23-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-08-2026

ਵੰਦੇ ਮਾਤਰਮ 'ਤੇ ਵਿਵਾਦ

ਵੰਦੇ ਮਾਤਰਮ 'ਤੇ ਵਿਵਾਦ

Ad Position 21
No active advertisement
ਅਜੀਤ ਡੈਸਕ 23-08-2026

ਅੱਜ ਸਿਆਸੀ ਤੌਰ 'ਤੇ ਦੇਸ਼ ਭਰ ਵਿਚ ਭਾਜਪਾ ਦੀ ਤੂਤੀ ਬੋਲਦੀ ਹੈ | ਉਸ ਦੀ ਬੜ੍ਹਤ ਦਾ ਸਫ਼ਰ ਜਾਰੀ ਹੈ | ਦੂਸਰੀ ਵੱਡੀ ਕੌਮੀ ਪਾਰਟੀ ਕਾਂਗਰਸ ਹੁਣ ਕੁਝ ਰਾਜਾਂ ਤੱਕ ਹੀ ਸਿਮਟ ਕੇ ਰਹਿ ਗਈ ਹੈ | ਕਰਨਾਟਕ, ਕੇਰਲਮ, ਤੇਲੰਗਾਨਾ ਅਤੇ ਹਿਮਾਚਲ ਪ੍ਰਦੇਸ਼ ਵਿਚ ਹੀ ਉਸ ਦੀਆਂ ਸਰਕਾਰਾਂ ਹਨ | ਬਹੁਮਤ ਵਿਚ ਹੋਣ ਕਾਰਨ ਰਾਸ਼ਟਰੀ ਸੋਇਮ ਸੇਵਕ ਸੰਘ ਦੀ ਅਗਵਾਈ ਵਿਚ ਭਾਜਪਾ ਆਪਣੇ ਪਹਿਲਾਂ ਤੋਂ ਨਿਰਧਾਰਤ ਏਜੰਡੇ ਨੂੰ  ਤੇਜ਼ੀ ਨਾਲ ਅੱਗੇ ਵਧਾਉਣ ਵਿਚ ਜੁਟੀ ਦਿਖਾਈ ਦਿੰਦੀ ਹੈ | ਇਸੇ ਏਜੰਡੇ ਦੀ ਇਕ ਕੜੀ ਵੰਦੇ ਮਾਤਰਮ ਗੀਤ 'ਤੇ ਉਸ ਵਲੋਂ ਪੈਦਾ ਕੀਤੇ ਵਿਵਾਦ ਨੂੰ  ਦੇਖਿਆ ਜਾ ਸਕਦਾ ਹੈ | ਪਿਛਲੇ ਦਿਨੀਂ ਕਾਂਗਰਸ ਵਰਕਿੰਗ ਕਮੇਟੀ ਦੀ ਨਵੀਂ ਦਿੱਲੀ ਵਿਚ ਹੋਈ ਮੀਟਿੰਗ ਵਿਚ ਪਾਰਟੀ ਨੇ ਆਪਣਾ ਰੁਖ਼ ਸਪੱਸ਼ਟ ਕਰਦਿਆਂ ਕਿਹਾ ਕਿ ਪਾਰਟੀ ਆਪਣੇ ਸਮਾਗਮਾਂ ਵਿਚ ਵੰਦੇ ਮਾਤਰਮ ਦੇ ਦੋ ਪੈਰੇ ਹੀ ਗਾਏਗੀ | ਇਸ ਸੰਦਰਭ ਵਿਚ ਕਮੇਟੀ ਨੇ ਸਾਲ 1937 ਦੀ ਕਾਂਗਰਸ ਵਰਕਿੰਗ ਕਮੇਟੀ ਦੀ ਬੈਠਕ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਇਸ ਵਿਚ ਫ਼ੈਸਲਾ ਕੀਤਾ ਗਿਆ ਸੀ ਕਿ ਪਾਰਟੀ ਦੇ ਪ੍ਰੋਗਰਾਮਾਂ ਵਿਚ ਇਸ ਗੀਤ ਦੇ ਦੋ ਪੈਰੇ ਹੀ ਗਾਏ ਜਾਣਗੇ | ਪਾਰਟੀ ਆਗੂ ਕੇ.ਸੀ. ਵੇਣੂਗੋਪਾਲ ਨੇ ਇਹ ਵੀ ਕਿਹਾ ਕਿ ਵੰਦੇ ਮਾਤਰਮ ਕਾਂਗਰਸ ਲਈ ਭਾਵਨਾਤਮਕ ਮੁੱਦਾ ਹੈ, ਜਦਕਿ ਭਾਜਪਾ ਲਈ ਇਹ ਸਿਆਸੀ ਮੁੱਦਾ ਹੈ | 

ਦੂਸਰੇ ਪਾਸੇ ਕੇਂਦਰੀ ਮੰਤਰੀ ਰਾਜਨਾਥ ਸਿੰਘ ਨੇ ਕਾਂਗਰਸ ਦੇ ਇਸ ਫ਼ੈਸਲੇ ਦੀ ਆਲੋਚਨਾ ਕਰਦੇ ਹੋਏ ਇਸ ਨੂੰ  ਗ਼ੈਰ ਸੰਵਿਧਾਨਕ ਅਤੇ ਨਿੰਦਣਯੋਗ ਕਿਹਾ ਹੈ | ਇਸੇ ਹੀ ਸੁਰ ਵਿਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਾਂਗਰਸ ਦੇ ਇਸ ਫ਼ੈਸਲੇ ਨੂੰ  ਦੇਸ਼ ਵਿਰੋਧੀ ਅਤੇ ਕਾਨੂੰਨ ਦੀ ਉਲੰਘਣਾ ਅਤੇ ਤੁਸ਼ਟੀਕਰਨ ਦੀ ਰਾਜਨੀਤੀ ਕਰਨ ਵਾਲਾ ਕਿਹਾ ਹੈ | ਉਨ੍ਹਾਂ ਇਸ ਨੂੰ  ਭਾਰਤ ਮਾਤਾ ਦਾ ਅਪਮਾਨ ਕਰਾਰ ਦਿੰਦਿਆਂ ਕਿਹਾ ਕਿ ਕਾਂਗਰਸ ਦਾ ਫ਼ੈਸਲਾ ਉਨ੍ਹਾਂ ਹਜ਼ਾਰਾਂ ਸ਼ਹੀਦਾਂ ਦਾ ਅਪਮਾਨ ਹੈ, ਜਿਨ੍ਹਾਂ ਨੇ ਦੇਸ਼ ਲਈ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ | ਅੱਜ ਭਾਜਪਾ ਆਪਣੇ-ਆਪ ਨੂੰ  ਸਭ ਤੋਂ ਵੱਡੀ ਦੇਸ਼ ਭਗਤ ਅਤੇ ਰਾਸ਼ਟਰੀ ਹਿੱਤਾਂ ਨੂੰ  ਪ੍ਰਨਾਈ ਪਾਰਟੀ ਕਹਿੰਦੀ ਹੈ ਅਤੇ ਕਾਂਗਰਸ ਦੀ ਇਸ ਮੁੱਦੇ 'ਤੇ ਆਲੋਚਨਾ ਕਰ ਰਹੀ ਹੈ | ਜਿੱਥੋਂ ਤੱਕ ਰਾਸ਼ਟਰੀ ਸੋਇਮ ਸੇਵਕ ਸੰਘ ਅਤੇ ਭਾਜਪਾ ਦੀਆਂ ਪਹਿਲੀਆਂ ਸ਼ਾਖਾਵਾਂ ਦਾ ਸੰਬੰਧ ਹੈ, ਉਨ੍ਹਾਂ ਨੇ ਦੇਸ਼ ਦੀ ਆਜ਼ਾਦੀ ਲਈ ਕਿੰਨੀਆਂ ਕੁ ਕੁਰਬਾਨੀਆਂ ਕੀਤੀਆਂ ਸਨ, ਇਸ ਦਾ ਸਭ ਨੂੰ  ਪਤਾ ਹੈ | ਦੂਸਰੇ ਪਾਸੇ ਕਾਂਗਰਸ ਦਾ ਦੇਸ਼ ਦੀ ਆਜ਼ਾਦੀ ਲਈ ਕੀ ਯੋਗਦਾਨ ਰਿਹਾ ਹੈ, ਉਹ ਗੱਲ ਵੀ ਕਿਸੇ ਤੋਂ ਲੁਕੀ-ਛਿਪੀ ਨਹੀਂ ਹੈ | ਪਰ ਅੱਜ ਦੀ ਸਥਿਤੀ ਇਹ ਹੈ ਕਿ ਜਿਸ ਪਾਰਟੀ ਦੀਆਂ ਪਹਿਲੀਆਂ ਸ਼ਾਖਾਵਾਂ ਨੇ ਦੇਸ਼ ਦੀ ਆਜ਼ਾਦੀ ਦੇ ਸੰਘਰਸ਼ ਵਿਚ ਨਿਗੁਣਾ ਹਿੱਸਾ ਪਾਇਆ ਹੈ, ਉਹੀ ਆਪਣੇ ਆਪ ਨੂੰ  ਸੱਚੀ ਦੇਸ਼ ਭਗਤ ਅਤੇ ਕਾਂਗਰਸ ਨੂੰ  ਦੇਸ਼ ਭਗਤੀ ਤੋਂ ਵਿਹੂਣੀ ਦੱਸ ਰਹੀ ਹੈ |
ਜਿਥੋਂ ਤੱਕ ਵੰਦੇ ਮਾਤਰਮ ਗੀਤ ਦਾ ਸੰਬੰਧ ਹੈ ਇਸ ਨੂੰ  ਸਾਲ 1950 ਵਿਚ ਭਾਰਤੀ ਗਣਰਾਜ ਦੇ ਸਥਾਪਿਤ ਹੋਣ 'ਤੇ ਰਾਸ਼ਟਰੀ ਗੀਤ ਐਲਾਨਿਆ ਗਿਆ ਸੀ | ਇਹ ਗੀਤ ਬੰਗਾਲੀ ਭਾਸ਼ਾ ਵਿਚ ਬੰਕਿਮ ਚੰਦਰ ਚੈਟਰਜੀ ਨੇ 1870ਵਿਆਂ ਵਿਚ ਲਿਖਿਆ ਸੀ | 1882 ਵਿਚ ਇਹ ਗੀਤ ਚੈਟਰਜੀ ਦੇ ਨਾਵਲ ਆਨੰਦ ਮੱਠ ਦਾ ਇਕ ਹਿੱਸਾ ਬਣਿਆ ਸੀ | ਮਾਤਰ ਭੂਮੀ ਨੂੰ  ਨਮਸਕਾਰ ਕਰਨ ਨਾਲ ਸ਼ੁਰੂ ਹੁੰਦੇ ਇਸ ਗੀਤ ਨੂੰ  ਇੰਡੀਅਨ ਨੈਸ਼ਨਲ ਕਾਂਗਰਸ ਨੇ 1905 ਵਿਚ ਅਪਣਾਇਆ ਸੀ, ਜਿਸ ਨੇ ਬਾਅਦ ਵਿਚ ਭਾਰਤੀ ਸੁਤੰਤਰਤਾ ਦੇ ਸੰਘਰਸ਼ ਵਿਚ ਆਪਣਾ ਵੱਡਾ ਯੋਗਦਾਨ ਪਾਇਆ ਸੀ | ਇਸ ਦੇ ਪਹਿਲੇ ਦੋ ਪੈਰੇ ਆਪਣੀ ਮਾਤਰ ਭੂਮੀ ਨੂੰ  ਨਮਨ ਕਰਨ ਵਾਲੇ ਹਨ, ਜਿਨ੍ਹਾਂ ਵਿਚ ਕੋਈ ਧਾਰਮਿਕ ਭਾਵਨਾ ਉਜਾਗਰ ਨਹੀਂ ਹੁੰਦੀ, ਬਾਅਦ ਦੇ 4 ਪੈਰਿਆਂ ਵਿਚ ਹਿੰਦੂ ਦੇਵੀਆਂ ਦੁਰਗਾ ਅਤੇ ਲਕਸ਼ਮੀ ਦੀ ਪ੍ਰਸ਼ੰਸਾ ਕੀਤੀ ਗਈ ਹੈ | ਸੁਤੰਤਰਤਾ ਦੌਰਾਨ ਕਾਂਗਰਸ ਵਲੋਂ ਇਹ ਗੀਤ ਅਪਣਾਏ ਜਾਣ ਤੋਂ ਬਾਅਦ ਉਨ੍ਹਾਂ ਫਿਰਕਿਆਂ ਵਲੋਂ ਇਸ 'ਤੇ ਇਤਰਾਜ਼ ਉਠਾਇਆ ਗਿਆ, ਜੋ ਹਿੰਦੂ ਨਹੀਂ ਸਨ ਤੇ ਸਿਰਫ਼ ਇਕ ਰੱਬ ਨੂੰ  ਮੰਨਣ ਵਿਚ ਯਕੀਨ ਰੱਖਦੇ ਸਨ | ਇਨ੍ਹਾਂ ਵਿਚ ਵੱਡੀ ਗਿਣਤੀ ਵਿਚ ਮੁਸਲਿਮ ਭਾਈਚਾਰੇ ਦੇ ਲੋਕ ਸਨ | ਸਾਲ 1937 ਵਿਚ ਕਾਂਗਰਸ ਵਲੋਂ ਵੰਦੇ ਮਾਤਰਮ ਦੇ ਪਹਿਲੇ ਦੋ ਪੈਰਿਆਂ ਨੂੰ  ਕੌਮੀ ਗੀਤ ਵਜੋਂ ਮਾਨਤਾ ਦਿੱਤੀ ਗਈ | ਇਸ ਲਈ ਪ੍ਰਮੁੱਖ ਸ਼ਖ਼ਸੀਅਤਾਂ ਦੀ ਇਕ ਕਮੇਟੀ ਬਣਾਈ ਗਈ ਸੀ, ਜਿਸ ਵਿਚ ਮੌਲਾਨਾ ਆਜ਼ਾਦ, ਜਵਾਹਰ ਲਾਲ ਨਹਿਰੂ, ਸੁਭਾਸ਼ ਚੰਦਰ ਬੋਸ, ਅਚਾਰਿਆ ਦੇਵਾ ਅਤੇ ਰਬਿੰਦਰ ਨਾਥ ਟੈਗੋਰ ਆਦਿ ਸ਼ਾਮਿਲ ਸਨ | ਇਸ ਕਮੇਟੀ ਨੇ ਸਭ ਭਾਈਚਾਰਿਆਂ ਦੀਆਂ ਭਾਵਨਾਵਾਂ ਦਾ ਖਿਆਲ ਰੱਖਦਿਆਂ ਕੌਮੀ ਸੰਘਰਸ਼ ਵਿਚ ਇਸ ਗੀਤ ਦੇ ਪਹਿਲੇ ਦੋ ਪੈਰਿਆਂ ਨੂੰ  ਗਾਉਣ 'ਤੇ ਸਹਿਮਤੀ ਬਣਾਈ ਸੀ | ਉਸ ਸਮੇਂ ਤੋਂ ਹੀ ਕੌਮੀ ਲਹਿਰਾਂ ਵਿਚ ਇਸ ਗੀਤ ਦੇ ਦੋ  ਪੈਰੇ ਗਾਉਣ ਦੀ ਪਰੰਪਰਾ ਬਣੀ ਰਹੀ ਹੈ, ਜਿਸ ਨੂੰ  24 ਜਨਵਰੀ, 1950 ਨੂੰ  ਸੰਵਿਧਾਨਕ ਅਸੈਂਬਲੀ ਵਲੋਂ ਵੀ ਅਪਣਾਇਆ ਗਿਆ ਸੀ | ਇਸ ਗੀਤ ਦੇ ਨਾਲ ਰਾਸ਼ਟਰੀ ਗਾਨ (ਜਨ-ਗਣ-ਮਨ) ਗਾਇਆ ਜਾਂਦਾ ਰਿਹਾ ਹੈ, ਪਰ ਮਈ, 2026 ਵਿਚ ਆਪਣੇ ਏਜੰਡੇ ਦੀ ਪੂਰਤੀ ਲਈ 6 ਪੈਰਿਆਂ ਦੇ ਇਸ ਪੂਰੇ ਗੀਤ ਨੂੰ  ਗਾਏ ਜਾਣ ਸੰਬੰਧੀ ਭਾਜਪਾ ਸਰਕਾਰ ਵਲੋਂ ਕਾਨੂੰਨ ਬਣਾਇਆ ਗਿਆ, ਜਿਸ 'ਤੇ ਪਹਿਰਾ ਦੇਣ ਲਈ ਅੱਜ ਭਾਜਪਾ ਪੂਰੀ ਤਰ੍ਹਾਂ ਉਤਾਵਲੀ ਹੋਈ ਦਿਖਾਈ ਦਿੰਦੀ ਹੈ |
ਇਹ ਗੱਲ ਸਾਡੀ ਸਮਝ ਤੋਂ ਬਾਹਰ ਹੈ ਕਿ ਜੇਕਰ 90 ਸਾਲ ਪਹਿਲਾਂ ਉਸ ਸਮੇਂ ਦੀਆਂ ਉੱਤਮ ਸ਼ਖ਼ਸੀਅਤਾਂ ਵਲੋਂ ਇਸ ਗੀਤ ਦੇ ਦੋ ਪੈਰਿਆਂ ਨੂੰ  ਗਾਉਣ ਦੀ ਸਹਿਮਤੀ ਬਣਾਈ ਗਈ ਸੀ, ਤਾਂ ਭਾਜਪਾ ਨੇ ਹੁਣ ਇਹ ਟਕਰਾਅ ਵਾਲਾ ਨਵਾਂ ਪੈਂਤੜਾ ਕਿਉਂ ਲਿਆ? ਵੱਡੇ ਭਾਜਪਾ ਆਗੂ ਇਸ ਨੂੰ  ਕਾਂਗਰਸ ਦੀ ਤੁਸ਼ਟੀਕਰਨ ਵਾਲੀ ਨੀਤੀ ਕਹਿੰਦੇ ਹਨ ਪਰ ਅਸੀਂ ਸਮਝਦੇ ਹਾਂ ਕਿ ਭਾਜਪਾ ਵਲੋਂ ਇਸ ਗੀਤ 'ਤੇ ਕੀਤੀ ਜਾ ਰਹੀ ਸਿਆਸਤ ਸਮਾਜ ਵਿਚ ਹੋਰ ਵੀ ਵੰਡੀਆਂ ਪਾਉਣ ਵਿਚ ਹੀ ਸਹਾਈ ਹੋਵੇਗੀ, ਭਾਵੇਂ ਕਿ ਇਸ ਤੋਂ ਭਾਜਪਾ ਸਿਆਸੀ ਲਾਹਾ ਲੈਣਾ ਚਾਹੁੰਦੀ ਹੈ | ਅੱਜ ਸਾਡਾ ਦੇਸ਼ ਅਤੇ ਸਮਾਜ ਜਿਸ ਪੜਾਅ 'ਤੇ ਆ ਖੜ੍ਹਾ ਹੋਇਆ ਹੈ, ਉੱਥੇ ਵੰਡੀਆਂ ਪਾਉਣ ਦੀ ਥਾਂ 'ਤੇ ਭਾਈਚਾਰਕ ਸਾਂਝ ਨੂੰ  ਹੋਰ ਵੀ ਮਜ਼ਬੂਤ ਕਰਨ ਦੀ ਲੋੜ ਹੈ | ਇਸ ਵਿਚ ਹੀ ਭਾਰਤ ਦੀ ਵੱਡੀ ਸ਼ਕਤੀ ਮੰਨੀ ਜਾਂਦੀ ਰਹੀ ਹੈ, ਭਾਰਤ ਦੇ ਲੋਕਾਂ ਨੇ ਧਰਮਾਂ ਦੇ ਨਾਂਅ 'ਤੇ ਬਣਾਏ ਦੇਸ਼ਾਂ ਦੀ ਭਾਵਨਾ ਨੂੰ  ਪੂਰੀ ਤਰ੍ਹਾਂ ਰੱਦ ਕਰਕੇ ਧਰਮ ਨਿਰਪੱਖ ਲੀਹਾਂ 'ਤੇ ਜਮਹੂਰੀ ਰਾਸ਼ਟਰ ਦਾ ਨਿਰਮਾਣ ਕੀਤਾ ਸੀ | ਇਸ ਭਾਈਚਾਰੇ ਅਤੇ ਸਾਂਝ ਦੀ ਜੋਤ ਦਾ ਮਘਦੇ ਰਹਿਣਾ ਬਹੁਤ ਜ਼ਰੂਰੀ ਹੈ |

-ਬਰਜਿੰਦਰ ਸਿੰਘ ਹਮਦਰਦ

Ad Position 22
No active advertisement
ਪਿਛਲੀ ਖ਼ਬਰ ਕਿਸੇ ਵੀ ਰਾਸ਼ਟਰ ਦੀ ਖ਼ੁਸ਼ਹਾਲੀ ਉਸ ਦੇ ਭਾਈਚਾਰਿਆਂ ਵਿਚ ਏਕਤਾ ਅਤੇ ਸਦਭਾਵਨਾ 'ਤੇ ਨਿਰਭਰ ਕਰਦੀ ਹੈ | -ਅਗਿਆਤ ਅਗਲੀ ਖ਼ਬਰ ਬਦਲ ਰਹੀ ਹੈ ਦੇਸ਼ ਦੀ ਰਾਜਨੀਤਕ ਫ਼ਿਜ਼ਾ
Ad Position 24