ਭਾਵੇਂ ਅੱਜ ਵੀ ਕਚਹਿਰੀਆਂ 'ਚ ਮਨੁੱਖ ਫ਼ੈਸਲਿਆਂ ਨੂੰ ਉਡੀਕਦੇ ਸੁੱਕੇ ਰੁੱਖਾਂ ਵਾਂਗ ਹੋ ਜਾਂਦੇ ਹਨ ਪਰ ਕਦੇ ਕਦੇ ਅਦਾਲਤਾਂ ਦੇ ਕਈ ਅਜਿਹੇ ਫ਼ੈਸਲੇ ਮਰਦੀ ਹੋਈ ਇਨਸਾਨੀਅਤ ਨੂੰ ਜ਼ਿੰਦਾ ਕਰਕੇ ਸੰਵਿਧਾਨ ਘਾੜਿਆਂ ਦੀ ਕੀਤੀ ਮਿਹਨਤ ਦਾ ਮੁੱਲ ਮੋੜਦਿਆਂ ਪੱਟੀ ਬੰਨ੍ਹੀ ਖੜ੍ਹੀ ਇਨਸਾਫ ਦੀ ਦੇਵੀ ਦੀ ਦਿੱਖ ਨੂੰ ਨਿਖਾਰ ਵੀ ਜਾਂਦੇ ਹਨ | ਅਜਿਹੇ ਫ਼ੈਸਲੇ ਹੀ ਨਿਆਂ ਪ੍ਰਣਾਲੀ ਤੋਂ ਲੋਕਾਂ ਦੇ ਟੁੱਟ ਰਹੇ ਵਿਸ਼ਵਾਸ ਨੂੰ ਠੁੰਮਣਾ ਦੇ ਜਾਂਦੇ ਹਨ, ਜਿੱਥੇ ਜਾਬਰਾਂ ਦੀਆਂ ਵਧੀਕੀਆਂ ਸਹਿੰਦੀ ਮਨੁੱਖਤਾ ਨਿਆਂ ਪ੍ਰਣਾਲੀ 'ਤੇ ਡੋਲਦੇ ਆਪਣੇ ਵਿਸ਼ਵਾਸ ਨੂੰ ਮੁੜ ਕਾਇਮ ਕਰ ਲੈਂਦੀ ਹੈ |
ਅਜਿਹਾ ਇਕ ਬਹੁਤ ਹੀ ਸੰਵੇਦਨਸ਼ੀਲ ਤੇ ਤਰਕ ਭਰਪੂਰ ਫ਼ੈਸਲਾ ਅਗਸਤ 2026 'ਚ ਗੁਜਰਾਤ ਹਾਈ ਕੋਰਟ ਦੇ ਜਸਟਿਸ ਹਸਮੁੱਖ ਡੀ. ਸੁਥਾਰ ਨੇ ਹੱਤਿਆ ਦੇ ਇਕ ਕੇਸ 'ਚ ਸੂਰਤ ਦੀ ਰਹਿਣ ਵਾਲੀ ਇਕ ਔਰਤ ਲੱਖੀਵੇਨਸਲੰਕੀ ਬਾਰੇ ਸੁਣਾਇਆ ਹੈ | ਦਰਅਸਲ ਹੱਤਿਆ ਦੇ ਕੇਸ 'ਚ ਆਮ ਕਰਕੇ ਕਿਸੇ ਨੂੰ ਇੰਨੀ ਜਲਦੀ ਜ਼ਮਾਨਤ ਨਹੀਂ ਮਿਲਦੀ, ਜਿੰਨੀ ਜਲਦੀ ਅਦਾਲਤ ਨੇ ਉਸ ਨੂੰ ਦੇ ਦਿੱਤੀ ਹੈ | ਇਸ ਔਰਤ ਦੀ ਦੋ ਸਾਲ ਦੀ ਮਾਸੂਮ ਬੱਚੀ ਭੁੱਖ ਨਾਲ ਤੜਫ਼ਦਿਆਂ ਆਪਣੀ ਮਾਂ ਤੋਂ ਕੁੱਝ ਖਾਣ ਲਈ ਮੰਗ ਰਹੀ ਸੀ, ਪਰ ਇਹ ਔਰਤ ਖ਼ੁਦ ਵੀ ਭੁੱਖੀ ਤੇ ਗਰੀਬੀ ਦੀ ਸਤਾਈ ਹੋਈ ਸੀ | ਉਹ 7 ਮਹੀਨਿਆਂ ਦੀ ਗਰਭਵਤੀ ਸੀ ਤੇ ਉਸ ਦਾ ਪਤੀ ਉਸ ਨੂੰ ਛੱਡ ਕੇ ਕਿਤੇ ਜਾ ਚੁੱਕਾ ਸੀ | ਉਸ ਨੇ ਉਲਝਣ ਭਰੀ ਭੈੜੀ ਮਾਨਸਿਕ ਹਾਲਤ 'ਚ ਆਪਣੀ ਬੱਚੀ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ ਸੀ, ਇਹ ਹੱਤਿਆ ਭੁੱਖ ਦੀ ਵਜ੍ਹਾ ਕਾਰਨ ਹੋਈ ਸੀ | ਅਦਾਲਤ ਨੇ ਦੋਸ਼ੀ ਔਰਤ ਦੀ ਮਾਨਸਿਕ ਸਥਿਤੀ ਤੇ ਸਮੁੱਚੇ ਹਾਲਾਤ ਨੂੰ ਸਮਝਦਿਆਂ ਜ਼ਮਾਨਤ ਦੇਣਾ ਠੀਕ ਸਮਝਿਆ, ਸੰਵੇਦਨਸ਼ੀਲ ਆਤਮਾ ਦਾ ਮਾਲਕ ਜਸਟਿਸ ਸੁਥਾਰ ਨੇ ਕਾਨੂੰਨ ਨੂੰ ਮਨੁੱਖਤਾ ਦੀ ਬੇਹਤਰੀ ਲਈ ਵਰਤਣ ਦੀ ਕੋਸ਼ਿਸ ਕੀਤੀ ਹੈ | ਉਨ੍ਹਾਂ ਇਹ ਗੱਲ ਬਾਖੂਬੀ ਸਮਝੀ ਕਿ ਜੋ ਔਰਤ ਆਪਣੀ ਕੁੱਖੋਂ ਜੰਮੀ ਧੀ ਨੂੰ ਮਾਰਨ ਲਈ ਮਜਬੂਰ ਹੋ ਗਈ, ਉਸ ਦੀ ਮਾਨਸਿਕ ਹਾਲਤ ਕਿਹੋ ਜਿਹੀ ਹੋਵੇਗੀ?
ਜਸਟਿਸ ਸੁਥਾਰ ਨੇ ਤਰਕ ਭਰਪੂਰ ਫ਼ੈਸਲਾ ਦਿੰਦਿਆਂ ਕਿਹਾ ਕਿ ਇਹ ਘਟਨਾ ਸਿਰਫ਼ ਇਕ ਵਿਅਕਤੀਗਤ ਅਪਰਾਧ ਨਹੀਂ, ਸਗੋਂ ਸਮਾਜ ਤੇ ਸਰਕਾਰ ਦੀ ਸਮੂਹਿਕ ਅਸਫਲਤਾ ਕਰਾਰ ਦਿੱਤੀ ਜਾਣੀ ਚਾਹੀਦੀ ਹੈ | ਉਨ੍ਹਾਂ ਕਿਹਾ ਕਿ ਜਦੋਂ ਭੁੱਖਮਰੀ ਕਿਸੇ ਮਾਂ ਨੂੰ ਅਜਿਹਾ ਭਿਆਨਕ ਕਦਮ ਚੁੱਕਣ ਲਈ ਮਜਬੂਰ ਕਰ ਦਿੰਦੀ ਹੈ ਤਾਂ ਇਹ ਸਿਰਫ਼ ਉਸ ਮਾਂ ਦਾ ਅਪਰਾਧ ਨਹੀਂ ਹੈ, ਇਹ ਸਾਡੀ ਸਮਾਜ ਭਲਾਈ ਦੀ ਪ੍ਰਣਾਲੀ ਦੀ ਨਾਕਾਮੀ ਨੂੰ ਦਰਸਾਉਂਦਾ ਹੈ | ਅਦਾਲਤ ਨੇ ਯਾਦ ਕਰਾਇਆ ਕਿ ਸੰਵਿਧਾਨ ਦੀ ਧਾਰਾ 45 ਤੇ ਨਿਰਦੇਸ਼ਕ ਸਿਧਾਂਤਾਂ ਤਹਿਤ ਬੱਚਿਆਂ ਦਾ ਪਾਲਣ-ਪੋਸ਼ਣ ਸਿਹਤ ਤੇ ਸੁਰੱਖਿਆ ਯਕੀਨੀ ਬਣਾਉਣਾ ਸਰਕਾਰ ਦਾ ਫਰਜ਼ ਤੇ ਜ਼ਿੰਮੇਵਾਰੀ ਹੈ | ਅਦਾਲਤ ਨੇ ਇਹ ਵੀ ਕਿਹਾ ਕਿ ਇਨਸਾਨ ਬੁਰਾ ਨਹੀਂ ਹੁੰਦਾ, ਸਗੋਂ ਉਸ ਦੀ ਭੁੱਖ ਬੁਰੀ ਹੁੰਦੀ ਹੈ | ਜਸਟਿਸ ਸੁਥਾਰ ਨੇ ਆਪਣੇ ਫ਼ੈਸਲੇ 'ਚ ਗੁਜਰਾਤੀ ਸਾਹਿਤਕਾਰ ਪੰਨਾ ਲਾਲ ਪਟੇਲ ਦੇ ਮਸ਼ਹੂਰ ਨਾਵਲ 'ਮਾਨਵੀ ਭਵਾਈ' ਦਾ ਹਵਾਲਾ ਦਿੱਤਾ ਜੋ ਕਿ 1899 ਦੇ ਭਿਆਨਕ ਕਾਲ 'ਤੇ ਅਧਾਰਿਤ ਹੈ | ਇਸ 'ਚ ਦੱਸਿਆ ਗਿਆ ਹੈ ਕਿ ਜਦੋਂ ਮਨੁੱਖ ਬਹੁਤ ਜ਼ਿਆਦਾ ਗਰੀਬ ਤੇ ਭੁੱਖ ਦੇ ਪ੍ਰਭਾਵ ਹੇਠ ਹੁੰਦਾ ਹੈ ਤਾਂ ਉਹ ਭੁੱਖ ਮਿਟਾਉਣ ਲਈ ਹੈਵਾਨ ਬਣ ਸਕਦਾ ਹੈ | ਇੱਥੇ ਸਮਾਜ ਤੇ ਸਰਕਾਰਾਂ ਦੀ ਵੀ ਜ਼ਿੰਮੇਵਾਰ ਬਣ ਜਾਂਦੀ ਹੈ, ਭਾਵੇਂ ਸੰਵਿਧਾਨ 'ਚ ਸਿੱਧੇ ਤੌਰ 'ਤੇ ਰੋਟੀ, ਕੱਪੜਾ ਤੇ ਮਕਾਨ ਸਰਕਾਰ ਵਲੋਂ ਦੇਣ ਬਾਰੇ ਨਹੀਂ ਲਿਖਿਆ ਗਿਆ ਪਰ ਧਾਰਾ 21 ਤਹਿਤ ਸਰਕਾਰ ਆਪਣੇ ਨਾਗਰਿਕਾਂ ਨੂੰ ਖੁਸ਼ਹਾਲ ਜੀਵਨ ਦਾ ਅਧਿਕਾਰ ਦੇਣ ਲਈ ਪਾਬੰਦ ਹੈ | ਇਸ ਤਰ੍ਹਾਂ ਧਾਰਾ 21 ਭਾਰਤੀ ਨਾਗਰਿਕ ਦਾ ਇਕ ਮੁੱਢਲਾ ਅਧਿਕਾਰ ਹੈ, ਜੋ ਜੀਵਨ ਤੇ ਨਿੱਜੀ ਆਜ਼ਾਦੀ ਦੀ ਰੱਖਿਆ ਕਰਦਾ ਹੈ– ਜਿਸ ਦੀ ਵਿਆਖਿਆ ਕਰਦਿਆਂ ਸੁਪਰੀਮ ਕੋਰਟ ਨੇ ਕਿਹਾ ਹੈ ਕਿ ਸਨਮਾਨ ਨਾਲ ਜੀਉਣ 'ਚ ਰੋਟੀ, ਕੱਪੜਾ, ਮਕਾਨ ਤੇ ਰੁਜ਼ਗਾਰ ਵੀ ਸ਼ਾਮਿਲ ਹਨ |
ਸੰਵਿਧਾਨ ਦੀ ਧਾਰਾ 39(ੳ) ਮੁਤਾਬਿਕ ਸਰਕਾਰ ਦਾ ਫਰਜ਼ ਹੈ ਕਿ ਉਹ ਨਾਗਰਿਕਾਂ ਦੀ ਰੋਜ਼ੀ ਰੋਟੀ ਲਈ ਸਾਧਨ ਪੈਦਾ ਕਰੇ, ਪਰ ਸਰਕਾਰਾਂ ਇਸ ਵਲ ਬਹੁਤਾ ਧਿਆਨ ਨਹੀਂ ਦਿੰਦੀਆਂ | ਸੰਵਿਧਾਨ ਦੀ ਧਾਰਾ 41 ਸਾਨੂੰ ਕੰਮ ਦਾ ਹੱਕ, ਸਿੱਖਿਆ ਤੇ ਬੇਰੁਜ਼ਗਾਰੀ ਜਾਂ ਬੁਢਾਪੇ 'ਚ ਸਰਕਾਰੀ ਮਦਦ ਪ੍ਰਾਪਤ ਕਰਨ ਦਾ ਹੱਕ ਦਿੰਦੀ ਹੈ | ਇਸੇ ਤਰ੍ਹਾਂ ਧਾਰਾ 43 ਮਜ਼ਦੂਰਾਂ ਲਈ ਢੁੱਕਵੀਂ ਉਜਰਤ ਤੇ ਸਨਮਾਨਯੋਗ ਜੀਵਨ ਪੱਧਰ ਯਕੀਨੀ ਬਣਾਉਂਦੀ ਹੈ | ਜੇਕਰ ਸਰਕਾਰ ਇਨ੍ਹਾਂ ਧਾਰਾਵਾਂ ਨੂੰ ਪੂਰੀ ਤਰ੍ਹਾਂ ਲਾਗੂ ਕਰਕੇ ਇਨ੍ਹਾਂ 'ਤੇ ਪੂਰਾ ਪਹਿਰਾ ਦੇਵੇ ਤਾਂ ਸ਼ਾਇਦ ਕਿਸੇ ਮਾਂ ਨੂੰ ਆਪਣੀ 2 ਸਾਲ ਦੀ ਬੱਚੀ ਨੂੰ ਭੁੱਖ ਨਾਲ ਤੜਫਦਿਆਂ ਦੇਖ ਕੇ ਕੁੱਟ-ਕੁੱਟ ਕੇ ਨਾ ਮਾਰਨਾ ਪਵੇ | ਦਰਅਸਲ ਭੁੱਖ ਇਨਸਾਨੀ ਜ਼ਿੰਦਗੀ ਤੇ ਵਿਵਹਾਰ ਨੂੰ ਬਦਲਣ ਦੀ ਸਭ ਤੋਂ ਵੱਡੀ ਤਾਕਤ ਹੈ, ਜਦੋਂ ਇਹ ਹੱਦ ਤੋਂ ਵਧ ਜਾਂਦੀ ਹੈ ਤਾਂ ਇਹ ਇਨਸਾਨ ਤੋਂ ਬੁਰੇ ਤੋਂ ਬੁਰੇ ਕੰਮ ਵੀ ਕਰਵਾ ਲੈਂਦੀ ਹੈ | ਭੁੱਖ ਤੇ ਗਰੀਬੀ ਦਾ ਸਤਾਇਆ ਮਨੁੱਖ ਅੰਤਾਂ ਦੀ ਗਰਮੀ-ਸਰਦੀ ਜਾਂ ਬਿਮਾਰੀ 'ਚ ਵੀ ਦਿਨ-ਰਾਤ ਮਿਹਨਤ ਕਰਨ ਲਈ ਮਜਬੂਰ ਹੋ ਜਾਂਦਾ ਹੈ, ਤਾਂ ਕਿ ਉਹ ਭੁੱਖ ਤੋਂ ਬਚ ਸਕੇ | ਕਈ ਵਾਰੀ ਪੇਟ ਦੀ ਭੁੱਖ ਕਾਰਨ ਇਨਸਾਨ ਨੂੰ ਅਜਿਹੇ ਕੰਮ ਵੀ ਕਰਨੇ ਪੈ ਜਾਂਦੇ ਹਨ, ਜੋ ਉਸ ਦੇ ਅਸੂਲਾਂ ਦੇ ਖ਼ਿਲਾਫ਼ ਹੁੰਦੇ ਹਨ ਅਤੇ ਉਸ ਦੀ ਜ਼ਮੀਰ ਵੀ ਉਹ ਕੰਮ ਕਰਨ ਲਈ ਨਹੀਂ ਮੰਨਦੀ ਹੁੰਦੀ, ਫਿਰ ਵੀ ਉਹ ਮਜਬੂਰੀਵੱਸ ਗਲਤ ਕੰਮ ਕਰ ਜਾਂਦਾ ਹੈ | ਭੁੱਖ ਬੰਦੇ ਤੋਂ ਚੋਰੀ ਤੇ ਹੋਰ ਵੀ ਕੋਈ ਵੱਡੇ ਜੁਰਮ ਕਰਵਾ ਸਕਦੀ ਹੈ | ਅਖਾਣ ਹੈ 'ਭੁੱਖਾ ਮਰਦਾ ਕੀ ਨਾ ਕਰਦਾ' ਮਤਲਬ ਬੰਦਾ ਹੋਰ ਕੋਈ ਚਾਰਾ ਨਾ ਵੇਖ ਕੇ ਬੁਰੇ ਕੰਮਾਂ ਵੱਲ ਪ੍ਰੇਰਤ ਹੋ ਜਾਂਦਾ ਹੈ | ਇਹੀ ਭੁੱਖ ਕਈ ਵਾਰੀ ਮਨੁੱਖ ਨੂੰ ਪ੍ਰਸ਼ਾਸਨ ਸਰਕਾਰ ਦੇ ਖ਼ਿਲਾਫ ਬਗਾਵਤ ਕਰਨ ਲਈ ਮਜਬੂਰ ਕਰ ਦਿੰਦੀ ਹੈ, ਦੁਨੀਆ ਦੇ ਕਈ ਦੇਸ਼ਾਂ 'ਚ ਵੱਡੀਆਂ ਕ੍ਰਾਂਤੀਆਂ ਤੇ ਬਗਾਵਤਾਂ ਭੁੱਖ ਤੇ ਗਰੀਬੀ ਨਾਲ ਲੜਨ ਵਾਲੇ ਲੋਕਾਂ ਵਲੋਂ ਹੀ ਕੀਤੀਆਂ ਗਈਆਂ ਹਨ |
ਭੁੱਖ ਸਾਡੀ ਸੋਚ, ਸੁਭਾਅ ਤੇ ਭਾਵਨਾਵਾਂ 'ਚ ਵੀ ਬਦਲਾਅ ਲਿਆ ਦਿੰਦੀ ਹੈ | ਭੁੱਖ ਮਨੁੱਖ 'ਚ ਗੁੱਸਾ ਤੇ ਚਿੜਚਿੜਾਪਨ ਪੈਦਾ ਕਰਦੀ ਹੈ | ਉਪਰੋਕਤ ਫ਼ੈਸਲੇ ਦੇ ਨਾਲ ਮਿਲਦੀ-ਜੁਲਦੀ ਇਕ ਕਹਾਣੀ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ 'ਚ ਵਾਪਰੀ ਸੀ, ਇਕ ਵਾਰ ਜਦੋਂ ਮਹਾਰਾਜਾ ਦੇ ਸਿਪਾਹੀ ਇਕ ਚੋਰ ਨੂੰ ਫੜ ਕੇ ਲਿਆਏ ਤੇ ਉਨ੍ਹਾਂ ਦੇ ਦਰਬਾਰ ਵਿਚ ਪੇਸ਼ ਕਰਕੇ ਚੋਰ ਨੂੰ ਸਜ਼ਾ ਦੇਣ ਲਈ ਬੇਨਤੀ ਕੀਤੀ ਗਈ |
ਮਹਾਰਾਜਾ ਰਣਜੀਤ ਸਿੰਘ ਨੇ ਉਨ੍ਹਾਂ ਤੋਂ ਪੁੱਛਿਆ ਕਿ ਇਸ ਨੇ ਕਦੋਂ, ਕਿੱਥੇ ਤੇ ਕਿਸ ਚੀਜ਼ ਦੀ ਚੋਰੀ ਕੀਤੀ ਹੈ ਤਾਂ ਸਿਪਾਹੀਆਂ ਨੇ ਚੋਰ ਵਲੋਂ ਚੋਰੀ ਕੀਤਾ ਸਮਾਨ ਉਨ੍ਹਾਂ ਅੱਗੇ ਪੇਸ਼ ਕਰਦਿਆਂ ਇਕ ਪੋਟਲੀ ਦਰਬਾਰ ਵਿਚ ਪੇਸ਼ ਕੀਤੀ | ਪੋਟਲੀ ਨੂੰ ਖੋਲ੍ਹਣ 'ਤੇ ਪਤਾ ਲੱਗਾ ਕਿ ਉਸ 'ਚ ਰੋਟੀਆਂ ਸਨ ਤਾਂ ਮਹਾਰਾਜਾ ਨੇ ਬੇਹੱਦ ਸ਼ਰਮਿੰਦਗੀ ਮਹਿਸੂਸ ਕਰਦਿਆਂ ਕਿਹਾ ਇਹ ਅਪਰਾਧ ਇਸ ਦਾ ਨਹੀਂ, ਸਗੋਂ ਮੇਰਾ ਅਪਰਾਧ ਹੈ, ਕਿਉਂਕਿ ਮੇਰੇ ਰਾਜ ਵਿਚ ਜੇਕਰ ਕੋਈ ਰੋਟੀ ਚੋਰੀ ਕਰਨ ਲਈ ਮਜਬੂਰ ਹੋਇਆ ਹੈ ਤਾਂ ਇਸ ਦਾ ਮਤਲਬ ਹੈ ਕਿ ਮੈਂ ਆਪਣੀ ਪਰਜਾ ਨੂੰ ਰੋਟੀ ਵੀ ਨਹੀਂ ਦੇ ਸਕਿਆ ਹਾਂ | ਰਾਜੇ ਦਾ ਫਰਜ਼ ਹੈ, ਕਿ ਉਹ ਆਪਣੀ ਜਨਤਾ ਨੂੰ ਭਰਪੂਰ ਜ਼ਿੰਦਗੀ ਜਿਉਣ ਲਈ ਹਰ ਤਰ੍ਹਾਂ ਦੀ ਸਹੂਲਤ ਪੈਦਾ ਕਰੇ |
ਮਹਾਰਾਜੇ ਨੇ ਚੋਰ ਨੂੰ ਸਜ਼ਾ ਦੇਣ ਦੀ ਬਜਾਏ ਖੁਰਾਕ ਪਦਾਰਥਾਂ ਨਾਲ ਮਾਲਾਮਾਲ ਕਰ ਦਿੱਤਾ | ਇਹੀ ਗੱਲ ਇਸ ਕੇਸ 'ਤੇ ਵੀ ਢੁੱਕਦੀ ਹੈ, ਜੇਕਰ ਮਹਾਰਾਜਾ ਰਣਜੀਤ ਸਿੰਘ ਨੇ ਇਨਸਾਫ ਕੀਤਾ ਸੀ ਤਾਂ ਜਸਟਿਸ ਸੁਥਾਰ ਨੇ ਵੀ ਇਨਸਾਫ ਕਰਕੇ ਇਨਸਾਨੀਅਤ ਨੂੰ ਜਿਊਣ ਜੋਗੀ ਕੀਤਾ ਹੈ | ਬਾਬਾ ਨਜ਼ਮੀ ਦਾ ਇਹ ਸ਼ਿਅਰ ਵੀ ਧਿਆਨ ਦੇਣ ਯੋਗ ਹੈ-
ਜਿਸ ਧਰਤੀ 'ਤੇ ਰੱਜਵਾਂ ਟੁੱਕਰ ਖਾਂਦੇ ਨਹੀਂ ਮਜ਼ਦੂਰ,
ਉਸ ਧਰਤੀ ਦੇ ਹਾਕਮ ਕੁੱਤੇ ਉਸ ਦੇ ਹਾਕਮ ਸੂਰ |
-ਫਗਵਾੜਾ |
ਮੋਬਾਈਲ : 98726-73703