18-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-08-2026

ਦੇਸ਼ ਵਿਚ ਪੈਰੋਲ ਦੇ ਵੱਖਰੇ-ਵੱਖਰੇ ਪੈਮਾਨੇ ਕਿਉਂ?

ਦੇਸ਼ ਵਿਚ ਪੈਰੋਲ ਦੇ ਵੱਖਰੇ-ਵੱਖਰੇ ਪੈਮਾਨੇ ਕਿਉਂ?

Ad Position 21
No active advertisement
ਅਜੀਤ ਡੈਸਕ 19-08-2026


ਕਾਨੂੰਨ ਅਨੁਸਾਰ ਮਿਲੀ ਸਜ਼ਾ ਦੌਰਾਨ ਕੁੱਝ ਸਮੇਂ ਲਈ ਦੋਸ਼ੀ ਨੂੰ  ਪਰਿਵਾਰ ਨਾਲ ਸਮਾਂ ਗੁਜ਼ਾਰਨ ਜਾਂ ਜ਼ਰੂਰੀ ਪਰਿਵਾਰਕ ਅਤੇ ਸਮਾਜਿਕ ਜ਼ਿੰਮੇਵਾਰੀਆਂ ਨਿਭਾਉਣ ਲਈ ਸਜ਼ਾ ਯਾਫਤਾ ਕੈਦੀ ਨੂੰ  ਜੇਲ੍ਹ ਵਿਚੋਂ ਬਾਹਰ ਆਉਣ ਦੀ ਇਜਾਜ਼ਤ ਦਿੱਤੀ ਜਾਂਦੀ ਹੈ | ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਵਲੋਂ ਜਗਤਾਰ ਸਿੰਘ ਹਵਾਰਾ ਨੂੰ  ਪੈਰੋਲ ਦੇਣ ਦੀ ਸਿਫਾਰਸ਼ ਨੇ ਇਹ ਮਾਮਲਾ ਫਿਰ ਚਰਚਾ ਵਿਚ ਲਿਆਂਦਾ ਹੈ | ਅਜਿਹੇ ਕੈਦੀ ਹਨ ਜੋ ਸਜ਼ਾਵਾਂ ਪੂਰੀਆਂ ਵੀ ਕਰ ਚੁੱਕੇ ਹਨ ਜਾਂ ਲੰਮੇ ਸਮੇਂ ਤੋਂ ਜੇਲ੍ਹਾਂ ਦੀਆਂ ਕਾਲ ਕੋਠੜੀਆਂ ਵਿਚ ਬੰਦ ਹਨ, ਉਨ੍ਹਾਂ ਨੂੰ  ਪੈਰੋਲ ਜਾਂ ਫਰਲੋ ਦੇਣ ਨਾਲ ਸਰਕਾਰ ਅਨੁਸਾਰ 'ਹਾਲਾਤ ਖਰਾਬ' ਹੋ ਸਕਦੇ ਹਨ | ਕੁੱਝ ਉਦਾਹਰਨਾਂ ਅਜਿਹੀਆਂ ਵੀ ਹਨ ਜਿੱਥੇ ਬਿਨਾਂ ਮੁਕੱਦਮਾ ਚਲਾਏ ਸਾਲਾਂਬੱਧੀ ਜ਼ਮਾਨਤ ਵੀ ਹਾਸਿਲ ਨਹੀਂ ਹੁੰਦੀ, ਜਿਵੇਂ ਉਮਰ ਖ਼ਾਲਿਦ ਦਾ ਕੇਸ | ਹੱਥ ਕੰਬਣ ਦੀ ਬਿਮਾਰੀ (Parkinson's 4isease) ਤੋਂ ਪੀੜ੍ਹਤ ਸਟੇਨ ਸਵਾਮੀ ਵਰਗੇ ਬਜ਼ੁਰਗ ਪਾਣੀ ਪੀਣ ਦੀ ਇਕ ਨਾਲੀ ਨੂੰ  ਤਰਸਦੇ ਜੇਲ੍ਹ ਵਿਚ ਹੀ ਦਮ ਤੋੜ ਗਏ | ਪਰ ਗੁਰਮੀਤ ਰਾਮ ਰਹੀਮ ਦਾ ਕੇਸ ਸਾਡੇ ਸਾਹਮਣੇ ਹੈ ਜੋ ਅਕਸਰ ਫਰਲੋ ਜਾਂ ਪੈਰੋਲ 'ਤੇ ਜੇਲ੍ਹ ਤੋਂ ਬਾਹਰ ਆਉਂਦਾ ਰਹਿੰਦਾ ਹੈ | ਗੁਰਮੀਤ ਰਾਮ ਰਹੀਮ ਨੂੰ  ਪਹਿਲੀ ਪੈਰੋਲ ਅਕਤੂਬਰ 2020 ਵਿਚ ਇਕ ਦਿਨ ਲਈ ਅਤੇ ਦੂਸਰੀ ਪੈਰੋਲ ਮਈ 2021 ਵਿਚ ਸਿਰਫ਼ 12 ਘੰਟਿਆਂ ਲਈ ਹਾਸਿਲ ਹੋਈ ਸੀ | ਉਸ ਤੋਂ ਬਾਅਦ ਤੀਸਰੀ ਫਰਲੋ ਪੰਜਾਬ ਵਿਧਾਨ ਸਭਾ ਚੋਣਾਂ ਵੇਲੇ 7 ਫਰਵਰੀ 2022 ਨੂੰ  21 ਦਿਨਾਂ ਲਈ ਦਿੱਤੀ ਜਾਂਦੀ ਹੈ | ਉਸ ਸਮੇਂ ਤੱਕ 'ਦ ਹਰਿਆਣਾ ਗੁੱਡ ਕੰਡਕਟ ਪਰਿਜ਼ਨਰਜ਼' (ਟੈਂਪਰੇਰੀ ਰਿਲੀਜ਼) ਐਕਟ 1988 ਲਾਗੂ ਸੀ | ਇਸ ਐਕਟ ਦੀ ਧਾਰਾ 4(a) ਅਨੁਸਾਰ ਜੇਕਰ ਕੈਦੀ ਨੇ ਆਰਜ਼ੀ ਰਿਹਾਈ ਤੱਕ ਤਿੰਨ ਸਾਲ ਦੀ ਸਜ਼ਾ ਕੱਟ ਲਈ ਹੋਵੇ ਤਾਂ ਉਹ ਆਰਜ਼ੀ ਰਿਹਾਈ ਦਾ ਹੱਕਦਾਰ ਬਣ ਜਾਂਦਾ ਹੈ | ਇਸੇ ਧਾਰਾ 4 ਦੀ ਉੱਪ-ਧਾਰਾ b(i) ਅਨੁਸਾਰ, 'ਆਦਤਨ ਅਪਰਾਧੀ' (8abitual Offenders) ਨੂੰ  ਇਹ ਫਰਲੋ ਨਹੀਂ ਦਿੱਤੀ ਜਾ ਸਕਦੀ | 'ਆਦਤਨ ਅਪਰਾਧੀ' ਨੂੰ  ਇਸ ਐਕਟ ਵਿਚ 'ਪੰਜਾਬ ਹੈਬੂਚਲ ਓਫੈਂਡਰਜ਼ (ਕੰਟਰੋਲ ਐਂਡ ਰਿਫਾਰਮ) ਐਕਟ 1952' ਦੀ ਧਾਰਾ 2(3) ਅਨੁਸਾਰ ਪਰਿਭਾਸ਼ਿਤ ਕੀਤਾ ਗਿਆ ਹੈ ਕਿ ਜਿਸ ਨੂੰ  ਪੰਜ ਸਾਲਾਂ ਦੌਰਾਨ 12 ਮਹੀਨਿਆਂ ਦੀਆਂ ਦੋ ਜਾਂ ਵੱਧ ਸਜ਼ਾਵਾਂ ਸੁਣਾਈਆਂ ਗਈਆਂ ਹੋਣ, ਉਹ 'ਆਦਤਨ ਅਪਰਾਧੀ' ਦੀ ਸ਼੍ਰੇਣੀ ਵਿਚ ਆਉਂਦਾ ਹੈ | ਗੁਰਮੀਤ ਰਾਮ ਰਹੀਮ ਨੂੰ  ਪਹਿਲੀ ਉਮਰ-ਕੈਦ ਦੀ ਸਜ਼ਾ ਡੇਰਾ ਸਿਰਸਾ ਦੀਆਂ ਸਾਧਵੀਆਂ ਨਾਲ ਬਲਾਤਕਾਰ ਦੇ ਦੋਸ਼ਾਂ ਤਹਿਤ 2017 ਵਿਚ ਸੁਣਾਈ ਗਈ ਸੀ | ਉਸ ਤੋਂ ਬਾਅਦ 11 ਜਨਵਰੀ, 2019 ਨੂੰ  ਆਪਣੇ ਡੇਰਾ ਮੈਨੇਜਰ ਰਣਜੀਤ ਸਿੰਘ ਅਤੇ 8 ਅਕਤੂਬਰ 2021 ਨੂੰ  ਪੱਤਰਕਾਰ ਰਾਮ ਚੰਦਰ ਛੱਤਰਪਤੀ ਦੇ ਕਤਲਾਂ ਵਿਚ ਕਥਿਤ ਸਾਜਸ਼ੀ ਸ਼ਮੂਲੀਅਤ ਲਈ ਉਮਰ-ਕੈਦ ਦੀਆਂ ਦੋ ਸਜ਼ਾਵਾਂ ਸੁਣਾਈਆਂ ਗਈਆਂ ਸਨ | ਇਸ ਤਰ੍ਹਾਂ 2017 ਤੋਂ 2021 ਤੱਕ ਦੇ ਚਾਰ ਸਾਲਾਂ ਵਿਚ ਉਸਨੂੰ ਤਿੰਨ ਸਜ਼ਾਵਾਂ ਸੁਣਾਈਆਂ ਗਈਆਂ ਸਨ | ਪਰ ਫਿਰ ਵੀ ਉਸਦੀ 21 ਦਿਨਾਂ ਦੀ ਫਰਲੋ 'ਤੇ ਆਰਜ਼ੀ ਰਿਹਾਈ ਹੋਈ | 
ਗੁਰਮੀਤ ਰਾਮ ਰਹੀਮ ਨੂੰ  ਪੈਰੋਲ ਜਾਂ ਫਰਲੋ ਦੇਣ ਦੀ ਰਫ਼ਤਾਰ ਸਾਲ 2022 ਤੋਂ ਬਾਅਦ ਤੇਜ਼ੀ ਫੜਦੀ ਹੈ, ਜਦੋਂ 1988 ਦਾ 'ਦ ਹਰਿਆਣਾ ਗੁੱਡ ਕੰਡਕਟ ਪਰਿਜ਼ਨਰਜ਼ (ਟੈਂਪਰੇਰੀ ਰਿਲੀਜ਼) ਐਕਟ' ਨੂੰ  ਰੱਦ (Repeal) ਕਰ ਕੇ 31.03.2022 'ਚ ਨਵਾਂ 'ਦ ਹਰਿਆਣਾ ਗੁੱਡ ਕੰਡਕਟ ਪਰਿਜ਼ਨਰਜ਼ (ਟੈਂਪਰੇਰੀ ਰਿਲੀਜ਼) ਐਕਟ 2022' ਹਰਿਆਣਾ ਵਿਧਾਨ ਸਭਾ ਵਿਚੋਂ ਪਾਸ ਹੁੰਦਾ ਹੈ  | ਐਕਟ ਲਾਗੂ ਕਰਨ ਲਈ ਸਰਕਾਰ ਵਲੋਂ ਕੁੱਝ ਨਿਯਮ ਬਣਾਏ ਜਾਂਦੇ ਹਨ ਪਰ 2022 ਦੇ 'ਦ ਹਰਿਆਣਾ ਗੁੱਡ ਕੰਡਕਟ ਪਰਿਜ਼ਨਰਜ਼' (ਟੈਂਪਰੇਰੀ ਰਿਲੀਜ਼) ਐਕਟ ਦੇ ਨਿਯਮ ਅੱਜ ਤੱਕ ਵੀ ਹੋਂਦ ਵਿਚ ਨਹੀਂ ਆਏ | ਸਾਲ 2022 ਦੇ ਨਵੇਂ ਕਾਨੂੰਨ ਵਿਚ 'ਆਦਤਨ ਅਪਰਾਧੀ' ਸ਼ਬਦ ਹਟਾ ਦਿੱਤਾ ਗਿਆ |
ਉਸ ਤੋਂ ਬਾਅਦ ਉਸੇ ਸਾਲ ਹਰਿਆਣਾ ਵਿਚ ਸਥਾਨਕ ਸਰਕਾਰਾਂ ਦੀਆਂ ਚੋਣਾਂ ਸਮੇਂ 17 ਜੂਨ ਤੋਂ ਤੀਹ ਦਿਨਾਂ ਦੀ ਪੈਰੋਲ ਰਾਮ ਰਹੀਮ ਨੂੰ  ਮਿਲ ਜਾਂਦੀ ਹੈ | ਇਸ ਪੈਰੋਲ ਨੂੰ  ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਹਾਈ ਕੋਰਟ ਵਿਚ ਚੁਣੌਤੀ ਦਿੱਤੀ ਗਈ | ਸਾਲ 1988 ਦੇ ਐਕਟ ਦੀ ਧਾਰਾ 2(aa) ਅਤੇ 2022 ਐਕਟ ਦੀ ਧਾਰਾ 2(g)(7,8,9) ਖ਼ਤਰਨਾਕ ਕੈਦੀਆਂ (8ardcore prisoners) ਦੀ ਸੂਚੀ ਵਿਚ 'ਸੀਰੀਅਲ ਕਿਲਿੰਗ', ਕੰਟਰੈਕਟ ਕਿਲਿੰਗ ਅਤੇ ਬਲਾਤਕਾਰ ਦੇ ਦੋਸ਼ੀਆਂ ਨੂੰ  ਸ਼ਾਮਿਲ ਕਰਦੀ ਹੈ | ਪਰ ਹਰਿਆਣਾ ਸਰਕਾਰ ਨੇ ਹਾਈ ਕੋਰਟ ਵਿਚ ਆਪਣੀ ਕਾਨੂੰਨੀ ਰਾਇ ਪੇਸ਼ ਕੀਤੀ ਕਿ ਕਿਉਂਕਿ ਰਾਮ ਰਹੀਮ ਉਸ ਵੇਲੇ ਤੱਕ ਦੋਸ਼ੀ ਠਹਿਰਾਏ ਕੇਸਾਂ ਵਿਚ ਕਤਲ ਕਰਨ ਦੇ ਜੁਰਮ ਵਿਚ ਆਪ 'ਸਿੱਧਾ' ਸ਼ਾਮਲ (serial killings) ਨਹੀਂ ਸੀ ਬਲਕਿ ਉਸਨੂੰ ਸਜ਼ਾ ਕਤਲ ਦੀ ਸਾਜਿਸ਼ ਦੇ ਦੋਸ਼ਾਂ ਵਿਚ ਹੋਈ ਹੈ, ਇਸ ਲਈ ਉਸ ਨੂੰ  ਖ਼ਤਰਨਾਕ ਕੈਦੀ ਨਹੀਂ ਮੰਨਿਆ ਜਾ ਸਕਦਾ | ਹਾਈ ਕੋਰਟ ਨੇ ਭਾਵੇਂ 2022 ਦੇ ਐਕਟ ਦੀਆਂ ਧਾਰਾਵਾਂ ਅਨੁਸਾਰ ਰਾਮ ਰਹੀਮ ਦੀ ਪੈਰੋਲ ਰੱਦ ਨਹੀਂ ਕੀਤੀ ਪਰ ਭਵਿੱਖ ਵਿਚ ਮਨਮਾਨੇ ਤਰੀਕੇ ਨਾਲ ਪੈਰੋਲ ਨਾ ਦੇਣ ਦੀ ਚਿਤਾਵਨੀ ਦਿੱਤੀ | ਹਰਿਆਣਾ ਸਰਕਾਰ ਨੇ ਉਸੇ ਸਾਲ 15 ਅਕਤੂਬਰ ਨੂੰ  ਫਿਰ 40 ਦਿਨ ਦੀ ਪੈਰੋਲ ਦੇ ਦਿੱਤੀ ਜਦੋਂ ਆਦਮਪੁਰ ਸੀਟ 'ਤੇ ਅਸੈਂਬਲੀ ਦੀ ਉਪ-ਚੋਣ ਸੀ | ਇਸ ਪੈਰੋਲ 'ਤੇ ਦਿੱਲੀ ਵੂਮੈਨ ਕਮਿਸ਼ਨ ਦੀ ਚੇਅਰਪਰਸਨ ਸਵਾਤੀ ਮਾਲਦੀਵ ਨੇ ਰਾਮ ਰਹੀਮ ਨੂੰ  ਖ਼ਤਰਨਾਕ ਵਿਅਕਤੀ ਲਿਖਦੇ ਹੋਏ ਵਾਰ ਵਾਰ ਮਿਲ ਰਹੀ ਪੈਰੋਲ 'ਤੇ ਹਰਿਆਣਾ ਸਰਕਾਰ ਨੂੰ  ਪੱਤਰ ਲਿਖ ਕੇ ਸਖ਼ਤ ਇਤਰਾਜ਼ ਉਠਾਇਆ ਸੀ | ਪਰ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਇਸ ਤੋਂ ਇਹ ਕਹਿੰਦਿਆਂ ਪੱਲਾ ਝਾੜ ਲਿਆ ਸੀ ਕਿ ਸਜ਼ਾਵਾਂ ਦੇਣ ਦਾ ਕੰਮ ਅਦਾਲਤਾਂ ਦਾ ਹੈ, ਨਿਯਮਾਂ ਅਨੁਸਾਰ ਪੈਰੋਲ ਦੇਣਾ ਜੇਲ੍ਹ ਅਧਿਕਾਰੀਆਂ ਦਾ ਅਤੇ ਇਸ ਵਿਚ ਮੇਰਾ ਕੋਈ ਰੋਲ ਨਹੀਂ |
ਉਸ ਤੋਂ ਬਾਅਦ ਵੀ ਗੁਰਮੀਤ ਰਾਮ ਰਹੀਮ ਨੂੰ  ਪੈਰੋਲ ਅਤੇ ਫਰਲੋ ਅਕਸਰ ਚੋਣਾਂ ਦੇ ਨੇੜੇ-ਤੇੜੇ ਮਿਲਦੀ ਰਹੀ ਹੈ ਜਿਵੇਂ 20 ਜੁਲਾਈ, 2023 ਦੀ 40 ਦਿਨਾਂ ਪੈਰੋਲ ਸਮੇਂ ਹਰਿਆਣਾ ਵਿਚ ਪੰਚਾਇਤੀ ਚੋਣਾਂ, 21 ਨਵੰਬਰ 2023 ਦੀ ਤਿੰਨ ਹਫ਼ਤਿਆਂ ਦੀ ਫਰਲੋ ਸਮੇਂ ਰਾਜਸਥਾਨ ਵਿਧਾਨ ਸਭਾ ਦੀਆਂ ਚੋਣਾਂ, 2 ਅਕਤੂਬਰ 2024 ਦੀ ਵੀਹ ਦਿਨਾਂ ਪੈਰੋਲ ਸਮੇਂ ਹਰਿਆਣਾ ਵਿਧਾਨਸਭਾ ਚੋਣਾਂ ਅਤੇ 28 ਜਨਵਰੀ 2025 ਦੀ ਤੀਹ ਦਿਨਾਂ ਪੈਰੋਲ ਸਮੇਂ ਦਿੱਲੀ ਵਿਧਾਨ ਸਭਾ ਚੋਣਾਂ ਦਾ ਸਮਾਂ ਸੀ | ਇਸ ਤੋਂ ਇਲਾਵਾ 13 ਅਗਸਤ 2024 ਦੀ ਫਰਲੋ ਅਤੇ 5 ਅਗਸਤ 2025 ਦੀ ਪੈਰੋਲ ਦਾ ਸਮਾਂ ਰਾਮ ਰਹੀਮ ਦੇ 15 ਅਗਸਤ ਦੇ ਜਨਮ ਦਿਨ ਨਾਲ ਜੁੜਦਾ ਹੈ | 
ਹਰਿਆਣਾ ਦੇ ਸਾਲ 1988 ਐਕਟ ਦੀ ਧਾਰਾ 3(1) ਅਨੁਸਾਰ ਕਿਸੇ ਕੈਦੀ ਦੀ ਆਰਜ਼ੀ ਰਿਹਾਈ ਲਈ ਹੇਠ ਲਿਖੀਆਂ ਸ਼ਰਤਾਂ ਦੀ ਪਾਲਣਾ ਕਰਨਾ ਸੀ:
(ੳ) ਮਰੀਜ਼ ਦੇ ਪਰਿਵਾਰ ਵਿਚ ਕਿਸੇ ਦੀ ਮੌਤ ਜਾਂ ਪਰਿਵਾਰ ਦੇ ਕਿਸੇ ਮੈਂਬਰ ਦੀ ਜਾਂ ਖੁਦ ਕੈਦੀ ਦੀ ਗੰਭੀਰ ਬਿਮਾਰੀ
(ਅ) ਕੈਦੀ ਦਾ ਆਪਣਾ, ਧੀ-ਪੁੱਤ, ਪੋਤੇ-ਪੋਤਰੇ, ਭੈਣ-ਭਰਾ, ਜਾਂ ਭਾਣਜੇ-ਭਾਣਜੀ ਦਾ ਵਿਆਹ, (ੲ) ਕੈਦੀ ਦੀ ਆਪਣੀ ਜਾਂ ਸਾਂਝੀ ਪਰਿਵਾਰਕ ਜ਼ਮੀਨ 'ਤੇ ਫਸਲ ਬੀਜਣ, ਕੱਟਣ ਜਾਂ ਸੰਭਾਲਣ ਲਈ, (ਸ) ਕੋਈ ਹੋਰ ਜ਼ਰੂਰੀ ਕਾਰਨ 'ਹਰਿਆਣਾ ਗੁੱਡ ਕੰਡਕਟ ਪਰਿਜ਼ਨਰਜ਼' (ਟੈਂਪਰੇਰੀ ਰਿਲੀਜ਼) ਰੂਲਜ਼ 2007 ਦੇ ਰੂਲ ਅੱਠ ਅਨੁਸਾਰ ਇਨ੍ਹਾਂ ਜ਼ਰੂਰੀ ਕਾਰਨਾਂ ਵਿਚ ਕਿਸੇ ਵਾਰਿਸ ਦਾ ਕਿਸੇ ਵਿੱਦਿਅਕ ਅਦਾਰੇ ਵਿਚ ਦਾਖਲਾ, ਪਤਨੀ ਦਾ ਜਣੇਪਾ, ਘਰ ਦੀ ਉਸਾਰੀ ਜਾਂ ਮੁਰੰਮਤ (ਤਿੰਨ ਸਾਲ ਵਿਚ ਸਿਰਫ਼ ਇਕ ਵਾਰ) ਜਾਂ ਭਰਾ ਦੀ ਮੌਤ ਹੋਣ ਦੀ ਸੂਰਤ ਵਿਚ ਉਸਦੇ ਕਿਸੇ ਬੱਚੇ ਦਾ ਵਿਆਹ) | ਸਾਲ 1988 ਦੇ ਐਕਟ ਦੀ ਧਾਰਾ 3(2) ਅਨੁਸਾਰ (ੳ) (ਮੌਤ ਜਾਂ ਬਿਮਾਰੀ ਦੀ ਹਾਲਤ ਵਿਚ) ਲਈ ਤਿੰਨ ਹਫ਼ਤੇ, (ਅ) (ਵਿਆਹ) ਅਤੇ (ਸ) (ਜ਼ਰੂਰੀ ਕਾਰਨ) ਲਈ ਚਾਰ ਹਫ਼ਤੇ ਅਤੇ (ੲ) (ਖੇਤੀ ਕੰਮਾਂ) ਲਈ ਛੇ ਹਫ਼ਤਿਆਂ ਦੀ ਪੈਰੋਲ ਦਿੱਤੀ ਜਾ ਸਕਦੀ ਸੀ | ਪਰ ਸਾਲ 2022 ਦੇ ਐਕਟ ਵਿਚ ਰਿਸ਼ਤੇਦਾਰ ਦੀ ਮੌਤ ਜਾਂ ਬਿਮਾਰੀ ਦੇ ਆਧਾਰ 'ਤੇ ਐਮਰਜੈਂਸੀ ਪੈਰੋਲ ਦਾ ਜ਼ਿਕਰ ਤਾਂ ਧਾਰਾ 2(i)(ii) ਅਤੇ ਗਰਭਵਤੀ ਹਾਲਤਾਂ ਵਿਚ ਧਾਰਾ 3(2) ਵਿਚ ਹੈ ਪਰ ਪੈਰੋਲ ਜਾਂ ਫਰਲੋ ਦੀਆਂ 1988 ਦੇ ਐਕਟ ਦੀਆਂ ਬਾਕੀ ਸ਼ਰਤਾਂ ਦਾ ਕੋਈ ਜ਼ਿਕਰ ਨਹੀਂ | ਬਲਕਿ ਇਸ ਨਵੇਂ ਕਾਨੂੰਨ ਵਿਚ ਕੋਈ ਵੀ ਕੈਦੀ ਪੈਰੋਲ ਜਾਂ ਫਰਲੋ ਸਰਕਾਰੀ ਅਧਿਕਾਰੀਆਂ ਵਲੋਂ ਨਿਰਧਾਰਤ 'ਚੰਗੇ ਵਰਤਾਅ ਅਤੇ ਸਾਊਪੁਣੇ' ਦੇ ਆਧਾਰ 'ਤੇ ਹੀ ਹਾਸਿਲ ਕਰ ਸਕਦਾ ਹੈ, ਇਸ ਨਵੇਂ ਕਾਨੂੰਨ ਅਨੁਸਾਰ ਕੈਦੀ ਨੂੰ  ਸਾਲ ਵਿਚ ਦਸ ਹਫ਼ਤਿਆਂ ਤੱਕ ਪੈਰੋਲ ਅਤੇ ਤਿੰਨ ਹਫ਼ਤਿਆਂ ਤੱਕ ਫਰਲੋ ਦੀ ਸਹੂਲਤ ਹਾਸਲ ਹੈ | ਇਹ ਕੁੱਲ ਮਿਲਾ ਕੇ ਸਾਲ ਵਿਚ ਤਿੰਨ ਮਹੀਨੇ ਬਣਦੀ ਹੈ ਅਤੇ ਗੁਰਮੀਤ ਰਾਮ ਰਹੀਮ ਇਸ ਨਵੇਂ ਕਾਨੂੰਨ ਦੇ ਹੋਂਦ ਵਿਚ ਆਉਣ ਤੋਂ ਬਾਅਦ ਪੈਰੋਲ ਅਤੇ ਫਰਲੋ ਦਾ ਇਹ ਪੂਰਾ ਸਮਾਂ ਜੇਲ੍ਹ ਤੋਂ ਬਾਹਰ ਬਤੀਤ ਕਰ ਰਿਹਾ ਹੈ |
ਇਕ ਤੱਥ ਹੋਰ ਵੀ ਕਾਬਲੇਗ਼ੌਰ ਹੈ ਕਿ ਹਰਿਆਣਾ ਤੋਂ ਬਿਨਾਂ ਕਿਸੇ ਵੀ ਰਾਜ ਨੇ ਆਪਣੇ ਹੋਂਦ ਵਿਚ ਆਉਣ ਤੋਂ ਬਾਅਦ ਦੂਜੀ ਵਾਰ 'ਦ ਗੁੱਡ ਕੰਡਕਟ ਪਰਿਜ਼ਨਰਜ਼' 'ਟੈਂਪਰੇਰੀ ਰਿਲੀਜ਼' ਐਕਟ ਦੁਬਾਰਾ ਨਹੀਂ ਬਣਾਇਆ | ਇੱਥੋਂ ਤੱਕ ਕਿ ਗੋਆ, ਗੁਜਰਾਤ ਅਤੇ ਉੱਤਰ ਪ੍ਰਦੇਸ਼ ਵਿਚ ਤਾਂ ਬਸਤੀਵਾਦੀ ਸਮੇਂ ਦੇ ਕ੍ਰਮਵਾਰ 1894, 1926 ਅਤੇ 1938 ਦੇ ਕਾਨੂੰਨ ਹੀ ਕੈਦੀਆਂ ਦੀ ਪੈਰੋਲ ਜਾਂ ਫਰਲੋ ਲਈ ਅੱਜ ਵੀ ਲਾਗੂ ਹਨ | 
ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਨੇ 3 ਸਤੰਬਰ 2020 ਨੂੰ  ਸਾਰੀਆਂ ਰਾਜ ਸਰਕਾਰਾਂ ਨੂੰ  ਇਕ ਐਡਵਾਈਜ਼ਰੀ ਵਿਚ ਲਿਖਿਆ ਸੀ ਕਿ ਚੋਣਵੇਂ ਕੈਦੀਆਂ ਨੂੰ  ਹੀ ਨਿਰਧਾਰਤ ਸ਼ਰਤਾਂ 'ਤੇ ਪੈਰੋਲ ਜਾਂ ਫਰਲੋ ਦਿੱਤੀ ਜਾਵੇ | ਹਰਿਆਣਾ ਸਰਕਾਰ ਨੇ ਤਾਂ ਸ਼ਰਤਾਂ ਖਤਮ ਕਰ ਕੇ ਅਫ਼ਸਰਸ਼ਾਹੀ ਵੱਲੋਂ ਦਿੱਤੇ 'ਸ਼ਰਾਫਤ' ਦੇ ਸਰਟੀਫਿਕੇਟ ਨੂੰ  ਹੀ ਪੈਰੋਲ ਅਤੇ ਫਰਲੋ ਦਾ ਆਧਾਰ ਮੰਨ ਲਿਆ ਹੈ | ਇਸੇ ਐਡਵਾਈਜ਼ਰੀ ਦੇ ਨੁਕਤਾ ਨੰਬਰ 4(iii) ਲਿਖਿਆ ਸੀ ਕਿ ਪੈਰੋਲ ਅਤੇ ਫਰਲੋ ਰੁਟੀਨ ਵਿਚ ਨਾ ਦਿੱਤੀ ਜਾਵੇ ਅਤੇ ਬਲਾਤਕਾਰ ਸਮੇਤ ਗੰਭੀਰ ਦੋਸ਼ਾਂ ਅਧੀਨ ਸਜ਼ਾ ਜਾਫਤਾ ਕੈਦੀਆਂ ਦੇ ਕੇਸਾਂ ਨੂੰ  ਵਿਚਾਰਨ ਲਈ ਅਧਿਕਾਰੀਆਂ ਅਤੇ ਮਾਹਿਰਾਂ ਦੀ ਇਕ ਕਮੇਟੀ ਸਾਰੇ ਪੱਖਾਂ ਨੂੰ  ਧਿਆਨ ਵਿਚ ਰੱਖਦੇ ਹੋਏ ਫੈਸਲਾ ਕਰੇ | ਸਾਲ 2016 ਦੇ ਮਾਡਰਨ ਜੇਲ੍ਹ ਮੈਨੂਅਲ ਵਿਚ ਵੀ ਹਦਾਇਤ ਹੈ ਕਿ ਯੋਗ ਸ਼ਰਤਾਂ (5ligibility 3riteria) ਦੀ ਪਾਲਣਾ ਯਕੀਨੀ ਬਣਾਈ ਜਾਵੇ | ਹਰਿਆਣਾ ਵਿਚ ਸਾਰੇ ਕੈਦੀ ਰਾਮ ਰਹੀਮ ਜਿੰਨੇ ਖੁਸ਼ਕਿਸਮਤ ਨਹੀਂ ਹਨ | ਫੂਲ ਕੁਮਾਰ ਬਨਾਮ ਸਟੇਟ ਆਫ਼ ਹਰਿਆਣਾ ਦੇ ਕੇਸ ਨੰਬਰ 1350 ਆਫ਼ 2022 ਵਿਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਹਰਿਆਣਾ ਸਰਕਾਰ ਦੀ ਦਿਮਾਗ ਨਾ ਵਰਤਣ ਦੀ ਪ੍ਰਵਿਰਤੀ ਨੂੰ  ਉਜਾਗਰ ਕਰਦੇ ਹੋਏ ਸਖ਼ਤ ਟਿੱਪਣੀਆਂ ਕੀਤੀਆਂ ਸਨ ਅਤੇ ਦੋਸ਼ੀ ਨੂੰ  ਪੈਰੋਲ ਦੇਣ ਦਾ ਹੁਕਮ ਦਿੱਤਾ ਸੀ, ਜਿਸਨੂੰ ਹਰਿਆਣਾ ਸਰਕਾਰ ਨੇ ਲੋੜੀਂਦੀਆਂ ਸ਼ਰਤਾਂ ਪੂਰੀਆਂ ਕਰਨ ਦੇ ਬਾਵਜੂਦ ਵੀ ਪੈਰੋਲ ਦੇਣ ਤੋਂ ਇਨਕਾਰ ਕਰ ਦਿੱਤਾ ਸੀ | 
ਗੁਰਮੀਤ ਰਾਮ ਰਹੀਮ ਦੀ 2022 ਤੋਂ ਬਾਅਦ ਦੀ ਪੈਰੋਲ ਜਾਂ ਫਰਲੋ ਹਰਿਆਣਾ ਦੇ ਨਵੇਂ ਕਾਨੂੰਨ ਅਨੁਸਾਰ ਜਾਇਜ਼ ਠਹਿਰਾਈ ਜਾ ਸਕਦੀ ਹੈ ਪਰ ਕੀ 2022 ਦੇ ਕਾਨੂੰਨ ਦੀਆਂ ਸ਼ਰਤਾਂ ਗੁਰਮੀਤ ਰਾਮ ਰਹੀਮ ਨੂੰ  ਫਾਇਦਾ ਪਹੁੰਚਾਉਣ ਲਈ ਹੀ ਤਾਂ ਨਰਮ ਨਹੀਂ ਕੀਤੀਆਂ ਗਈਆਂ? ਜਿੱਥੇ ਕਿਸੇ ਕੈਦੀ ਦੇ ਸੰਵਿਧਾਨਕ ਹੱਕ ਦੀ ਰਾਖੀ ਕਰਨ ਲਈ ਰਾਜ ਪਾਬੰਦ ਹੈ, ਉੱਥੇ ਕਿਸੇ ਪੀੜਤ ਦੇ ਇਨਸਾਫ਼ ਨੂੰ  ਵੀ ਆਂਚ ਨਹੀਂ ਆਉਂਣੀ ਚਾਹੀਦੀ | ਉਂਜ ਵੀ ਇਕ ਮੁਲਕ ਵਿਚ ਕੈਦੀਆਂ ਨੂੰ  ਪੈਰੋਲ ਜਾਂ ਫਰਲੋ ਦੇਣ ਦੇ ਵੱਖਰੇ-ਵੱਖਰੇ ਪੈਮਾਨੇ ਜਾਂ ਕਾਨੂੰਨ ਕਿਉਂ ਹੋਣ? ਸੰਯੁਕਤ ਰਾਸ਼ਟਰ ਦੇ ਨੈਲਸਨ ਮੰਡੇਲਾ ਰੂਲ ਵੀ ਕਿਸੇ ਕੈਦੀ ਨੂੰ  ਨਸਲ, ਲਿੰਗ, ਜ਼ੁਬਾਨ, ਧਰਮ, ਸਿਆਸੀ ਵਿਚਾਰਾਂ, ਕੌਮੀਅਤ, ਸਾਮਾਜਿਕ ਰੁਤਬੇ, ਜਨਮ ਸਥਾਨ ਆਦਿ ਦੇ ਆਧਾਰ 'ਤੇ ਵਿਤਕਰੇ ਨੂੰ  ਖਾਰਜ ਕਰਦੇ ਹਨ | ਭਾਰਤੀ ਸੰਵਿਧਾਨ ਵੀ ਇਹੋ ਕੁੱਝ ਕਹਿੰਦਾ ਹੈ | ਫਿਰ ਕੈਦੀਆਂ ਨੂੰ  ਪੈਰੋਲ ਜਾਂ ਫਰਲੋ ਦੇਣ ਦੇ ਮਾਮਲੇ ਵਿਚ ਵਿਤਕਰਾ ਕਿਉਂ?

-(ਲੇਖਕ ਸਾਬਕਾ ਸਿਵਲ ਸਰਜਨ ਹਨ |)
-ਮੋਬਾਈਲ : 98728-44163

Ad Position 22
No active advertisement
ਪਿਛਲੀ ਖ਼ਬਰ ਲੋਕਤੰਤਰ ਦੀ ਮਜ਼ਬੂਤੀ ਲਈ ਜ਼ਰੂਰੀ ਹੈ ਪ੍ਰਭਾਵੀ ਵਿਰੋਧੀ ਧਿਰ ਅਗਲੀ ਖ਼ਬਰ ਕਦੇ ਵੀ ਦੂਜਿਆਂ ਨਾਲ ਅਜਿਹਾ ਸਲੂਕ ਨਾ ਕਰੋ ਜੋ ਤੁਸੀਂ ਆਪਣੇ ਲਈ ਪਸੰਦ ਨਹੀਂ ਕਰਦੇ | -ਐਗਸਟਾਈਨ
Ad Position 24