ਜੀਵਨ ਦੇ ਸੁਖਦ ਸਫ਼ਰ ਲਈ ਜ਼ਿੰਦਗੀ 'ਚ ਕੁਝ ਅਲੱਗ ਕਰਨਾ ਇਸ ਨੂੰ ਸਫਲ ਬਣਾ ਦਿੰਦਾ ਹੈ। ਨੇਕ ਕਰਮ ਮਨੁੱਖ ਨੂੰ ਸਦੀਵਤਾ ਪ੍ਰਦਾਨ ਕਰਦੇ ਹਨ ਤੇ ਉਹ ਇਸ ਸੰਸਾਰ 'ਚੋਂ ਜਾਣ ਪਿੱਛੋਂ ਵੀ ਆਪਣੇ ਨਿਵੇਕਲੇ ਕਾਰਜਾਂ ਕਰਕੇ ਯਾਦ ਕੀਤਾ ਅਤੇ ਸਤਿਕਾਰਿਆ ਜਾਂਦਾ ਹੈ। ਅਜਿਹੀ ਹੀ ਇਕ ਨੇਕ ਤੇ ਰੱਬ ਰੰਗੀ ਸ਼ਖ਼ਸੀਅਤ ਦੇ ਮਾਲਕ ਸਨ ਡਾ. ਸਰੂਪ ਸਿੰਘ ਅਲੱਗ, ਜਿਨ੍ਹਾਂ ਦਾ ਜਨਮ 1 ਜਨਵਰੀ, 1936 ਨੂੰ ਮਾਤਾ ਇੰਦਰ ਕੌਰ ਦੀ ਕੁੱਖੋਂ ਹੋਇਆ ਸੀ। ਡਾ. ਅਲੱਗ ਨੇ ਛੇ ਵਿਸ਼ਿਆਂ ਵਿਚ ਐਮ.ਏ. ਦੀਆਂ ਡਿਗਰੀਆਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਪ੍ਰਾਪਤ ਕੀਤੀਆਂ ਸਨ।
ਉਨ੍ਹਾਂ ਪੀ.ਐਚ.ਡੀ. ਤੇ ਡੀ.ਲਿਟ ਦੀ ਡਿਗਰੀ ਅਮਰੀਕਾ ਦੀ ਯੂਨੀਵਰਸਿਟੀ ਤੋਂ ਪ੍ਰਾਪਤ ਕੀਤੀ ਸੀ। ਡਾ. ਅਲੱਗ ਉੱਘੇ ਲੇਖਕ, ਸਿੱਖ ਇਤਿਹਾਸਕਾਰ, ਖੋਜੀ, ਨਿਸ਼ਕਾਮ ਸਮਾਜ ਸੇਵਕ, ਪ੍ਰਭਾਵਸ਼ਾਲੀ ਵਕਤਾ ਤੇ ਸਾਬਕਾ ਡਾਇਰੈਕਟਰ ਪੰਜਾਬ ਰਾਜ ਬਿਜਲੀ ਬੋਰਡ ਸਨ। 31 ਦਸੰਬਰ, 1993 ਨੂੰ ਪੰਜਾਬ ਸਰਕਾਰ ਦੀ ਉੱਚ ਪਦਵੀ ਤੋਂ ਸੇਵਾਮੁਕਤ ਹੋਣ ਉਪਰੰਤ ਉਨ੍ਹਾਂ ਨੇ ਪੂਰੀ ਤਨਦੇਹੀ ਅਤੇ ਨਿਸ਼ਕਾਮਤਾ ਨਾਲ ਕੌਮੀ ਤੇ ਧਾਰਮਿਕ ਕਾਰਜ ਆਰੰਭ ਕੀਤੇ। ਡਾ. ਅਲੱਗ ਨੇ ਸਿੱਖ ਕੌਮ ਦੀ ਲਾਜਵਾਬ ਸੇਵਾ ਅਲੱਗ ਹੀ ਢੰਗ ਨਾਲ ਕਰਕੇ ਵਿਸ਼ਵ ਦੇ ਬੁੱਧੀਜੀਵੀਆਂ ਤੇ ਚਿੰਤਕਾਂ ਨੂੰ ਨਵੀਂ ਪ੍ਰੇਰਨਾ ਦਿੱਤੀ। ਡਾ. ਅਲੱਗ ਨੇ ਆਪਣੇ ਜੀਵਨ ਕਾਲ ਦੌਰਾਨ 110 ਉੱਚ ਪਾਏ ਦੀਆਂ ਗੁਰਮਤਿ 'ਤੇ ਆਧਾਰਿਤ ਪੁਸਤਕਾਂ ਲਿਖ ਕੇ ਸਿੱਖ ਪੰਥ ਦੀ ਝੋਲੀ ਪਾਈਆਂ। ਡਾ. ਅਲੱਗ ਦੀਆਂ ਪੁਸਤਕਾਂ 'ਚ ਸਿੱਖੀ ਸਿਦਕ, ਸਿੱਖ ਇਤਿਹਾਸ, ਅਮਨ, ਪ੍ਰੇਮ, ਸੇਵਾ ਅਤੇ ਸਦਾਚਾਰ ਦੀ ਮਹਿਕ ਸਮੋਈ ਹੋਈ ਹੈ। ਉਨ੍ਹਾਂ ਨੇ ਇਕ ਨਿਵੇਕਲਾ ਸ਼ਬਦ ਲੰਗਰ ਚਲਾ ਕੇ ਸਾਰੀ ਦੁਨੀਆ ਵਿਚ ਇਨ੍ਹਾਂ ਪੁਸਤਕਾਂ ਨੂੰ ਮੁਫ਼ਤ ਵੰਡਿਆ। ਇਹ ਇਕ ਨਿਵੇਕਲਾ ਕਾਰਜ ਸੀ, ਜੋ ਸਿਰਫ ਡਾ. ਅਲੱਗ ਨੇ ਹੀ ਕੀਤਾ। ਡਾ. ਅਲੱਗ ਦੀਆਂ ਪੁਸਤਕਾਂ ਖੋਜ ਭਰਪੂਰ ਹੋਣ ਦੇ ਨਾਲ-ਨਾਲ ਰਿਕਾਰਡ ਬੁੱਕਾਂ ਵਿਚ ਵੀ ਦਰਜ ਹਨ, ਜੋ ਪੰਜਾਬ, ਪੰਜਾਬੀਅਤ ਤੇ ਵਿਸ਼ੇਸ਼ ਕਰਕੇ ਸਿੱਖ ਕੌਮ ਲਈ ਬੜੇ ਮਾਣ ਦੀ ਗੱਲ ਹੈ।

ਉਨ੍ਹਾਂ ਦੀ ਹਰਮਨ ਪਿਆਰੀ ਪੁਸਤਕ 'ਹਰਿਮੰਦਰ ਦਰਸ਼ਨ' ਦੇ 226 ਐਡੀਸ਼ਨ ਛਾਪ ਕੇ ਵੰਡੇ ਜਾ ਚੁੱਕੇ ਹਨ, ਜੋ ਕਿ ਵਿਸ਼ਵ ਰਿਕਾਰਡ ਹੈ। ਡਾ. ਅਲੱਗ ਦੀਆਂ ਪੁਸਤਕਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਰਿਆਦਾ ਵਿਚ ਰਹਿ ਕੇ ਲਿਖੀਆਂ ਗਈਆਂ ਹਨ, ਜੋ ਆਪਸੀ ਪ੍ਰੇਮ, ਪਿਆਰ ਤੇ ਮਿਲਵਰਤਣ ਵਧਾਉਂਦੀਆਂ ਹਨ। ਡਾ. ਅਲੱਗ ਨੂੰ ਉਨ੍ਹਾਂ ਦੀਆਂ 5 ਨਿਸ਼ਕਾਮ ਸੇਵਾਵਾਂ ਕਰਕੇ 200 ਤੋਂ ਵੀ ਵੱਧ ਸਭਾ ਸੁਸਾਇਟੀਆਂ ਵਲੋਂ ਦੇਸ਼-ਵਿਦੇਸ਼ ਵਿਚ ਸਨਮਾਨਿਤ ਕੀਤਾ ਗਿਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਵੀ ਉਨ੍ਹਾਂ ਦੀਆਂ ਸਿੱਖ ਧਰਮ ਦੇ ਵਿਕਾਸ, ਪ੍ਰਗਾਸ ਤੇ ਹੁਲਾਸ ਲਈ ਕੀਤੇ ਅਣਥੱਕ ਯਤਨਾਂ ਲਈ ਉਨ੍ਹਾਂ ਨੂੰ 'ਸੇਵਾਦਾਰ-ਏ-ਕੌਮ' ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ।
ਅਕਾਲ ਤਖ਼ਤ ਸਾਹਿਬ ਤੋਂ ਵੀ ਡਾ. ਅਲੱਗ ਨੂੰ 'ਪ੍ਰਿੰਸੀਪਲ ਗੰਗਾ ਸਿੰਘ ਪੁਰਸਕਾਰ' ਨਾਲ ਨਿਵਾਜਿਆ ਗਿਆ। ਚਾਰ ਕੁ ਸਾਲ ਪਹਿਲਾਂ ਅੱਜ ਦੇ ਦਿਨ ਆਪਣੀ ਨਿਵੇਕਲੀ ਧੁਨ ਦਾ ਸ਼ਾਹ ਅਸਵਾਰ ਇਸ ਸੰਸਾਰ ਨੂੰ ਛੱਡ ਗੁਰੂ ਚਰਨਾਂ ਵਿਚ ਜਾ ਬਿਰਾਜਿਆ ਸੀ। ਡਾ. ਅਲੱਗ ਦੁਆਰਾ ਆਪਣੇ ਜੀਵਨ ਕਾਲ ਵਿਚ ਆਰੰਭੇ ਕਾਰਜ ਅੱਜ ਵੀ ਉਨ੍ਹਾਂ ਦੇ ਹੋਣਹਾਰ ਸਪੁੱਤਰਾਂ ਵਲੋਂ ਬੜੇ ਚਾਅ ਤੇ ਪਿਆਰ ਨਾਲ ਚਲਾਏ ਜਾ ਰਹੇ ਹਨ।
ਅੱਜ ਉਨ੍ਹਾਂ ਦੀ ਬਰਸੀ ਮੌਕੇ ਅਸੀਂ ਸਹਿਜ, ਸੁਹਜ ਤੇ ਨਿਸ਼ਕਾਮ ਸੇਵਾ ਦੇ ਮੁਜੱਸਮੇ ਡਾ. ਸਰੂਪ ਸਿੰਘ ਅਲੱਗ ਨੂੰ ਆਪਣੀਆਂ ਦਿਲ ਦੀਆਂ ਗਹਿਰਾਈਆਂ ਤੋਂ ਸ਼ਰਧਾ ਸੁਮਨ ਅਰਪਿਤ ਕਰਦੇ ਹਾਂ ਤੇ ਅਰਦਾਸ ਕਰਦੇ ਹਾਂ ਕਿ ਗੁਰੂ ਸਾਹਿਬ ਸਾਨੂੰ ਸ਼ਕਤੀ ਬਖਸ਼ਣ ਅਤੇ ਅਸੀਂ ਉਨ੍ਹਾਂ ਦੇ ਚਲਾਏ ਕਾਰਜਾਂ ਨੂੰ ਹੋਰ ਦ੍ਰਿੜਤਾ ਨਾਲ ਕਰ ਸਕੀਏ।
ਮੋਬਾਈਲ : 98143-00004