28-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-08-2026

ਗੁਰੂ ਤੇਗ ਬਹਾਦਰ ਸਾਹਿਬ ਦੀ ਵਰੋਸਾਈ ਧਰਤੀ ਬਾਬਾ ਬਕਾਲਾ ਸਾਹਿਬ

ਗੁਰੂ ਤੇਗ ਬਹਾਦਰ ਸਾਹਿਬ ਦੀ ਵਰੋਸਾਈ ਧਰਤੀ ਬਾਬਾ ਬਕਾਲਾ ਸਾਹਿਬ

Ad Position 21
No active advertisement
ਅਜੀਤ ਡੈਸਕ 28-08-2026

ਅੱਜ ਜੋੜ ਮੇਲੇ 'ਤੇ ਵਿਸ਼ੇਸ਼


ਬਾਬਾ ਬਕਾਲਾ ਸਾਹਿਬ 'ਹਿੰਦ ਦੀ ਚਾਦਰ' ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਸੰਸਾਰ  ਪ੍ਰਸਿੱਧ ਅਸਥਾਨ ਹੈ | ਇੱਥੋਂ ਦਾ ਗੁਰਦੁਆਰਾ ਪਾਤਸ਼ਾਹੀ ਨੌਵੀਂ ਬਾਬਾ ਬਕਾਲਾ ਸਾਹਿਬ ਉਹ ਅਸਥਾਨ ਹੈ, ਜਿੱਥੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ 26 ਸਾਲ 9 ਮਹੀਨੇ 13 ਦਿਨ ਤਪੱਸਿਆ ਕੀਤੀ ਅਤੇ ਇਸ ਪਵਿੱਤਰ ਨਗਰ ਨੂੰ  ਵਰੋਸਾਇਆ | ਗੁਰੂ ਜੀ ਛੇਵੀਂ ਪਾਤਸ਼ਾਹੀ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਸਪੁੱਤਰ ਸਨ | ਇਤਿਹਾਸ ਅਨੁਸਾਰ ਕੀਰਤਪੁਰ ਸਾਹਿਬ ਦੀ ਪਵਿੱਤਰ ਧਰਤੀ 'ਤੇ ਜਦੋਂ ਛੇਵੇਂ ਪਾਤਿਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਸੱਚਖੰਡ ਪਿਆਨਾ ਕਰਨ ਦਾ ਸਮਾਂ ਨੇੜੇ ਜਾਣਿਆ ਤਾਂ ਤੇਗ ਬਹਾਦਰ ਜੀ ਨੂੰ  ਕਿਹਾ ਕਿ ਬੇਟਾ ਤੁਸੀਂ ਆਪਣੇ ਮਹਿਲਾਂ ਨੂੰ  ਨਾਲ ਲੈ ਕੇ ਆਪਣੇ ਨਾਨਕੇ ਪਿੰਡ ਬਕਾਲੇ ਚਲੇ ਜਾਣਾ, ਗੁਰਗੱਦੀ ਆਪਣੇ ਆਪ ਤੁਹਾਡੇ ਪਿੱਛੇ ਆ ਜਾਵੇਗੀ | ਪਿਤਾ ਜੀ ਦਾ ਹੁਕਮ ਮੰਨ ਕੇ ਤੇਗ ਬਹਾਦਰ ਜੀ, ਮਾਤਾ ਨਾਨਕੀ ਜੀ ਤੇ ਆਪਣੇ ਮਹਿਲ ਮਾਤਾ ਗੁਜਰੀ ਜੀ ਨੂੰ  ਲੈ ਕੇ ਬਕਾਲੇ ਪਿੰਡ ਆ ਗਏ | ਇੱਥੇ ਆ ਕੇ ਉਨ੍ਹਾਂ ਭੋਰੇ ਵਿਚ ਬੈਠ ਕੇ ਤਪੱਸਿਆ ਸ਼ੁਰੂ ਕਰ ਦਿੱਤੀ |
 ਉਧਰ ਸਮਾਂ ਪਾ ਤੇ ਜਦੋਂ ਦਿੱਲੀ ਵਿਚ ਅੱਠਵੇਂ ਪਾਤਿਸ਼ਾਹ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਨੇ ਸੱਚਖੰਡ ਪਿਆਨਾ ਕਰਨ ਦੀ ਤਿਆਰੀ ਕੀਤੀ ਤਾਂ ਸੰਗਤਾਂ ਨੇ ਗਲ ਵਿਚ ਪੱਲੇ ਪਾਕੇ ਪੁੱਛਿਆ ਕਿ ਗੁਰੂ ਜੀ ਸਾਨੂੰ ਹੁਣ ਕਿਸ ਦੇ ਲੜ ਲਾ ਚੱਲੇ ਹੋ, ਤਾਂ ਗੁਰੂ ਜੀ ਨੇ ਹੱਥ ਵਿਚ ਨਾਰੀਅਲ ਲੈ ਕੇ ਪੰਜਾਬ ਵੱਲ ਮੁਖ ਕਰ ਕੇ 3 ਵਾਰੀ ਗੋਲਾਕਾਰ ਬਾਂਹ ਘੁਮਾਕੇ ਕਿਹਾ ਕਿ 'ਬਾਬਾ ਵਸੈ ਗ੍ਰਾਮ ਬਕਾਲੇ | ਬਲ ਗੁਰ ਸੰਗਤ ਆਪ ਸੰਭਾਲੇ |' ਬਾਲਾ ਪ੍ਰੀਤਮ ਜੀ ਇਹ ਇਸ਼ਾਰਾ ਕਰ ਗਏ ਕਿ ਉਹ ਸਾਡਾ ਬਾਬਾ ਲੱਗਦਾ ਹੈ, ਜਿਸ ਨੇ ਅੱਗੇ ਸਭ ਸੰਭਾਲਣਾ ਹੈ | ਗੁਰੂ ਹਰਿਕਿਸ਼੍ਰਨ ਜੀ ਦੇ ਅਕਾਲ ਚਲਾਣੇ ਪਿੱਛੋਂ ਬਕਾਲੇ ਪਿੰਡ 'ਚ ਧੀਰ ਮਲੀਏ, ਰਾਮ ਰਾਈਏ ਤੇ ਸ਼ੀਹੇਂ ਮਸੰਦ ਵਰਗੇ 22 ਭੇਖੀ ਝੂਠੇ ਗੁਰੂ ਬਣ ਕੇ ਮੰਜੀਆਂ ਡਾਹ ਕੇ ਬੈਠ ਗਏ ਤੇ ਭੋਲੀ-ਭਾਲੀ ਸੰਗਤ ਨੂੰ  ਲੁੱਟਣ ਲੱਗੇ | ਜਦੋਂ ਮੱਖਣ ਸ਼ਾਹ ਨਾਂਅ ਦੇ ਵਿਉਪਾਰੀ ਦਾ ਜਹਾਜ਼ ਸਮੁੰਦਰ ਵਿਚ ਡੱਕੇ-ਡੋਲੇ ਖਾਣ ਲੱਗ ਪਿਆ ਤਾਂ ਉਸ ਨੇ ਬੜੇ ਦੇਵੀ-ਦੇਵਤਿਆਂ, ਪੀਰਾਂ-ਫਕੀਰਾਂ ਦੀ ਅਰਾਧਨਾ ਕੀਤੀ ਪਰ ਕੋਈ ਨਾ ਬਹੁੜਿਆ ਤਾਂ ਕਿਸੇ ਸਿੱਖ ਦੇ ਕਹਿਣ 'ਤੇ ਮੱਖਣ ਸ਼ਾਹ ਨੇ ਆਖਰ ਗਲ ਵਿਚ ਪੱਲਾ ਪਾ ਕੇ ਗੁਰੂ ਨਾਨਕ ਦੇ ਦਰ 'ਤੇ ਅਰਦਾਸ ਕੀਤੀ ਕਿ 'ਹੇ ਪਾਤਿਸ਼ਾਹ ! ਜੇਕਰ ਮੇਰਾ ਡੁੱਬਦਾ ਬੇੜਾ ਬੰਨ੍ਹੇ ਲਾ ਦਿਉ ਤਾਂ ਮੈਂ ਆਪਦੇ ਪੰਜ ਸੌ ਮੋਹਰਾਂ ਭੇਟ ਚੜ੍ਹਾਵਾਂਗਾ |' ਮੱਖਣ ਸ਼ਾਹ ਦੀ  ਅਰਦਾਸ ਗੁਰੂ ਨਾਨਕ ਦੇ ਘਰ 'ਚ ਪ੍ਰਵਾਨ ਹੋਈ ਤੇ ਬੇੜਾ ਬੰਨ੍ਹੇ ਲੱਗ ਗਿਆ |
ਮੱਖਣ ਸ਼ਾਹ ਸੁੱਖੀ-ਸਾਂਦੀ ਘਰ ਪਹੁੰਚਣ ਉਪਰੰਤ ਆਪਣੀ ਸੁੱਖਣਾ ਲਾਹੁਣ ਲਈ ਬਕਾਲੇ ਪਿੰਡ ਪੁੱਜਾ ਤਾਂ ਦੇਖਦਾ ਹੈ ਕਿ ਇੱਥੇ 22  ਗੁਰੂ ਮੰਜੀਆਂ ਡਾਹ ਕੇ ਬੈਠੇ ਹਨ | ਮੱਖਣ ਸ਼ਾਹ ਭੰਬਲਭੂਸੇ ਵਿਚ ਪੈ ਗਿਆ, ਪਰ ਵਿਉਪਾਰੀ ਹੋਣ ਕਰ ਕੇ ਉਸ ਨੇ ਇਕ ਤਰਕੀਬ ਲੜਾਉਂਦਿਆਂ ਸਭ ਅੱਗੇ 5-5 ਮੋਹਰਾਂ ਰੱਖ ਕੇ ਮੱਥਾ ਟੇਕਿਆ ਅਤੇ ਮਨ 'ਚ ਵਿਚਾਰ ਕੀਤੀ ਕਿ ਮੇਰਾ ਬੇੜਾ ਬੰਨ੍ਹੇ ਲਾਉਣ ਵਾਲਾ ਸੱਚਾ ਗੁਰੂ ਆਪੇ ਹੀ ਅਸਲ ਭੇਟਾ ਮੰਗ ਲਵੇਗਾ, ਪਰ ਕਿਸੇ ਨੇ ਵੀ ਇੰਝ ਨਾ ਕੀਤਾ | ਆਖਰ ਕਿਸੇ ਨੇ ਦੱਸਿਆ ਕਿ ਇੱਥੇ ਇਕ ਹੋਰ ਗੁਰੂ ਭੋਰੇ ਵਿਚ ਰਹਿੰਦਾ ਹੈ ਅਤੇ ਬਾਹਰ ਘੱਟ ਨਿਕਲਦਾ ਹੈ | ਮੱਖਣ ਸ਼ਾਹ ਨੇ ਮਾਤਾ ਨਾਨਕੀ ਜੀ ਨੂੰ  ਬੇਨਤੀ ਕੀਤੀ ਕਿ ਉਹ ਗੁਰੂ ਸਾਹਿਬ ਦੇ ਦਰਸ਼ਨ ਕਰਨ ਆਇਆ ਹੈ | ਜਦੋਂ ਮੱਖਣ ਸ਼ਾਹ ਨੇ ਗੁਰੂ ਸਾਹਿਬ ਦੇ ਨੂਰਾਨੀ ਚਿਹਰੇ ਦੇ ਦਰਸ਼ਨ ਕਰਨ ਉਪਰੰਤ 5 ਮੋਹਰਾਂ ਰੱਖ ਕੇ ਸੀਸ ਝੁਕਾਇਆ ਤਾਂ ਗੁਰੂ ਸਾਹਿਬ ਨੇ ਕਿਹਾ 'ਮੱਖਣ ਸ਼ਾਹ | ਪੰਜ ਸੌ ਸੁੱਖ ਕੇ ਪੰਜ ਚੜ੍ਹਾ ਰਿਹਾ ਏਾ |' ਇਹ ਸੁਣ ਕੇ ਮੱਖਣ ਸ਼ਾਹ ਖੁਸ਼ ਹੋ ਗਿਆ ਤੇ ਉਸ  ਨੇ ਕੋਠੇ ਚੜ੍ਹਕੇ ਰੋਲਾ ਪਾ ਦਿੱਤਾ 'ਸਾਚਾ ਗੁਰੂ ਲਾਧੋ ਰੇ…ਸਾਚਾ ਗੁਰੂ ਲਾਧੋ ਰੇ |' ਇਸ ਤਰ੍ਹਾਂ ਗੁਰੂ ਸਾਹਿਬ ਇਸ ਅਸਥਾਨ 'ਤੇ ਪ੍ਰਗਟ ਹੋਏ ਤਾਂ ਝੂਠੇ ਗੁਰੂ ਭੱਜ ਗਏ |
ਭਾਈ ਗੁਰਦਿੱਤਾ ਜੀ ਨੇ ਗੁਰੂ ਤੇਗ ਬਹਾਦਰ ਜੀ ਨੂੰ  ਗੁਰਗੱਦੀ ਦਾ ਤਿਲਕ ਲਾਇਆ | ਜਿਸ ਥਾਂ ਗੁਰੂ ਸਾਹਿਬ ਨੇ ਤਪ ਕੀਤਾ ਸੀ, ਉਥੇ 9 ਮੰਜ਼ਿਲਾ ਸ੍ਰੀ ਭੋਰਾ ਸਾਹਿਬ ਸ਼ੁਸੋਭਿਤ ਹੈ | ਇਥੇ ਹੀ ਸ੍ਰੀ ਮੰਜੀ ਸਾਹਿਬ ਸੁਸ਼ੋਭਿਤ ਹੈ | ਗੁਰੂ ਜੀ ਦੇ ਦਾਦੀ ਜੀ ਤੇ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸੁਪਤਨੀ ਮਾਤਾ ਗੰਗਾ ਜੀ ਨਾਲ ਸੰਬੰਧਿਤ ਸ਼ੀਸ਼ ਮਹੱਲ ਸਾਹਿਬ ਵੀ ਦਰਸ਼ਨ ਕਰਨ ਯੋਗ ਅਸਥਾਨ ਹਨ | ਹਰ ਸਾਲ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਯਾਦ ਵਿਚ 'ਸਾਚਾ ਗੁਰੂ ਲਾਧੋ ਰੇ' ਦਿਵਸ ਮਨਾਉਂਦਿਆਂ ਇਸ ਅਸਥਾਨ 'ਤੇ ਤਿੰਨ ਰੋਜ਼ਾ ਭਾਰੀ ਸਾਲਾਨਾ ਜੋੜ ਮੇਲਾ ਮਨਾਇਆ ਜਾਂਦਾ ਹੈ | ਐਤਕੀਂ ਵੀ 28-29-30 ਅਗਸਤ ਨੂੰ  ਸਾਲਾਨਾ ਜੋੜ ਮੇਲਾ ਸ਼ਰਧਾਪੂਰਵਕ ਮਨਾਇਆ ਜਾ ਰਿਹਾ ਹੈ | ਮਿਤੀ 28 ਅਗਸਤ ਨੂੰ  ਸਿਆਸੀ ਕਾਨਫਰੰਸਾਂ ਹੋਣਗੀਆਂ ਤੇ ਤਿੰਨੋਂ ਦਿਨ ਗੁਰਦੁਆਰਾ ਸਾਹਿਬ ਵਿਖੇ ਭਾਰੀ ਧਾਰਮਿਕ ਦੀਵਾਨ ਸਜਾਏ ਜਾਣਗੇ | ਨਿਹੰਗ ਸਿੰਘ ਜਥੇਬੰਦੀਆਂ ਵਲੋਂ ਮਿਸਲ ਸ਼ਹੀਦਾਂ ਤਰਨਾ ਦਲ ਬਾਬਾ ਬਕਾਲਾ ਸਾਹਿਬ ਦੇ 16ਵੇਂ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਜੋਗਾ ਸਿੰਘ ਦੀ ਅਗਵਾਈ ਹੇਠ ਮਹੱਲਾ ਸਜਾਇਆ ਜਾਵੇਗਾ |

-ਪ੍ਰਤੀਨਿਧ ਬਾਬਾ ਬਕਾਲਾ ਸਾਹਿਬ |
ਮੋਬਾਈਲ : 98157-69164

Ad Position 22
No active advertisement
ਪਿਛਲੀ ਖ਼ਬਰ ਅਮਰੀਕਾ ’ਚ ਗ੍ਰੀਨ ਕਾਰਡ ਧਾਰਕ ਭਾਰਤੀ ਅਧਿਆਪਕਾ ਨੂੰ ਮਿਲੀ ਜ਼ਮਾਨਤ ਅਗਲੀ ਖ਼ਬਰ ਆਪਣੀ ਵਿਭਿੰਨਤਾ ਤੋਂ ਡਰਨ ਵਾਲਾ ਦੇਸ਼ ਕਮਜ਼ੋਰ ਹੋ ਜਾਂਦਾ ਹੈ
Ad Position 24