03-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2026

ਪਸ਼ੂਆਂ ਦੇ ਖੁਰਾਂ ਦੀ ਸੰਭਾਲ ਤੇ ਲੰਗੜੇਪਣ ਦੀ ਰੋਕਥਾਮ

ਪਸ਼ੂਆਂ ਦੇ ਖੁਰਾਂ ਦੀ ਸੰਭਾਲ ਤੇ ਲੰਗੜੇਪਣ ਦੀ ਰੋਕਥਾਮ

Ad Position 21
No active advertisement
ਅਜੀਤ ਡੈਸਕ 03-11-2026

ਪਸ਼ੂਆਂ ਵਿਚ ਲੰਗੜਾਪਣ ਇਕ ਵਧਦੀ ਹੋਈ ਚਿੰਤਾ ਹੈ, ਕਿਉਂਕਿ ਇਹ ਡੇਅਰੀ ਪਸ਼ੂਆਂ ਦੀ ਸਿਹਤ ਅਤੇ ਉਤਪਾਦਕਤਾ ਨੂੰ  ਕਾਫ਼ੀ ਹੱਦ ਤੱਕ ਪ੍ਰਭਾਵਿਤ ਕਰਦੀ ਹੈ | ਲੰਗੜਾਪਣ ਅੱਜ ਡੇਅਰੀ ਉਦਯੋਗ ਵਿਚ ਥਾਨੈਲਾ ਰੋਗ ਅਤੇ ਬਾਂਝਪਨ ਤੋਂ ਬਾਅਦ ਸਭ ਤੋਂ ਵੱਧ ਪਾਈ ਜਾਣ ਵਾਲੀ ਬਿਮਾਰੀ ਹੈ | ਪਿਛਲੇ 20 ਸਾਲਾਂ 'ਚ ਲੰਗੜੇਪਨ ਦੀਆਂ ਘਟਨਾਵਾਂ ਵਿਚ ਹੌਲੀ-ਹੌਲੀ ਵਾਧਾ ਹੋਇਆ ਹੈ, ਸ਼ਾਇਦ ਪ੍ਰਬੰਧਨ ਵਿਚ ਤਬਦੀਲੀਆਂ, ਉਤਪਾਦਨ ਵਿਚ ਵਾਧਾ ਅਤੇ ਜੈਨੇਟਿਕ ਕਾਰਕ ਇਨ੍ਹਾਂ ਦੇ ਕਾਰਨ ਹੋ ਸਕਦੇ ਹਨ | ਬਰਸਾਤਾਂ ਦੌਰਾਨ ਵੱਧ ਨਮੀ, ਗਿੱਲੇ ਫ਼ਰਸ਼ ਅਤੇ ਗੰਦਗੀ ਕਾਰਨ ਪਸ਼ੂਆਂ ਦੇ ਖੁਰਾਂ ਵਿਚ ਲਾਗ ਤੇ ਜ਼ਖ਼ਮ ਹੋਣ ਦੀ ਸੰਭਾਵਨਾ ਹੋਰ ਵਧ ਜਾਂਦੀ ਹੈ | ਲੰਬੇ ਸਮੇਂ ਤੱਕ ਗਿੱਲੇ ਮਾਹੌਲ ਵਿਚ ਰਹਿਣ ਨਾਲ ਖੁਰਾਂ ਦੀ  ਉੱਪਰੀ ਸੁਰੱਖਿਆ ਪਰਤ ਕਮਜ਼ੋਰ ਹੋ ਜਾਂਦੀ ਹੈ ਅਤੇ ਖੁਰਾਂ ਵਿਚ ਛੋਟੀਆਂ ਦਰਾਰਾਂ ਪੈ ਜਾਂਦੀਆਂ ਹਨ | ਇਨ੍ਹਾਂ ਰਾਹੀਂ ਜੀਵਾਣੂ ਅੰਦਰ ਦਾਖ਼ਲ ਹੋ ਕੇ ਲਾਗ ਜਾਂ ਇਨਫ਼ੈਕਸ਼ਨ ਕਰ ਦਿੰਦੇ ਹਨ | ਪਸ਼ੂਆਂ ਵਿਚ ਲੰਗੜਾਪਣ ਕੋਈ ਬਿਮਾਰੀ ਨਹੀਂ ਹੈ, ਸਗੋਂ ਇਹ ਵੱਖ-ਵੱਖ ਬਿਮਾਰੀਆਂ ਦਾ ਇਕ ਕਲੀਨਿਕਲ ਸਿੰਡਰੋਮ ਹੈ | ਗਾਵਾਂ ਵਿਚ ਲੰਗੜਾਪਣ ਮੱਝਾਂ ਦੇ ਮੁਕਾਬਲੇ ਜ਼ਿਆਦਾ ਹੁੰਦਾ ਹੈ |

ਕਾਰਨ-ਪਸ਼ੂਆਂ ਨੂੰ  ਲੋੜ ਤੋਂ ਵੱਧ ਦਾਣਾ ਪਾਉਣਾ, ਪਸ਼ੂਆਂ ਨੂੰ  24 ਘੰਟੇ ਪੱਕੇ ਥਾਂ 'ਤੇ ਰੱਖਣਾ, ਡੇਅਰੀ ਫਾਰਮ 'ਤੇ ਜ਼ਿਆਦਾ ਗਿੱਲਾਪਣ ਹੋਣਾ, ਸਮੇਂ-ਸਮੇਂ 'ਤੇ ਖੁਰਾਂ ਨੂੰ  ਨਾ ਤਰਾਸ਼ਣਾ, ਪਸ਼ੂਆਂ ਦੀ ਖੁਰਾਕ ਵਿਚ ਧਾਤਾਂ (ਜ਼ਿੰਕ, ਕਾਪਰ, ਕੋਬਾਲਟ, ਸਿਲੇਨੀਅਮ, ਮੈਗਨੀਜ਼) ਅਤੇ ਵਿਟਾਮਿਨਜ਼ (ਏ, ਡੀ, ਬਾਇਓਟਿਨ) ਦੀ ਕਮੀ, ਫ਼ਰਸ਼ ਦਾ ਖੁਰਦਰਾਪਣ ਜਾਂ ਬਹੁਤ ਜ਼ਿਆਦਾ ਤਿਲਕਣ ਵਾਲਾ ਹੋਣਾ, ਥੋੜ੍ਹੀ ਜਗ੍ਹਾ 'ਤੇ ਵੱਧ ਪਸ਼ੂ ਰੱਖਣਾ ਆਦਿ |
ਲੱਛਣ-ਅਸਹਿ ਦਰਦ ਨਾਲ ਪਸ਼ੂਆਂ ਦੀ ਤੋਰ ਦਾ ਵਿਗੜਣਾ, ਭਾਵ ਪੈਰ ਨੂੰ  ਥੋੜ੍ਹਾ ਉੱਪਰ ਚੁੱਕ ਕੇ ਤੁਰਨਾ | ਪਸ਼ੂ ਦਾ ਤੁਰਨ ਤੋਂ ਕਤਰਾਉਣਾ, ਖੜ੍ਹੇ ਹੋਣ ਜਾਂ ਬੈਠਣ 'ਚ ਮੁਸ਼ਕਿਲ, ਪਸ਼ੂ ਦਾ ਵਾਰ-ਵਾਰ ਭਾਰ ਇਕ ਪੈਰ ਤੋਂ ਦੂਜੇ ਪੈਰ 'ਤੇ ਪਾਉਣਾ | ਖੁਰਾਂ ਦੇ ਜ਼ਖ਼ਮ ਜਿਵੇਂ ਤਲੇ ਦਾ ਖੁਰਨਾ, ਤਲੇ 'ਚੋਂ ਖ਼ੂਨ ਦਾ ਸਿਮਣਾ, ਚਿੱਟੀ ਰੇਖਾ 'ਚੋਂ ਖੂਨ ਦਾ ਰਿਸਣਾ, ਤਲੇ 'ਚ ਛਾਲੇ (ਸੋਲ ਅਲਸਰ) ਆਦਿ | ਖੁਰਾਂ 'ਚ ਸੋਜ, ਖੁਰਾਂ 'ਚੋਂ ਬਦਬੂ ਜਾਂ ਪੀਕ ਦਾ ਆਉਣਾ | ਦੁੱਧ ਘਟਣਾ, ਸਮੇਂ ਸਿਰ ਹੇਹੇ 'ਚ ਨਾ ਆਉਣਾ, ਪਸ਼ੂ ਦਾ ਵਾਰ-ਵਾਰ ਫਿਰਨਾ, ਇਕ ਸੂਏ ਤੇ ਦੂਜੇ ਸੂਏ ਦੇ ਦਰਮਿਆਨ ਫ਼ਾਸਲਾ ਵਧਣਾ ਆਦਿ |
ਰੋਕਥਾਮ ਤੇ ਪ੍ਰਬੰਧਨ
1. ਪਸ਼ੂਆਂ ਨੂੰ  ਤਕਰੀਬਨ 9-10 ਘੰਟੇ ਕੱਚੀ ਜਗ੍ਹਾ 'ਤੇ ਰੱਖੋ | 2. ਫ਼ਰਸ਼ ਤਿਲਕਣ ਰਹਿਤ ਹੋਣਾ ਚਾਹੀਦਾ ਹੈ | 3. ਹਰ ਪਸ਼ੂ ਨੂੰ  ਖੁਰਲੀ 'ਤੇ 3-4 ਫੁੱਟ ਦੀ ਜਗ੍ਹਾ ਮਿਲਣੀ ਚਾਹੀਦੀ ਹੈ ਤਾਂ ਕਿ ਪਸ਼ੂ ਨੂੰ  ਫਿਰਨ ਤੁਰਨ ਅਤੇ ਅਰਾਮ ਕਰਨ ਲਈ ਠੀਕ ਜਗ੍ਹਾ ਮਿਲ ਸਕੇ | 4. ਪੂਰਨ ਵਿਗਿਆਨਿਕ ਵਿਧੀ ਨਾਲ ਹਰ ਪਸ਼ੂ ਦੇ 6 ਮਹੀਨੇ ਬਾਅਦ ਖੁਰ ਜ਼ਰੂਰ ਬਣਵਾਓ | 5. ਪਸ਼ੂਆਂ ਨੂੰ  ਸੰਤੁਲਿਤ ਖੁਰਾਕ ਪਾਓ | ਪਸ਼ੂ ਦੀ ਖੁਰਾਕ ਵਿਚ ਜੇ ਦਾਣਾ ਜ਼ਿਆਦਾ ਹੈ ਤਾਂ ਵੰਡ ਕੇ 2-4 ਵਾਰ ਪਾਓ | ਖੁਰਾਕ ਵਿਚ ਸੁੱਕੇ ਮਾਦੇ ਦਾ ਇਕ ਤਿਹਾਈ ਹਿੱਸਾ ਪੱਠਿਆਂ ਤੋਂ ਪੂਰਾ ਕਰੋ | ਲੋੜ ਅਨੁਸਾਰ ਬਫਰ ਤੇ ਲਾਈਵ ਯੀਸਟ ਦੀ ਵਰਤੋਂ ਕੀਤੀ ਜਾ ਸਕਦੀ ਹੈ ਅਤੇ ਦਾਣੇ-ਚਾਰੇ ਨੂੰ  ਪੂਰੀ ਤਰ੍ਹਾਂ ਮਿਲਾਉਣਾ ਬਹੁਤ ਜ਼ਰੂਰੀ ਹੈ | ਇੰਝ ਕਰਨ ਨਾਲ ਪਸ਼ੂਆਂ ਦੇ ਪੇਟ 'ਚ ਤੇਜ਼ਾਬ ਘੱਟ ਬਣੇਗਾ ਤੇ ਲੰਗੜਾਪਣ ਵੀ ਘੱਟ ਹੋਵੇਗਾ | 6.  ਪਸ਼ੂਆਂ ਨੂੰ  ਲੋੜ ਅਨੁਸਾਰ ਧਾਤਾਂ ਦਾ ਚੂਰਾ ਜ਼ਰੂਰ ਪਾਓ | 7. ਖੁਰਾਂ ਦੇ ਜਖ਼ਮਾਂ ਨੂੰ  ਲਾਲ ਦਵਾਈ (potassium permanganate) ਨਾਲ ਚੰਗੀ ਤਰਾਂ ਸਾਫ਼ ਕਰਕੇ ਕਾਪਰ ਸਲਫੇਟ ਤੇ ਜ਼ਿੰਕ ਸਲਫੇਟ ਦੇ ਪਾਊਡਰ ਨੂੰ  ਬਰਾਬਰ ਮਾਤਰਾ (1:1) ਵਿਚ ਮਿਲਾ ਕੇ ਵੈਟਰਨਰੀ ਡਾਕਟਰ ਦੀ ਸਲਾਹ ਅਨੁਸਾਰ ਜ਼ਖ਼ਮਾਂ 'ਤੇ ਲਾਓ | 8. ਜੇ ਕਿਸੇ ਫਾਰਮ 'ਤੇ ਪਸ਼ੂਆਂ 'ਚ ਬਹੁਤ ਜ਼ਿਆਦਾ ਖੁਰ ਰੋਗ ਵਾਲੇ ਜਾਨਵਰ ਹਨ ਤਾਂ 1 ਗਰਾਮ ਬਾਇਓਟਿਨ ਪਾਊਡਰ (2%) ਅਤੇ 3-4 ਗਰਾਮ ਜਿੰਕ ਸਲਫੇਟ ਵੀ ਵੈਟਰਨਰੀ ਡਾਕਟਰ ਦੀ ਸਲਾਹ ਅਨੁਸਾਰ ਪਸ਼ੂ ਨੂੰ  ਰੋਜ਼ਾਨਾ ਪਾਓ | 9. ਫੁੱਟ ਰਾਟ ਤੇ ਸੋਲ ਅਲਸਰ ਵਰਗੀਆਂ ਬਿਮਾਰੀਆਂ (ਬਰਸਾਤ ਦੇ ਮੌਸਮ 'ਚ ਹੋਣ ਵਾਲਿਆਂ ਖੁਰਾਂ ਦੀਆਂ ਆਮ ਬਿਮਾਰੀਆਂ) ਦਾ ਇਲਾਜ ਸਮੇਂ ਸਿਰ ਵੈਟਰਨਰੀ ਡਾਕਟਰ ਕੋਲੋਂ ਕਰਵਾਓ, ਕਿਉਂਕਿ ਖੁਰਾਂ ਦੇ ਜ਼ਖ਼ਮਾਂ ਦੀ ਕਿਸਮ ਤੇ ਗੰਭੀਰਤਾ ਅਨੁਸਾਰ ਇਲਾਜ ਵੱਖਰਾ ਹੋ ਸਕਦਾ ਹੈ | 10. ਹਮੇਸ਼ਾ ਫਾਰਮ 'ਤੇ ਫੁੱਟ ਬਾਥ (ਖੁਰਾਂ ਲਈ ਘੋਲ) ਦਾ ਇਸਤੇਮਾਲ ਕਰੋ | ਜੇ ਪਸ਼ੂ ਜ਼ਿਆਦਾ ਹਨ ਤਾਂ 3 ਮੀਟਰ ਲੰਮਾ, 1 ਮੀਟਰ ਚੌੜਾ ਤੇ ਅੱਧਾ ਫੁੱਟ ਡੂੰਘਾ ਖੁਰਾ/ਚਬੱਚਾ ਬਣਾਓ | ਇਸ ਵਿਚ 5 ਲੀਟਰ ਫਾਰਮਲੀਨ (40%) ਤੇ 120 ਲੀਟਰ ਪਾਣੀ ਪਾਓ | ਪਸ਼ੂਆਂ ਨੂੰ  ਹਰ ਪੰਦਰਵਾੜੇ ਦੇ ਪਹਿਲੇ ਤਿੰਨ ਦਿਨ ਇਸ ਘੋਲ 'ਚੋਂ ਲੰਘਾਓ |  ਇਸ ਘੋਲ 'ਚੋਂ ਲੰਘਾਉਣ ਤੋਂ ਪਹਿਲਾਂ ਹਰ ਪਸ਼ੂ ਦੇ ਖੁਰ ਪਾਣੀ ਦੇ ਨਾਲ ਚੰਗੀ ਤਰ੍ਹਾਂ ਸਾਫ ਕਰੋ ਤੇ ਪਾਣੀ ਨਿੱਚੜਨ ਤੋਂ ਬਾਅਦ ਹੀ ਇਸ ਫਾਰਮਲੀਨ ਵਾਲੇ ਘੋਲ ਚੋਂ ਲੰਘਾਓ | ਇਸ ਘੋਲ ਚੋਂ ਲੰਘਾਉਣ ਤੋਂ ਬਾਅਦ ਪਸ਼ੂ ਨੂੰ  ਅੱਧਾ ਘੰਟਾ ਸਾਫ਼ ਤੇ ਪੱਕੇ ਫਰਸ਼ 'ਤੇ ਰੱਖੋ |

-ਪੀ.ਏ.ਯੂ.-ਕ੍ਰਿਸ਼ੀ ਵਿਗਿਆਨ ਕੇਂਦਰ, ਅੰਮਿ੍ਤਸਰ | 
ਮੋਬਾਈਲ : 99156-78787
 

Ad Position 22
No active advertisement
ਪਿਛਲੀ ਖ਼ਬਰ ਟੈਨਿਸ ਜਗਤ ਦਾ ਨਵਾਂ ਸਿਖਰ ਹੈ ਐਲੇਨਾ ਅਗਲੀ ਖ਼ਬਰ ਅਗੇਤੇ ਝਾੜ ਤੇ ਵਧੇਰੇ ਲਾਭ ਲਈ ਨੀਵੀਆਂ ਸੁਰੰਗਾਂ 'ਚ ਸਬਜ਼ੀ ਦੀ ਖੇਤੀ
Ad Position 24