ਆਜ਼ਾਦੀ ਤੋਂ ਪਹਿਲਾਂ ਤੇ ਆਜ਼ਾਦੀ ਤੋਂ ਬਾਅਦ ਦੇਸ਼ ਦੀ ਰਾਜਨੀਤੀ ਵਿਚ ਅਹਿਮ ਰੋਲ ਅਦਾ ਕਰਨ ਵਾਲਾ ਅਕਾਲੀ ਦਲ ਅੱਜ ਬੇਹੱਦ ਬੇਚਾਰਗੀ ਵਾਲੀ ਸਥਿਤੀ ਵਿਚ ਵਿਚਰ ਰਿਹਾ ਹੈ | ਪੰਜਾਬ ਵਿਧਾਨ ਸਭਾ ਦੀਆਂ 2027 ਦੇ ਆਰੰਭ ਵਿਚ ਹੋਣ ਵਾਲੀਆਂ ਚੋਣਾਂ ਦੇ ਸੰਦਰਭ ਵਿਚ ਕਈ ਧੜਿਆਂ ਵਿਚ ਵੰਡੇ ਗਏ ਅਕਾਲੀ ਦਲ ਦੀਆਂ ਸੰਭਾਵਨਾਵਾਂ 'ਤੇ ਵਿਚਾਰ ਕਰੀਏ, ਤਾਂ ਇਸ ਦਾ ਭਵਿੱਖ ਨਿਰਾਸ਼ਾਜਨਕ ਹੀ ਨਜ਼ਰ ਆਉਂਦਾ ਹੈ |

ਪਿਛਲੇ ਕਈ ਮਹੀਨਿਆਂ ਤੋਂ ਵਿਧਾਨ ਸਭਾ ਚੋਣਾਂ ਨੂੰ ਮੁੱਖ ਰੱਖ ਕੇ ਆਮ ਆਦਮੀ ਪਾਰਟੀ, ਭਾਰਤੀ ਜਨਤਾ ਪਾਰਟੀ ਤੇ ਕਾਂਗਰਸ ਚੋਣਾਂ ਦੀਆਂ ਤਿਆਰੀਆਂ ਕਰਦੀਆਂ ਨਜ਼ਰ ਆ ਰਹੀਆਂ ਹਨ | ਭਾਜਪਾ ਅਤੇ ਕਾਂਗਰਸ ਦੇ ਕੌਮੀ ਲੀਡਰ ਵੀ ਸਮੇਂ-ਸਮੇਂ ਪੰਜਾਬ ਵਿਚ ਰੈਲੀਆਂ ਨੂੰ ਸੰਬੋਧਨ ਕਰਦੇ ਆ ਰਹੇ ਹਨ | ਆਮ ਆਦਮੀ ਪਾਰਟੀ ਜਿਹੜੀ ਰਾਜ ਵਿਚ ਸੱਤਾਧਾਰੀ ਹੈ, ਉਸ ਦੇ ਮੁੱਖ ਮੰਤਰੀ ਤੇ ਪਾਰਟੀ ਦੇ ਸੀਨੀਅਰ ਲੀਡਰ ਸ. ਭਗਵੰਤ ਸਿੰਘ ਮਾਨ ਨਿਰੰਤਰ ਪੰਜਾਬ ਦੇ ਵੱਖ-ਵੱਖ ਖੇਤਰਾਂ ਵਿਚ ਇਕੱਠਾਂ ਨੂੰ ਸੰਬੋਧਨ ਕਰ ਰਹੇ ਹਨ | ਹੁਣ ਤੱਕ 71 ਦੇ ਲਗਭਗ ਪਾਰਟੀ ਆਪਣੇ ਉਮੀਦਵਾਰ ਵੀ ਐਲਾਨ ਚੁੱਕੀ ਹੈ | ਇਸ ਤੋਂ ਇਲਾਵਾ ਪਾਰਟੀ ਵਲੋਂ ਹਰ ਰੋਜ਼ ਨਿਰੰਤਰ ਇਕੱਠ ਕਰ ਕੇ ਲੋਕ-ਲੁਭਾਊ ਨੀਤੀਆਂ ਦਾ ਐਲਾਨ ਵੀ ਕੀਤਾ ਜਾ ਰਿਹਾ ਹੈ | ਲੋਕਾਂ ਨੂੰ ਆਰਥਿਕ ਆਧਾਰ 'ਤੇ ਵਧ ਤੋਂ ਵਧ ਸਹੂਲਤਾਂ ਦੇਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ | ਭਾਵੇਂ ਇਹ ਸਾਰੇ ਜਾਣਦੇ ਹਨ ਕਿ ਪੰਜਾਬ ਦੇ ਸਿਰ 'ਤੇ ਕਰਜ਼ਾ 4.57 ਲੱਖ ਕਰੋੜ ਦੇ ਨੇੜੇ ਪਹੁੰਚਣ ਵਾਲਾ ਹੈ | ਲੰਮੇ ਸਮੇਂ ਤੱਕ ਅਜਿਹੀਆਂ ਆਰਥਿਕ ਸਹੂਲਤਾਂ ਲੋਕਾਂ ਨੂੰ ਦੇਣਾ ਕਿਸੇ ਵੀ ਆਉਣ ਵਾਲੀ ਸਰਕਾਰ ਲਈ ਸੰਭਵ ਨਹੀਂ ਹੋਵੇਗਾ | ਪਰ ਇਸ ਦੇ ਬਾਵਜੂਦ ਆਮ ਆਦਮੀ ਪਾਰਟੀ ਦੀ ਰਾਜ ਸਰਕਾਰ ਵਲੋਂ ਹੁਣ ਐਲਾਨੀਆਂ ਜਾ ਰਹੀਆਂ ਵਿੱਤੀ ਸਹੂਲਤਾਂ ਉਸ ਵਲੋਂ ਪਿਛਲੇ ਸਾਢੇ ਚਾਰ ਸਾਲਾਂ ਵਿਚ ਤਿਆਰ ਕੀਤੇ ਗਏ ਲਾਭਪਾਤਰੀਆਂ ਦੇ ਵੋਟ ਬੈਂਕ ਨੂੰ ਹੁਲਾਰਾ ਦੇਣ ਦਾ ਕੰਮ ਕਰ ਰਹੀਆਂ ਹਨ | ਭਾਵੇਂ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਖ਼ਿਲਾਫ਼ ਸੱਤਾ ਵਿਰੋਧੀ ਰੁਝਾਨ ਵੀ ਉੱਭਰ ਰਿਹਾ ਹੈ, ਪਰ ਇਸ ਦੇ ਬਾਵਜੂਦ ਚੋਣਾਂ ਲੜਨ ਦੇ ਪੱਖ ਤੋਂ ਆਮ ਆਦਮੀ ਪਾਰਟੀ ਅੱਜ ਦੂਜੀਆਂ ਸਾਰੀਆਂ ਪਾਰਟੀਆਂ ਨਾਲੋਂ ਕਿਤੇ ਬਿਹਤਰ ਸਥਿਤੀ ਵਿਚ ਹੈ | ਇਸੇ ਤਰ੍ਹਾਂ ਭਾਰਤੀ ਜਨਤਾ ਪਾਰਟੀ ਨੇ ਇਸ ਵਾਰ ਪੰਜਾਬ ਵਿਚ ਚੋਣਾਂ ਜਿੱਤਣ ਨੂੰ ਆਪਣਾ ਅਹਿਮ ਨਿਸ਼ਾਨਾ ਮਿੱਥਿਆ ਹੋਇਆ ਹੈ | ਉਸ ਨੇ ਨਸ਼ਿਆਂ ਵਿਰੁੱਧ ਪੰਜਾਬ ਦੇ ਵੱਖ-ਵੱਖ ਹਿੱਸਿਆਂ ਤੋਂ ਚਾਰ ਯਾਤਰਾਵਾਂ ਕੱਢ ਕੇ ਜਲੰਧਰ ਵਿਚ ਰੈਲੀ ਕੀਤੀ ਸੀ | ਹੁਣ ਉਹ ਸ੍ਰੀ ਗੁਰੂ ਰਵਿਦਾਸ ਜੀ ਦੇ 650 ਸਾਲਾ ਆਗਮਨ ਦਿਵਸ ਦੇ ਸੰਦਰਭ ਵਿਚ ਯਾਤਰਾ ਆਰੰਭ ਕਰ ਰਹੀ ਹੈ | ਪਿਛਲੇ ਦਿਨੀਂ ਚੰਡੀਗੜ੍ਹ ਵਿਚ ਭਾਜਪਾ ਤੇ ਰਾਸ਼ਟਰੀ ਸੋਇਮ ਸੇਵਕ ਸੰਘ ਦੇ ਸੀਨੀਅਰ ਆਗੂਆਂ ਦੀ ਇਕ ਮੀਟਿੰਗ ਵੀ ਹੋਈ ਜਿਸ ਨੂੰ ਆਰ.ਐਸ.ਐਸ. ਦੇ ਸੀਨੀਅਰ ਆਗੂ ਅਤੇ ਉੱਤਰੀ ਭਾਰਤ ਦੇ ਰਾਜਾਂ ਦੇ ਇੰਚਾਰਜ ਅਰੁਨ ਕੁਮਾਰ ਵਲੋਂ ਵੀ ਸੰਬੋਧਨ ਕੀਤਾ ਗਿਆ ਹੈ | ਇਸ ਮੀਟਿੰਗ ਵਿਚ ਭਾਜਪਾ ਤੇ ਆਰ.ਐਸ.ਐਸ. ਦੇ ਆਗੂਆਂ ਨੇ ਇਹ ਵਿਚਾਰਾਂ ਕੀਤੀਆਂ ਹਨ ਕਿ 'ਦੇਸ਼ ਅਤੇ ਪੰਜਾਬ ਦੇ ਹਿੱਤਾਂ' ਨੂੰ ਮੁੱਖ ਰੱਖ ਕੇ ਭਾਜਪਾ ਨੂੰ ਹਰ ਹਾਲਤ ਵਿਚ ਇਹ ਚੋਣਾਂ ਜਿੱਤਣੀਆਂ ਚਾਹੀਦੀਆਂ ਹਨ ਤੇ ਇਸ ਲਈ ਸੰਘ ਤੇ ਭਾਜਪਾ ਦੇ ਆਗੂਆਂ ਨੂੰ ਮਿਲ ਕੇ ਕੰਮ ਕਰਨਾ ਚਾਹੀਦਾ ਹੈ | ਇਹ ਗੱਲ ਵੀ ਸਪੱਸ਼ਟ ਹੈ ਕਿ ਦੇਸ਼ ਦੇ ਗ੍ਰਹਿ ਮੰਤਰੀ ਅਤੇ ਭਾਜਪਾ ਦੇ ਸੀਨੀਅਰ ਆਗੂ ਅਮਿਤ ਸ਼ਾਹ, ਜਿਨ੍ਹਾਂ ਨੂੰ ਚੋਣ ਰਣਨੀਤੀ ਬਣਾਉਣ ਦੇ ਪੱਖ ਤੋਂ ਚਾਣਕਿਆ ਵੀ ਕਿਹਾ ਜਾਂਦਾ ਹੈ, ਪੰਜਾਬ ਦੀਆਂ ਵਿਧਾਨ ਸਭਾ ਦੀਆਂ ਚੋਣਾਂ ਵਿਚ ਵਿਸ਼ੇਸ਼ ਤੌਰ 'ਤੇ ਦਿਲਚਸਪੀ ਲੈ ਰਹੇ ਹਨ | ਭਾਜਪਾ ਵਲੋਂ ਪਿਛਲੇ ਸਮੇਂ ਵਿਚ ਵਾਰ-ਵਾਰ ਇਹ ਵੀ ਦੁਹਰਾਇਆ ਜਾਂਦਾ ਰਿਹਾ ਹੈ ਕਿ ਪਾਰਟੀ ਰਾਜ ਵਿਚ ਸਾਰੀਆਂ 117 ਸੀਟਾਂ 'ਤੇ ਚੋਣਾਂ ਲੜਨ ਦੀ ਤਿਆਰੀ ਕਰ ਰਹੀ ਹੈ ਅਤੇ ਜੇਕਰ ਇਸ ਸੰਬੰਧੀ ਸ਼੍ਰੋਮਣੀ ਅਕਾਲੀ ਦਲ ਨਾਲ ਕੋਈ ਗੱਠਜੋੜ ਹੋਣਾ ਹੈ, ਤਾਂ ਇਸ ਸੰਬੰਧੀ ਫ਼ੈਸਲਾ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜਾਂ ਅਮਿਤ ਸ਼ਾਹ ਵਲੋਂ ਹੀ ਲਿਆ ਜਾਵੇਗਾ | ਬੀਤੇ ਦਿਨ ਵੀ ਚੰਡੀਗੜ੍ਹ ਵਿਚ ਪੰਜਾਬ ਭਾਜਪਾ ਦੇ ਇੰਚਾਰਜ ਅਤੇ ਕੇਂਦਰੀ ਜਲ ਸ਼ਕਤੀ ਮੰਤਰੀ ਸੀ.ਆਰ. ਪਾਟਿਲ, ਜਿਨ੍ਹਾਂ ਨੂੰ ਪ੍ਰਧਾਨ ਮੰਤਰੀ ਦੇ ਬੇਹੱਦ ਨੇੜੇ ਸਮਝਿਆ ਜਾਂਦਾ ਹੈ, ਵਲੋਂ ਇਕ ਵਾਰ ਫਿਰ ਅਜਿਹਾ ਹੀ ਬਿਆਨ ਦਿੱਤਾ ਗਿਆ ਹੈ |
ਜਿਥੋਂ ਤੱਕ ਰਾਜ ਦੀ ਇਕ ਹੋਰ ਪ੍ਰਮੁੱਖ ਪਾਰਟੀ ਕਾਂਗਰਸ ਦਾ ਸੰਬੰਧ ਹੈ, ਉਹ ਭਾਵੇਂ ਲੰਮੇ ਸਮੇਂ ਤੱਕ ਆਪਸੀ ਧੜੇਬੰਦੀ ਵਿਚ ਉਲਝੀ ਰਹੀ ਹੈ, ਇਸ ਕਰ ਕੇ ਚੋਣਾਂ ਲੜਨ ਦੇ ਪੱਖ ਤੋਂ ਆਪਣੀਆਂ ਸੰਭਾਵਨਾਵਾਂ ਨੂੰ ਉਸ ਨੇ ਕਾਫੀ ਹੱਦ ਤੱਕ ਕਮਜ਼ੋਰ ਕੀਤਾ ਹੈ, ਪਰ ਕੇਂਦਰੀ ਹਾਈ ਕਮਾਨ ਵਲੋਂ ਭੁਪੇਸ਼ ਬਘੇਲ ਦੀ ਥਾਂ 'ਤੇ ਸਚਿਨ ਪਾਇਲਟ ਨੂੰ ਪੰਜਾਬ ਕਾਂਗਰਸ ਦਾ ਇੰਚਾਰਜ ਬਣਾਉਣ ਅਤੇ ਪੰਜਾਬ ਦਾ ਪ੍ਰਧਾਨ ਪਰਗਟ ਸਿੰਘ ਨੂੰ ਬਣਾਉਣ ਤੋਂ ਬਾਅਦ ਪਾਰਟੀ ਹੁਣ ਚੋਣਾਂ ਲਈ ਤਿਆਰੀ ਕਰਦੀ ਨਜ਼ਰ ਆ ਰਹੀ ਹੈ | ਇਸ ਦੇ ਕੌਮੀ ਪ੍ਰਧਾਨ ਮਲਿਕ ਅਰਜੁਨ ਖੜਗੇ ਅਤੇ ਸੀਨੀਅਰ ਲੀਡਰ ਰਾਹੁਲ ਗਾਂਧੀ ਨੇ ਸੰਗਰੂਰ ਵਿਚ 4 ਨਵੰਬਰ ਨੂੰ ਇਕ ਪ੍ਰਭਾਵਸ਼ਾਲੀ ਰੈਲੀ ਨੂੰ ਵੀ ਸੰਬੋਧਨ ਕੀਤਾ ਸੀ | ਇਸ ਤੋਂ ਬਾਅਦ ਕਾਂਗਰਸ ਪਾਰਟੀ ਦੇ ਪੰਜਾਬ ਦੇ ਸੀਨੀਅਰ ਆਗੂ ਅਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ 'ਜਵਾਨੀ ਸੰਭਾਲ ਯਾਤਰਾ' ਸਾਈਕਲਾਂ 'ਤੇ ਸ਼ੁਰੂ ਕੀਤੀ ਗਈ ਹੈ | ਇਸ ਤੋਂ ਇਲਾਵਾ ਪਾਰਟੀ ਨੇ 'ਪੰਜਾਬ ਮੰਗਦਾ ਇਨਸਾਫ਼' ਯਾਤਰਾ ਦੇ ਨਾਂਅ 'ਤੇ ਵੀ ਆਪਣੀ ਲੋਕ ਮੁਹਿੰਮ ਸ਼ੁਰੂ ਕਰ ਰੱਖੀ ਹੈ | ਭਾਵੇਂ ਅਜੇ ਵੀ ਕਾਂਗਰਸ ਪਾਰਟੀ ਦੀ ਰਾਜ ਇਕਾਈ ਵਿਚ ਇਕਜੁੱਟਤਾ ਦੀ ਕਮੀ ਨਜ਼ਰ ਆ ਰਹੀ ਹੈ, ਅਜੇ ਵੀ ਉਸ ਦੇ ਸੀਨੀਅਰ ਲੀਡਰ ਆਪੋ-ਆਪਣੇ ਢੰਗ ਨਾਲ ਵਿਚਰਦੇ ਨਜ਼ਰ ਆ ਰਹੇ ਹਨ | ਪਰ ਪਹਿਲਾਂ ਦੇ ਮੁਕਾਬਲੇ ਪਾਰਟੀ ਹੁਣ ਚੋਣ ਮੈਦਾਨ ਵਿਚ ਤੇਜ਼ੀ ਨਾਲ ਵਿਚਰਦੀ ਦਿਖਾਈ ਦਿੰਦੀ ਹੈ | ਪਾਰਟੀ ਦਾ ਰਾਜ ਭਰ ਵਿਚ ਵੱਡਾ ਕੇਡਰ ਅਤੇ ਵੋਟ ਬੈਂਕ ਹੋਣ ਕਾਰਨ ਕਿਸੇ ਵੀ ਸੂਰਤ ਵਿਚ ਰਾਜ ਵਿਧਾਨ ਸਭਾ ਦੀਆਂ ਚੋਣਾਂ ਦੇ ਸੰਦਰਭ ਵਿਚ ਕਾਂਗਰਸ ਨੂੰ ਨਜ਼ਰ ਅੰਦਾਜ਼ ਨਹੀਂ ਕੀਤਾ ਜਾ ਸਕਦਾ |
ਪੰਜਾਬ ਵਿਚ ਵੱਖ-ਵੱਖ ਰਾਜਨੀਤਕ ਪਾਰਟੀਆਂ ਦੀਆਂ ਚੋਣ ਤਿਆਰੀਆਂ ਨੂੰ ਮੁੱਖ ਰੱਖ ਕੇ ਜੇਕਰ ਅਕਾਲੀ ਦਲਾਂ ਦੀਆਂ ਚੋਣ ਤਿਆਰੀਆਂ ਅਤੇ ਉਨ੍ਹਾਂ ਦੀਆਂ ਸਰਗਰਮੀਆਂ ਨੂੰ ਦੇਖਦੇ ਹਾਂ ਤਾਂ ਕੁਝ ਹੱਦ ਤੱਕ ਅਕਾਲੀ ਦਲ (ਬਾਦਲ) ਹੀ ਸਰਗਰਮੀ ਦਿਖਾ ਰਿਹਾ ਹੈ | ਇਸ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਈ ਰੈਲੀਆਂ ਕੀਤੀਆਂ ਹਨ | ਇਸ ਸਮੇਂ ਬਾਕੀ ਅਕਾਲੀ ਦਲਾਂ ਦੀ ਸਰਗਰਮੀ ਜ਼ਿਆਦਾ ਨਹੀਂ ਹੈ | ਉਂਝ ਅਕਾਲੀ ਦਲ ਦੇ ਨਾਂਅ 'ਤੇ ਇਸ ਸਮੇਂ ਰਾਜ ਵਿਚ ਅਕਾਲੀ ਦਲ (ਬਾਦਲ), ਅਕਾਲੀ ਦਲ (ਪੁਨਰ ਸੁਰਜੀਤ), ਅਕਾਲੀ ਦਲ (ਵਾਰਿਸ ਪੰਜਾਬ ਦੇ) ਅਤੇ ਅਕਾਲੀ ਦਲ (ਅੰਮਿ੍ਤਸਰ) ਵਿਚਰਦੇ ਨਜ਼ਰ ਆ ਰਹੇ ਹਨ | ਪਿਛਲੇ ਕਈ ਮਹੀਨਿਆਂ ਤੋਂ ਵਾਰ-ਵਾਰ ਇਹ ਖ਼ਬਰਾਂ ਆਉਂਦੀਆਂ ਹਨ ਕਿ ਅਕਾਲੀ ਦਲ (ਬਾਦਲ) ਅਤੇ ਅਕਾਲੀ ਦਲ (ਪੁਨਰ ਸੁਰਜੀਤ) ਨਾਲ ਭਾਜਪਾ ਦਾ ਗੱਠਜੋੜ ਹੋਣ ਵਾਲਾ ਹੈ | ਮੀਡੀਆ ਵਿਚ ਸੀਟਾਂ ਦੀ ਵੰਡ ਦੇ ਪੱਖ ਤੋਂ ਵੀ ਕਈ ਤਰ੍ਹਾਂ ਦੀਆਂ ਕਿਆਸ ਅਰਾਈਆਂ ਲਗਦੀਆਂ ਰਹੀਆਂ ਹਨ | ਇਕ ਸਮੇਂ ਚਰਚਾ ਇਹ ਹੋ ਰਹੀ ਸੀ ਕਿ ਅਕਾਲੀ ਦਲ (ਬਾਦਲ) ਤੇ ਭਾਜਪਾ 50-50 ਸੀਟਾਂ 'ਤੇ ਚੋਣਾਂ ਲੜਨਗੇ ਤੇ 17 ਸੀਟਾਂ ਅਕਾਲੀ ਦਲ (ਪੁਨਰ ਸੁਰਜੀਤ) ਨੂੰ ਦਿੱਤੀਆਂ ਜਾਣਗੀਆਂ | ਇਕ ਸਮੇਂ ਇਹ ਵੀ ਚਰਚਾ ਹੁੰਦੀ ਰਹੀ ਕਿ ਭਾਜਪਾ ਵਲੋਂ ਅਕਾਲੀ ਦਲ (ਬਾਦਲ), ਅਕਾਲੀ ਦਲ (ਪੁਨਰ ਸੁਰਜੀਤ) ਅਤੇ ਅਕਾਲੀ ਦਲ (ਵਾਰਿਸ ਪੰਜਾਬ ਦੇ) ਨੂੰ ਵੀ ਸੰਭਾਵਿਤ ਚੋਣ ਗੱਠਜੋੜ ਦਾ ਹਿੱਸਾ ਬਣਾਇਆ ਜਾਵੇਗਾ | ਇਹ ਖ਼ਬਰਾਂ ਵੀ ਮੀਡੀਆ ਵਿਚ ਆਉਂਦੀਆਂ ਰਹੀਆਂ ਕਿ ਅਕਾਲੀ ਦਲ (ਬਾਦਲ) ਤੇ ਅਕਾਲੀ ਦਲ (ਪੁਨਰ ਸੁਰਜੀਤ) ਚੋਣ ਗੱਠਜੋੜ ਲਈ ਭਾਜਪਾ ਦੀ ਸੀਨੀਅਰ ਲੀਡਰਸ਼ਿਪ ਦੇ ਸੰਪਰਕ ਵਿਚ ਹਨ | ਫਿਰ ਜਦੋਂ ਅਮਿਤ ਸ਼ਾਹ ਵਲੋਂ ਚੰਡੀਗੜ੍ਹ ਦੇ ਇਕ ਸਮਾਗਮ ਵਿਚ ਇਹ ਕਿਹਾ ਗਿਆ ਕਿ ਪੰਜਾਬ ਵਿਚ ਚੋਣਾਂ ਤੋਂ ਬਾਅਦ ਕੌਮੀ ਜਮਹੂਰੀ ਗੱਠਜੋੜ (ਐਨ.ਡੀ.ਏ.) ਦੀ ਸਰਕਾਰ ਬਣੇਗੀ ਤਾਂ ਇਸ ਸੰਬੰਧੀ ਸੰਭਾਵਨਾਵਾਂ ਹੋਰ ਵੀ ਵਧ ਗਈਆਂ ਸਨ | ਇਸ ਦੇ ਵਿਚ-ਵਿਚ ਪੰਜਾਬ ਭਾਜਪਾ ਦੀ ਰਾਜਨੀਤਕ ਲੀਡਰਸ਼ਿਪ ਵਲੋਂ ਅਤੇ ਭਾਜਪਾ ਦੇ ਕਈ ਕੌਮੀ ਆਗੂਆਂ ਵਲੋਂ ਇਹ ਵੀ ਕਿਹਾ ਜਾਂਦਾ ਰਿਹਾ ਕਿ ਉਨ੍ਹਾਂ ਨੂੰ ਸੰਭਾਵਿਤ ਅਕਾਲੀ-ਭਾਜਪਾ ਗੱਠਜੋੜ ਬਾਰੇ ਕੋਈ ਬਹੁਤੀ ਜਾਣਕਾਰੀ ਨਹੀਂ ਹੈ, ਜੇ ਕੋਈ ਗੱਠਜੋੜ ਹੋਇਆ ਤਾਂ ਉਪਰਲੀ ਲੀਡਰਸ਼ਿਪ ਵਲੋਂ ਹੀ ਤੈਅ ਕੀਤਾ ਜਾਏਗਾ | ਇਸ ਸੰਬੰਧੀ ਅਨਿਸਚਿਤਤਾ ਬਣੀ ਰਹਿਣ ਕਾਰਨ ਅਕਾਲੀ-ਭਾਜਪਾ ਗੱਠਜੋੜ ਦੀ ਹਾਲਤ ਊਠ ਦਾ ਬੁੱਲ੍ਹ ਡਿਗਣ ਵਰਗੀ ਹੋ ਗਈ ਹੈ | ਅਕਾਲੀ ਦਲ (ਬਾਦਲ) ਅਤੇ ਅਕਾਲੀ ਦਲ (ਪੁਨਰ ਸੁਰਜੀਤ), ਜਿਹੜਾ ਇਕ-ਦੂਜੇ ਨੂੰ ਦੇਖਣ ਲਈ ਵੀ ਤਿਆਰ ਨਹੀਂ ਹਨ, ਦੋਵੇਂ ਦਿੱਲੀ ਵੱਲ ਵੇਖ ਰਹੇ ਹਨ ਕਿ ਭਾਜਪਾ ਵਲੋਂ ਕਦੋਂ ਉਨ੍ਹਾਂ ਨੂੰ ਗੱਠਜੋੜ ਜਾਂ ਸੀਟਾਂ ਦੀ ਵੰਡ ਸੰਬੰਧੀ ਸੱਦਾ ਆਉਂਦਾ ਹੈ? ਅਕਾਲੀ ਦਲਾਂ ਦੀ ਸਥਿਤੀ ਨਮੋਸ਼ੀਜਨਕ ਬਣਦੀ ਜਾ ਰਹੀ ਹੈ ਤੇ ਉਨ੍ਹਾਂ ਦੇ ਕੇਡਰ ਅਤੇ ਸਮਰਥਕਾਂ ਵਿਚ ਵੀ ਨਿਰਾਸ਼ਾ ਫੈਲਦੀ ਜਾ ਰਹੀ ਹੈ | ਅਕਾਲੀ ਦਲ (ਵਾਰਿਸ ਪੰਜਾਬ ਦੇ) ਵਿਚ ਵੀ ਅੰਦਰੂਨੀ ਮਤਭੇਦ ਵਧਦੇ ਨਜ਼ਰ ਆ ਰਹੇ ਹਨ, ਪਰ ਫਿਰ ਵੀ ਉਹ ਆਪਣੇ ਤੌਰ 'ਤੇ ਚੋਣ ਲੜਨ ਦੀ ਤਿਆਰੀ ਕਰ ਰਿਹਾ ਹੈ | ਉਸ ਦੀ ਟੇਕ ਡਿਬਰੂਗੜ੍ਹ (ਅਸਾਮ) ਦੀ ਜੇਲ੍ਹ ਵਿਚ ਬੰਦ ਅੰਮਿ੍ਤਪਾਲ ਸਿੰਘ ਦੇ ਨਾਂਅ 'ਤੇ ਹੈ | ਉਂਝ ਪੰਥ ਤੇ ਪੰਜਾਬ ਲਈ ਕੋਈ ਪ੍ਰੋਗਰਾਮ ਲੈ ਕੇ ਲੋਕਾਂ ਦੇ ਸਾਹਮਣੇ ਅਜੇ ਉਹ ਵੀ ਨਹੀਂ ਆਇਆ |
ਇਸ ਸਮੁੱਚੀ ਸਥਿਤੀ ਕਾਰਨ ਲੰਮੇ ਸਮੇਂ ਤੱਕ ਸਿਧਾਂਤਕ ਅਤੇ ਜਜ਼ਬਾਤੀ ਤੌਰ 'ਤੇ ਸ਼੍ਰੋਮਣੀ ਅਕਾਲੀ ਦਲ ਨਾਲ ਜੁੜੇ ਲੋਕ ਅਕਾਲੀ ਦਲ ਦੀ ਅਜੋਕੀ ਸਥਿਤੀ ਸੰਬੰਧੀ ਅਕਾਲੀ ਨੇਤਾਵਾਂ ਨੂੰ ਹੀ ਜ਼ਿੰਮੇਵਾਰ ਸਮਝਦੇ ਹਨ, ਜਿਨ੍ਹਾਂ ਨੇ ਆਪਣੀਆਂ ਪਿਛਲੀਆਂ ਕਮੀਆਂ-ਕਮਜ਼ੋਰੀਆਂ ਦਾ ਵਿਸ਼ਲੇਸ਼ਣ ਕਰ ਕੇ ਅਤੇ ਆਪਸੀ ਏਕਤਾ ਕਰ ਕੇ ਮੁੜ ਤੋਂ ਲੋਕਾਂ ਦਾ ਵਿਸ਼ਵਾਸ ਜਿੱਤਣ ਲਈ ਪ੍ਰਭਾਵੀ ਢੰਗ ਨਾਲ ਪਹਿਲਕਦਮੀ ਨਹੀਂ ਕੀਤੀ | ਕਿਸੇ ਸਮੇਂ ਅਕਾਲੀ ਦਲ ਪੰਜਾਬ ਦੀ ਸਮਰੱਥ ਪਾਰਟੀ ਸੀ ਅਤੇ ਭਾਜਪਾ ਗੱਠਜੋੜ ਲਈ ਅਤੇ ਸੀਟਾਂ ਦੀ ਵੰਡ ਲਈ ਅਕਾਲੀ ਦਲ ਵੱਲ ਵੇਖਦੀ ਸੀ | ਅੱਜ ਦੀ ਸਥਿਤੀ ਇਹ ਹੈ ਕਿ ਲੰਮੇ ਸਮੇਂ ਤੱਕ ਭਾਜਪਾ ਨੂੰ ਬਿਨਾਂ ਸ਼ਰਤ ਸਮਰਥਨ ਦੇਣ ਵਾਲੇ ਅਤੇ ਭਾਜਪਾ ਨਾਲ ਆਪਣੇ ਗੱਠਜੋੜ ਨੂੰ ਨਹੁੰ-ਮਾਸ ਦਾ ਰਿਸ਼ਤਾ ਦੱਸਣ ਵਾਲੇ ਅਕਾਲੀ ਦਲ ਦੇ ਵੱਖ-ਵੱਖ ਧੜੇ ਟਿਕਟਿਕੀ ਲਗਾ ਕੇ ਚੋਣ ਗੱਠਜੋੜ ਲਈ ਭਾਜਪਾ ਵੱਲ ਵੇਖ ਰਹੇ ਹਨ | ਭਾਜਪਾ ਉਨ੍ਹਾਂ ਨੂੰ ਅਜੇ ਤੱਕ ਟਰਕਾਈ ਹੀ ਜਾ ਰਹੀ ਹੈ | ਜੇਕਰ ਅਕਾਲੀ ਦਲ ਦੇ ਵੱਖ-ਵੱਖ ਧੜੇ ਚੋਣਾਂ ਲੜਨ ਲਈ ਅਜੇ ਵੀ ਆਪਸ ਵਿਚ ਕੋਈ ਤਾਲਮੇਲ ਨਾ ਕਰ ਸਕੇ ਅਤੇ ਪੰਜਾਬ ਤੇ ਪੰਥ ਦੇ ਮੁੱਦਿਆਂ ਨੂੰ ਕੇਂਦਰ ਵਿਚ ਰੱਖ ਕੇ ਆਪਣਾ ਚੋਣ ਪ੍ਰੋਗਰਾਮ ਉਲੀਕ ਕੇ ਆਉਣ ਵਾਲੇ ਦਿਨਾਂ ਵਿਚ ਲੋਕਾਂ ਵਿਚ ਨਾ ਜਾ ਸਕੇ, ਤਾਂ ਪੰਜਾਬ ਵਿਧਾਨ ਸਭਾ ਦੀਆਂ 2027 ਦੀਆਂ ਚੋਣਾਂ ਵਿਚ ਪੰਥ ਤੇ ਪੰਜਾਬ ਦੀ ਨੁਮਾਇੰਦਗੀ ਕਰਨ ਵਾਲੇ ਅਕਾਲੀ ਦਲ ਦਾ ਪ੍ਰਭਾਵ ਬੇਹੱਦ ਘਟਿਆ ਨਜ਼ਰ ਆਏਗਾ | ਸਮਾਂ ਰੇਤ ਦੀ ਤਰ੍ਹਾਂ ਅਕਾਲੀ ਧੜਿਆਂ ਦੇ ਹੱਥਾਂ ਵਿਚੋਂ ਕਿਰਦਾ ਜਾ ਰਿਹਾ ਹੈ | ਜੇਕਰ ਭਾਜਪਾ ਸਨਮਾਨਜਨਕ ਢੰਗ ਨਾਲ ਅਕਾਲੀ ਦਲ ਜਾਂ ਅਕਾਲੀ ਦਲਾਂ ਨਾਲ ਕੋਈ ਗੱਠਜੋੜ ਨਹੀਂ ਕਰਦੀ ਤਾਂ ਉਨ੍ਹਾਂ ਨੂੰ ਪੰਜਾਬ ਦੇ ਲੋਕਾਂ ਵੱਲ ਮੂੰਹ ਕਰ ਕੇ ਆਪਣਾ ਚੋਣ ਏਜੰਡਾ ਤਿਆਰ ਕਰ ਕੇ ਚੋਣਾਂ ਲੜਨ ਲਈ ਮੈਦਾਨ ਵਿਚ ਨਿੱਤਰਣਾ ਚਾਹੀਦਾ ਹੈ | ਨਹੀਂ ਤਾਂ ਰਾਜ ਵਿਚ ਅਕਾਲੀ ਦਲ ਦਾ ਵਜੂਦ ਹੀ ਖ਼ਤਰੇ ਵਿਚ ਪੈ ਸਕਦਾ ਹੈ, ਇਸ ਦਾ ਪੰਜਾਬ ਦੇ ਨਾਲ-ਨਾਲ ਸਿੱਖ ਭਾਈਚਾਰੇ ਦੇ ਹਿੱਤਾਂ 'ਤੇ ਵੀ ਗਹਿਰਾ ਉਲਟ ਪ੍ਰਭਾਵ ਪਵੇਗਾ |