ਦੇਸ਼ ਦੇ ਕਿਸੇ ਵੀ ਰਾਜ ਵਿਚ ਹੋਈਆਂ ਕੁਝ ਉਪ-ਚੋਣਾਂ ਨਾਲ ਉੱਥੋਂ ਦੀ ਸਰਕਾਰ 'ਤੇ ਅਸਰ ਨਹੀਂ ਪੈਂਦਾ ਪਰ ਆਪੋ-ਆਪਣੇ ਢੰਗ ਨਾਲ ਇਹ ਉੱਪ-ਚੋਣਾਂ ਕੋਈ ਨਾ ਕੋਈ ਸੰਦੇਸ਼ ਜ਼ਰੂਰ ਛੱਡ ਜਾਂਦੀਆਂ ਹਨ। ਇਸ ਦੇ ਨਾਲ ਹੀ ਇਹ ਜ਼ਮੀਨੀ ਹਕੀਕਤ ਨੂੰ ਵੀ ਦਰਸਾਉਣ ਦਾ ਯਤਨ ਕਰਦੀਆਂ ਹਨ। ਪਿਛਲੇ ਦਿਨੀਂ ਦੇਸ਼ ਦੇ ਤਿੰਨ ਰਾਜਾਂ ਬਿਹਾਰ, ਮੱਧ ਪ੍ਰਦੇਸ਼ ਅਤੇ ਗੁਜਰਾਤ ਦੀਆਂ ਵਿਧਾਨ ਸਭਾਵਾਂ ਦੀ ਇਕ-ਇਕ ਸੀਟ ਤੋਂ ਉਪ-ਚੋਣ ਹੋਈ। ਇਨ੍ਹਾਂ ਦੇ ਨਤੀਜਿਆਂ ਨੂੰ ਸਾਰੀਆਂ ਹੀ ਸੰਬੰਧਿਤ ਸਿਆਸੀ ਪਾਰਟੀਆਂ ਨੇ ਆਪੋ-ਆਪਣੇ ਢੰਗ ਨਾਲ ਲਿਆ ਹੈ। ਬਿਹਾਰ ਵਿਚ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਹੈ। ਇੱਥੋਂ ਦੇ ਮੁੱਖ ਮੰਤਰੀ ਸਮਰਾਟ ਚੌਧਰੀ ਹਨ। ਪਿਛਲੀਆਂ ਵਿਧਾਨ ਸਭਾ ਚੋਣਾਂ ਵਿਚ ਜਿੱਥੇ ਭਾਰਤੀ ਜਨਤਾ ਪਾਰਟੀ ਅਤੇ ਜਨਤਾ ਦਲ (ਯੂ) ਨੇ ਰਲ ਕੇ ਚੋਣਾਂ ਲੜੀਆਂ ਸਨ, ਉੱਥੇ ਲਾਲੂ ਪ੍ਰਸਾਦ ਯਾਦਵ ਦੀ ਰਾਸ਼ਟਰੀ ਜਨਤਾ ਦਲ ਪਾਰਟੀ ਦੀ ਹਾਰ ਹੋਈ ਸੀ, ਪਰ ਇਸ ਰਾਜ ਵਿਚ ਉਸ ਸਮੇਂ ਪ੍ਰਸਿੱਧ ਸਿਆਸੀ ਸਿਧਾਂਤਕਾਰ ਪ੍ਰਸ਼ਾਂਤ ਕਿਸ਼ੋਰ ਨੇ ਵੀ ਆਪਣੀ ਜਨ ਸੁਰਾਜ ਪਾਰਟੀ ਬਣਾ ਕੇ ਵਿਧਾਨ ਸਭਾ ਚੋਣਾਂ ਲੜੀਆਂ ਸਨ। ਉਨ੍ਹਾਂ ਨੇ ਕੁਝ ਸਾਲ ਪਹਿਲਾਂ ਹੀ ਆਪਣੀ ਇਹ ਪਾਰਟੀ ਬਣਾਈ ਸੀ, ਪਰ ਇਨ੍ਹਾਂ ਚੋਣਾਂ ਵਿਚ ਉਸ ਦੀ ਪਾਰਟੀ ਨੂੰ ਨਮੋਸ਼ੀ ਭਰੀ ਹਾਰ ਹੋਈ ਸੀ।
ਪ੍ਰਸ਼ਾਂਤ ਕਿਸ਼ੋਰ ਨੇ ਆਪਣੀ ਜਨ ਸੁਰਾਜ ਪਾਰਟੀ ਦੇ ਨਾਂਅ 'ਤੇ ਬਿਹਾਰ ਦੀਆਂ ਸਾਰੀਆਂ ਹੀ 238 ਵਿਧਾਨ ਸਭਾ ਸੀਟਾਂ 'ਤੇ ਚੋਣ ਲੜੀ ਸੀ ਪਰ ਇਨ੍ਹਾਂ 'ਚੋਂ ਉਹ 2 ਨੂੰ ਛੱਡ ਕੇ 236 ਸੀਟਾਂ 'ਤੇ ਆਪਣੀ ਪਾਰਟੀ ਦੇ ਉਮੀਦਵਾਰਾਂ ਦੀ ਜ਼ਮਾਨਤ ਵੀ ਨਹੀਂ ਸੀ ਬਚਾ ਸਕੇ। ਪਰ ਹੁਣ ਬਾਂਕੀਪੁਰ ਉਪ ਚੋਣ ਵਿਚ ਉਹ ਆਪ ਵੱਡੇ ਫ਼ਰਕ ਨਾਲ ਜਿੱਤ ਗਏ ਹਨ। ਬਾਂਕੀਪੁਰ ਵਿਧਾਨ ਸਭਾ ਦਾ ਆਪਣੇ-ਆਪ ਵਿਚ ਇਸ ਲਈ ਵੱਡਾ ਮਹੱਤਵ ਹੈ, ਕਿਉਂਕਿ ਇਹ ਸੀਟ ਭਾਜਪਾ ਦੇ ਬਣੇ ਨਵੇਂ ਪ੍ਰਧਾਨ ਨਿਤਿਨ ਨਬੀਨ ਦੇ ਰਾਜ ਸਭਾ ਵਿਚ ਜਾਣ ਤੋਂ ਬਾਅਦ ਖਾਲੀ ਹੋਈ ਸੀ। ਨਿਤਿਨ ਨਬੀਨ ਇਸ ਸੀਟ ਤੋਂ ਪਹਿਲਾਂ 5 ਵਾਰ ਚੋਣ ਜਿੱਤੇ ਸਨ ਅਤੇ ਉਸ ਤੋਂ ਪਹਿਲਾਂ ਉਸ ਦੇ ਪਿਤਾ 4 ਵਾਰ ਬਾਂਕੀਪੁਰ ਤੋਂ ਵਿਧਾਇਕ ਬਣੇ ਸਨ। ਬਿਨਾਂ ਸ਼ੱਕ ਇਸ ਇਕ ਸੀਟ ਦੀ ਹਾਰ ਨਾਲ ਵੀ ਭਾਜਪਾ ਨੂੰ ਧੱਕਾ ਲੱਗਾ ਹੈ। ਪ੍ਰਸ਼ਾਂਤ ਕਿਸ਼ੋਰ ਨੇ ਆਪਣੇੇ ਚੋਣ ਪ੍ਰਚਾਰ ਵਿਚ ਬੇਰੁਜ਼ਗਾਰੀ, ਗੁਰਬਤ ਅਤੇ ਲੋਕਾਂ ਦੀ ਡੋਲਦੀ ਆਰਥਿਕਤਾ ਨੂੰ ਆਪਣਾ ਕੇਂਦਰ ਬਿੰਦੂ ਬਣਾਇਆ ਸੀ। ਬਿਹਾਰ ਵਿਚ ਹੁਣ ਤੱਕ ਵੀ ਜਾਤੀਵਾਦ ਦਾ ਬੋਲਬਾਲਾ ਰਿਹਾ ਹੈ। ਪ੍ਰਸ਼ਾਂਤ ਕਿਸ਼ੋਰ ਬ੍ਰਾਹਮਣ ਹਨ। ਉਹ ਬਾਕੀ ਸਵਰਨ ਵੋਟਰਾਂ ਨੂੰ ਵੀ ਆਪਣੇ ਨਾਲ ਲੈਣ ਵਿਚ ਸਫ਼ਲ ਹੋਏ ਹਨ। ਨਿਤਿਸ਼ ਕੁਮਾਰ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਹਟਾਏ ਜਾਣ ਨਾਲ ਵੱਡੀ ਗਿਣਤੀ 'ਚ ਕੁਰਮੀ ਵੋਟਰ ਵੀ ਭਾਜਪਾ ਤੋਂ ਨਾਰਾਜ਼ ਸਨ। ਮੁਸਲਿਮ ਅਤੇ ਯਾਦਵ ਵੋਟਰਾਂ ਨੇ ਤਾਂ ਅਕਸਰ ਭਾਜਪਾ ਦੀ ਅਣਦੇਖੀ ਹੀ ਕੀਤੀ ਹੈ। ਪ੍ਰਸ਼ਾਂਤ ਦੀ ਜਿੱਤ ਦੇ ਹੋਰ ਸਥਾਨਕ ਕਾਰਨ ਵੀ ਹੋ ਸਕਦੇ ਹਨ ਪਰ ਭਾਜਪਾ ਲਈ ਸਮੁੱਚੇ ਰੂਪ ਵਿਚ ਇਹ ਇਕ ਵੱਡਾ ਝਟਕਾ ਮੰਨਿਆ ਜਾਏਗਾ। ਮੱਧ ਪ੍ਰਦੇਸ਼ ਵਿਚ ਵੀ ਭਾਜਪਾ ਦੀ ਹਕੂਮਤ ਹੈ। ਇਹ ਪ੍ਰਭਾਵ ਬਣਿਆ ਰਿਹਾ ਹੈ ਕਿ ਉਪ ਚੋਣਾਂ ਅਕਸਰ ਰਾਜ ਕਰਦੀ ਪਾਰਟੀ ਹੀ ਜਿੱਤਦੀ ਹੈ। ਪਰ ਮੱਧ ਪ੍ਰਦੇਸ਼ ਦੀ ਦਤੀਆ ਉਪ ਚੋਣ ਵਿਚ ਇਕ ਵਾਰ ਫਿਰ ਕਾਂਗਰਸ ਨੇ ਆਪਣੀ ਜਿੱਤ ਦਰਜ ਕਰਾਈ ਹੈ। ਗੁਜਰਾਤ ਹਾਲੇ ਵੀ ਭਾਜਪਾ ਦਾ ਮਜ਼ਬੂਤ ਕਿਲ੍ਹਾ ਮੰਨਿਆ ਜਾਂਦਾ ਹੈ। ਉੱਥੇ ਮਾਂਜਲਪੁਰ ਵਿਚ ਭਾਜਪਾ ਦੇ ਉਮੀਦਵਾਰ ਦਾ ਜਿੱਤਣਾ ਕੋਈ ਵੱਡੀ ਗੱਲ ਨਹੀਂ ਮੰਨੀ ਜਾ ਸਕਦੀ।
ਇਨ੍ਹਾਂ ਚੋਣਾਂ ਨਾਲ ਇਨ੍ਹਾਂ ਰਾਜਾਂ ਦੀ ਸਿਆਸੀ ਹਕੀਕਤ 'ਤੇ ਤਾਂ ਕੋਈ ਅਸਰ ਨਹੀਂ ਪਿਆ ਪਰ ਇਹ ਭਾਜਪਾ ਦੀ ਕਾਰਜਸ਼ੈਲੀ ਵੱਲ ਇਸ਼ਾਰਾ ਜ਼ਰੂਰ ਕਰਦੀਆਂ ਹਨ। ਇਹ ਭਾਜਪਾ ਦੀ ਲੀਡਰਸ਼ਿਪ ਦੇ ਉਸ ਭਰਮ ਨੂੰ ਤੋੜਨ ਦਾ ਪ੍ਰਤੱਖ ਪ੍ਰਮਾਣ ਜ਼ਰੂਰ ਹਨ ਕਿ ਉਹ ਆਪਣੇ ਤੌਰ 'ਤੇ ਚਾਹੇ ਕੋਈ ਵੀ ਕਦਮ ਉਠਾ ਲਵੇ ਉਸ ਨੂੰ ਰੋਕਣ, ਟੋਕਣ ਅਤੇ ਇਤਰਾਜ਼ ਕਰਨ ਵਾਲਾ ਕੋਈ ਨਹੀਂ। ਇਨ੍ਹਾਂ ਚੋਣਾਂ 'ਤੇ ਨੌਜਵਾਨਾਂ ਦੇ ਅੰਦੋਲਨ ਅਤੇ ਰਾਮ ਮੰਦਰ ਵਿਚ ਚੜ੍ਹਾਵਾ ਚੋਰੀ ਦਾ ਪ੍ਰਭਾਵ ਵੀ ਜ਼ਰੂਰ ਦਿਖਾਈ ਦਿੰਦਾ ਹੈ। ਇਹ ਉਪ ਚੋਣਾਂ ਭਾਜਪਾ ਨੂੰ ਮੁੜ ਸੋਚਣ ਅਤੇ ਆਪਣੀਆਂ ਨੀਤੀਆਂ ਵਿਚ ਤਬਦੀਲੀ ਕਰਨ ਦਾ ਇਸ਼ਾਰਾ ਜ਼ਰੂਰ ਕਰਦੀਆਂ ਹਨ। ਇਸ ਲਈ ਵੀ ਕਿ ਆਉਂਦੇ 6 ਮਹੀਨਿਆਂ ਤੱਕ ਉੱਤਰ ਪ੍ਰਦੇਸ਼ ਦੀਆਂ ਚੋਣਾਂ ਵੀ ਬਰੂਹਾਂ 'ਤੇ ਖੜ੍ਹੀਆਂ ਦਿਖਾਈ ਦਿੰਦੀਆਂ ਹਨ।
-ਬਰਜਿੰਦਰ ਸਿੰਘ ਹਮਦਰਦ