![]()
ਭਾਰਤ ਵਿਚ ਹਰ ਸਾਲ 16 ਨਵੰਬਰ ਨੂੰ ਰਾਸ਼ਟਰੀ ਪ੍ਰੈੱਸ ਦਿਵਸ ਮਨਾਇਆ ਜਾਂਦਾ ਹੈ, ਜਿਸ ਦਾ ਮੁੱਖ ਉਦੇਸ਼ ਆਜ਼ਾਦ ਤੇ ਜ਼ਿੰਮੇਵਾਰ ਪ੍ਰੈੱਸ ਦੀ ਮੱਹਤਤਾ ਨੂੰ ਉਜਾਗਰ ਕਰਨਾ, ਪ੍ਰੈੱਸ ਦੀ ਆਜ਼ਾਦੀ ਦੀ ਰਾਖੀ, ਪੱਤਰਕਾਰੀ ਵਿਚ ਸੱਚਾਈ ਤੇ ਨਿਰਪੱਖਤਾ ਨੂੰ ਉਤਸ਼ਾਹਿਤ ਕਰਨਾ ਅਤੇ ਲੋਕਤੰਤਰ ਵਿਚ ਪ੍ਰੈੱਸ ਦੀ ਅਹਿਮ ਭੂਮਿਕਾ ਪ੍ਰਤੀ ਜਾਗਰੂਰਤਾ ਪੈਦਾ ਕਰਨਾ ਹੈ | ਇਹ ਦਿਨ ਪੱਤਰਕਾਰਾਂ ਦੇ ਅਧਿਕਾਰਾਂ, ਸੁਰੱਖਿਆ ਅਤੇ ਉਨ੍ਹਾਂ ਨੂੰ ਦਰਪੇਸ਼ ਚੁਣੌਤੀਆਂ ਬਾਰੇ ਵਿਚਾਰਾਂ ਕਰਨ ਵਾਲਾ ਵੀ ਹੈ |
ਦੇਸ਼ ਦੇ ਵਿਕਾਸ ਤੇ ਲੋਕਤੰਤਰੀ ਢਾਂਚੇ ਲਈ ਮੀਡੀਆ ਦਾ ਅਹਿਮ ਰੋਲ ਹੈ | ਕੋਈ ਵੀ ਮੀਡੀਆ ਅਦਾਰਾ ਚਾਹੇ ਉਹ ਪਿ੍ੰਟ ਜਾਂ ਫਿਰ ਇਲੈਕਟ੍ਰਾਨਿਕ ਮੀਡੀਆ, ਉਸ ਦੀ ਕਾਮਯਾਬੀ ਪੱਤਰਕਾਰਾਂ ਦੀ ਮਿਹਨਤ ਅਤੇ ਸਮਰਪਣ ਭਾਵਨਾ ਨਾਲ ਜੁੜੀ ਹੁੰਦੀ ਹੈ, ਕਿਉਂਕਿ ਇਸ ਪਿੱਛੇ ਪੱਤਰਕਾਰਾਂ ਦੀ ਸਖ਼ਤ ਮਿਹਨਤ ਦਾ ਮਹੱਤਵਪੂਰਨ ਰੋਲ ਹੁੰਦਾ ਹੈ | ਉਹ ਖੇਤਰ ਵਿਚ ਹਰ ਤਰ੍ਹਾਂ ਦੀ ਔਖੀ ਸਥਿਤੀ ਦਾ ਸਾਹਮਣਾ ਕਰਦਿਆਂ ਤੱਥਾਂ ਨੂੰ ਇਕੱਠੇ ਕਰਕੇ ਖ਼ਬਰਾਂ ਬਣਾ ਕੇ ਆਪਣੇ ਅਦਾਰਿਆਂ ਨੂੰ ਭੇਜਦੇ ਹਨ | ਉਨ੍ਹਾਂ ਦੀ ਮਿਹਨਤ ਸਦਕਾ ਹੀ ਲੋਕਾਂ ਨੂੰ ਆਪਣੇ ਆਲੇ-ਦੁਆਲੇ ਵਾਪਰ ਰਹੀਆਂ ਘਟਨਾਵਾਂ ਤੇ ਸਰਕਾਰੀ ਨੀਤੀਆਂ ਬਾਰੇ ਜਾਣਕਾਰੀ ਮਿਲਦੀ ਹੈ | ਸਾਡੇ ਦੇਸ਼ ਦੇ ਲੋਕਤੰਤਰੀ ਢਾਂਚੇ ਲਈ ਇਕ ਨਿਰਪੱਖ, ਨਿਡਰ, ਮਜ਼ਬੂਤ ਤੇ ਜ਼ਿੰਮੇਵਾਰ ਮੀਡੀਆ ਦੀ ਲੋੜ ਹੈ | ਮੀਡੀਆ ਦਾ ਲੋਕਾਂ 'ਤੇ ਸਾਕਾਰਾਤਮਿਕ ਅਤੇ ਨਕਾਰਾਤਮਿਕ ਦੋਵੇਂ ਤਰ੍ਹਾਂ ਦਾ ਪ੍ਰਭਾਵ ਪੈਂਦਾ ਹੈ | ਸਮਾਜ ਦੇ ਲੋਕਾਂ ਨੂੰ ਮੀਡੀਆ ਤੋਂ ਬਹੁਤ ਸਾਰੀਆਂ ਆਸਾਂ ਹੁੰਦੀਆਂ ਹਨ | ਲੋਕ ਸੋਚਦੇ ਹਨ ਕਿ ਮੀਡੀਆ ਅਸੰਭਵ ਕੰਮ ਨੂੰ ਵੀ ਸੰਭਵ ਕਰ ਦਿੰਦਾ ਹੈ, ਕਿਉਂਕਿ ਇਹ ਆਮ ਲੋਕਾਂ, ਗਰੀਬਾਂ, ਮਜ਼ਦੂਰਾਂ, ਕਿਸਾਨਾਂ ਤੇ ਸਮਾਜ ਦੇ ਕਮਜ਼ੋਰ ਵਰਗਾਂ ਦੀ ਆਵਾਜ਼ ਬਣਦਾ ਹੈ |
ਪਰ ਸਮਾਜ ਦੀ ਭਲਾਈ ਲਈ ਕੰਮ ਕਰਨ ਵਾਲੇ ਪੱਤਰਕਾਰਾਂ ਨੂੰ ਅੱਜ ਕਈ ਤਰ੍ਹਾਂ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਉਹ ਖ਼ੁਦ ਸੁਰੱਖਿਆ ਦੀ ਕਮੀ, ਰਾਜਨੀਤਕ ਅਤੇ ਅਦਾਰਿਆਂ ਦਾ ਦਬਾਅ, ਮਾਨਸਿਕ ਤਣਾਅ, ਘੱਟ ਤਨਖ਼ਾਹ, ਤਕਨੀਕੀ ਸਾਧਨਾਂ ਦੀ ਘਾਟ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਸਮੱਸਿਆਵਾਂ ਨਾਲ ਜੂਝਦਿਆਂ ਵੀ ਲੋਕਾਂ ਦੀਆਂ ਸਮੱਸਿਆਵਾਂ ਨੂੰ ਸਰਕਾਰਾਂ ਤੱਕ ਅਤੇ ਸਰਕਾਰਾਂ ਦੀਆਂ ਨੀਤੀਆਂ ਨੂੰ ਲੋਕਾਂ ਤੱਕ ਪਹੁੰਚਾਉਣ ਦਾ ਕੰਮ ਨਿਰਵਿਘਨ ਢੰਗ ਨਾਲ ਕਰਦੇ ਹਨ | ਸਰਕਾਰਾਂ ਦਾ ਫ਼ਰਜ਼ ਬਣਦਾ ਹੈ ਕਿ ਉਹ ਪੱਤਰਕਾਰਾਂ ਦੇ ਅਧਿਕਾਰਾਂ ਦੀ ਰੱਖਿਆ ਕਰਨ, ਉਨ੍ਹਾਂ 'ਤੇ ਦਬਾਅ ਨਾ ਪਾਏ, ਉਨ੍ਹਾਂ ਦੀ ਸੁਰੱਖਿਆਂ ਯਕੀਨੀ ਬਣਾਈ ਜਾਏ ਅਤੇ ਕਾਨੂੰਨੀ ਸਹਾਇਤਾ ਦੇ ਨਾਲ-ਨਾਲ ਉਨ੍ਹਾਂ ਦੀ ਬਿਹਤਰੀ ਲਈ ਵੀ ਕਦਮ ਚੁੱਕੇ | ਮੀਡੀਆ ਅਦਾਰਿਆਂ ਨੂੰ ਵੀ ਆਪਣੇ ਪੱਤਰਕਾਰਾਂ ਦੀ ਭਲਾਈ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ | ਪੱਤਰਕਾਰਾਂ ਦੀ ਪੇਸ਼ੇਵਰ ਯੋਗਤਾ ਨੂੰ ਹੋਰ ਬਿਹਤਰ ਬਣਾਉਣ ਲਈ ਸਮੇਂ-ਸਮੇ 'ਤੇ ਸਿਖਲਾਈ ਦੇਣੀ ਵੀ ਬਹੁਤ ਜ਼ਰੂਰੀ ਹੈ | ਮੀਡੀਆ ਅਦਾਰਿਆਂ ਨੂੰ ਸਾਲ 'ਚ ਘੱਟੋ-ਘੱਟ ਇਕ ਵਾਰ ਟੇ੍ਰਨਿੰਗ ਪ੍ਰੋਗਰਾਮ ਜ਼ਰੂਰ ਕਰਾਉਣਾ ਚਾਹੀਦਾ ਹੈ, ਜਿਸ ਵਿਚ ਪੱਤਰਕਾਰਾਂ ਨੂੰ ਨਵੀਂ ਤਕਨੀਕ, ਅਖ਼ਬਾਰ ਜਾਂ ਚੈਨਲ ਲਈ ਕਵਰੇਜ ਕਰਨ ਵੇਲੇ ਖ਼ਬਰਾਂ ਨੂੰ ਤੱਥਾਂ 'ਤੇ ਆਧਾਰਿਤ ਬਣਾਉਣ ਸੰਬੰਧੀ, ਤਸਵੀਰਾਂ ਦੀ ਸਹੀ ਚੋਣ ਕਰਨ ਆਦਿ ਤੋਂ ਇਲਾਵਾ ਹੋਰ ਨਵੀ ਜਾਣਕਾਰੀ ਦੇਣੀ ਚਾਹੀਦੀ ਹੈ |
ਸਰਕਾਰਾਂ ਵਲੋਂ ਪੱਤਰਕਾਰ ਭਲਾਈ ਯੋਜਨਾਵਾਂ ਵਿਚ ਸਿਹਤ ਸਹੂਲਤਾਂ, ਮੈਡੀਕਲ ਬੀਮਾ ਤੇ ਦੁਰਘਟਨਾ ਬੀਮੇ, ਮੁਫ਼ਤ ਬੱਸ ਸਫ਼ਰ, ਪੈਨਸ਼ਨ, ਨੈਸ਼ਨਲ ਹਾਈਵੇ ਟੋਲ ਟੈਕਸ ਤੋਂ ਛੋਟ, ਪੱਤਰਕਾਰਾਂ ਦੇ ਪਰਿਵਾਰਾਂ ਤੇ ਬੱ ਚਿਆਂ ਲਈ ਵਿਸ਼ੇਸ਼ ਸਹੂਲਤਾਂ ਹੋਣੀਆਂ ਚਾਹੀਦੀਆਂ ਹਨ | ਸਰਕਾਰਾਂ ਅਤੇ ਮੀਡੀਆ ਅਦਾਰਿਆਂ ਵਲੋਂ ਸਮਾਜ ਅਤੇ ਲੋਕਤੰਤਰ ਦੀ ਬਿਹਤਰੀ ਲਈ ਨਿਰਪੱਖ ਅਤੇ ਜ਼ਿੰਮੇਵਾਰੀ ਨਾਲ ਪੱਤਰਕਾਰੀ ਕਰਨ ਵਾਲੇ ਪੱਤਰਕਾਰਾਂ ਨੂੰ ਸਨਮਾਨਿਤ ਕਰਨਾ ਚਾਹੀਦਾ ਹੈ | ਫੀਲਡ ਪੱਤਰਕਾਰਾਂ ਨੂੰ ਆਪਣਾ ਕੰਮ ਕਰਨ ਲਈ ਅਕਸਰ ਲੰਬੀਆਂ ਦੂਰੀਆਂ ਤੈਅ ਕਰਨੀਆਂ ਪੈਂਦੀਆਂ ਹਨ | ਕਿਸੇ ਗੰਭੀਰ ਘਟਨਾ, ਸੜਕ ਹਾਦਸੇ, ਕੁਦਰਤੀ ਆਫ਼ਤ ਜਾਂ ਕੋਈ ਜਨਤਕ ਸਮੱਸਿਆ ਦੀ ਕਵਰੇਜ ਦੌਰਾਨ ਕਈ ਵਾਰ ਉਨ੍ਹਾਂ ਨੂੰ ਸਮੇਂ ਸਿਰ ਖਾਣਾ ਖਾਣ ਜਾਂ ਆਰਾਮ ਕਰਨ ਦਾ ਮੌਕਾ ਵੀ ਨਹੀਂ ਮਿਲਦਾ |
ਅੱਜ ਸੋਸ਼ਲ ਮੀਡੀਆ ਦੇ ਤੇਜ਼ੀ ਨਾਲ ਵਧ ਰਹੇ ਪ੍ਰਭਾਵ ਕਾਰਨ ਪਿ੍ੰਟ ਮੀਡੀਆ ਨੂੰ ਵੀ ਕਈ ਆਰਥਿਕ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਡਿਜੀਟਲ ਯੁੱਗ ਹੋਣ ਕਾਰਨ ਲੋਕਾਂ ਨੂੰ ਸੋਸ਼ਲ ਮੀਡੀਆ 'ਤੇ ਤੁਰੰਤ ਖ਼ਬਰਾਂ ਮਿਲਣ ਲੱਗ ਪਈਆ ਹਨ, ਜਿਸ ਦਾ ਅਸਰ ਅਖ਼ਬਾਰਾਂ, ਰਸਾਲਿਆਂ ਅਤੇ ਪੁਸਤਕਾਂ ਦੇ ਪਾਠਕ ਵਰਗ 'ਤੇ ਵੀ ਪੈ ਰਿਹਾ ਹੈ | ਹਾਲਾਂਕਿ ਸੋਸ਼ਲ ਮੀਡੀਆ ਦੇ ਡਿਜੀਟਲ ਮਾਧਿਅਮਾਂ ਨੇ ਜਾਣਕਾਰੀ ਦੇ ਪ੍ਰਸਾਰ ਦੇ ਨਵੇਂ ਮੌਕੇ ਵੀ ਪੈਦਾ ਕੀਤੇ ਹਨ, ਪਰ ਭਰੋਸੇਯੋਗਤਾ ਅਤੇ ਤੱਥਾਂ 'ਤੇ ਆਧਾਰਿਤ ਪੱਤਰਕਾਰੀ ਲਈ ਪਿ੍ੰਟ ਮੀਡੀਆ ਦੀ ਮਹੱਤਤਾ ਅੱਜ ਵੀ ਕਾਇਮ ਹੈ | ਇਸ ਲਈ ਪਾਠਕਾਂ ਵਿਚ ਪੜ੍ਹਨ ਦੀ ਰੁਚੀ ਪੈਦਾ ਕਰਨ ਦੇ ਨਾਲ-ਨਾਲ ਪਿ੍ੰਟ ਮੀਡੀਆ ਦੀ ਆਰਥਿਕ ਮਜ਼ਬੂਤੀ ਲਈ ਵੀ ਢੁਕਵੇਂ ਯਤਨ ਕੀਤੇ ਜਾਣੇ ਚਾਹੀਦੇ ਹਨ | ਮੀਡੀਆ ਸੰਸਥਾਵਾਂ ਨਾਲ ਸੰਬੰਧਿਤ ਨਿਯਮਾਂ ਨੂੰ ਸਪੱਸ਼ਟ ਤੇ ਪਾਰਦਰਸ਼ੀ ਬਣਾਇਆ ਜਾਣਾ ਚਾਹੀਦਾ ਹੈ | ਗਲਤ ਜਾਣਕਾਰੀ ਫੈਲਾਉਣ ਅਤੇ ਪੱਤਰਕਾਰੀ ਦੇ ਨਾਂਅ 'ਤੇ ਲੋਕਾਂ ਨੂੰ ਗੁੰਮਰਾਹ ਕਰਨ ਵਾਲਿਆਂ ਵਿਰੁੱਧ ਕਾਨੂੰਨ ਅਨੁਸਾਰ ਕਾਰਵਾਈ ਹੋਣੀ ਚਾਹੀਦੀ ਹੈ | ਪ੍ਰੈੱਸ ਦੀ ਆਜ਼ਾਦੀ ਦੀ ਰਾਖੀ ਕਰਨਾ ਸਿਰਫ਼ ਸਰਕਾਰਾਂ ਜਾਂ ਮੀਡੀਆ ਅਦਾਰਿਆਂ ਦੀ ਹੀ ਨਹੀਂ, ਸਗੋਂ ਹਰ ਵਿਅਕਤੀ ਅਤੇ ਪੂਰੇ ਸਮਾਜ ਦੀ ਸਾਂਝੀ ਜ਼ਿੰਮੇਵਾਰੀ ਹੈ | ਜੇ ਅਸੀਂ ਸਮਾਜ ਨੂੰ ਮਜ਼ਬੂਤ ਤੇ ਪਾਰਦਰਸ਼ੀ ਬਣਾਉਣਾ ਚਾਹੁੰਦੇ ਹਾਂ ਤਾਂ ਸਾਨੂੰ ਪੱਤਰਕਾਰਾਂ ਨੂੰ ਵੀ ਮਜ਼ਬੂਤ ਬਣਾਉਣਾ ਪਵੇਗਾ | ਇਸ ਲਈ ਉਨ੍ਹਾਂ ਦੀ ਸੁਰੱਖਿਆ, ਆਰਥਿਕ ਸਥਿਰਤਾ, ਆਜ਼ਾਦੀ ਅਤੇ ਭਲਾਈ ਲਈ ਸਹੀ ਤੇ ਠੋਸ ਕਦਮ ਚੁੱਕਣੇ ਸਮੇਂ ਦੀ ਲੋੜ ਹੈ | ਰਾਸ਼ਟਰੀ ਪੈ੍ਰੱਸ ਦਿਵਸ ਸਾਨੂੰ ਇਹ ਯਾਦ ਦਿਵਾਉਂਦਾ ਹੈ ਕਿ ਪੱਤਰਕਾਰੀ ਸਿਰਫ਼ ਖ਼ਬਰਾਂ ਦੇਣ ਦਾ ਸਾਧਨ ਨਹੀਂ, ਸਗੋਂ ਸੱਚ ਨੂੰ ਸਾਹਮਣੇ ਲਿਆਉਣ, ਲੋਕਾਂ ਦੀ ਆਵਾਜ਼ ਬਣਨ ਅਤੇ ਸਮਾਜ ਨੂੰ ਸਹੀ ਦਿਸ਼ਾ ਦੇਣ ਦੀ ਵੱਡੀ ਜ਼ਿੰਮੇਵਾਰੀ ਵੀ ਮੀਡੀਆ ਦੇ ਸਿਰ ਹੈ |
ਪੱਤਰਕਾਰ, ਭਵਾਨੀਗੜ੍ਹ,
ਪਿੰਡ+ਡਾਕ-ਘਰਾਚੋਂ, ਜ਼ਿਲ੍ਹਾ ਸੰਗਰੂਰ |
ਮੋਬਾਈਲ : 91159-17355