18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-02-2026

ਤੇਜਾ ਸਿੰਘ ਸਮੁੰਦਰੀ ਨੂੰ ਯਾਦ ਕਰਦਿਆਂ

Ad Position 21
No active advertisement
ਅਜੀਤ ਡੈਸਕ 20-02-2026

ਅੱਜ ਜਨਮ ਦਿਨ 'ਤੇ ਵਿਸ਼ੇਸ਼
ਸ. ਤੇਜਾ ਸਿੰਘ ਸਮੁੰਦਰੀ ਬਾਰੇ ਗੱਲ ਕਰਦਿਆਂ ਸਭ ਤੋਂ ਪਹਿਲਾਂ ਮੈਂ ਅੰਮ੍ਰਿਤਸਰ ਵਿਚ ਸਥਿਤ ਉਨ੍ਹਾਂ ਦੀ ਯਾਦ ਨੂੰ ਸਮਰਪਿਤ 'ਤੇਜਾ ਸਿੰਘ ਸਮੁੰਦਰੀ ਹਾਲ' ਬਾਰੇ ਜ਼ਿਕਰ ਕਰਾਂਗਾ, ਜਿੱਥੋਂ ਸਿੱਖਾਂ ਦੇ ਪਵਿੱਤਰ ਅਸਥਾਨ ਸ੍ਰੀ ਹਰਿਮੰਦਰ ਸਾਹਿਬ ਤੇ ਪੰਜਾਬ ਦੇ ਹੋਰ ਸਾਰੇ ਇਤਿਹਾਸਕ ਗੁਰਦੁਆਰਿਆਂ ਦਾ ਪ੍ਰਬੰਧ ਸੁਚਾਰੂ ਢੰਗ ਨਾਲ ਚਲਾਇਆ ਜਾਂਦਾ ਹੈ। ਇਸੇ ਯਾਦਗਾਰ 'ਚੋਂ ਹੀ ਸਰਦਾਰ ਤੇਜਾ ਸਿੰਘ ਸਮੁੰਦਰੀ ਦੀ ਸ਼ਖ਼ਸੀਅਤ ਦੇ ਦੀਦਾਰ ਹੋ ਜਾਂਦੇ ਹਨ। ਅੱਜ ਦੇ ਦਿਨ ਸਰਦਾਰ ਤੇਜਾ ਸਿੰਘ ਸਮੁੰਦਰੀ ਨੂੰ ਉਨ੍ਹਾਂ ਦੇ ਜਨਮ ਦਿਨ 'ਤੇ ਯਾਦ ਕਰਨਾ ਅਸਲ 'ਚ ਸਮਾਜ ਲਈ 'ਨੈਤਿਕ ਅਗਵਾਈ' ਦੀ ਪਰਿਭਾਸ਼ਾ ਨੂੰ ਦੁਹਰਾਉਣਾ ਹੈ। ਉਨ੍ਹਾਂ ਦਾ ਜਨਮ 20 ਫਰਵਰੀ 1882 'ਚ ਤਰਨ ਤਾਰਨ ਦੇ ਪਿੰਡ ਰਾਇ ਕਾ ਬੁਰਜ ਵਿਖੇ ਹੋਇਆ। ਉਨ੍ਹਾਂ ਦੇ ਨਾਂਅ ਨਾਲ 'ਸਮੁੰਦਰੀ' ਲਕਬ ਅਜੋਕੇ ਪਾਕਿਸਤਾਨ ਦੇ ਲਾਇਲਪੁਰ (ਅੱਜਕਲ੍ਹ ਫੈਸਲਾਬਾਦ) ਜ਼ਿਲ੍ਹੇ ਦੇ ਕਸਬੇ ਸਮੁੰਦਰੀ ਨਾਲ ਜੁੜਿਆ ਮੰਨਿਆ ਜਾਂਦਾ ਹੈ, ਜਿੱਥੇ ਉਹ ਲੰਮਾ ਸਮਾਂ ਲੋਕ ਭਲਾਈ ਦੇ ਖੇਤਰ ਵਿਚ ਸਰਗਰਮ ਰਹੇ। ਉਨ੍ਹਾਂ ਦੀ ਰਸਮੀ ਪੜ੍ਹਾਈ ਭਾਵੇਂ ਸੀਮਤ ਸੀ ਪਰ ਚਰਿੱਤਰ ਸਿੱਖਿਆ ਅਸੀਮ ਸੀ। ਨੌਜਵਾਨ ਅਵਸਥਾ 'ਚ ਉਨ੍ਹਾਂ ਨੇ ਬਰਤਾਨਵੀ ਫੌਜ 'ਚ ਸੇਵਾ ਕੀਤੀ ਅਤੇ 22ਵੀਂ ਕੈਵਲਰੀ 'ਚ ਉੱਚ ਅਹੁਦੇ ਤੱਕ ਪਹੁੰਚੇ। ਗੁਰਦੁਆਰਾ ਸੁਧਾਰ ਲਹਿਰ (1920 26) 'ਚ ਉਨ੍ਹਾਂ ਦੀ ਭੂਮਿਕਾ ਇਸ ਕਰਕੇ ਕੇਂਦਰੀ ਸੀ ਕਿ ਉਹ ਜਨਤਕ ਗੁੱਸੇ ਨੂੰ ਅਹਿੰਸਾ, ਅਨੁਸ਼ਾਸਨ ਤੇ ਨੈਤਿਕਤਾ ਦੇ ਹੇਠ ਲਿਆਉਂਦੇ ਰਹੇ। ਗੁਰਦੁਆਰਾ ਰਕਾਬ ਗੰਜ ਸਾਹਿਬ, ਗੁਰੂ ਕਾ ਬਾਗ਼, ਚਾਬੀਆਂਵਾਲਾ ਮੋਰਚਾ, ਜੈਤੋ ਤੇ ਨਾਭਾ ਦੇ ਮੋਰਚਿਆਂ ਪਿੱਛੇ ਉਨ੍ਹਾਂ ਦੀ ਰਣਨੀਤਕ ਤੇ ਨੈਤਿਕ ਦੂਰਦ੍ਰਿਸ਼ਟੀ ਦਾ ਜ਼ਿਕਰ ਮਿਸਾਲ ਦੇ ਤੌਰ 'ਤੇ ਮਿਲਦਾ ਹੈ।
ਉਨ੍ਹਾਂ ਦੀ ਅਸੀਮ 'ਨੈਤਿਕ ਹਿੰਮਤ' ਦੀ ਜਿਊਂਦੀ-ਜਾਗਦੀ ਮਿਸਾਲ ਗੁਰੂ ਕਾ ਬਾਗ਼ ਮੋਰਚੇ ਵਿਚ ਉਦੋਂ ਦੇਖਣ ਨੂੰ ਮਿਲੀ, ਜਦੋਂ ਲਾਠੀਆਂ ਤੇ ਗ੍ਰਿਫ਼ਤਾਰੀਆਂ ਦੇ ਬਾਵਜੂਦ ਵਿਰੋਧ ਹਿੰਸਕ ਨਾ ਹੋਇਆ। ਕਈ ਇਤਿਹਾਸਕ ਘਟਨਾਵਾਂ 'ਚ ਵਰਣਨ ਮਿਲਦਾ ਹੈ ਕਿ ਜਿਸ ਸਮੇਂ ਵਾਰੰਟ ਜਾਰੀ ਹੋਏ ਤਾਂ ਇਕ 'ਕੌਂਸਲ ਆਫ਼ ਐਕਸ਼ਨ' ਕਮੇਟੀ ਬਣੀ, ਜਿਸ ਦੀ ਅਗਵਾਈ ਤੇਜਾ ਸਿੰਘ ਸਮੁੰਦਰੀ ਨੇ ਕੀਤੀ ਅਤੇ ਮੋਰਚੇ ਦੀ ਕਮਾਨ ਸੰਭਾਲੀ। ਸ਼੍ਰੋਮਣੀ ਕਮੇਟੀ ਦੇ ਰਿਕਾਰਡ ਅਨੁਸਾਰ ਹਜ਼ਾਰਾਂ ਸਿੱਖ ਗ੍ਰਿਫ਼ਤਾਰ ਹੋਏ, ਜੋ ਕੌਮ ਦੀ ਜਥੇਬੰਦਕ ਤਾਕਤ ਤੇ ਏਕਤਾ ਦਾ ਅਦਭੁੱਤ ਅਧਿਆਇ ਸੀ।
ਸਮੁੰਦਰੀ ਜੀ ਦੀ ਮਹਾਨਤਾ ਦਾ ਸਭ ਤੋਂ ਰੌਸ਼ਨ ਪੱਖ ਇਹ ਸੀ ਕਿ ਉਹ ਸੰਸਥਾਵਾਂ ਨੂੰ ਵਿਅਕਤੀ ਤੋਂ ਉੱਪਰ ਰੱਖਦੇ ਸਨ। ਸ਼੍ਰੋਮਣੀ ਕਮੇਟੀ ਦੇ ਮੁੱਢਲੇ ਪੜਾਅ ਨਾਲ ਉਨ੍ਹਾਂ ਦਾ ਸਿੱਧਾ ਸੰਬੰਧ ਵੇਖਣ ਨੂੰ ਮਿਲਦਾ ਹੈ, ਜਿਸ ਵਿਚ ਉਨ੍ਹਾਂ ਉਪ ਪ੍ਰਧਾਨ ਵਰਗੀ ਭੂਮਿਕਾ ਵੀ ਨਿਭਾਈ। ਉਹ ਮੰਨਦੇ ਸਨ ਕਿ ਜਦੋਂ ਅੰਦੋਲਨ ਇਕ ਵਿਅਕਤੀ ਦੀ ਛਾਂ ਹੇਠ ਆ ਜਾਂਦਾ ਹੈ ਤਾਂ ਸੰਸਥਾ ਦੀ ਰੂਹ ਕਮਜ਼ੋਰ ਹੋ ਜਾਂਦੀ ਹੈ। ਉਨ੍ਹਾਂ ਨੇ ਸਮਾਜ 'ਚ ਨੀਵੇਂ ਸਮਝੇ ਜਾਂਦੇ ਵਰਗ ਨੂੰ ਖੂਹਾਂ 'ਚੋਂ ਪਾਣੀ ਭਰਨ ਦਾ ਅਧਿਕਾਰ ਦਿਵਾਉਣ ਵਰਗੇ ਕਦਮ ਉਠਾ ਕੇ ਸਮਾਜਿਕ ਭੇਦ-ਭਾਵ ਨੂੰ ਚੁਣੌਤੀ ਦਿੱਤੀ ਤੇ ਨਾਲ ਹੀ ਉਨ੍ਹਾਂ ਨੇ ਸਿੱਖਿਆ, ਖ਼ਾਸ ਕਰਕੇ ਇਸਤਰੀ ਸਿੱਖਿਆ ਨੂੰ ਤਰਜੀਹ ਦਿੱਤੀ, ਇਸ ਸੰਬੰਧ ਵਿਚ ਸਰਹਾਲੀ 'ਚ ਖ਼ਾਲਸਾ ਸਕੂਲ ਤੇ 1917 ਈ. ਵਿਚ ਲੜਕੀਆਂ ਲਈ ਵੱਖਰਾ ਸਕੂਲ ਵਰਗੀਆਂ ਪਹਿਲਕਦਮੀਆਂ ਦਾ ਜ਼ਿਕਰ ਮਿਲਦਾ ਹੈ।
ਉਨ੍ਹਾਂ ਦੇ ਜੀਵਨ ਦੀ ਇਕ ਘਟਨਾ ਉਨ੍ਹਾਂ ਦੀ ਨਿਸ਼ਕਾਮਤਾ ਨੂੰ ਦਰਸਾਉਂਦੀ ਹੈ, ਜਿਸ ਅਨੁਸਾਰ ਜਦੋਂ ਸ਼੍ਰੋਮਣੀ ਕਮੇਟੀ ਨੂੰ ਪ੍ਰੀਵੀ ਕੌਂਸਲ ਵਿਚ ਅਪੀਲ ਲਈ ਵੱਡੀ ਰਕਮ ਦੀ ਲੋੜ ਪਈ ਤਾਂ ਉਨ੍ਹਾਂ ਨੇ ਆਪਣੇ ਹਿੱਸੇ ਆਉਂਦੀ ਜ਼ਮੀਨ ਦੇ ਦੋ ਮੁਰੱਬੇ ਗਿਰਵੀ ਰੱਖ ਕੇ ਅੱਧੀ ਰਕਮ ਦੀ ਭਰਪਾਈ ਆਪ ਕੀਤੀ। ਅੱਜ ਜਦੋਂ ਅਸੀਂ ਦੇਖਦੇ ਹਾਂ ਕਿ ਸੇਵਾ ਵੀ ਦਿਖਾਵੇ 'ਚ ਬਦਲ ਰਹੀ ਹੈ ਤਾਂ ਇਹ ਘਟਨਾ ਖ਼ਾਲਸ ਅਰਥਾਂ ਵਿਚ ਸੇਵਾ ਦਾ ਮਾਪਦੰਡ ਨਿਰਧਾਰਤ ਕਰਦੀ ਹੈ। ਅਜਿਹੇ ਲੋਕ ਭਲਾਈ ਤੇ ਸਿੱਖੀ ਪ੍ਰਤੀ ਕੀਤੇ ਕਾਰਜਾਂ ਕਾਰਨ ਹੀ ਬਰਤਾਨਵੀ ਸਰਕਾਰ ਨੇ ਉਨ੍ਹਾਂ ਨੂੰ ਆਪਣੇ ਲਈ ਖ਼ਤਰਾ ਮੰਨਿਆ, ਜਿਸ ਕਾਰਨ ਉਨ੍ਹਾਂ ਨੂੰ ਕਈ ਵਾਰ ਗ੍ਰਿਫ਼ਤਾਰ ਕੀਤਾ ਗਿਆ। 17 ਜੁਲਾਈ, 1926 ਨੂੰ ਲਾਹੌਰ ਜੇਲ੍ਹ ਵਿਚ ਉਨ੍ਹਾਂ ਦਾ ਦਿਹਾਂਤ ਹੋ ਗਿਆ। ਉਨ੍ਹਾਂ ਦੇ ਅਕਾਲ ਚਲਾਣੇ ਮਗਰੋਂ ਸਮਾਜ 'ਚ ਉੱਠੇ ਵੈਰਾਗ ਨੇ ਇਹ ਸੰਦੇਸ਼ ਦਿੱਤਾ ਕਿ ਕਈ ਵਾਰ ਇਕ ਵਿਅਕਤੀ ਵੀ ਕੌਮ ਨੂੰ ਜਿਊਂਦਾ ਤੇ ਜਾਗਦਾ ਰੱਖ ਸਕਦਾ ਹੈ।
ਅਜੋਕੇ ਸਮੇਂ ਲਈ ਸੰਦੇਸ਼-ਅੱਜ ਜਦੋਂ ਪੰਜਾਬ ਦੇ ਪਵਿੱਤਰ ਗੁਰਧਾਮਾਂ ਦਾ ਪ੍ਰਬੰਧ ਤੇਜਾ ਸਿੰਘ ਸਮੁੰਦਰੀ ਹਾਲ 'ਚੋਂ ਮਰਿਆਦਾ ਅਨੁਸਾਰ ਚਲਦਾ ਹੈ, ਤਾਂ ਇਹ ਨਾਂਅ ਸਾਨੂੰ ਯਾਦ ਦਿਵਾਉਂਦਾ ਹੈ ਕਿ ਗੁਰਮਤਿ ਦੀ ਅਸਲ ਰੂਹ ਚਰਿੱਤਰ ਵਿਚ ਵਸਦੀ ਹੈ, ਦਿਖਾਵੇ 'ਚ ਨਹੀਂ। ਉਨ੍ਹਾਂ ਦੀ ਜ਼ਿੰਦਗੀ ਸਾਨੂੰ ਸਿਖਾਉਂਦੀ ਹੈ ਕਿ ਪਹਿਲਾਂ ਖ਼ੁਦ 'ਤੇ ਕਾਬੂ ਪਾਉਣਾ ਆਉਣਾ ਚਾਹੀਦਾ ਹੈ ਤਾਂ ਹੀ ਨਿਸ਼ਕਾਮ ਸੇਵਾ ਕੀਤੀ ਜਾ ਸਕਦੀ ਹੈ। ਅਨੁਸਾਸ਼ਨ ਤੇ ਨੈਤਿਕਤਾ ਭਰਪੂਰ ਰਣਨੀਤੀ ਹੀ ਅਸਲ ਲੀਡਰਸ਼ਿਪ ਦਾ ਮੂਲ ਮੰਤਰ ਹੈ।
ਅੱਜ ਦੇ ਦਿਨ ਉਨ੍ਹਾਂ ਨੂੰ ਯਾਦ ਕਰਨ ਦੇ ਨਾਲ ਕੁਝ ਪ੍ਰਸ਼ਨ ਵੀ ਪੈਦਾ ਹੁੰਦੇ ਹਨ ਜਿਵੇਂ ਕਿ- ਕੀ ਅਸੀਂ ਸੰਸਥਾਵਾਂ ਨੂੰ ਮਜ਼ਬੂਤ ਕਰ ਰਹੇ ਹਾਂ ਜਾਂ ਸਿਰਫ਼ ਵਿਅਕਤੀਆਂ ਨੂੰ? ਕੀ ਅਸੀਂ ਸੇਵਾ ਨੂੰ ਕਰਮ ਬਣਾਇਆ ਹੈ ਜਾਂ ਸਿਰਫ਼ ਸਹੂਲਤਾਂ ਤੱਕ ਸੀਮਤ ਰਹਿ ਗਏ ਹਾਂ? ਸਰਦਾਰ ਤੇਜਾ ਸਿੰਘ ਸਮੁੰਦਰੀ ਨੇ ਕਦੇ ਆਪਣੀ ਪ੍ਰਸਿੱਧੀ ਤੇ ਸਵਾਰਥ ਲਈ ਜੀਵਨ ਨਹੀਂ ਜੀਵਿਆ, ਸਗੋਂ ਨੈਤਿਕਤਾ ਨੂੰ ਹੀ ਆਪਣੀ ਪਛਾਣ ਤੇ ਸ਼ਕਤੀ ਬਣਾਇਆ ਸੀ।

-ਉਪ-ਕੁਲਪਤੀ,
ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ।

Ad Position 22
No active advertisement
ਪਿਛਲੀ ਖ਼ਬਰ ਕੋਸ਼ਿਸ਼ ਕਰੋ ਜੀਵਨ ਸੰਗੀਤ ਸਮਝਣ ਦੀ ਅਗਲੀ ਖ਼ਬਰ ਸਿੱਖ ਇਤਿਹਾਸ 'ਚ ਅਹਿਮ ਸਥਾਨ ਹੈ ਜੈਤੋ ਦੇ ਮੋਰਚਾ ਦਾ
Ad Position 24