22-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2026

ਅਰਥਭਰਪੂਰ ਜ਼ਿੰਦਗੀ ਜੀਅ ਕੇ ਰੁਖ਼ਸਤ ਹੋਏ ਗੁਰਦੇਵ ਸਿੰਘ ਬਰਾੜ

ਅਰਥਭਰਪੂਰ ਜ਼ਿੰਦਗੀ ਜੀਅ ਕੇ ਰੁਖ਼ਸਤ ਹੋਏ ਗੁਰਦੇਵ ਸਿੰਘ ਬਰਾੜ

Ad Position 21
No active advertisement
ਅਜੀਤ ਡੈਸਕ 23-09-2026

ਸੇਵਾਮੁਕਤ ਆਈ.ਏ.ਐਸ. ਅਧਿਕਾਰੀ ਸਰਦਾਰ ਗੁਰਦੇਵ ਸਿੰਘ ਬਰਾੜ 95 ਸਾਲ ਦੀ ਲੰਬੀ ਤੇ ਅਰਥ ਭਰਪੂਰ ਜ਼ਿੰਦਗੀ ਜੀਅ ਕੇ ਆਖਰ 17 ਸਤੰਬਰ ਨੂੰ  ਇਸ ਜਹਾਨ ਤੋਂ ਸਦਾ ਲਈ ਕੂਚ ਕਰ ਗਏ ਹਨ | ਉਹ ਇਕ ਕੁਸ਼ਲ ਪ੍ਰਬੰਧਕ, ਚੋਟੀ ਦੇ ਹਾਕੀ ਖਿਡਾਰੀ, ਉੱਘੇ ਤਾਲੀਮਦਾਨ, ਪ੍ਰਬੁੱਧ ਲੇਖਕ ਅਤੇ ਪੰਜਾਬ, ਪੰਜਾਬੀ ਤੇ ਪੰਜਾਬੀਅਤ ਨੂੰ  ਪ੍ਰਣਾਏ ਹੋਏ ਮੌਲਿਕ ਚਿੰਤਕ ਹੋਣ ਦੇ ਨਾਲ-ਨਾਲ ਇਕ ਨੇਕ, ਨਫ਼ੀਸ, ਇਮਾਨਦਾਰ, ਸਮਾਜ ਸੇਵੀ ਤੇ ਤਹੱਮਲ ਮਿਜ਼ਾਜ਼ੀ ਵਾਲੇ ਇਨਸਾਨ ਸਨ | ਉਨ੍ਹਾਂ ਦਾ ਪ੍ਰੇਰਨਾਮਈ ਜੀਵਨ ਸਖ਼ਤ ਮਿਹਨਤ, ਸਿੱਖਣ ਦੀ ਤਾਂਘ ਤੇ ਨਿਸ਼ਕਾਮ ਸੇਵਾ ਦੀ ਸਾਕਾਰ ਮੂਰਤ ਸੀ |
ਗੁਰਦੇਵ ਸਿੰਘ ਬਰਾੜ ਨੇ ਪਹਿਲਾਂ ਪੀ.ਸੀ.ਐਸ. ਤੇ ਫਿਰ ਆਈ.ਏ.ਐਸ. ਅਧਿਕਾਰੀ ਹੁੰਦਿਆਂ ਪੰਜਾਬ ਦੇ ਵੱਖ ਵੱਖ ਵਿਭਾਗਾਂ ਤੇ ਅਦਾਰਿਆਂ ਵਿਚ ਪੂਰੀ ਦਿਆਨਤਦਾਰੀ ਤੇ ਤਨਦੇਹੀ ਨਾਲ ਸੇਵਾ ਕੀਤੀ ਅਤੇ ਫ਼ੈਸਲੇ ਲੈਣ ਲੱਗਿਆਂ ਕਦੇ ਵੀ ਲੋਕ ਹਿਤਾਂ ਵੱਲ ਪਿੱਠ ਨਹੀਂ ਸੀ ਕੀਤੀ | ਆਪਣੀ ਸੇਵਾਮੁਕਤੀ ਤੋਂ ਬਾਅਦ ਉਨ੍ਹਾਂ ਨੇ ਆਪਣਾ ਪੂਰਾ ਜੀਵਨ ਸਿੱਖਿਆ ਦੇ ਪਸਾਰ, ਖੇਡ ਸੱਭਿਆਚਾਰ ਪੈਦਾ ਕਰਨ ਅਤੇ ਸਿੱਖਾਂ ਤੇ ਪੰਜਾਬ ਨੂੰ  ਦਰਪੇਸ਼ ਮਸਲਿਆਂ ਪ੍ਰਤੀ ਜਾਗਰੂਕਤਾ ਪੈਦਾ ਕਰਨ ਲਈ ਸਮਰਪਿਤ ਕਰ ਦਿੱਤਾ ਸੀ | ਉਨ੍ਹਾਂ ਨੇ ਚੰਡੀਗੜ੍ਹ ਦੀ ਸਿੱਖ ਐਜੂਕੇਸ਼ਨਲ ਸੁਸਾਇਟੀ ਦੇ ਨਾਲ-ਨਾਲ ਇੰਸਟੀਚਿਊਟ ਆਫ਼ ਸਿੱਖ ਸਟੱਡੀਜ਼, ਇੰਟਰਨੈਸ਼ਨਲ ਸਿੱਖ ਫੈਡਰੇਸ਼ਨ ਅਤੇ ਸੰਗਤ ਸਾਹਿਬ ਭਾਈ ਫੇਰੂ ਸਿੱਖ ਐਜੂਕੇਸ਼ਨਲ ਸੁਸਾਇਟੀ, ਫਰੀਦਕੋਟ ਵਰਗੀਆਂ ਨਾਮੀ ਸੰਸਥਾਵਾਂ ਵਿਚ ਵੱਖ-ਵੱਖ ਰੁਤਬਿਆਂ 'ਤੇ ਰਹਿ ਕੇ ਨਿਸ਼ਕਾਮ ਤੇ ਅਣਥੱਕ ਸੇਵਾ ਕੀਤੀ | ਸ. ਬਰਾੜ ਪਿਛਲੇ ਤਿੰਨ ਦਹਾਕਿਆਂ ਤੋਂ ਵੱਖ-ਵੱਖ ਅਹੁਦਿਆਂ 'ਤੇ ਰਹਿ ਕੇ ਚੰਡੀਗੜ੍ਹ ਦੀ ਸਿੱਖ ਐਜੂਕੇਸ਼ਨਲ ਸੁਸਾਇਟੀ ਦੀ ਸੇਵਾ ਕਰਦੇ ਆ ਰਹੇ ਸਨ |

ਸਾਲ 2004 ਤੋਂ ਬਤੌਰ ਪ੍ਰਧਾਨ ਉਨ੍ਹਾਂ ਦੀ ਅਗਵਾਈ ਵਿਚ ਇਸ ਸੁਸਾਇਟੀ ਤੇ ਇਸ ਦੀਆਂ 8 ਨਾਮੀ ਵਿੱਦਿਅਕ ਸੰਸਥਾਵਾਂ ਨੇ ਵਿੱਦਿਅਕ, ਸੱਭਿਆਚਾਰਕ, ਸਾਹਿਤਕ ਅਤੇ ਖ਼ਾਸ ਕਰਕੇ ਖੇਡਾਂ ਦੇ ਖੇਤਰ ਵਿਚ ਲਾਮਿਸਾਲ ਪ੍ਰਾਪਤੀਆਂ ਕੀਤੀਆਂ ਹਨ | ਆਪਣੇ ਜੱਦੀ ਸ਼ਹਿਰ ਫ਼ਰੀਦਕੋਟ ਦੀ 'ਸੰਗਤ ਸਾਹਿਬ ਭਾਈ ਫੇਰੂ ਸਿੱਖ ਐਜੂਕੇਸ਼ਨਲ ਸੁੁਸਾਇਟੀ' ਨਾਲ ਲੰਬੇ ਸਮੇਂ ਤੋਂ ਜੁੜੇ ਆ ਰਹੇ ਗੁਰਦੇਵ ਸਿੰਘ ਬਰਾੜ ਅੱਜ-ਕੱਲ੍ਹ ਇਸ ਸੁਸਾਇਟੀ ਦੇ ਵੀ ਪ੍ਰਧਾਨ ਸਨ | ਉਨ੍ਹਾਂ ਦੀ ਸੁਯੋਗ ਅਗਵਾਈ ਵਿਚ ਇਹ ਸੁਸਾਇਟੀ ਫ਼ਰੀਦਕੋਟ ਇਲਾਕੇ ਵਿਚ ਇਕ ਡੈਂਟਲ ਕਾਲਜ ਸਮੇਤ 14 ਮਿਆਰੀ ਵਿੱਦਿਅਕ ਸੰਸਥਾਵਾਂ ਚਲਾ ਰਹੀ ਹੈ, ਜਿਨ੍ਹਾਂ 'ਚੋਂ ਜ਼ਿਆਦਾ ਪੇਂਡੂ ਖੇਤਰ ਵਿਚ ਹਨ |      
23 ਅਪ੍ਰੈਲ 1931 ਨੂੰ  ਜਨਮੇ ਗੁੁਰਦੇਵ ਸਿੰਘ ਬਰਾੜ ਨੇ ਦਸਵੀਂ ਤੱਕ ਦੀ ਪੜ੍ਹਾਈ ਫਰੀਦਕੋਟ ਦੇ ਸਰਕਾਰੀ ਬਲਬੀਰ ਹਾਈ ਸਕੂਲ 'ਚੋਂ ਹਰ ਜਮਾਤ 'ਚੋਂ ਅੱਵਲ ਰਹਿ ਕੇ ਕੀਤੀ | ਬਰਜਿੰਦਰਾ ਕਾਲਜ ਫਰੀਦਕੋਟ ਤੋਂ ਬੀ.ਏ. ਕਰਨ ਉਪਰੰਤ ਉਨ੍ਹਾਂ ਨੇ ਐਮ.ਏ. ਤੇ ਐਲ.ਐਲ.ਬੀ. ਦੀਆਂ ਡਿਗਰੀਆਂ ਮੁੁਸਲਿਮ ਯੂਨੀਵਰਸਿਟੀ ਅਲੀਗੜ੍ਹ ਤੋਂ ਹਾਸਲ ਕੀਤੀਆਂ | ਉਹ ਡਾਕਟਰ ਜ਼ਾਕਿਰ ਹੁੁਸੈਨ, ਪ੍ਰੋਫੈਸਰ ਮੁੁਹੰਮਦ ਹਬੀਬ, ਡਾਕਟਰ ਨੂਰ-ਅਲ-ਹਸਨ ਅਤੇ ਪ੍ਰੋਫੈਸਰ ਸ਼ਿਵ ਦਿਆਲ ਵਰਗੇ ਨਾਮਵਰ ਅਧਿਆਪਕਾਂ ਦੇ ਵਿਦਿਆਰਥੀ ਰਹੇ | ਵਿਦਿਆਰਥੀ ਜੀਵਨ ਵਿਚ ਗੁੁਰਦੇਵ ਸਿੰਘ ਬਰਾੜ ਦੀ ਪੜ੍ਹਾਈ ਦੇ ਨਾਲ-ਨਾਲ ਖੇਡਾਂ, ਖ਼ਾਸ ਕਰ ਕੇ ਹਾਕੀ ਵਿਚ ਵਿਸ਼ੇਸ਼ ਦਿਲਚਸਪੀ ਸੀ | ਉਨ੍ਹਾਂ ਨੇ ਆਪਣੇ ਸਕੂਲ, ਕਾਲਜ ਤੇ ਯੂਨੀਵਰਸਿਟੀ ਦੀਆਂ ਹਾਕੀ ਟੀਮਾਂ ਦੀ ਕਪਤਾਨੀ ਕੀਤੀ ਅਤੇ ਕੌਮਾਂਤਰੀ ਪੱਧਰ ਤੱਕ ਹਾਕੀ ਖੇਡੇ | ਉਹ ਇੰਟਰਨੈਸ਼ਨਲ ਪ੍ਰਥਮ ਸ਼੍ਰੇਣੀ ਸਪੈਸ਼ਲ ਗ੍ਰੇਡ ਹਾਕੀ ਅੰਪਾਇਰ ਸਨ | ਉਹ ਉਲੰਪਿਕ, ਵਿਸ਼ਵ ਕੱਪ ਅਤੇ ਏਸ਼ਿਆਈ ਖੇਡਾਂ ਵਿਚ ਹਾਕੀ ਮੁੁਕਾਬਲਿਆਂ ਵਿਚ ਬਤੌਰ ਜੱਜ ਤੇ ਅੰਪਾਇਰ ਵਜੋਂ ਭੂਮਿਕਾ ਨਿਭਾਉਂਦੇ ਰਹੇ |
ਪੰਜਾਬ ਸਿਵਲ ਸੇਵਾਵਾਂ 'ਚੋਂ ਭਾਰਤੀ ਪ੍ਰਸ਼ਾਸਨਿਕ ਸੇਵਾਵਾਂ ਵਿਚ ਆਉਣ ਤੋਂ ਬਾਅਦ ਉਨ੍ਹਾਂ ਦੀ ਸਭ ਤੋਂ ਚੁਣੌਤੀਪੂਰਨ ਨਿਯੁਕਤੀ ਅੰਮਿ੍ਤਸਰ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਵਜੋਂ ਉਸ ਸਮੇਂ ਕੀਤੀ ਗਈ, ਜਦੋਂ ਧਰਮ ਯੁੱਧ ਮੋਰਚਾ ਆਪਣੇ ਸਿਖਰ 'ਤੇ ਸੀ |
ਸ੍ਰੀ ਦਰਬਾਰ ਸਾਹਿਬ ਦੇ ਆਲੇ ਦੁਆਲੇ ਹਿੰਸਕ ਘਟਨਾਵਾਂ ਵਾਪਰ ਰਹੀਆਂ ਸਨ | ਜੂਨ 1984 ਦੇ ਸਾਕਾ ਤੋਂ ਪਹਿਲਾਂ ਸ. ਗੁੁਰਦੇਵ ਸਿੰਘ ਬਰਾੜ ਨੇ ਸਰਕਾਰ ਨੂੰ  ਸਪੱਸ਼ਟ ਸ਼ਬਦਾਂ ਵਿਚ ਚਿਤਾਵਨੀ ਦਿੱਤੀ ਸੀ ਕਿ ਸ੍ਰੀ ਦਰਬਾਰ ਸਾਹਿਬ 'ਤੇ ਫ਼ੌਜੀ ਕਾਰਵਾਈ ਬੇਲੋੜੀ ਤੇ ਨਾਵਾਜਬ ਹੈ ਅਤੇ ਇਹ ਅਤਿ-ਗੰਭੀਰ ਸਿੱਟੇ ਪੈਦਾ ਕਰੇਗੀ | ਉਨ੍ਹਾਂ ਨੇ ਬੜੀ ਬੇਬਾਕੀ, ਸੁੁਹਿਰਦਤਾ ਤੇ ਤਰਕ ਸਹਿਤ ਕਿਹਾ ਸੀ ਕਿ ਪੰਜਾਬ ਸਮੱਸਿਆ ਮਹਿਜ਼ ਅਮਨ-ਕਾਨੂੰਨ ਜਾਂ ਪ੍ਰਬੰਧਕੀ ਮਸਲਾ ਨਹੀਂ, ਸਗੋਂ ਰਾਜਨੀਤਕ ਮਾਮਲਾ ਹੈ | ਇਸ ਲਈ ਇਸ ਦਾ ਹੱਲ ਸਿਆਸੀ ਸੂਝ-ਬੂਝ ਨਾਲ ਹੀ ਨਿਕਲੇਗਾ |
ਗੁੁਰਦੇਵ ਸਿੰਘ ਬਰਾੜ ਵਲੋਂ ਦੁੁਨੀਆਂ ਦੇ ਹਰ ਮਹਾਂਦੀਪ ਦੇ ਦੇਸ਼ਾਂ ਵਿਚ ਹੋਈਆਂ ਕੌਮਾਂਤਰੀ ਕਾਨਫਰੰਸਾਂ ਤੇ ਸੈਮੀਨਾਰਾਂ ਵਿਚ ਮੁੁਲਕ ਦੀ ਨੁੁਮਾਇੰਦਗੀ ਕਰਨ ਸਦਕਾ, ਉਨ੍ਹਾਂ ਵਿਚ ਬੌਧਿਕ, ਮਾਨਸਿਕ ਤੇ ਪ੍ਰਬੰਧਕੀ ਪ੍ਰਪੱਕਤਾ ਸੀ | ਉਹ ਹਰ ਫ਼ੈਸਲਾ ਪੂਰੀ ਤਰ੍ਹਾਂ ਸੋਚ-ਵਿਚਾਰ ਕੇ ਇਨਸਾਫ਼ਾਨਾ ਢੰਗ ਨਾਲ ਕਰਦੇ ਸਨ, ਪਰ ਕੀਤੇ ਗਏ ਫ਼ੈਸਲੇ 'ਤੇ ਅਮਲ ਵਿਚ ਕੋਈ ਢਿੱਲ-ਮੱਠ ਬਰਦਾਸ਼ਤ ਨਹੀਂ ਕਰਦੇ ਸਨ | ਸ. ਬਰਾੜ ਆਪਣੇ ਪਿੱਛੇ ਦੋ ਲੜਕੇ ਤੇ ਇਕ ਲੜਕੀ ਛੱਡ ਗਏ ਹਨ, ਜੋ ਅਮਰੀਕਾ 'ਚ ਆਪੋ-ਆਪਣੇ ਸਥਾਪਤ ਕਾਰੋਬਾਰਾਂ ਦੇ ਮਾਲਕ ਹਨ | ਉਨ੍ਹਾਂ ਦੀ ਯਾਦ ਵਿਚ ਅੰਤਮ ਅਰਦਾਸ ਤੇ ਪਾਠ ਦਾ ਭੋਗ 23 ਸਤੰਬਰ, ਬੁੱਧਵਾਰ ਨੂੰ  12 ਤੋਂ 1.30 ਵਜੇ ਤੱਕ ਗੁਰਦੁਆਰਾ ਸਾਹਿਬ (ਸ਼ਾਹਪੁਰ), ਸੈਕਟਰ 38-ਬੀ, ਚੰਡੀਗੜ੍ਹ ਵਿਖੇ ਪਵੇਗਾ |

ਮੋਬਾਈਲ : 9878950565

Ad Position 22
No active advertisement
ਪਿਛਲੀ ਖ਼ਬਰ ਜਲਵਾਯੂ ਤਬਦੀਲੀ ਹੁਣ ਭਵਿੱਖ ਦਾ ਸੰਕਟ ਨਹੀਂ, ਅੱਜ ਦੀ ਹਕੀਕਤ ਅਗਲੀ ਖ਼ਬਰ ਭਾਜਪਾ ਦਾ ਪੰਜਾਬ ਦੇ ਭਵਿੱਖ ਲਈ ਸੰਕਲਪ-ਨਸ਼ਾ ਮੁਕਤ ਪੰਜਾਬ ਯਾਤਰਾ
Ad Position 24