22-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-08-2026

ਧਰਮ ਜੋੜਨ ਦਾ ਕੰਮ ਕਰਨ ਤੋੜਨ ਦਾ ਨਹੀਂ

ਧਰਮ ਜੋੜਨ ਦਾ ਕੰਮ ਕਰਨ ਤੋੜਨ ਦਾ ਨਹੀਂ

Ad Position 21
No active advertisement
ਅਜੀਤ ਡੈਸਕ 22-08-2026

ਸਿਆਣੇ ਤੇ ਵਿਦਵਾਨ ਲੋਕ ਆਖਦੇ ਹਨ ਕਿ ਧਰਮ ਜੋੜਦਾ ਹੈ, ਤੋੜਦਾ ਨਹੀਂ | ਸੰਸਾਰ ਦਾ ਹਰ ਸੱਚਾ ਧਰਮ ਹਰ ਤਰ੍ਹਾਂ ਦੇ ਵਿਤਕਰੇ, ਨਫ਼ਰਤ ਤੇ ਵੈਰ-ਵਿਰੋਧ ਦੀ ਭਾਵਨਾ ਤੋਂ ਉੱਪਰ ਉੱਠ ਕੇ ਦੁਨੀਆ ਦੇ ਹਰ ਬਸ਼ਰ ਇਨਸਾਨ ਨਾਲ ਮੁਹੱਬਤ ਕਰਨੀ ਤੇ ਸਭ ਦਾ ਸਤਿਕਾਰ ਕਰਨਾ ਸਿਖਾਉਂਦਾ ਹੈ | ਫਿਰ ਵੀ ਇਹ ਵੇਖਣ ਵਿਚ ਆਇਆ ਹੈ ਕਿ ਦੁਨੀਆ ਭਰ ਵਿਚ ਧਰਮ ਦੇ ਨਾਂਅ 'ਤੇ ਫਿਰਕੂ ਫਸਾਦ, ਲੱੁਟ-ਖਸੁੱਟ, ਜਬਰ ਜਨਾਹ ਅਤੇ ਕਤਲੇਆਮ ਸ਼ਰ੍ਹੇਆਮ ਹੁੰਦੇ ਰਹਿੰਦੇ ਹਨ | ਭਾਰਤੀ ਇਤਿਹਾਸ ਵਿਚ ਇਸ ਸੰਬੰਧੀ ਅਨੇਕਾਂ ਹੀ ਉਦਾਹਰਨਾਂ ਮੌਜੂਦ ਹਨ | ਵਰਤਮਾਨ ਸਮੇਂ 'ਚ ਵੀ 'ਜੇਹਾਦ' ਦੇ ਨਾਂਅ 'ਤੇ ਅੱਤਵਾਦ ਫੈਲਾਇਆ ਜਾ ਰਿਹਾ ਹੈ, ਜਿਸ ਦੇ ਸਿੱਟੇ ਵਜੋਂ ਮਾਸੂਮ ਤੇ ਮਜ਼ਲੂਮ ਲੋਕਾਂ ਦੇ ਕਤਲ ਹੋ ਰਹੇ ਹਨ | ਅੱਜ 22 ਅਗਸਤ ਦਾ ਦਿਨ ਦੁਨੀਆ ਭਰ 'ਚ ਰਹਿ ਰਹੇ ਜਾਂ ਜਹਾਨੋਂ ਜਾ ਚੱੁਕੇ ਅਜਿਹੇ ਸਾਰੇ ਲੋਕਾਂ ਨੂੰ  ਯਾਦ ਕਰਨ ਦਾ ਦਿਨ ਹੈ, ਜੋ ਧਰਮ ਦੇ ਆਧਾਰ 'ਤੇ ਹੋਈ ਹਿੰਸਾ ਦਾ ਸ਼ਿਕਾਰ ਬਣੇ | ਇਸ ਦਿਨ ਨੂੰ  ਮਨਾਉਣ ਦਾ ਫ਼ੈਸਲਾ ਸੰਯੁਕਤ ਰਾਸ਼ਟਰ ਸੰਘ ਦੀ ਜਨਰਲ ਅਸੈਂਬਲੀ ਦੀ 28 ਮਈ 2019 ਨੂੰ  ਹੋਈ ਇਕੱਤਰਤਾ 'ਚ ਲਿਆ ਗਿਆ ਸੀ ਅਤੇ 3 ਜੂਨ, 2019 ਨੂੰ  ਇਸ ਸੰਬੰਧੀ ਲੋੜੀਂਦਾ ਮਤਾ ਵੀ ਪਾਸ ਕੀਤਾ ਗਿਆ ਸੀ | 22 ਅਗਸਤ, 2019 ਨੂੰ  ਇਹ ਦਿਨ ਪਹਿਲੀ ਵਾਰ ਕੌਮਾਂਤਰੀ ਪੱਧਰ 'ਤੇ ਮਨਾਇਆ ਗਿਆ ਸੀ | ਦਰਅਸਲ ਇਹ ਦਿਨ ਮਨਾਉਣ ਦਾ ਫ਼ੈਸਲਾ ਕਰਨ ਸਮੇਂ ਪਾਸ ਕੀਤੇ ਗਏ ਮਤੇ ਵਿਚ ਕਿਹਾ ਗਿਆ ਸੀ ਕਿ 'ਹਰੇਕ ਮੁਲਕ ਦੀ ਇਹ ਮੁਢਲੀ ਜ਼ਿੰਮੇਵਾਰੀ ਹੈ ਕਿ ਉਹ ਆਪਣੇ ਨਾਗਰਿਕਾਂ ਦੇ ਮਨੱੁਖੀ ਅਧਿਕਾਰਾਂ ਦੀ ਰਾਖੀ ਕਰੇ, ਜਿਨ੍ਹਾਂ ਵਿਚ ਉਨ੍ਹਾਂ ਵਿਅਕਤੀਆਂ ਦੇ ਹੱਕ ਵੀ ਸ਼ਾਮਿਲ ਹਨ, ਜੋ ਧਰਮ ਪੱਖੋਂ ਘੱਟ ਗਿਣਤੀ ਵਿਚ ਹਨ ਤੇ ਉਨ੍ਹਾਂ ਨੂੰ  ਆਪਣੀ ਮਰਜ਼ੀ ਦਾ ਧਰਮ ਅਪਨਾਉਣ ਦਾ ਹੱਕ ਹਾਸਿਲ ਹੈ |' ਸੰਯੁਕਤ ਰਾਸ਼ਟਰ ਨਾਲ ਜੁੜੇ ਵਿਦਵਾਨਾਂ ਦੀ ਰਾਇ ਹੈ ਕਿ ਹਰ ਮੁਲਕ ਦੀ ਸਰਕਾਰ ਨੂੰ  ਧਰਮ ਆਧਾਰਿਤ ਨਫ਼ਰਤੀ ਹਿੰਸਾ ਰੋਕਣ ਲਈ ਸਿਰਤੋੜ ਯਤਨ ਕਰਨ ਦੇ ਨਾਲ-ਨਾਲ ਵੱਖ-ਵੱਖ ਧਰਮਾਂ ਦੇ ਲੋਕਾਂ ਦਰਮਿਆਨ ਆਪਸੀ ਸਦਭਾਵਨਾ ਵਧਾਉਣ ਲਈ ਵੀ ਸੁਹਿਰਦ ਯਤਨ ਕਰਨੇ ਚਾਹੀਦੇ ਹਨ | ਜ਼ਿਕਰਯੋਗ ਹੈ ਕਿ 1981 ਵਿਚ ਵੀ ਸੰਯੁਕਤ ਰਾਸ਼ਟਰ ਦੀ ਆਮ ਸਭਾ 'ਚ ਧਰਮ ਆਧਾਰਿਤ ਹਰ ਪ੍ਰਕਾਰ ਦੀ ਅਸਹਿਣਸ਼ੀਲਤਾ ਤੇ ਵਿਤਕਰੇ ਨੂੰ  ਤਿਆਗਣ ਸੰਬੰਧੀ ਐਲਾਨਨਾਮਾ ਜਾਰੀ ਕੀਤਾ ਗਿਆ ਸੀ |
ਵਿਦੇਸ਼ਾਂ 'ਚ ਵਾਪਰੀਆਂ ਨਸਲੀ ਹਿੰਸਾ ਦੀਆਂ ਅਣਗਿਣਤ ਘਟਨਾਵਾਂ ਦੇ ਨਾਲ-ਨਾਲ ਭਾਰਤ 'ਚ ਧਰਮ ਆਧਾਰਿਤ ਹਿੰਸਾ ਦੀਆਂ ਅਨੇਕਾਂ ਵੱਡੀਆਂ-ਛੋਟੀਆਂ ਘਟਨਾਵਾਂ ਵਾਪਰ ਚੱੁਕੀਆਂ ਹਨ, ਜਿਨ੍ਹਾਂ ਨੇ ਕੁਝ ਧਰਮ ਵਿਸ਼ੇਸ਼ ਦੇ ਲੋਕਾਂ ਦੇ ਸਰੀਰਾਂ, ਮਨਾਂ ਅਤੇ ਆਤਮਾਵਾਂ 'ਤੇ ਅਜਿਹੇ ਡੂੰਘੇ ਜ਼ਖ਼ਮ ਛੱਡੇ, ਜੋ ਸਦੀਆਂ ਤੱਕ ਵੀ ਅੱਲ੍ਹੇ ਹੀ ਰਹਿਣਗੇ | 1947 ਵਿਚ ਹੋਈ ਭਾਰਤ-ਪਾਕਿ ਵੰਡ ਦੌਰਾਨ ਧਰਮ ਦੇ ਆਧਾਰ 'ਤੇ ਹੋਈ ਹਿੰਸਾ ਦੇ ਜ਼ਖ਼ਮ ਅਜੇ ਪੂਰੀ ਤਰ੍ਹਾਂ ਭਰੇ ਵੀ ਨਹੀਂ ਸਨ ਕਿ 1984 'ਚ ਦਿੱਲੀ ਵਿਖੇ ਸਿੱਖ ਵਿਰੋਧੀ ਦੰਗੇ ਵਾਪਰ ਗਏ | ਦਿੱਲੀ, ਮੇਰਠ, ਭਾਗਲਪੁਰ ਜਾਂ ਗੁਜਰਾਤ ਵਿਖੇ ਹੋਏ ਫ਼ਸਾਦਾਂ ਵਿਚ ਨਿਰਦੋਸ਼ਾਂ ਦੇ ਹੋਏ ਕਤਲੇਆਮ ਨੇ ਮਨੱੁਖਤਾ ਦਾ ਮੱਥਾ ਕਲੰਕਿਤ ਕਰ ਦਿੱਤਾ ਸੀ | ਪ੍ਰਾਪਤ ਅੰਕੜਿਆਂ ਅਨੁਸਾਰ ਭਾਰਤ ਵਿਚ 1891, 1896 ਤੇ 1897 ਵਿਚ ਕਲੱਕਤਾ ਵਿਖੇ ਮਜ਼੍ਹਬੀ ਫ਼ਸਾਦ ਹੋਏ ਅਤੇ ਫਿਰ ਹਿੰਦੂ-ਮੁਸਲਿਮ ਦੇ ਨਾਂਅ 'ਤੇ ਅੰਗਰੇਜ਼ਾਂ ਨੇ ਬੰਗਾਲ ਦੀ ਵੰਡ ਪੂਰਬੀ ਤੇ ਪੱਛਮੀ ਬੰਗਾਲ ਦੇ ਰੂਪ ਵਿਚ ਕਰ ਦਿੱਤੀ | 1907 ਤੇ 1910 ਵਿਚ ਬੰਗਾਲ ਵਿਚ ਮੁੜ ਫਿਰਕੂ ਦੰਗੇ ਭੜਕੇ | 16 ਅਗਸਤ, 1946 ਨੂੰ  ਹੋਏ ਮਜ਼੍ਹਬੀ ਫ਼ਸਾਦਾਂ 'ਚ 3 ਹਜ਼ਾਰ ਜਾਨਾਂ ਗਈਆਂ ਤੇ 17 ਹਜ਼ਾਰ ਨਿਰਦੋਸ਼ ਲੋਕ ਜ਼ਖ਼ਮੀ ਹੋਏ | 1969 'ਚ ਵਾਪਰੇ ਗੁਜਰਾਤ ਦੰਗਿਆਂ ਵਿਚ 660 ਲੋਕ ਮਾਰੇ ਗਏ, ਜਿਨ੍ਹਾਂ ਵਿਚ 439 ਮੁਸਲਿਮ ਤੇ 230 ਹਿੰਦੂ ਸਨ, ਜਦਕਿ ਕੱੁਲ 1074 ਵਿਅਕਤੀ ਜ਼ਖ਼ਮੀ ਹੋਏ ਅਤੇ 48 ਹਜ਼ਾਰ ਪਰਿਵਾਰਾਂ ਨੂੰ  ਆਪਣੀਆਂ ਜਾਇਦਾਦਾਂ ਤੋਂ ਹੱਥ ਧੋਣੇ ਪਏ | 1984 ਵਿਚ ਦਿੱਲੀ ਵਿਖੇ ਵਾਪਰੇ ਸਿੱਖ ਵਿਰੋਧੀ ਦੰਗਿਆਂ ਵਿਚ ਦੇਸ਼ ਭਰ ਵਿਚ ਅੰਦਾਜ਼ਨ 10 ਹਜ਼ਾਰ ਤੋਂ ਵੱਧ ਸਿੱਖਾਂ ਦੇ ਮਾਰੇ ਜਾਣ ਦਾ ਅੰਦਾਜ਼ਾ ਹੈ | 1989 ਦੇ ਸਤੰਬਰ ਮਹੀਨੇ ਤੋਂ ਲੈ ਕੇ ਮਾਰਚ 1990 ਤੱਕ ਜੰਮੂ-ਕਸ਼ਮੀਰ ਵਿਚ 300 ਕਸ਼ਮੀਰੀ ਪੰਡਤਾਂ ਨੂੰ  ਕਤਲ ਕਰ ਦਿੱਤਾ ਗਿਆ ਤੇ 3 ਤੋਂ 5 ਲੱਖ ਦੇ ਕਰੀਬ ਕਸ਼ਮੀਰੀ ਪੰਡਤ ਉੱਥੋਂ ਹਿਜਰਤ ਕਰਕੇ ਦੂਜੇ ਸੂਬਿਆਂ 'ਚ ਚਲੇ ਗਏ | ਇਸ ਤੋਂ ਬਾਅਦ ਵੀ 1998 'ਚ ਚੰਬਾ ਹੱਤਿਆ ਕਾਂਡ, 2000 'ਚ ਚਿੱਟੀ ਸਿੰਘਪੁਰਾ ਕਤਲੇਆਮ, 2002 'ਚ ਜੰਮੂ ਦੇ ਰਘੂਨਾਥ ਮੰਦਰ 'ਤੇ ਹਮਲਾ, 2006 'ਚ ਵਾਰਾਨਸੀ ਬੰਬ ਧਮਾਕੇ, ਫਿਰ ਗੋਧਰਾ ਕਾਂਡ ਅਤੇ ਕਈ ਹੋਰ ਅਣਮਨੁੱਖੀ ਘਟਨਾਵਾਂ 'ਧਰਮ ਨਿਰਪੱਖ' ਅਖਵਾਉਂਦੇ ਸਾਡੇ ਮੁਲਕ ਨੂੰ  ਦੁਨੀਆ ਭਰ 'ਚ ਬਦਨਾਮ ਕਰ ਗਈਆਂ |
ਇਹ ਸੱਚ ਹੈ ਕਿ ਅੱਜ ਵੀ ਸਾਡੇ ਇਕ ਗੁਆਂਢੀ ਮੁਲਕ ਵਲੋਂ ਇਕ ਧਰਮ ਵਿਸ਼ੇਸ਼ ਦੇ ਲੋਕਾਂ ਨੂੰ  'ਜੇਹਾਦ' ਦੇ ਨਾਂਅ 'ਤੇ ਜਾਨਾਂ ਕੁਰਬਾਨ ਕਰਨ ਦਾ ਵਾਸਤਾ ਦੇ ਕੇ ਕਸ਼ਮੀਰ ਵਿਚ ਅੱਤਵਾਦ ਫੈਲਾਉਣ ਲਈ ਭੇਜਿਆ ਜਾ ਰਿਹਾ ਹੈ | ਭਾਰਤ ਵਿਚ ਤਾਂ ਅੱਤਵਾਦ ਨੂੰ  ਵੀ ਤਿੰਨ ਕਿਸਮਾਂ ਵਿਚ ਵੰਡਿਆ ਜਾਂਦਾ ਹੈ- ਇਸਲਾਮਿਕ ਅੱਤਵਾਦ, ਵੱਖਵਾਦੀ ਅੱਤਵਾਦ ਅਤੇ ਖੱਬੇ ਪੱਖੀ ਅੱਤਵਾਦ | ਜਦਕਿ 2019 ਦੀ 3 ਜੂਨ ਨੂੰ  ਪਾਸ ਕੀਤੇ ਗਏ ਮਤੇ ਵਿਚ ਸੰਯੁਕਤ ਰਾਸ਼ਟਰ ਸੰਘ ਨੇ ਕਿਹਾ ਸੀ, 'ਅੱਤਵਾਦ ਅਤੇ ਹਿੰਸਕ ਖਾੜਕੂਵਾਦ ਚਾਹੇ ਕਿਸੇ ਵੀ ਰੂਪ ਵਿਚ ਹੋਵੇ, ਇਸ ਨੂੰ  ਕਿਸੇ ਵੀ ਧਰਮ, ਰਾਸ਼ਟਰ, ਸੱਭਿਅਤਾ ਜਾਂ ਜਾਤੀਗਤ ਸਮੂਹ ਨਾਲ ਨਹੀਂ ਜੋੜਿਆ ਜਾਣਾ ਚਾਹੀਦਾ |'
ਮੱੁਕਦੀ ਗੱਲ ਇਹ ਹੈ ਕਿ ਧਰਮ ਕੋਈ ਵੀ ਹੋਵੇ, ਉਹ ਮਾਸੂਮ, ਨਿਰਦੋਸ਼ ਤੇ ਨਿਹੱਥੇ ਲੋਕਾਂ ਦੇ ਕਤਲੇਆਮ ਨੂੰ  ਜਾਇਜ਼ ਨਹੀਂ ਠਹਿਰਾਉਂਦਾ ਤੇ ਇਸ ਦੀ ਬਿਲਕੁਲ ਵੀ ਇਜਾਜ਼ਤ ਨਹੀਂ ਦਿੰਦਾ | ਧਰਮ ਦੇ ਨਾਂਅ 'ਤੇ ਹਿੰਸਾ ਫੈਲਾ ਕੇ ਆਪਣਾ ਉੱਲੂ ਸਿੱਧਾ ਕਰਨ ਵਾਲੇ ਲੋਕ ਮਨੱੁਖਤਾਵਾਦੀ ਨਹੀਂ ਹੋ ਸਕਦੇ | ਅਜਿਹੇ ਲੋਕ ਅਸਲ ਵਿਚ 'ਅੱਤਵਾਦੀ' ਕਹਾਉਣ ਦੇ ਲਾਇਕ ਹਨ | ਜੇ ਸਮੱੁਚੀ ਦੁਨੀਆ ਨੂੰ  ਮਾਨਸ ਕੀ ਜਾਤਿ ਸਬੈ ਏਕੈ ਪਹਿਚਾਨਬੋ¨ ਅਤੇ ਨਾ ਕੋ ਬੈਰੀ ਨਹੀ ਬਿਗਾਨਾ ਸਗਲ ਸੰਗਿ ਹਮ ਕਉ ਬਨਿ ਆਈ¨ ਦਾ ਸੰਕਲਪ ਸਮਝ ਆ ਜਾਵੇ ਤਾਂ ਸ਼ਾਇਦ ਇਸ ਜਹਾਨ ਤੋਂ ਧਰਮ, ਨਸਲ, ਜਾਤ ਜਾਂ ਰੰਗ ਆਧਾਰਿਤ ਹਿੰਸਾ ਦਾ ਅੰਤ ਹੋ ਜਾਵੇ ਤੇ ਅੱਜ ਦਾ ਦਿਨ ਮਨਾਉਣਾ ਪੂਰੀ ਤਰ੍ਹਾਂ ਸਾਰਥਕ ਹੋ ਜਾਵੇ |
-410, ਚੰਦਰ ਨਗਰ, ਬਟਾਲਾ |
ਮੋਬਾਈਲ : 97816-46008

Ad Position 22
No active advertisement
ਪਿਛਲੀ ਖ਼ਬਰ ਵਿਦਿਆਰਥੀਆਂ ਨੂੰ ਆਪਣੇ ਕਿੱਤੇ ਖੁਦ ਚੁਣਨ ਦਿਓ ਅਗਲੀ ਖ਼ਬਰ ਹਵਾਰਾ ਸਮੇਤ ਹੋਰ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ
Ad Position 24