22-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-08-2026

ਸੱਜਣ ਕੁਮਾਰ ਦਾ ਅੰਜਾਮ

ਸੱਜਣ ਕੁਮਾਰ ਦਾ ਅੰਜਾਮ

Ad Position 21
No active advertisement
ਅਜੀਤ ਡੈਸਕ 22-08-2026

ਸੱਜਣ ਕੁਮਾਰ ਦਾ ਨਾਂਅ ਸੁਣਦਿਆਂ ਹੀ 1984 ਵਿਚ ਦਿੱਲੀ 'ਚ ਹੋਏ ਸਿੱਖ ਵਿਰੋਧੀ ਦੰਗਿਆਂ ਦੀ ਯਾਦ ਫਿਰ ਤੋਂ ਤਾਜ਼ਾ ਹੋ ਜਾਂਦੀ ਹੈ | ਇੰਦਰਾ ਗਾਂਧੀ ਦੇ ਰਖਿਅਕਾਂ ਬੇਅੰਤ ਸਿੰਘ ਅਤੇ ਸਤਵੰਤ ਸਿੰਘ ਵਲੋਂ ਉਸ ਨੂੰ  ਗੋਲੀਆਂ ਮਾਰਨ ਤੋਂ ਬਾਅਦ ਅਗਲੇ ਹੀ ਦਿਨ 4 ਦਿਨਾਂ ਤੱਕ ਦਿੱਲੀ ਅਤੇ ਦੇਸ਼ ਦੀਆਂ ਹੋਰ ਅਨੇਕਾਂ ਥਾਵਾਂ 'ਤੇ ਜੋ ਸਿੱਖ ਵਿਰੋਧੀ ਦੰਗੇ ਭੜਕੇ, ਜਿਸ ਵਿਚ ਹਜ਼ਾਰਾਂ ਹੀ ਸਿੱਖਾਂ ਨੂੰ  ਬੇਰਹਿਮੀ ਨਾਲ ਮਾਰ ਦਿੱਤਾ ਗਿਆ ਸੀ, ਉਨ੍ਹਾਂ ਦੇ ਘਰ ਅਤੇ ਕਾਰੋਬਾਰਾਂ ਨੂੰ  ਤਬਾਹ ਕਰ ਦਿੱਤਾ ਗਿਆ ਸੀ ਅਤੇ ਬਹੁਤੇ ਥਾਈਾ ਗੁਰਦੁਆਰਿਆਂ ਤੱਕ ਨੂੰ  ਵੀ ਨੁਕਸਾਨ ਪਹੁੰਚਾਇਆ ਗਿਆ ਸੀ | ਚਾਹੇ ਇਸ ਤੋਂ ਬਾਅਦ ਹੋਈ ਇਸ ਭਿਆਨਕ ਤਬਾਹੀ ਤੇ ਹਿੰਸਾ ਸੰਬੰਧੀ ਇਨਸਾਫ਼ ਲਈ ਕਈ ਕਮਿਸ਼ਨ ਬਣੇ, ਤਾਂ ਜੋ ਉਸ ਸਮੇਂ ਵਾਪਰੇ ਘਟਨਾਕ੍ਰਮ ਦੀ ਪਾਰਦਰਸ਼ੀ ਜਾਂਚ ਕਰਵਾ ਕੇ ਦੋਸ਼ੀਆਂ ਨੂੰ  ਸਖ਼ਤ ਸਜ਼ਾਵਾਂ ਦੇ ਭਾਗੀ ਬਣਾਇਆ ਜਾ ਸਕੇ ਪਰ ਜਿੰਨਾ ਵੱਡਾ ਭਿਆਨਕ ਕਾਂਡ ਇਹ ਵਾਪਰਿਆ ਸੀ, ਉਸ ਦੇ ਮੁਕਾਬਲੇ ਵਿਚ ਦੇਸ਼ ਦੀਆਂ ਅਦਾਲਤਾਂ ਵਲੋਂ ਬੇਹੱਦ ਨਿਗੁਣੀਆਂ ਸਜ਼ਾਵਾਂ ਹੀ ਦਿੱਤੀਆਂ ਜਾ ਸਕੀਆਂ ਹਨ |
ਕੇਂਦਰ ਵਿਚ ਕਾਂਗਰਸ ਦੀ ਹਕੂਮਤ ਸੀ, ਉਸ ਨੇ ਇਸ ਸਾਰੇ ਘਟਨਾਕ੍ਰਮ ਦੇ ਸਬੂਤਾਂ ਨੂੰ  ਮਿਟਾਉਣ ਵਿਚ ਆਪਣੀ ਪੂਰੀ ਸਰਕਾਰੀ ਮਸ਼ੀਨਰੀ ਵਰਤੀ ਅਤੇ ਇਸ ਦਰਦਨਾਕ ਕਾਂਡ ਵਿਰੁੱਧ ਇਨਸਾਫ਼ ਦੀਆਂ ਆਵਾਜ਼ਾਂ ਨੂੰ  ਬੇਹੱਦ ਮੱਧਮ ਕਰ ਦਿੱਤਾ | ਅਖ਼ੀਰ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੂੰ  ਇਸ ਸੰਬੰਧੀ ਸਾਲ 2005 ਵਿਚ ਦੇਸ਼ ਦੀ ਸੰਸਦ ਵਿਚ ਮੁਆਫ਼ੀ ਮੰਗਣੀ ਪਈ ਸੀ | ਉਨ੍ਹਾਂ ਕਿਹਾ ਸੀ ਕਿ ਜੋ ਕੁੱਝ 1984 ਵਿਚ ਵਾਪਰਿਆ ਹੈ, ਉਹ ਸਾਡੇ ਸੰਵਿਧਾਨ ਨੂੰ  ਨਕਾਰਦਾ ਹੈ | ਮੈਂ ਆਪਣੇ ਦੇਸ਼ ਵਲੋਂ ਜੋ ਕੁੱਝ ਵਾਪਰਿਆ ਹੈ, ਉਸ ਲਈ ਸ਼ਰਮ ਨਾਲ ਸਿਰ ਝੁਕਾਉਂਦਾ ਹਾਂ | ਚਾਹੇ ਪਿਛਲੇ ਬਣਾਏ ਜਾਂਚ ਕਮਿਸ਼ਨਾਂ ਨਾਲ ਇਨਸਾਫ਼ ਲਈ ਕੋਈ ਬਹੁਤੀ ਗੱਲ ਅੱਗੇ ਨਹੀਂ ਚੱਲੀ ਪਰ 2014 ਵਿਚ ਮੋਦੀ ਸਰਕਾਰ ਦੇ ਬਣਦਿਆਂ ਹੀ ਇਕ ਵਾਰ ਫਿਰ ਜਾਂਚ ਕਮਿਸ਼ਨ ਬਣਾਇਆ ਗਿਆ, ਜਿਸ ਨਾਲ ਸੱਜਣ ਕੁਮਾਰ ਵਰਗੇ ਮੁੱਖ ਦੋਸ਼ੀਆਂ ਨੂੰ  ਸਜ਼ਾਵਾਂ ਦੇ ਭਾਗੀ ਬਣਾਇਆ ਗਿਆ | ਹੋਰਾਂ ਕਈ ਦੋਸ਼ੀਆਂ ਦੇ ਨਾਲ ਸੀ.ਬੀ.ਆਈ. ਵਲੋਂ ਲੰਮੀ ਜਾਂਚ ਤੋਂ ਬਾਅਦ ਉਸ ਨੂੰ  ਉੱਚ ਅਦਾਲਤ ਦੁਆਰਾ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ ਸਾਲ 2018 ਵਿਚ ਸਜ਼ਾ ਸੁਣਾਈ ਗਈ ਸੀ | ਚਾਹੇ ਇਸ ਸਜ਼ਾ ਤੋਂ ਬਾਅਦ ਉਸ ਨੇ ਸਾਲ 2018 ਵਿਚ ਕਾਂਗਰਸ ਤੋਂ ਅਸਤੀਫ਼ਾ ਦੇ ਦਿੱਤਾ ਸੀ ਪਰ ਬਹੁਤੇ ਕਾਂਗਰਸੀ ਫਿਰ ਵੀ ਉਸ ਦੀ ਹਰ ਤਰ੍ਹਾਂ ਨਾਲ ਪੁਸ਼ਤ-ਪਨਾਹੀ ਕਰਦੇ ਰਹੇ | 40 ਸਾਲਾਂ ਤੋਂ ਅਨੇਕਾਂ ਜਥੇਬੰਦੀਆਂ ਅਤੇ ਐਚ.ਐਸ. ਫੂਲਕਾ ਵਰਗੇ ਵੀ ਇਨਸਾਫ਼ ਲਈ ਗੁਹਾਰ ਲਗਾਉਂਦੇ ਅਦਾਲਤਾਂ ਦੇ ਚੱਕਰ ਕੱਟਦੇ ਰਹੇ ਪਰ ਇਸ ਦੇ ਬਾਵਜੂਦ ਸਿੱਖ ਮਨਾਂ ਵਿਚ ਉਭਰਿਆ ਇਹ ਰੋਸ ਮੱਠਾ ਨਹੀਂ ਹੋਇਆ |
ਸੱਜਣ ਕੁਮਾਰ ਦੇ ਸਾਹਮਣੇ ਆਏ ਗੁਨਾਹਾਂ ਸੰਬੰਧੀ ਉਸ ਨੂੰ  ਫਾਂਸੀ ਦਿੱਤੇ ਜਾਣ ਦੀ ਮੰਗ ਕੀਤੀ ਜਾਂਦੀ ਰਹੀ ਸੀ | ਚਾਹੇ ਸੱਜਣ ਕੁਮਾਰ ਦੀ ਮੌਤ ਜੇਲ੍ਹ ਦੀ ਸਜ਼ਾ ਭੁਗਤਦਿਆਂ ਹੀ ਹੋਈ ਹੈ ਪਰ ਇਸ ਖ਼ਬਰ ਨੇ ਇਕ ਵਾਰ ਫਿਰ ਪੁਰਾਣੇ ਜ਼ਖ਼ਮ ਜ਼ਰੂਰ ਹਰੇ ਕਰ ਦਿੱਤੇ ਹਨ, ਜਿਨ੍ਹਾਂ 'ਤੇ ਮਰਹਮ ਲਗਾਉਣ ਦੀ ਲੋੜ ਹੈ | ਅਜਿਹੇ ਸਮੇਂ ਵਿਚ ਪਹਿਲਾਂ ਵੀ ਅਨੇਕਾਂ ਵਾਰ ਕਾਂਗਰਸੀਆਂ ਨੇ ਖੁੱਲ੍ਹੇ ਰੂਪ ਵਿਚ ਸੱਜਣ ਕੁਮਾਰ ਦੇ ਨਾਲ-ਨਾਲ ਜਗਦੀਸ਼ ਟਾਇਟਲਰ ਅਤੇ ਹੋਰ ਦੋਸ਼ੀਆਂ ਦੀ ਕਿਸੇ ਨਾ ਕਿਸੇ ਰੂਪ ਵਿਚ ਵਕਾਲਤ ਜ਼ਰੂਰ ਕੀਤੀ ਹੈ ਪਰ ਹੁਣਇਕ ਵਾਰ ਫਿਰ ਸੱਜਣ ਕੁਮਾਰ ਦੀ ਮੌਤ ਤੋਂ ਬਾਅਦ ਹਰਿਆਣਾ ਦੇ ਸੰਸਦ ਮੈਂਬਰ ਦਪਿੰਦਰ ਹੁੱਡਾ ਨੇ ਆਪਣੇ ਬਿਆਨ ਨਾਲ ਬਹੁਤੇ ਕਾਂਗਰਸੀਆਂ ਦੀ ਮਾਨਸਿਕਤਾ ਨੂੰ  ਉਜਾਗਰ ਕਰ ਦਿੱਤਾ ਹੈ | ਦਪਿੰਦਰ ਹੁੱਡਾ ਜੋ ਕਿ ਹਰਿਆਣੇ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਹੁੱਡਾ ਦਾ ਲੜਕਾ ਹੈ, ਨੇ ਸੱਜਣ ਕੁਮਾਰ ਬਾਰੇ ਕਿਹਾ 'ਦੇਸ਼ ਦੇ ਰਾਜਨੀਤਿਕ ਦਿ੍ਸ਼ ਤੇ ਐਸਾ ਘਾਟਾ ਪਿਆ, ਜਿਸ ਦੀ ਪੂਰਤੀ ਸੰਭਵ ਨਹੀਂ ਹੋ ਸਕਦੀ, ਸੱਜਣ ਕੁਮਾਰ ਜੀ ਨਾ ਸਿਰਫ਼ ਦਿੱਲੀ, ਦਿੱਲੀ ਦਿਹਾਤ, ਬਲਕਿ ਪੂਰੇ ਉੱਤਰ ਭਾਰਤ ਦੀ ਅਜਿਹੀ ਸ਼ਖ਼ਸੀਅਤ ਸਨ, ਜੋ ਲੋਕਾਂ ਨਾਲ ਜੁੜੇ ਹੋਏ ਸਨ | ਉਨ੍ਹਾਂ ਦੀ ਮਿਸਾਲ ਸਾਡੇ ਪੂਰੇ ਦੇਸ਼ ਵਿਚ ਦਿੱਤੀ ਜਾਂਦੀ ਹੈ |'
ਦਪਿੰਦਰ ਹੁੱਡਾ ਕਾਂਗਰਸ ਦਾ ਇਕ ਮਹੱਤਵਪੂਰਨ ਅਤੇ ਵੱਡਾ ਆਗੂ ਹੈ, ਉਨ੍ਹਾਂ ਦੇ ਇਸ ਬਿਆਨ ਦਾ ਇਕ ਵਾਰ ਫਿਰ ਜਵਾਬ ਕਾਂਗਰਸੀ ਲੀਡਰਸ਼ਿਪ ਨੂੰ  ਦੇਣਾ ਹੋਵੇਗਾ ਕਿ ਇਕ ਇਨਸਾਨੀਅਤ ਤੋਂ ਗਿਰੇ ਹੋਏ ਕਾਤਲ ਵਿਅਕਤੀ, ਜਿਸ ਨੂੰ  ਵੱਖ-ਵੱਖ ਅਦਾਲਤਾਂ ਨੇ ਵੱਡੀਆਂ ਸਜ਼ਾਵਾਂ ਦੇਣ ਦਾ ਐਲਾਨ ਕੀਤਾ ਹੋਵੇ, ਨੂੰ  ਕਿਸ ਤਰ੍ਹਾਂ ਸਹੀ ਠਹਿਰਾਉਣ ਦਾ ਯਤਨ ਕੀਤਾ ਜਾ ਸਕਦਾ ਹੈ | ਬਿਨਾਂ ਸ਼ੱਕ ਸੱਜਣ ਕੁਮਾਰ ਨੂੰ  ਉਸ ਸਮੇਂ ਦਿੱਲੀ ਅਤੇ ਦੇਸ਼ ਵਿਚ ਵਾਪਰੀ ਦਰਿੰਦਗੀ ਦੀ ਇਕ ਉਭਰਵੀਂ ਮਿਸਾਲ ਕਿਹਾ ਜਾ ਸਕਦਾ ਹੈ |
-ਬਰਜਿੰਦਰ ਸਿੰਘ ਹਮਦਰਦ

Ad Position 22
No active advertisement
ਪਿਛਲੀ ਖ਼ਬਰ 80-22-2026 ਅਗਲੀ ਖ਼ਬਰ ਵਿਦਿਆਰਥੀਆਂ ਨੂੰ ਆਪਣੇ ਕਿੱਤੇ ਖੁਦ ਚੁਣਨ ਦਿਓ
Ad Position 24