨੀ ਗਰਮੀ ਪੈਦਾ ਕਰ ਰਹੇ ਹਾਂ; ਉਹ ਸਾਨੂੰ ਇਹ ਵੀ ਪੁੱਛਦੀ ਹੈ ਕਿ ਅਸੀਂ ਕਿੰਨੀ ਬੇਲੋੜੀ ਖਪਤ ਕਰ ਰਹੇ ਹਾਂ | ਮਨੁੱਖ ਨੇ ਆਪਣੇ ਜੀਵਨ ਨੂੰ  ਆਸਾਨ ਬਣਾਉਣ ਲਈ ਮਸ਼ੀਨਾਂ ਬਣਾਈਆਂ, ਪਰ ਮਸ਼ੀਨਾਂ ਦੀ ਵਧਦੀ ਵਰਤੋਂ ਨੇ ਊਰਜਾ ਦੀ ਮੰਗ ਵਧਾ ਦਿੱਤੀ | ਅਸੀਂ ਵਧੇਰੇ ਭੋਜਨ ਪੈਦਾ ਕਰਨ ਲਈ ਖੇਤੀ ਢੰਗ ਬਦਲੇ ਤਾਂ ਮਿੱਟੀ ਤੇ ਪਾਣੀ 'ਤੇ ਦਬਾਅ ਵਧ ਗਿਆ | ਸਾਡੀ ਤੇਜ਼ ਯਾਤਰਾ  ਨਾਲ ਊਰਜਾ ਖਪਤ ਤੇ ਪ੍ਰਦੂਸ਼ਣ ਵੀ ਵਧੇ | ਵਿਕਾਸ ਜਾਂ ਤਰੱਕੀ ਦਾ ਮਤਲਬ ਸਿਰਫ਼ ਵੱਧ ਉਤਪਾਦਨ, ਵੱਧ ਖਪਤ ਤੇ ਵੱਧ ਮੁਨਾਫ਼ਾ ਨਹੀਂ ਹੈ ਕਿਉਂਕਿ ਇਸ ਨਾਲ ਪਾਣੀ, ਮਿੱਟੀ, ਜੰਗਲ ਤੇ ਹਵਾ ਦੀ ਸ਼ੁੱਧਤਾ ਨਸ਼ਟ ਹੋ ਰਹੇ ਹਨ | ਅੰਤਰ-ਸਰਕਾਰੀ ਜਲਵਾਯੂ ਤਬਦੀਲੀ ਮੰਡਲ ਅਨੁਸਾਰ ਪਿਛੜੇ ਜਾਂ ਵਿਕਾਸਸ਼ੀਲ ਦੇਸ਼ਾਂ ਨੇ ਮੌਜੂਦਾ ਜਲਵਾਯੂ ਤਬਦੀਲੀ 'ਚ ਘੱਟ ਯੋਗਦਾਨ ਪਾਇਆ ਹੈ, ਪਰ  ਉਹ ਅਕਸਰ ਇਸ ਦੇ ਕੁਪ੍ਰਭਾਵਾਂ ਦੀ ਮਾਰ ਵਧੇਰੇ ਝੱਲ ਰਹੇ ਹਨ |  ਇਕ ਵੱਡਾ ਕਿਸਾਨ ਨੁਕਸਾਨ ਤੋਂ ਬਾਅਦ ਕੁਝ ਹੱਦ ਤੱਕ ਸੰਭਲ ਸਕਦਾ ਹੈ, ਪਰ ਇਕ ਛੋਟੇ ਕਿਸਾਨ ਲਈ ਇਕ ਮੌਸਮ ਦੀ ਫ਼ਸਲ ਦਾ ਨੁਕਸਾਨ ਕਰਜ਼ੇ ਤੇ ਪਰਿਵਾਰਕ ਸੰਕਟ 'ਚ ਬਦਲ ਸਕਦਾ ਹੈ | ਇਹੀ ਨੁਕਤਾ ਗਰੀਬ ਦੇਸ਼ਾਂ 'ਤੇ ਵੀ ਲਾਗੂ ਹੁੰਦਾ ਹੈ | ਜਲਵਾਯੂ ਤਬਦੀਲੀ ਦਾ ਹੱਲ ਗੈਸਾਂ ਦੇ ਨਿਕਾਸ ਨੂੰ  ਘਟਾਉਣ ਤੇ ਬਦਲਦੇ ਮੌਸਮੀ ਝਟਕਿਆਂ ਤੋਂ ਸਭ ਤੋਂ ਕਮਜ਼ੋਰ ਲੋਕਾਂ ਤੇ ਦੇਸ਼ਾਂ ਨੂੰ  ਬਚਾਉਣਾ ਹੋਣਾ ਚਾਹੀਦਾ ਹੈ |
ਸਾਨੂੰ ਸਵੱਛ ਊਰਜਾ-ਸੂਰਜੀ ਤੇ ਹਵਾ ਤੋਂ ਮਿਲਣ ਵਾਲੀ ਊਰਜਾ ਦੀ ਵਧੇਰੇ ਵਰਤੋਂ ਕਰਦਿਆਂ ਜਨਤਕ ਆਵਾਜਾਈ ਨੂੰ  ਮਜ਼ਬੂਤ ਕਰਨਾ ਹੋਵੇਗਾ | ਸਾਨੂੰ ਸ਼ਹਿਰਾਂ ਵਿਚ ਰੁੱਖਾਂ ਤੇ ਹਰੇ ਖੇਤਰਾਂ ਨੂੰ  ਬਚਾਉਣਾ ਪਵੇਗਾ, ਪਾਣੀ ਨੂੰ  ਮੁੜ ਧਰਤੀ 'ਚ ਪਹੁੰਚਾਉਣ ਦੇ ਕੁਦਰਤੀ ਰਸਤੇ ਅਪਣਾ ਕੇ ਮਿੱਟੀ ਦੀ ਸਿਹਤ ਬਾਰੇ ਚਿੰਤਾ ਕਰਨ ਦੇ ਨਾਲ ਹੀ ਸਭ ਤੋਂ ਅਹਿਮ ਮਨੁੱਖੀ ਸੋਚ ਦਾ ਬਦਲਾਅ ਕਰਨਾ ਜ਼ਰੂਰੀ ਹੈ | ਜਿਸ ਹਵਾ ਨੂੰ  ਅਸੀਂ ਪ੍ਰਦੂਸ਼ਿਤ ਕਰਦੇ ਹਾਂ ਉਹੀ ਸਾਡੇ ਫੇਫੜਿਆਂ ਵਿਚ ਜਾਂਦੀ ਹੈ | ਜਿਸ ਪਾਣੀ ਨੂੰ  ਅਸੀਂ ਖ਼ਤਮ ਕਰ ਰਹੇ ਹਾਂ, ਉਹ ਜੀਵਨ ਦਾ ਆਧਾਰ ਹੈ | ਜਿਹੜੇ ਜੰਗਲਾਂ ਨੂੰ  ਅਸੀਂ ਕੱਟ ਰਹੇ ਹਾਂ, ਉਹ ਸਿਰਫ਼ ਰੁੱਖ ਨਹੀਂ ਹਨ ਉਹ ਪਾਣੀ ਦੇ ਚੱਕਰ, ਮਿੱਟੀ, ਜੀਵ-ਜੰਤੂਆਂ ਤੇ ਮੌਸਮ ਦੇ ਸੰਤੁਲਨ ਨਾਲ ਜੁੜੇ ਹੋਏ ਹਨ |  ਕੁਦਰਤ ਦੀ ਰੱਖਿਆ  ਅਸਲ ਵਿਚ ਆਪਣੇ ਹੀ ਜੀਵਨ ਦੀ ਰੱਖਿਆ ਹੈ | ਧਰਤੀ ਬਗੈਰ ਸਾਡੀ ਸਾਰੀ ਭੌਤਿਕ ਤਰੱਕੀ ਦਾ ਕੋਈ ਅਰਥ ਨਹੀਂ ਹੈ? ਸਾਨੂੰ ਧਰਤੀ ਦੇ ਮਾਲਕ ਨਹੀਂ ਬਲਕਿ ਪੁੱਤਰ ਬਣ ਕੇ ਵਿਚਰਨਾ ਹੋਵੇਗਾ | ਧਰਤੀ ਦੇ ਜਲਵਾਯੂ ਦੀ ਰੱਖਿਆ ਕਰਨਾ ਕੋਈ ਚੋਣ ਨਹੀਂ, ਸਗੋਂ ਮਨੁੱਖਤਾ ਦੀ ਹੋਂਦ, ਕੁਦਰਤ ਦੇ ਸੰਤੁਲਨ ਤੇ ਅਗਲੀਆਂ ਪੀੜ੍ਹੀਆਂ ਦੇ ਸੁਰੱਖਿਅਤ ਭਵਿੱਖ ਲਈ ਸਾਡੀ ਸਾਂਝੀ ਤੇ ਅਟੱਲ ਜ਼ਿੰਮੇਵਾਰੀ ਹੈ |

-ਤਪਾ ਮੰਡੀ, ਜ਼ਿਲ੍ਹਾ ਬਰਨਾਲਾ | 
ਮੋਬਾਈਲ : 94635-10941  

Ad Position 22
No active advertisement
ਪਿਛਲੀ ਖ਼ਬਰ ਨਸ਼ਿਆਂ ਦਾ ਵਰਤਾਰਾ ਅਗਲੀ ਖ਼ਬਰ ਅਰਥਭਰਪੂਰ ਜ਼ਿੰਦਗੀ ਜੀਅ ਕੇ ਰੁਖ਼ਸਤ ਹੋਏ ਗੁਰਦੇਵ ਸਿੰਘ ਬਰਾੜ
Ad Position 24