ਜਦੋਂ ਮੈਂ ਰਾਜਨੀਤੀ ਵਿਚ ਸਾਢੇ 4 ਸਾਲ ਬਿਤਾਉਣ ਤੋਂ ਬਾਅਦ ਆਮ ਆਦਮੀ ਪਾਰਟੀ (ਆਪ) ਨੂੰ ਛੱਡਣ ਦਾ ਫੈਸਲਾ ਕੀਤਾ ਸੀ ਤਾਂ ਇਸ ਦੇ ਕਈ ਕਾਰਨ ਸਨ, ਜਿਨ੍ਹਾਂ ਬਾਰੇ ਗੱਲ ਕਰਨ ਨੂੰ ਲੈ ਕੇ ਮੈਂ ਦੁਚਿੱਤੀ ਵਿਚ ਸੀ | ਮੇਰੇ ਮਨ 'ਚ ਕਈ ਸਵਾਲ ਸਨ: ਕੀ ਮੈਨੂੰ ਆਪਣੇ ਕਾਰਨਾਂ ਦਾ ਖੁਲਾਸਾ ਕਰਨਾ ਚਾਹੀਦਾ ਹੈ ਜਾਂ ਨਹੀਂ? ਦਰਅਸਲ ਜਨਤਕ ਜੀਵਨ 'ਚ ਰਹਿਣ ਤੋਂ ਬਾਅਦ ਇਕ ਸਿਆਸਤਦਾਨ ਦਾ ਜੀਵਨ ਕਿੰਨਾ ਨਿੱਜੀ ਤੇ ਕਿੰਨਾ ਜਨਤਕ ਹੁੰਦਾ ਹੈ, ਇਸ ਲਈ ਜਦੋਂ ਉਹ ਪਾਰਟੀ ਛੱਡਦਾ ਹੈ ਤਾਂ ਜਨਤਾ ਨਾਲ ਆਪਣੇ ਮਨ ਦੇ ਵਿਚਾਰ ਸਾਂਝੇ ਕਰਨ ਦਾ ਉਸ ਦਾ ਅਧਿਕਾਰ ਮਹੱਤਵਪੂਰਨ ਹੋ ਜਾਂਦਾ ਹੈ | ਕੀ ਉਸ ਲਈ ਇਹ ਨੈਤਿਕ ਹੋਵੇਗਾ ਕਿ ਉਹ ਉਨ੍ਹਾਂ ਗੱਲਾਂ ਨੂੰ ਲੋਕਾਂ 'ਚ ਲੈ ਜਾਵੇ, ਜੋ ਕਦੇ ਉਸ ਨੇ ਆਪਣੇ ਸਾਥੀਆਂ ਨਾਲ ਵਿਚਾਰੀਆਂ ਹੁੰਦੀਆਂ ਹਨ ਜਾਂ ਫਿਰ ਉਨ੍ਹਾਂ ਵੱਡੇ ਫ਼ੈਸਲਿਆਂ 'ਚ ਉਸ ਦੀ ਵੀ ਭੂਮਿਕਾ ਹੋਵੇ, ਜਿਸ ਨੇ ਸਮਾਜ ਤੇ ਦੇਸ਼ 'ਤੇ ਅਸਰ ਪਾਇਆ ਹੋਵੇ | ਪਰ ਮੈਂ ਆਮ ਆਦਮੀ ਪਾਰਟੀ ਛੱਡਣ ਦੇ ਕਾਰਨਾਂ ਦਾ ਖੁਲਾਸਾ ਨਾ ਕਰਨ ਦਾ ਫ਼ੈਸਲਾ ਕੀਤਾ ਸੀ | ਮੇਰੇ ਪਾਰਟੀ ਛੱਡਣ 'ਤੇ ਮੈਨੂੰ ਕਈ ਪ੍ਰਕਾਸ਼ਕਾਂ ਦੇ ਫੋਨ ਤੇ ਈਮੇਲਾਂ ਆਈਆਂ, ਜੋ ਮੈਨੂੰ ਆਮ ਆਦਮੀ ਪਾਰਟੀ ਦੀ ਆਪਣੀ ਯਾਤਰਾ ਬਾਰੇ ਲਿਖਣ 'ਤੇ ਮੂੰਹ ਮੰਗੀ ਕੀਮਤ ਦੇਣ ਲਈ ਤਿਆਰ ਸਨ | ਉਨ੍ਹਾਂ ਨੂੰ ਲਗਦਾ ਸੀ ਕਿ ਮੇਰੇ ਲਿਖਣ ਨਾਲ ਕੋਈ ਵੱਡਾ ਖੁਲਾਸਾ ਹੋਣ ਨਾਲ ਕੋਈ ਵੱਡਾ ਵਿਵਾਦ ਪੈਦਾ ਹੋਵੇਗਾ ਤੇ ਕਿਤਾਬ ਜ਼ਿਆਦਾ ਵਿਕੇਗੀ | ਹੁਣ ਲਗਭਗ 8 ਅੱਠ ਸਾਲ ਬਾਅਦ ਵੀ ਹਰ ਜਨਤਕ ਮੀਟਿੰਗ ਜਾਂ ਕਾਨਫਰੰਸ 'ਚ ਮੇਰੇ ਤੋਂ ਉਹੀ ਸਵਾਲ ਪੁੱਛਿਆ ਜਾਂਦਾ ਹੈ ਤੇ ਇਸ ਦਾ ਜਵਾਬ ਮੈਂ ਇਮਾਨਦਾਰੀ ਨਾਲ ਦੇਵਾਂਗੇ ਇਹੀ ਉਮੀਦ ਕੀਤੀ ਜਾਂਦੀ ਹੈ | ਜਦੋਂ ਮੈਂ ਇਹ ਕਹਾਣੀ ਫਿਰ ਕਦੇ ਦੱਸਣ ਦਾ ਵਾਅਦਾ ਕਰਦਾ ਹਾਂ ਤਾਂ ਲੋਕ ਨਿਰਾਸ਼ ਜਾਂ ਨਾਰਾਜ਼ ਹੋ ਜਾਂਦੇ ਹਨ | ਉਨ੍ਹਾਂ ਨੂੰ ਲਗਦਾ ਹੈ ਕਿ ਮੈਂ ਕੋਈ ਵੱਡਾ ਰਹੱਸ (ਰਾਜ਼) ਛੁਪਾ ਰਿਹਾ ਹਾਂ ਤੇ ਬਹੁਤ ਘੱਟ ਲੋਕ ਮੇਰੇ ਨਿੱਜਤਾ ਦੇ ਅਧਿਕਾਰ ਨੂੰ ਸਮਝ ਕੇ ਇਸ ਦੀ ਕਦਰ ਕਰਦੇ ਹਨ |

ਇਸ ਸੰਦਰਭ ਵਿਚ ਜਦੋਂ ਮੈਂ ਸੋਨੀਆ ਗਾਂਧੀ ਨੂੰ ਵੇਖਦਾ ਹਾਂ ਤਾਂ ਮੈਨੂੰ ਉਨ੍ਹਾਂ ਨਾਲ ਹਮਦਰਦੀ ਹੁੰਦੀ ਹੈ | ਮੈਨੂੰ ਲਗਦਾ ਹੈ ਕਿ ਜਦੋਂ ਉਨ੍ਹਾਂ ਆਪਣੀ ਆਤਮਕਥਾ ਲਿਖਣ ਦਾ ਫ਼ੈਸਲਾ ਕੀਤਾ ਹੋਵੇਗਾ ਤਾਂ ਉਹ ਵੀ ਮੇਰੇ ਜਿਹੀ ਦੁਬਿਧਾ 'ਚੋਂ ਲੰਘੀ ਹੋਵੇਗੀ | ਖੈਰ ਮੇਰੀ ਉਨ੍ਹਾਂ ਨਾਲ ਕੋਈ ਤੁਲਨਾ ਹੀ ਨਹੀਂ ਹੈ | ਉਨ੍ਹਾਂ ਦਾ ਇੰਦਰਾ ਗਾਂਧੀ ਦੇ ਪਰਿਵਾਰ 'ਚ ਵਿਆਹ ਕਰਵਾ ਕੇ ਆਉਣਾ ਆਪਣੇ-ਆਪ 'ਚ ਇਕ ਵੱਡੀ ਇਤਿਹਾਸਕ ਘਟਨਾ ਹੈ, ਇਕ ਅਜਿਹਾ ਪਰਿਵਾਰ ਜਿਸ ਤੋਂ ਬਿਨਾਂ ਆਜ਼ਾਦੀ ਤੋਂ ਪਹਿਲਾਂ ਤੇ ਬਾਅਦ ਦਾ ਇਤਿਹਾਸ ਨਹੀਂ ਲਿਖਿਆ ਜਾ ਸਕਦਾ | ਸੋਨੀਆ ਭਾਵੇਂ ਰਾਜੀਵ ਦੀ ਹੱਤਿਆ ਤੋਂ ਬਾਅਦ ਰਾਜਨੀਤੀ 'ਚ ਨਾ ਵੀ ਆਉਂਦੀ ਤੇ ਆਪਣੀ ਆਤਮਕਥਾ ਲਿਖਦੀ ਤਾਂ ਵੀ ਉਸ ਦੀ ਕਿਤਾਬ ਲੋਕਾਂ ਦੀ ਉਤਸੁਕਤਾ ਦਾ ਕੇਂਦਰ ਹੁੰਦੀ ਤੇ ਇਸ ਬਾਰੇ ਬਹਿਸ ਜ਼ਰੂਰ ਹੋਣੀ ਸੀ, ਕਿ ਉਸ ਨੇ ਕਿੰਨਾ ਕੁਝ ਉਜਾਗਰ ਕੀਤਾ ਤੇ ਕਿੰਨਾ ਕੁ ਛੁਪਾਇਆ ਹੈ |
21 ਮਈ 1991 ਦੀ ਮਨਹੂਸ ਰਾਤ ਨੂੰ ਜਦੋਂ ਰਾਜੀਵ ਗਾਂਧੀ ਤਾਮਿਲ ਅੱਤਵਾਦੀਆਂ ਦੇ ਆਤਮਘਾਤੀ ਦਸਤੇ ਦਾ ਸ਼ਿਕਾਰ ਹੋ ਗਏ ਸਨ ਤਾਂ ਸੋਨੀਆ ਗਾਂਧੀ ਚਾਹੇ ਜਾਂ ਅਣਚਾਹੇ ਤੌਰ 'ਤੇ ਭਾਰਤੀ ਰਾਜਨੀਤੀ ਦਾ ਅਹਿਮ ਹਿੱਸਾ ਬਣ ਗਈ ਸੀ | ਉਹ ਕਾਂਗਰਸ ਪਾਰਟੀ ਦੀ ਪ੍ਰਧਾਨ ਬਣਨ ਤੋਂ ਬਾਅਦ 2014 ਤੱਕ ਭਾਰਤੀ ਰਾਜਨੀਤੀ ਦੇ ਕੇਂਦਰ 'ਚ ਰਹੀ ਤੇ ਉਸ ਦੇ ਹਰ ਕਦਮ ਤੇ ਹਰ ਫੈਸਲੇ ਨੇ ਦੇਸ਼ ਦੀ ਰਾਜਨੀਤੀ ਨੂੰ ਪ੍ਰਭਾਵਿਤ ਕੀਤਾ ਹੈ |
ਉਨ੍ਹਾਂ ਦੁਆਰਾ ਲਿਖਿਆ ਹਰ ਸ਼ਬਦ ਇਤਿਹਾਸ ਦਾ ਦਸਤਾਵੇਜ਼ ਹੈ | ਅਜਿਹੀ ਸਥਿਤੀ ਵਿਚ ਜਦੋਂ ਉਸ ਦੀ ਆਤਮਕਥਾ 'ਤੇ ਦੋਸ਼ ਲਗਦੇ ਹਨ ਕਿ ਉਸ ਨੇ ਕਈ ਮਹੱਤਵਪੂਰਨ ਮਾਮਲਿਆਂ ਨੂੰ ਅਣਦੇਖਾ ਕੀਤਾ ਜਾਂ ਜਾਣਬੁੱਝ ਕੇ ਛੱਡ ਦਿੱਤਾ ਹੈ ਤਾਂ ਇਹ ਸਵਾਲ ਵਾਜਿਬ ਹਨ | ਸੋਨੀਆ ਨੇ ਰਾਜੀਵ ਗਾਂਧੀ ਦੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਬੋਫੋਰਸ ਘੁਟਾਲੇ ਬਾਰੇ ਕੋਈ ਜ਼ਿਕਰ ਨਹੀਂ ਕੀਤਾ, ਜਦਕਿ ਇਸੇ ਘਟਨਾ ਕਾਰਨ ਹੀ 400 ਤੋਂ ਵੱਧ ਸੀਟਾਂ ਜਿੱਤਣ ਵਾਲੇ ਪ੍ਰਧਾਨ ਮੰਤਰੀ ਨੂੰ 1989 ਦੀਆਂ ਚੋਣਾਂ 'ਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਅਤੇ ਕਾਂਗਰਸ ਮੁੜ ਕਦੇ ਵੀ ਆਪਣੇ ਦਮ 'ਤੇ ਸਰਕਾਰ ਨਹੀਂ ਬਣਾ ਸਕੀ | ਉਹ ਇਹ ਵੀ ਖੁਲਾਸਾ ਨਹੀਂ ਕਰਦੀ ਕਿਹੜੇ ਲੋਕਾਂ ਨੇ ਰਾਜੀਵ ਨਾਲ ਧੋਖਾ ਕਰਦਿਆਂ ਉਸ 'ਤੇ ਝੂਠੇ ਦੋਸ਼ ਲਗਾ ਕੇ ਉਸ ਦੀ ਛਵੀ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਸੀ | ਹਾਲਾਂਕਿ ਇਸ ਕਾਰਨ ਰਾਜੀਵ ਨੂੰ ਭਾਵਨਾਤਮਿਕ ਤੌਰ 'ਤੇ ਕਿੰਨਾ ਦੁੱਖ ਹੋਇਆ, ਇਸ ਦਾ ਜ਼ਿਕਰ ਜ਼ਰੂਰ ਕੀਤਾ ਹੈ |
ਇਸ ਸੰਦਰਭ 'ਚ ਉਹ ਲਿਖਦੀ ਹੈ ਕਿ ਰਾਜੀਵ ਨੇ ਕਿਹਾ ਸੀ ਕਿ 'ਉਹ ਸਿਆਸਤਦਾਨ ਨਹੀਂ ਹੈ |' ਉਹ ਇਸ ਇਕ ਵਾਕ ਨਾਲ ਰਾਜੀਵ ਤਰਫੋਂ ਜਵਾਬ ਦਿੰਦਿਆਂ ਸਪੱਸ਼ਟ ਕਰਦੀ ਹੈ ਕਿ ਜੇਕਰ ਰਾਜੀਵ ਦੂਜਿਆਂ ਵਾਂਗ ਇਕ ਹੰਢੇ ਸਿਆਸਤਦਾਨ ਹੁੰਦੇ ਤਾਂ ਉਹ ਬੋਫੋਰਸ ਦੀ ਆੜ 'ਚ ਕਾਂਗਰਸ ਦੇ ਅੰਦਰ ਤੇ ਬਾਹਰ ਉਸ ਨੂੰ ਪ੍ਰਧਾਨ ਮੰਤਰੀ ਦੀ ਕੁਰਸੀ ਤੋਂ ਹਟਾਉਣ ਲਈ ਰਚੀਆਂ ਗਈਆਂ ਸਾਜਿਸ਼ਾਂ ਨੂੰ ਸਫਲ ਨਾ ਹੋਣ ਦਿੰਦੇ | ਇੰਦਰਾ ਗਾਂਧੀ ਦੀ ਮੌਤ ਤੋਂ ਬਾਅਦ ਰਾਸ਼ਟਰਪਤੀ ਜ਼ੈਲ ਸਿੰਘ ਨੇ ਰਾਜੀਵ ਨੂੰ ਕਾਂਗਰਸ ਸੰਸਦੀ ਦਲ ਦਾ ਨੇਤਾ ਚੁਣੇ ਜਾਣ ਤੋਂ ਬਗੈਰ ਹੀ ਪ੍ਰਧਾਨ ਮੰਤਰੀ ਵਜੋਂ ਸਹੁੰ ਚੁਕਾ ਦਿੱਤੀ ਸੀ, ਹਾਲਾਂਕਿ ਬਾਅਦ 'ਚ ਉਸੇ ਜ਼ੈਲ ਸਿੰਘ 'ਤੇ ਦੋਸ਼ ਲੱਗੇ ਕਿ ਉਹ ਰਾਜੀਵ ਨੂੰ ਅਹੁਦੇ ਤੋਂ ਬਰਖਾਸਤ ਕਰਨ ਦੇ ਰਸਤੇ ਲੱਭ ਰਹੇ ਸਨ |
ਰਾਜੀਵ ਦਾ ਚਚੇਰਾ ਭਰਾ ਅਰੁਣ ਨਹਿਰੂ ਖ਼ੁਦ ਰਾਜੀਵ ਦੀ ਪਿੱਠ ਪਿੱਛੇ ਪ੍ਰਧਾਨ ਮੰਤਰੀ ਬਣਨ ਦੇ ਸੁਪਨੇ ਦੇਖ ਰਿਹਾ ਸੀ | ਰਾਜੀਵ ਗਾਂਧੀ ਨੇ ਵੀ.ਪੀ.ਸਿੰਘ 'ਤੇ ਭਰੋਸਾ ਕਰਕੇ ਉਸ ਨੂੰ ਵਿੱਤ ਮੰਤਰੀ ਬਣਾਇਆ ਸੀ, ਉਹ ਵਿਰੋਧੀ ਧਿਰ ਨਾਲ ਮਿਲ ਕੇ ਕਾਂਗਰਸ ਨੂੰ ਉਖਾੜ ਸੁੱਟਣ ਲਈ ਜੁਟ ਗਏ ਸਨ | ਰਾਜੀਵ ਨੇ ਆਪਣਾ ਇਹ ਦੁੱਖ ਜ਼ਰੂਰ ਸੋਨੀਆ ਗਾਂਧੀ ਨਾਲ ਸਾਂਝਾ ਕੀਤਾ ਹੋਵੇਗਾ, ਪਰ ਉਹ ਚੁੱਪ ਰਹਿੰਦੀ ਹੈ | ਉਹ ਸਿਰਫ਼ ਇਕ ਜਗ੍ਹਾ ਵੀ.ਪੀ. ਸਿੰਘ ਦਾ ਨਾਂਅ ਲਏ ਬਗੈਰ ਟਿੱਪਣੀ ਕਰਦੀ ਹੈ, ਰਾਜੀਵ ਦੀ ਮੌਤ ਤੋਂ ਬਾਅਦ ਜਦੋਂ ਵੀ.ਪੀ. ਸਿੰਘ ਉਸ ਦੇ ਮਿ੍ਤਕ ਸਰੀਰ 'ਤੇ ਫੁੱਲ ਚੜ੍ਹਾਉਣ ਆਏ ਤਾਂ ਪਿ੍ਅੰਕਾ ਨੇ ਰਾਜੀਵ ਦੇ ਪੈਰਾਂ ਕੋਲ ਰੱਖਿਆ ਫੁੱਲਾਂ ਦਾ ਗੁਲਦਸਤਾ ਚੁੱਕ ਕੇ ਪਰੇ੍ਹ ਸੁੱਟ ਦਿੱਤਾ ਸੀ | ਅਮਿਤਾਭ ਬੱਚਨ, ਰਾਜੀਵ ਦੇ ਬਚਪਨ ਦੇ ਦੋਸਤ ਸਨ ਜਦੋਂ ਸੋਨੀਆ ਵਿਆਹ ਤੋਂ ਪਹਿਲਾਂ ਭਾਰਤ ਆਈ ਸੀ ਤਾਂ ਉਹ ਅਮਿਤਾਭ ਦੇ ਪਿਤਾ ਹਰਿਵੰਸ਼ ਰਾਏ ਬੱਚਨ ਦੇ ਦਿੱਲੀ ਵਾਲੇ ਘਰ ਹੀ ਠਹਿਰੀ ਸੀ | ਰਾਜੀਵ ਦੇ ਕਹਿਣ 'ਤੇ ਰਾਜਨੀਤੀ 'ਚ ਆਏ ਅਮਿਤਾਭ ਨੇ ਇਲਾਹਾਬਾਦ 'ਚ ਹੇਮਵਤੀ ਨੰਦਨ ਬਹੁਗੁਣਾ ਵਰਗੇ ਵੱਡੇ ਨੇਤਾ ਨੂੰ ਹਰਾ ਦਿੱਤਾ ਸੀ | ਰਾਜੀਵ ਨਾਲ ਮਤਭੇਦ ਹੋਣ ਤੋਂ ਬਾਅਦ ਅਮਿਤਾਭ ਨੇ ਰਾਜਨੀਤੀ ਛੱਡ ਦਿੱਤੀ ਸੀ, ਸੋਨੀਆ ਨੇ ਇਸ ਮੁੱਦੇ 'ਤੇ ਵੀ ਕੁਝ ਨਹੀਂ ਲਿਖਿਆ | ਜੇਕਰ ਸੋਨੀਆ ਇਸ ਬਾਰੇ ਕੁਝ ਲਿਖਦੀ ਤਾਂ ਯਕੀਨਨ ਇਹ ਵੱਡੀ ਖ਼ਬਰ ਹੁੰਦੀ ਤੇ ਸ਼ਾਇਦ ਕੋਈ ਨਵਾਂ ਵਿਵਾਦ ਵੀ ਛਿੜ ਜਾਂਦਾ | ਇਸੇ ਤਰ੍ਹਾਂ ਸੋਨੀਆ ਨੇ ਪੀ.ਵੀ. ਨਰਸਿਮ੍ਹਾ ਰਾਓ ਦੇ ਪ੍ਰਧਾਨ ਮੰਤਰੀ ਵਜੋਂ ਕਾਰਜਕਾਲ ਬਾਰੇ ਜ਼ਿਆਦਾ ਕੁਝ ਨਹੀਂ ਲਿਖਿਆ | ਉਸ ਸਮੇਂ ਉਹ ਰਾਜਨੀਤੀ ਵਿਚ ਨਹੀਂ ਸੀ |
ਉਹ ਬਾਬਰੀ ਮਸਜਿਦ ਘਟਨਾ ਬਾਰੇ ਬਹੁਤ ਸਾਵਧਾਨੀ ਨਾਲ ਲਿਖਦੀ ਹੈ, ਪਰ ਰਾਓ 'ਤੇ ਟਿੱਪਣੀ ਕਰਨ ਤੋਂ ਵੀ ਬਚਦੀ ਹੈ | ਉਹ ਰਾਜੀਵ ਗਾਂਧੀ ਦੀ ਹੱਤਿਆ ਦੀ ਜਾਂਚ ਦੀ ਗਤੀ 'ਤੇ ਨਾਰਾਜ਼ਗੀ ਪ੍ਰਗਟਾਉਂਦਿਆ ਲਿਖਦੀ ਹੈ ਕਿ ਜੇਕਰ ਇਮਾਨਦਾਰੀ ਨਾਲ ਜਾਂਚ ਕੀਤੀ ਜਾਂਦੀ ਤਾਂ ਕਈ ਵੱਡੇ ਲੋਕਾਂ ਦਾ ਪਰਦਾਫਾਸ਼ ਹੋ ਸਕਦਾ ਸੀ | ਪਰ ਉਹ ਇਹ ਨਹੀਂ ਦੱਸਦੀ ਕਿ ਉਸ ਨੂੰ ਕਿਸ 'ਤੇ ਸ਼ੱਕ ਸੀ | ਉਸ ਨੂੰ ਵੀ ਲਿਖਣ ਸਮੇਂ ਜਿਸ ਦੁਬਿਧਾ ਦਾ ਸਾਹਮਣਾ ਕਰਨਾ ਪਿਆ ਹੋਵੇਗਾ, ਉਸ ਦਾ ਜ਼ਿਕਰ ਉਸ ਨੇ ਆਪਣੀ ਕਿਤਾਬ ਦੀ ਪ੍ਰਸਤਾਵਨਾ ਵਿਚ ਕੀਤਾ ਹੈ | ਜੇਕਰ ਉਹ ਅਜਿਹੇ ਬਹੁਤ ਸਾਰੇ ਮਾਮਲਿਆਂ ਬਾਰੇ ਖੁੱਲ੍ਹ ਕੇ ਲਿਖਦੀ ਤਾਂ ਸ਼ਾਇਦ ਇਤਿਹਾਸ ਦਾ ਇਕ ਨਵਾਂ ਦਰਵਾਜ਼ਾ ਖੁੱਲ੍ਹਦਾ ਤੇ ਇਤਿਹਾਸ ਨੂੰ ਸਮਝਣ 'ਚ ਵਧੇਰੇ ਮਦਦ ਮਿਲ ਸਕਦੀ ਸੀ | ਸ਼ਾਇਦ ਜੋ ਅਣਕਿਹਾ ਰਹਿ ਗਿਆ ਹੈ ਉਹ ਇਤਿਹਾਸ ਨੂੰ ਹੋਰ ਜ਼ਿਆਦਾ ਦਿਲਚਸਪ ਬਣਾਉਂਦਾ ਤੇ ਹੋਰਾਂ ਨੂੰ ਉਹ ਖਾਲੀ ਥਾਵਾਂ ਭਰਨ ਦਾ ਮੌਕਾ ਦਿੰਦਾ | ਕੌਣ ਜਾਣਦਾ ਹੈ ਕਿ ਭਵਿੱਖ 'ਚ ਪੂਰੀ ਸੱਚਾਈ ਨੂੰ ਕੌਣ ਉਜਾਗਰ ਕਰੇਗਾ, ਉਦੋਂ ਤੱਕ ਸਾਨੂੰ ਉਸ ਦੀ ਨਿੱਜਤਾ ਦਾ ਸਤਿਕਾਰ ਕਰਨਾ ਚਾਹੀਦਾ ਹੈ |
ashutosh83b@gmail.com