ਪੰਜਾਬ ਦਾ ਨਾਂਅ ਅਕਸਰ ਨਸ਼ਿਆਂ ਦੇ ਫੈਲੇ ਵਰਤਾਰੇ ਨਾਲ ਜੋੜਿਆ ਜਾਂਦਾ ਹੈ, ਪਰ ਇਹ ਸਮੱਸਿਆ ਦੇਸ਼ ਦੀ ਹੀ ਨਹੀਂ, ਸਗੋਂ ਅੰਤਰਰਾਸ਼ਟਰੀ ਪੱਧਰ 'ਤੇ ਵੀ ਬੇਹੱਦ ਗੰਭੀਰ ਬਣੀ ਹੋਈ ਹੈ। ਦੁਨੀਆ ਭਰ ਵਿਚ ਇਸ ਕਾਲੇ ਧੰਦੇ ਨਾਲ ਖ਼ਤਰਨਾਕ ਮਾਫੀਏ ਜੁੜੇ ਹੋਏ ਹਨ, ਜੋ ਅਰਬਾਂ-ਖਰਬਾਂ ਦਾ ਕਾਲਾ ਕਾਰੋਬਾਰ ਚਲਾ ਰਹੇ ਹਨ। ਇਨ੍ਹਾਂ ਨੂੰ ਸਰਕਾਰਾਂ ਦਾ ਵੀ ਹੱਥ ਪਾਉਣ ਦਾ ਹੀਆ ਨਹੀਂ ਪੈਂਦਾ, ਕਿਉਂਕਿ ਇਹ ਬੇਹੱਦ ਖ਼ਤਰਨਾਕ ਤੇ ਤਾਕਤਵਰ ਹੋ ਚੁੱਕੇ ਹਨ। ਇਨ੍ਹਾਂ ਦਾ ਪਸਾਰਾ ਦੁਨੀਆ ਭਰ ਵਿਚ ਫੈਲਿਆ ਹੋਇਆ ਹੈ। ਅਫ਼ਰੀਕਾ ਦੇ ਤਰਸਯੋਗ ਹਾਲਾਤ ਵਿਚ ਵਿਚਰਦੇ ਦੇਸ਼ਾਂ ਤੋਂ ਲੈ ਕੇ ਕੈਨੇਡਾ ਅਤੇ ਅਮਰੀਕਾ ਵਰਗੇ ਵਿਕਸਿਤ ਦੇਸ਼ ਵੀ ਇਨ੍ਹਾਂ ਦਾ ਸ਼ਿਕਾਰ ਬਣੇ ਨਜ਼ਰ ਆਉਂਦੇ ਹਨ।

ਚਾਹੇ ਉਨ੍ਹਾਂ ਦੇਸ਼ਾਂ ਵਿਚ ਅਜਿਹੇ ਕਾਰੋਬਾਰ ਕਰਨ ਵਾਲਿਆਂ ਨੂੰ ਸਖ਼ਤ ਸਜ਼ਾਵਾਂ ਵੀ ਦਿੱਤੀਆਂ ਜਾਂਦੀਆਂ ਹਨ ਅਤੇ ਕਾਨੂੰਨੀ ਤੌਰ 'ਤੇ ਵੀ ਇਨ੍ਹਾਂ ਵਿਰੁੱਧ ਕਾਰਵਾਈਆਂ ਨੂੰ ਹੋਰ ਪ੍ਰਭਾਵਸ਼ਾਲੀ ਬਣਾਇਆ ਗਿਆ ਹੈ ਪਰ ਇਸ ਦੇ ਬਾਵਜੂਦ ਇਹ ਵਰਤਾਰਾ ਲਗਾਤਾਰ ਜਾਰੀ ਹੈ। ਪੰਜਾਬ ਦੀ ਇਸ ਨਾਲ ਜੁੜੀ ਇਕ ਵੱਡੀ ਸਮੱਸਿਆ ਇਹ ਹੈ ਕਿ ਬਹੁਤੇ ਨਸ਼ੇ ਅਫ਼ਗਾਨਿਸਤਾਨ ਤੋਂ ਹੁੰਦੇ ਹੋਏ ਪਾਕਿਸਤਾਨ ਪਹੁੰਚਦੇ ਹਨ। ਉੱਥੋਂ ਇਨ੍ਹਾਂ ਨੂੰ ਹਰ ਢੰਗ ਤਰੀਕਾ ਅਪਣਾ ਕੇ ਵੱਡੀਆਂ ਖੇਪਾਂ ਦੇ ਰੂਪ 'ਚ ਭਾਰਤ ਲਿਆਇਆ ਜਾਂਦਾ ਹੈ। ਜਿੱਥੋਂ ਇਹ ਖੇਪਾਂ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਅਤੇ ਵਿਦੇਸ਼ਾਂ ਨੂੰ ਵੀ ਭੇਜੀਆਂ ਜਾਂਦੀਆਂ ਹਨ। ਪੰਜਾਬ ਵਿਚ ਤਾਂ ਨਸ਼ੀਲੇ ਪਦਾਰਥਾਂ ਦੇ ਬਹੁਤੀ ਮਾਤਰਾ ਵਿਚ ਆਉਣ ਕਾਰਨ ਇਨ੍ਹਾਂ ਨੇ ਬਹੁਗਿਣਤੀ ਨੌਜਵਾਨਾਂ ਨੂੰ ਆਪਣੀ ਗ੍ਰਿਫ਼ਤ ਵਿਚ ਲੈ ਲਿਆ ਹੈ ਪਰ ਸਮੁੱਚੇ ਦੇਸ਼ ਭਰ ਵਿਚ ਫੈਲਿਆ ਇਹ ਵਰਤਾਰਾ ਜਿਥੇ ਜਵਾਨੀ ਲਈ ਘੁਣ ਦਾ ਕੰਮ ਕਰ ਰਿਹਾ ਹੈ, ਉੱਥੇ ਕੇਂਦਰ ਅਤੇ ਰਾਜ ਸਰਕਾਰਾਂ ਲਈ ਵੀ ਇਕ ਗੰਭੀਰ ਚੁਣੌਤੀ ਬਣਿਆ ਖੜ੍ਹਾ ਹੈ। ਇਸ ਨੂੰ ਭਾਂਪਦਿਆਂ ਹੀ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੂੰ ਇਸ ਨਾਂਹ-ਪੱਖੀ ਅਮਲ ਤੋਂ ਨੌਜਵਾਨਾਂ ਨੂੰ ਸੁਚੇਤ ਕਰਨਾ ਪਿਆ ਹੈ। ਉਨ੍ਹਾਂ ਨੇ ਆਪਣੇ ਸੰਬੋਧਨ ਵਿਚ ਨੌਜਵਾਨਾਂ ਨੂੰ ਨਸ਼ਿਆਂ ਦੇ ਖ਼ਿਲਾਫ਼ ਸੰਕਲਪ ਲੈਣ ਦੀ ਅਪੀਲ ਕੀਤੀ ਹੈ। ਇਸ ਲਈ ਉਨ੍ਹਾਂ ਨੇ ਆਉਂਦੇ ਸਾਲਾਂ ਵਿਚ 'ਨਸ਼ਾ ਮੁਕਤ ਯੁਵਾ ਫਾਰ ਵਿਕਸਿਤ ਭਾਰਤ ਸੰਕਲਪ ਅਭਿਆਨ' ਚਲਾਉਣ ਲਈ ਯੋਜਨਾਬੰਦੀ ਕੀਤੀ ਹੈ। ਦੇਸ਼ ਵਿਆਪੀ ਲੋਕਾਂ ਦੀ ਭਾਈਵਾਲੀ ਨਾਲ ਚਲਾਏ ਜਾਣ ਵਾਲੇ ਇਸ ਪ੍ਰੋਗਰਾਮ ਦੀ ਰੂਪਰੇਖਾ ਵੀ ਉਲੀਕੀ ਗਈ ਹੈ। ਸ੍ਰੀ ਮੋਦੀ ਨੇ ਕਿਹਾ ਹੈ ਕਿ ਨਸ਼ਾ ਦੇਸ਼ ਦੇ ਭਵਿੱਖ ਲਈ ਇਕ ਗੰਭੀਰ ਚੁਣੌਤੀ ਹੈ, ਜਿਸ ਦੇ ਖ਼ਿਲਾਫ਼ ਲੋਕਾਂ ਦੀ ਭਾਗੀਦਾਰੀ ਵਧਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਇਹ ਪ੍ਰੋਗਰਾਮ ਨੌਜਵਾਨਾਂ ਨੂੰ ਖੇਡਾਂ, ਯੋਗਾ ਅਤੇ ਹੋਰ ਸਾਕਾਰਾਤਮਕ ਸਰਗਰਮੀਆਂ ਨਾਲ ਜੋੜ ਕੇ ਨਸ਼ਿਆਂ ਤੋਂ ਦੂਰ ਰੱਖਣ ਲਈ ਤਿਆਰ ਕੀਤਾ ਗਿਆ ਹੈ। ਉਨ੍ਹਾਂ ਨੌਜਵਾਨਾਂ ਨੂੰ ਨਸ਼ਾ ਮੁਕਤ ਭਾਰਤ ਬਣਾਉਣ ਦੇ ਮਿਸ਼ਨ ਵਿਚ ਸਰਗਰਮ ਰੂਪ ਵਿਚ ਹਿੱਸਾ ਲੈਣ ਲਈ ਪ੍ਰੇਰਿਆ ਹੈ।
ਇਸੇ ਗੰਭੀਰ ਮਸਲੇ ਸੰਬੰਧੀ ਪੰਜਾਬ ਸਰਕਾਰ ਨੇ ਵੀ ਪਿਛਲੇ ਸਾਲ ਤੋਂ ਨਸ਼ਿਆਂ ਖ਼ਿਲਾਫ਼ 'ਯੁੱਧ ਨਸ਼ਿਆਂ ਵਿਰੁੱਧ' ਨਾਂਅ ਦੀ ਇਕ ਯੋਜਨਾ ਅਧੀਨ ਸੂਬੇ 'ਚੋਂ ਨਸ਼ਿਆਂ ਨੂੰ ਖ਼ਤਮ ਕਰਨ ਲਈ ਮੁਹਿੰਮ ਦਾ ਐਲਾਨ ਕੀਤਾ ਹੋਇਆ ਹੈ। ਇਸ ਲਈ ਉਨ੍ਹਾਂ ਨੇ ਪਿੰਡਾਂ ਅਤੇ ਵਾਰਡਾਂ ਦੀਆਂ 13,000 ਕਮੇਟੀਆਂ ਬਣਾ ਕੇ ਇਕ ਲੱਖ ਤੋਂ ਵੱਧ ਵਰਕਰ ਤਿਆਰ ਕੀਤੇ ਹਨ, ਜਿਨ੍ਹਾਂ ਨੂੰ ਇਸ ਮੁਹਿੰਮ ਲਈ ਸਰਗਰਮ ਕੀਤਾ ਗਿਆ ਹੈ। ਇਸ ਬਾਰੇ ਸਰਕਾਰ ਵਲੋਂ ਮੁੱਲਾਂਪੁਰ ਦਾਖਾ ਵਿਚ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਦਾ ਰਾਜ ਪੱਧਰੀ ਮੁਲਾਂਕਣ ਪ੍ਰੋਗਰਾਮ ਵੀ ਕੀਤਾ ਗਿਆ ਹੈ, ਜਿਸ ਵਿਚ ਪੁਲਿਸ ਮੁਖੀ ਵਲੋਂ ਇਸ ਯੋਜਨਾ ਅਧੀਨ ਹੁਣ ਤੱਕ ਕੀਤੇ ਗਏ ਸਾਰੇ ਕੰਮਾਂ ਦਾ ਵੇਰਵਾ ਪੇਸ਼ ਕੀਤਾ ਗਿਆ ਹੈ। ਇਸ ਸਮੁੱਚੀ ਸਰਗਰਮੀ ਨੂੰ ਅਸੀਂ ਸਰਕਾਰ ਵਲੋਂ ਚੁੱਕਿਆ ਗਿਆ ਇਕ ਵੱਡਾ ਅਮਲੀ ਕਦਮ ਸਮਝਦੇ ਹਾਂ ਅਤੇ ਪਿਛਲੇ ਸਮੇਂ ਵਿਚ ਉਸ ਵਲੋਂ ਕੀਤੇ ਗਏ ਇਸ ਖੇਤਰ ਵਿਚ ਕੰਮਾਂ 'ਤੇ ਸੰਤੁਸ਼ਟੀ ਪ੍ਰਗਟ ਕਰਦੇ ਹਾਂ, ਪਰ ਇਹ ਸਮੱਸਿਆ ਇਸ ਹੱਦ ਤੱਕ ਗੰਭੀਰ ਹੋ ਚੁੱਕੀ ਹੈ ਕਿ ਇਸ 'ਤੇ ਕਾਬੂ ਪਾਉਣ ਲਈ ਸਰਕਾਰ ਨੂੰ ਆਉਂਦੇ ਸਮੇਂ ਵਿਚ ਵੀ ਲਗਾਤਾਰ ਸਰਗਰਮੀ ਦਿਖਾਉਣੀ ਹੋਵੇਗੀ। ਇਹ ਕਾਰਵਾਈਆਂ ਜੇ ਜ਼ਮੀਨੀ ਪੱਧਰ 'ਤੇ ਹਾਲਾਤ ਨੂੰ ਬਦਲਣ ਵਿਚ ਸਫ਼ਲ ਹੁੰਦੀਆਂ ਹਨ, ਤਾਂ ਇਹ ਸਰਕਾਰ ਦੀ ਇਕ ਵੱਡੀ ਸਫ਼ਲਤਾ ਮੰਨੀ ਜਾਏਗੀ ਅਤੇ ਇਸ ਨਾਲ ਸਿਹਤਮੰਦ ਪੰਜਾਬ ਦੇ ਮਿੱਥੇ ਨਿਸ਼ਾਨੇ ਨੂੰ ਪੂਰਾ ਕਰਨ ਲਈ ਅੱਗੇ ਵਧਿਆ ਜਾ ਸਕੇਗਾ।
-ਬਰਜਿੰਦਰ ਸਿੰਘ ਹਮਦਰਦ