22-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2026

ਪੰਜਾਬ ਦੀ ਸੱਭਿਆਚਾਰਕ ਵਿਰਾਸਤ ਦਾ ਪ੍ਰਤੀਕ-ਮੇਲਾ ਛਪਾਰ

ਪੰਜਾਬ ਦੀ ਸੱਭਿਆਚਾਰਕ ਵਿਰਾਸਤ ਦਾ ਪ੍ਰਤੀਕ-ਮੇਲਾ ਛਪਾਰ

Ad Position 21
No active advertisement
ਅਜੀਤ ਡੈਸਕ 23-09-2026

ਪੰਜਾਬ ਨੂੰ  'ਮੇਲਿਆਂ ਦੀ ਧਰਤੀ' ਕਹਿ ਦੇਣਾ ਕੋਈ ਅਤਿਕਥਨੀ ਨਹੀਂ ਹੋਵੇਗੀ, ਕਿਉਂਕਿ ਇੱਥੇ ਧਾਰਮਿਕ ਤੇ ਸੱਭਿਆਚਾਰਕ ਮੇਲੇ ਸਾਰਾ ਸਾਲ ਲਗਦੇ ਰਹਿੰਦੇ ਹਨ ਜਿਵੇਂ ਕਿ ਜਗਰਾਵਾਂ ਦਾ ਰੌਸ਼ਨੀ ਦਾ ਮੇਲਾ, ਮੁਕਤਸਰ ਦਾ ਮਾਘੀ ਮੇਲਾ, ਅਨੰਦਪੁਰ ਸਾਹਿਬ ਦਾ ਹੋਲਾ ਮਹੱਲਾ, ਸੋਢਲ ਮੇਲਾ, ਤਰਨ ਤਾਰਨ ਦੀ ਮੱਸਿਆ, ਅੰਮਿ੍ਤਸਰ ਦੀ ਦੀਵਾਲੀ ਆਦਿ ਪ੍ਰਚੱਲਿਤ ਹਨ | ਪੰਜਾਬ ਦੇ ਮੇਲਿਆਂ 'ਚ ਇਕ ਮੇਲਾ ਹੈ ਛਪਾਰ ਦਾ, ਜਿਸ ਦੀ ਵਿਲੱਖਣਤਾ ਇਹ ਹੈ ਕਿ ਲੋਕ ਢਾਣੀਆਂ ਦੇ ਰੂਪ ਵਿਚ ਬੋਲੀਆਂ ਪਾਉਂਦੇ ਹੋਏ ਢੋਲ-ਢਮੱਕੇ ਨਾਲ ਮੇਲੇ ਵਿਚ ਸ਼ਿਰਕਤ ਕਰਦੇ ਹਨ | ਪੁਰਾਤਨ ਸਮਿਆਂ ਵਿਚ ਮੇਲੇ ਆਪਸ ਵਿਚ ਮੇਲ-ਮਿਲਾਪ ਤੇ ਰਿਸ਼ਤਿਆਂ ਵਿਚ ਦੁੱਖ-ਸੁੱਖ ਸਾਂਝੇ ਕਰਨ ਲਈ ਲੱਗਦੇ ਸਨ, ਕਿਉਂਕਿ ਉਸ‚ਸਮੇਂ ਆਵਾਜਾਈ ਦੇ ਸਾਧਨ ਬਹੁਤ ਘੱਟ ਸਨ | ਲੋਕ ਇਕ ਨਿਸਚਿਤ ਦਿਨ ਆਪਸ ਵਿਚ ਜੁੜ ਬੈਠਦੇ ਸਨ |

ਅਜਿਹੇ ਇਕੱਠਾਂ ਨੇ ਹੌਲ਼ੀ-ਹੌਲ਼ੀ ਮੇਲਿਆਂ ਦਾ ਰੂਪ ਧਾਰਨ ਕਰ ਲਿਆ | ਜਿਉਂ-ਜਿਉਂ ਮਨੁੱਖ ਚੇਤੰਨ ਹੁੰਦਾ ਗਿਆ ਤੇ ਸਮੇਂ ਵਿਚ ਤਬਦੀਲੀ ਆਉਂਦੀ ਗਈ, ਮੇਲਿਆਂ ਦਾ ਰੂਪ ਵੀ ਬਦਲਦਾ ਗਿਆ | ਹੁਣ ਪਿੰਡਾਂ ਦੇ ਲੋਕਾਂ ਤੋਂ ਇਲਾਵਾ ਸ਼ਹਿਰਾਂ ਤੇ ਕਸਬਿਆਂ ਦੇ ਲੋਕਾਂ ਨੇ ਵੀ ਮੇਲਿਆਂ ਦਾ ਅਨੰਦ ਮਾਨਣਾ ਸ਼ੁਰੂ ਕਰ ਦਿੱਤਾ | ਇਸ ਤਰ੍ਹਾਂ ਛਪਾਰ ਦਾ ਮੇਲਾ ਵੀ ਪੰਜਾਬ ਦੇ ਪੁਰਾਤਨ ਤੇ ਨਵੀਨ ਝੁਕਾਵਾਂ ਦੀ ਤਸਵੀਰ ਪੇਸ਼ ਕਰਦਾ ਹੈ | ਇਸ ਮੇਲੇ ਵਿਚ ਪੰਜਾਬ ਦੇ ਬਹੁਤ ਹੀ ਦੂਰੋਂ-ਦੂਰੋਂ ਸ਼ਹਿਰਾਂ ਤੇ ਪਿੰਡਾਂ ਤੋਂ ਲੋਕ ਸ਼ਿਰਕਤ ਕਰਕੇ ਮੇਲੇ ਦਾ ਪੁਰਾਤਨ ਰੂਪ ਦੇਖਣ ਲਈ ਬੜੇ ਹੀ ਉਤਸ਼ਾਹ ਨਾਲ ਆਉਂਦੇ ਹਨ |
ਇਹ ਮੇਲਾ ਅਹਿਮਦਗੜ੍ਹ ਤੋਂ 2 ਕਿਲੋਮੀਟਰ ਦੂਰ ਦੱਖਣ ਦਿਸ਼ਾ ਵੱਲ, ਲੁਧਿਆਣਾ ਜ਼ਿਲ੍ਹੇ ਦੇ ਪਿੰਡ ਛਪਾਰ ਵਿਖੇ ਧਾਰਮਿਕ ਅਸਥਾਨ ਗੁੱਗੇ ਪੀਰ ਦੀ ਮੜ੍ਹੀ 'ਤੇ ਹਰ ਸਾਲ ਲਗਦਾ ਹੈ | ਪਿੰਡ ਦੇ ਸਰਪੰਚ ਕੁਲਦੀਪ ਸਿੰਘ ਬੋਪਾਰਾਏ ਤੇ ਹੈਪੀ ਬਾਬਾ ਛਪਾਰ ਨੇ ਦੱਸਿਆ ਕਿ ਇਸ ਵਾਰ ਇਹ ਮੇਲਾ ਮਿਤੀ 24 ਸਤੰਬਰ ਤੋਂ 28 ਸਤੰਬਰ 2026 ਤੱਕ ਲੱਗ ਰਿਹਾ ਹੈ | ਉਨ੍ਹਾਂ ਦੱਸਿਆ ਕਿ ਇਸ ਵਾਰ ਮੇਲੇ ਦੇ ਪ੍ਰਬੰਧ ਪਹਿਲਾਂ ਨਾਲੋਂ ਵੀ ਬਿਹਤਰ ਕੀਤੇ ਗਏ ਹਨ ਤੇ ਸ਼ਰਾਰਤੀ ਅਨਸਰਾਂ ਨੂੰ  ਨੱਥ ਪਾਉਣ ਲਈ ਵਿਸ਼ੇਸ਼ ਨੰਬਰ ਵੀ ਜਾਰੀ ਕੀਤਾ ਗਿਆ ਹੈ | ਪੁਲਿਸ ਪ੍ਰਸ਼ਾਸਨ ਦੀ ਮੁਸਤੈਦੀ ਵੱਧ ਹੋਵੇਗੀ, ਜਿਸ ਨਾਲ ਮੇਲੇ ਵਿਚ ਖੱਲਲ ਪਾਉਣ ਵਾਲਿਆਂ ਅਤੇ ਮਾਹੌਲ ਖ਼ਰਾਬ ਕਰਨ ਵਾਲਿਆਂ ਨਾਲ ਸਖ਼ਤੀ ਨਾਲ ਨਜਿੱਠਿਆ ਜਾਵੇਗਾ |  ਗੁੱਗੇ ਪੀਰ ਦੀ ਯਾਦ ਵਜੋਂ ਲਗਦੇ ਇਸ ਧਾਰਮਿਕ ਮੇਲੇ ਨਾਲ ਸੰਬੰਧਿਤ ਕਈ ਦੰਦ-ਕਥਾਵਾਂ ਪ੍ਰਚੱਲਿਤ ਹਨ | ਇਸ ਮੇਲੇ ਦੀ ਵਿਲੱਖਣਤਾ ਹੈ ਕਿ ਇੱਥੇ ਹਿੰਦੂ, ਸਿੱਖ, ਮੁਸਲਮਾਨ, ਈਸਾਈ ਸਭ ਬਿਨਾਂ ਕਿਸੇ ਭੇਦਭਾਵ ਤੋਂ ਗੁੱਗੇ ਦੇ ਮੇਲੇ ਦੀ ਰੌਣਕ ਨੂੰ  ਵਧਾਉਂਦੇ ਹਨ | ਮੇਲੇ ਦੇ ਪਹਿਲੇ ਦਿਨ ਨੂੰ  'ਚੌਂਕੀਆਂ' ਕਹਿੰਦੇ ਹਨ | ਇਸ ਦਿਨ ਸ਼ਰਧਾਲੂ ਸਾਰੀ-ਸਾਰੀ ਰਾਤ ਜਾਗ ਕੇ ਗੁੱਗੇ ਪੀਰ ਦੀ ਚੌਂਕੀ ਭਰਦੇ ਹਨ ਤੇ ਉਸ ਦਾ ਜੱਸ ਗਾਉਂਦੇ ਹਨ | ਮੇਲੇ ਦੀ ਵਿਲੱਖਣਤਾ ਇਹ ਵੀ ਹੈ ਕਿ ਪੰਜੇ ਦਿਨ ਪੁਰਾਤਨ ਸਮਿਆਂ ਤੋਂ ਹੀ ਇਸ ਮੇਲੇ ਵਿਚ ਢਾਣੀਆਂ ਦੇ ਰੂਪ ਵਿਚ ਮਲਵਈ ਗਿੱਧੇ ਵਾਲੇ ਗੱਭਰੂ ਦਿਨ-ਰਾਤ ਆਪਣੀਆਂ ਟੋਲੀਆਂ ਸਮੇਤ ਮੇਲੇ ਨੂੰ  ਚਾਰ ਚੰਨ ਲਾਉਂਦੇ ਹਨ | ਵਿਚਕਾਰਲੇ ਦਿਨ ਰਾਜਨੀਤਕ ਪਾਰਟੀਆਂ ਆਪੋ-ਆਪਣੀਆਂ ਕਾਨਫਰੰਸਾਂ ਕਰ ਕੇ ਲੋਕਾਂ ਨੂੰ  ਆਪਣੇ ਵੱਲ ਖਿੱਚਣ ਦੀਆਂ ਕੋਸ਼ਿਸ਼ਾਂ ਕਰਦੀਆਂ ਹਨ | ਕਰੋਨਾ ਤੋਂ ਬਾਅਦ ਕੁੱਝ ਸਾਲਾਂ ਤੱਕ ਰਾਜਸੀ ਪਾਰਟੀਆਂ ਵਲੋਂ ਕਾਨਫਰੰਸਾਂ ਨਹੀਂ ਕੀਤੀਆਂ ਜਾ ਰਹੀਆਂ ਸਨ ਪਰ ਇਸ ਵਾਰ ਆਗਾਮੀ ਚੋਣਾਂ ਨੂੰ  ਦੇਖਦਿਆਂ ਕਈ ਰਾਜਨੀਤਕ ਪਾਰਟੀਆਂ, ਕਾਨਫ਼ਰੰਸਾਂ ਵੀ ਕਰ ਰਹੀਆਂ ਹਨ | ਪੰਜਾਬ ਦੇ ਇਸ ਪ੍ਰਸਿੱਧ ਮੇਲੇ +ਤੇ ਜੋ ਰਾਜਸੀ ਕਾਨਫ਼ਰੰਸਾਂ ਵਿਚ ਇਕੱਠ ਹੁੰਦਾ ਹੈ, ਉਸ ਤੋਂ ਆਉਣ ਵਾਲੇ ਸਮੇਂ ਦੇ ਰਾਜਨੀਤਕ ਘਟਨਾਕ੍ਰਮ ਦੀ ਝਲਕ ਮਿਲਦੀ ਹੈ | ਮਾਲਵੇ ਦੇ ਇਸ ਪ੍ਰਸਿੱਧ ਮੇਲੇ ਵਿਚ ਮੌਤ ਦਾ ਖੂਹ, ਨਾਚ ਗਾਣੇ, ਡਰਾਮੇ, ਸਰਕਸਾਂ, ਝੂਲੇ, ਚੰਡੋਲ, ਜਾਦੂ ਦੀ ਖੇਡ ਆਦਿ ਰੰਗ-ਤਮਾਸ਼ਿਆਂ ਰਾਹੀਂ ਲੋਕਾਂ ਦਾ ਮਨੋਰੰਜਨ ਕੀਤਾ ਜਾਂਦਾ ਹੈ | ਇਸ ਤੋਂ ਇਲਾਵਾ ਖੇਡਾਂ ਦੀਆਂ ਦੁਕਾਨਾਂ, ਔਰਤਾਂ ਦੇ ਸਾਮਾਨ ਦੀਆਂ ਦੁਕਾਨਾਂ, ਵੱਖ-ਵੱਖ ਕੰਪਨੀਆਂ ਵਲੋਂ ਸਟਾਲ ਅਤੇ ਖਾਣ-ਪੀਣ ਦੀਆਂ ਚੀਜ਼ਾਂ ਦੀਆਂ ਦੁਕਾਨਾਂ ਸਜਾਈਆਂ ਜਾਂਦੀਆਂ ਹਨ | ਇਸ ਮੇਲੇ ਦੀ ਖ਼ਾਸ ਮਠਿਆਈ 'ਖਜਲਾ' ਬਹੁਤ ਹੀ ਦੂਰ ਤੱਕ ਮਸ਼ਹੂਰ ਹੈ | ਮੇਲੇ ਦੇ ਪੂਰੇ ਦਿਨ ਹੀ ਮੰਦਰ ਦੇ ਸੇਵਾਦਾਰ ਹੈਪੀ ਬਾਬਾ ਛਪਾਰ ਵਲੋਂ ਸੰਗਤ ਦੇ ਸਹਿਯੋਗ ਨਾਲ ਤਰ੍ਹਾਂ-ਤਰ੍ਹਾਂ ਦੇ ਲੰਗਰ ਲਗਾਏ ਜਾਂਦੇ ਹਨ | ਇਸ ਤਰ੍ਹਾਂ ਛਪਾਰ ਮੇਲਾ ਮਾਲਵੇ ਦਾ ਪ੍ਰਸਿੱਧ ਮੇਲਾ ਕਹਾਉਂਦਾ ਹੈ | ਇਸ ਮੇਲੇ ਸੰਬੰਧੀ ਆਮ ਕਹਾਵਤ ਹੈ, 'ਆਰੀ ਆਰੀ ਆਰੀ, ਮੇਲਾ ਤਾਂ ਛਪਾਰ ਲਗਦਾ, ਜਿਹੜਾ ਲੱਗਦਾ ਜਗਤ ਤੋਂ ਭਾਰੀ' |

-ਪੱਤਰਕਾਰ, ਅਹਿਮਦਗੜ੍ਹ |
ਮੋਬਾਈਲ : 98141-88306

Ad Position 22
No active advertisement
ਪਿਛਲੀ ਖ਼ਬਰ ਭਾਜਪਾ ਦਾ ਪੰਜਾਬ ਦੇ ਭਵਿੱਖ ਲਈ ਸੰਕਲਪ-ਨਸ਼ਾ ਮੁਕਤ ਪੰਜਾਬ ਯਾਤਰਾ ਅਗਲੀ ਖ਼ਬਰ ਮਨੁੱਖ ਦੇ ਦਿ੍ੜ੍ਹ ਸੰਕਲਪ ਮੂਹਰੇ ਕੋਈ ਚੀਜ਼ ਅੜਿੱਕਾ ਨਹੀਂ ਬਣ ਸਕਦੀ | —ਐਮਰਸਨ
Ad Position 24