17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-11-2026

ਬਿਲਕਿਸ ਬਾਨੋ ਦੀ ਹੋਣੀ

ਬਿਲਕਿਸ ਬਾਨੋ ਦੀ ਹੋਣੀ

Ad Position 21
No active advertisement
ਅਜੀਤ ਡੈਸਕ 18-11-2026

ਕੁਝ ਘਟਨਾਵਾਂ ਅਜਿਹੀਆਂ ਹੁੰਦੀਆਂ ਹਨ, ਜਿਨ੍ਹਾਂ ਦਾ ਪ੍ਰਭਾਵ ਲੰਮੇ ਸਮੇਂ ਤੱਕ ਬਣਿਆ ਰਹਿੰਦਾ ਹੈ | ਸਾਲ 2002 'ਚ ਗੁਜਰਾਤ ਵਿਚ ਬਹੁਤ ਭਿਆਨਕ ਦੰਗੇ ਹੋਏ ਸਨ, ਜਿਨ੍ਹਾਂ ਦੀਆਂ ਕੌੜੀਆਂ-ਕੁਸੈਲੀਆਂ ਯਾਦਾਂ ਹਾਲੇ ਵੀ ਬਾਕੀ ਹਨ | ਪਿਛਲੇ ਦਿਨ ਸੁਪਰੀਮ ਕੋਰਟ ਵਲੋਂ ਇਨ੍ਹਾਂ ਨਾਲ ਸੰਬੰਧਿਤ ਦੋ ਦੋਸ਼ੀਆਂ ਦੀ ਉਮਰ ਕੈਦ ਦੀ ਸਜ਼ਾ ਮੁਅੱਤਲ ਕਰਦਿਆਂ ਉਨ੍ਹਾਂ ਨੂੰ  ਜ਼ਮਾਨਤ ਦੇ ਦਿੱਤੀ ਗਈ ਹੈ, ਜਿਸ ਨਾਲ ਇਕ ਵਾਰ ਫਿਰ ਇਹ ਘਟਨਾਕ੍ਰਮ ਤਾਜ਼ਾ ਹੋ ਗਿਆ ਹੈ | ਪਿਛਲੇ 24 ਸਾਲਾਂ ਵਿਚ ਇਨ੍ਹਾਂ ਦੰਗਿਆਂ ਦੇ ਨਾਲ-ਨਾਲ ਬਿਲਕਿਸ ਬਾਨੋ ਦੇ ਕੇਸ ਦੀ ਵੀ ਯਾਦ ਤਾਜ਼ਾ ਹੁੰਦੀ ਰਹੀ ਹੈ | ਇਨ੍ਹਾਂ ਦੰਗਿਆਂ ਨਾਲ ਜੁੜੇ ਇਸ ਕੇਸ ਵਿਚ ਬਹੁਤ ਭਿਆਨਕ ਤੱਥ ਸਾਹਮਣੇ ਆਏ ਸਨ | ਇਨ੍ਹਾਂ ਦੰਗਿਆਂ ਦੌਰਾਨ 21 ਸਾਲਾਂ ਦੀ ਬਿਲਕਿਸ ਬਾਨੋ ਆਪਣੇ ਪਰਿਵਾਰ ਨਾਲ ਆਪਣਾ ਬਚਾਅ ਕਰਨ ਲਈ ਦੌੜੀ ਸੀ, ਪਰ ਉਹ ਦੰਗਾਕਾਰੀਆਂ ਦੀ ਲਪੇਟ ਵਿਚ ਆ ਗਈ | ਉਸ ਸਮੇਂ ਉਹ 5 ਮਹੀਨੇ ਦੀ ਗਰਭਵਤੀ ਸੀ, ਜਿਸ ਨਾਲ ਇਨ੍ਹਾਂ ਦੰਗਾਕਾਰੀਆਂ ਨੇ ਜਬਰ-ਜਨਾਹ ਕੀਤਾ | ਇਸ ਦੇ ਨਾਲ ਹੀ ਉਨ੍ਹਾਂ ਨੇ ਉਸ ਦੇ ਪਰਿਵਾਰ ਦੇ 7 ਮੈਂਬਰਾਂ ਦੀ ਵੀ ਹੱਤਿਆ ਕਰ ਦਿੱਤੀ ਸੀ, ਜਿਨ੍ਹਾਂ ਵਿਚ ਉਸ ਦੀ ਤਿੰਨ ਸਾਲਾਂ ਦੀ ਧੀ ਸਲੇਹਾ ਵੀ ਸ਼ਾਮਿਲ ਸੀ, ਜਿਸ ਨੂੰ  ਉਸ ਦੇ ਸਾਹਮਣੇ ਹੀ ਮਾਰ ਦਿੱਤਾ ਗਿਆ ਸੀ |

ਇਸ ਪਿੱਛੋਂ ਚੱਲੀ ਸੀ.ਬੀ.ਆਈ. ਦੀ ਲੰਮੀ ਜਾਂਚ ਅਤੇ ਚੱਲੇ ਮੁਕੱਦਮੇ ਤੋਂ ਬਾਅਦ ਇਸ ਮਾਮਲੇ ਵਿਚ 11 ਦੰਗਾਕਾਰੀਆਂ ਨੂੰ  ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ, ਪਰ ਸਾਲ 2022 ਵਿਚ ਗੁਜਰਾਤ ਸਰਕਾਰ ਨੇ ਇਨ੍ਹਾਂ ਸਾਰੇ 11 ਦੋਸ਼ੀਆਂ ਨੂੰ  ਸਜ਼ਾ ਤੋਂ ਛੋਟ ਦੇ ਕੇ ਰਿਹਾਅ ਕਰ ਦਿੱਤਾ ਸੀ | ਇਸ ਰਿਹਾਈ ਤੋਂ ਬਾਅਦ ਕੁਝ ਲੋਕਾਂ ਨੇ ਇਨ੍ਹਾਂ ਦੋਸ਼ੀਆਂ ਦਾ ਹਾਰ ਪਾ ਕੇ ਸਨਮਾਨ ਵੀ ਕੀਤਾ ਸੀ | ਇਸ ਦੀ ਇਸ ਕਦਰ ਵੱਡੇ ਪੱਧਰ 'ਤੇ ਦੇਸ਼ ਭਰ ਵਿਚ ਚਰਚਾ ਹੋਈ ਸੀ ਕਿ ਸੁਪਰੀਮ ਕੋਰਟ ਦੇ ਦਖ਼ਲ ਦੇਣ ਨਾਲ ਜਨਵਰੀ, 2024 ਨੂੰ  ਉਨ੍ਹਾਂ ਦੀ ਰਿਹਾਈ ਦੇ ਆਦੇਸ਼ ਰੱਦ ਕਰ ਦਿੱਤੇ ਗਏ ਸਨ ਤੇ ਦੋਸ਼ੀਆਂ ਨੂੰ  ਮੁੜ 2 ਹਫ਼ਤਿਆਂ ਅੰਦਰ ਆਤਮ-ਸਮਰਪਣ ਕਰਨ ਲਈ ਕਿਹਾ ਗਿਆ ਸੀ | ਹੁਣ ਦੁਬਾਰਾ ਸੁਪਰੀਮ ਕੋਰਟ ਨੇ ਇਨ੍ਹਾਂ ਦੋਸ਼ੀਆਂ ਵਿਚੋਂ ਦੋ ਬਿਪਨ ਚੰਦਰ ਜੋਸ਼ੀ ਅਤੇ ਪ੍ਰਦੀਪ ਮੋਰਧੀਆ ਦੀ ਉਮਰ ਕੈਦ ਦੀ ਸਜ਼ਾ ਮੁਅੱਤਲ ਕਰ ਕੇ ਉਨ੍ਹਾਂ ਨੂੰ  ਜ਼ਮਾਨਤ ਦੇ ਦਿੱਤੀ ਹੈ | ਅਦਾਲਤ ਦੇ ਆਦੇਸ਼ ਅਨੁਸਾਰ ਦੋਵੇਂ ਦੋਸ਼ੀ 17 ਸਾਲ ਤੋਂ ਵੱਧ ਸਮੇਂ ਤੋਂ ਜੇਲ੍ਹ ਵਿਚ ਸਜ਼ਾ ਕੱਟ ਚੁੱਕੇ ਹਨ | ਉਨ੍ਹਾਂ 'ਚੋਂ ਇਕ ਗੰਭੀਰ ਅਪੰਗਤਾ ਤੋਂ ਪੀੜਤ ਹੈ | ਇਹ ਦੋਵੇਂ ਉਨ੍ਹਾਂ 11 ਮੁਜਰਮਾਂ ਵਿਚ ਸ਼ਾਮਿਲ ਹਨ, ਜਿਨ੍ਹਾਂ ਦੀ ਗੁਜਰਾਤ ਸਰਕਾਰ ਨੇ ਰਿਹਾਈ ਕੀਤੀ ਸੀ ਅਤੇ ਬਾਅਦ ਵਿਚ ਸੁਪਰੀਮ ਕੋਰਟ ਨੇ ਉਨ੍ਹਾਂ ਨੂੰ  ਮੁੜ ਜੇਲ੍ਹ ਜਾਣ ਦਾ ਆਦੇਸ਼ ਦਿੱਤਾ ਸੀ | ਜਿੱਥੋਂ ਤੱਕ ਦੇਸ਼ ਦਾ ਸੰਬੰਧ ਹੈ, ਆਜ਼ਾਦੀ ਤੋਂ ਪਹਿਲਾਂ ਵੀ ਅਤੇ ਆਜ਼ਾਦੀ ਤੋਂ ਬਾਅਦ ਵੀ ਥਾਂ ਪੁਰ ਥਾਂ ਹੁੰਦੇ ਭਿਆਨਕ ਫਿਰਕੂ ਦੰਗਿਆਂ ਨੇ ਲਗਾਤਾਰ ਸਮੁੱਚੇ ਮਾਹੌਲ ਨੂੰ  ਪ੍ਰਦੂਸ਼ਿਤ ਕਰੀ ਰੱਖਿਆ ਹੈ |
ਬਿਨਾਂ ਸ਼ੱਕ ਇਹ ਸਾਡੇ ਸੰਵਿਧਾਨ ਦੀ ਭਾਵਨਾ 'ਤੇ ਲੱਗ ਰਹੇ ਬਦਨੁਮਾ ਧੱਬੇ ਹਨ, ਜਿਨ੍ਹਾਂ ਪ੍ਰਤੀ ਹਰ ਸੂਰਤ ਵਿਚ ਸਖ਼ਤ ਰਵੱਈਆ ਅਪਣਾਉਣ ਦੀ ਜ਼ਰੂਰਤ ਹੋਵੇਗੀ | ਭਾਰਤ ਦੇ ਵਿਕਾਸ ਵਿਚ ਵਾਪਰਦਾ ਅਜਿਹਾ ਘਟਨਾਕ੍ਰਮ ਵੱਡੀਆਂ ਰੁਕਾਵਟਾਂ ਖੜ੍ਹੀਆਂ ਕਰਦਾ ਰਿਹਾ ਹੈ | ਸਿਰਜੇ ਗਏ ਅਤੇ ਸਿਰਜੇ ਜਾ ਰਹੇ ਅਜਿਹੇ ਮਾਹੌਲ ਵਿਰੁੱਧ ਸਮੁੱਚੇ ਸਮਾਜ ਨੂੰ  ਜਾਗਰੂਕ ਹੋ ਕੇ ਇਸ ਵਿਰੁੱਧ ਲਾਮਬੰਦੀ ਕਰਨ ਦੀ ਜ਼ਰੂਰਤ ਹੋਵੇਗੀ | ਅੱਜ ਭਾਰਤ ਦੇ ਵਿਕਾਸ ਦੀ ਲਿਖੀ ਜਾ ਰਹੀ ਇਬਾਰਤ ਉਸ ਸਮੇਂ ਤੱਕ ਖੋਖਲੀ ਨਜ਼ਰ ਆਉਂਦੀ ਰਹੇਗੀ, ਜਦੋਂ ਤੱਕ ਦੇਸ਼ ਵਿਚ ਅਜਿਹਾ ਮਾਹੌਲ ਸਿਰਜਿਆ ਜਾਂਦਾ ਰਹੇਗਾ, ਜੋ ਸਾਡੀ ਪੀੜ੍ਹੀ ਸਮੇਤ ਆਉਂਦੀਆਂ ਪੀੜ੍ਹੀਆਂ ਨੂੰ  ਵੀ ਸ਼ਰਮਸਾਰ ਕਰਨ ਵਾਲਾ ਹੋਵੇਗਾ |

-ਬਰਜਿੰਦਰ ਸਿੰਘ ਹਮਦਰਦ

Ad Position 22
No active advertisement
ਪਿਛਲੀ ਖ਼ਬਰ ਵਿਚਾਰ-ਪ੍ਰਵਾਹ ਅਗਲੀ ਖ਼ਬਰ ਉੱਤਰ ਪ੍ਰਦੇਸ਼ ਤੇ ਰਾਜਸਥਾਨ ਦੀਆਂ ਵੋਟਰ ਸੂਚੀਆਂ 'ਚ ਹਨ ਗੰਭੀਰ ਤਰੁੱਟੀਆਂ
Ad Position 24