03-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2026

ਅਗੇਤੇ ਝਾੜ ਤੇ ਵਧੇਰੇ ਲਾਭ ਲਈ ਨੀਵੀਆਂ ਸੁਰੰਗਾਂ 'ਚ ਸਬਜ਼ੀ ਦੀ ਖੇਤੀ

ਅਗੇਤੇ ਝਾੜ ਤੇ ਵਧੇਰੇ ਲਾਭ ਲਈ ਨੀਵੀਆਂ ਸੁਰੰਗਾਂ 'ਚ ਸਬਜ਼ੀ ਦੀ ਖੇਤੀ

Ad Position 21
No active advertisement
ਅਜੀਤ ਡੈਸਕ 03-11-2026
ਸਰਦੀਆਂ ਦੇ ਮੌਸਮ ਦੌਰਾਨ ਨੀਵੀਆਂ ਸੁਰੰਗਾਂ ਵਿਚ ਸਬਜ਼ੀਆਂ ਦੀ ਕਾਸ਼ਤ ਇਕ ਘੱਟ ਲਾਗਤ ਵਿਚ ਅਗੇਤਾ ਝਾੜ ਪ੍ਰਾਪਤ ਕਰਨ ਦਾ ਵਿਹਾਰਕ ਢੰਗ ਹੈ | ਇਹ ਸੁਰੰਗਾਂ ਅਰਧ ਗੋਲਾਕਾਰ ਸਰੀਏ ਉੱਪਰ ਪਲਾਸਟਿਕ ਸ਼ੀਟ ਪਾਉਣ ਨਾਲ ਬਣਦੀਆਂ ਹਨ | ਸੁਰੰਗਾਂ ਵਿਚ ਸੂਰਜੀ ਊਰਜਾ ਦੁਆਰਾ ਤਾਪਮਾਨ ਵਧਦਾ ਹੈ ਅਤੇ ਫ਼ਸਲਾਂ ਦਾ ਠੰਢ ਅਤੇ ਕੋਰੇ ਤੋਂ ਬਚਾਅ ਹੁੰਦਾ ਹੈ | ਇਸ ਵਿਧੀ ਦੀ ਮਦਦ ਨਾਲ ਕਿਸਾਨਾਂ ਨੂੰ  ਵਧੀਆ ਫ਼ਸਲ ਵਿਕਾਸ ਦੇ ਨਾਲ-ਨਾਲ ਸਬਜ਼ੀ ਮੰਡੀਕਰਨ ਵੀ ਲਗਭਗ ਇਕ ਮਹੀਨਾ ਅਗੇਤਾ ਕਰਨ ਵਿਚ ਮਦਦ ਮਿਲਦੀ ਹੈ, ਜਿਸ ਨਾਲ ਵਧੇਰੇ ਮੁਨਾਫ਼ਾ ਕਮਾਇਆ ਜਾ ਸਕਦਾ ਹੈ |
ਵਿਧੀ-ਨੀਵੀਂ ਸੁਰੰਗ ਵਿਚ ਖੇਤੀ, ਤੁਰਨ ਫਿਰਨ ਵਾਲੀਆਂ ਪਲਾਸਟਿਕ ਸ਼ੀਟਾਂ ਦੀਆਂ ਸੁਰੰਗਾਂ ਵਿਚ ਖੇਤੀ ਦਾ ਇਕ ਛੋਟਾ ਰੂਪ ਹੈ | ਇਸ ਵਿਚ 25-30 ਸੈ.ਮੀ. ਉੱਚੇ ਬੈੱਡ (ਪਟੜੇ) ਉੱਪਰ ਅਰਧ-ਗੋਲਾਕਾਰ ਹੂਪ (ਸਰੀਏ ਦੇ ਬਣੇ) ਲਾ ਕੇ ਉਨ੍ਹਾਂ ਉੱਪਰ ਇਕ ਪਾਰਦਰਸ਼ੀ ਪਲਾਸਟਿਕ ਸ਼ੀਟ ਲਗਾਈ ਜਾਂਦੀ ਹੈੈ | ਇਹ ਸੁਰੰਗਨੁਮਾ ਢਾਂਚੇ ਬੈੱਡ 'ਤੇ ਲੱਗੇ ਪੌਦਿਆਂ ਦੀਆਂ ਇਕ ਜਾਂ ਇਕ ਤੋਂ ਵੱਧ ਕਤਾਰਾਂ ਦੀ ਸਰਦੀਆਂ ਦੌਰਾਨ ਹੋਣ ਵਾਲੇ ਘੱਟ ਤਾਪਮਾਨ ਤੋਂ ਰੱਖਿਆ ਕਰਦੇ ਹਨ | ਇਹ ਢਾਂਚੇ ਪੌਦਿਆਂ ਦੇ ਆਲੇ ਦੁਆਲੇ ਦੀ ਹਵਾ ਅਤੇ ਮਿੱਟੀ ਨੂੰ  ਗਰਮ ਕਰਦੇ ਹਨ, ਜਿਸ ਨਾਲ ਪ੍ਰਕਾਸ਼ ਸੰਸ਼ਲੇਸ਼ਣ ਕਿਰਿਆ ਬਿਹਤਰ ਹੁੰਦੀ  ਹੈ ਅਤੇ ਪੌਦਿਆਂ ਦਾ ਵਿਕਾਸ ਅਤੇ ਉਪਜ ਦੀ ਗੁਣਵੱਤਾ ਵਧਦੀ ਹੈ | ਇਹ ਤਕਨੀਕ ਖਾਸ ਤੌਰ 'ਤੇ ਉਨ੍ਹਾਂ ਖੇਤਰਾਂ ਵਿਚ ਵਧੇਰੇ ਉਪਯੋਗੀ ਹੈ ਜਿੱਥੇ ਸਰਦੀਆਂ ਦੌਰਾਨ ਲੰਬੇ ਸਮੇਂ ਲਈ ਰਾਤਾਂ ਦਾ ਤਾਪਮਾਨ 8 ਡਿਗਰੀ ਸੈਲਸੀਅਸ ਤੋਂ ਘਟ ਜਾਂਦਾ ਹੈ |
ਨੀਵੀਆਂ ਸੁਰੰਗਾਂ ਦਾ ਨਿਰਮਾਣ-ਨੀਵੀਆਂ ਸੁਰੰਗਾਂ ਨੂੰ  ਬਣਾਉਣ ਦੀ ਵਿਧੀ ਅਸਾਨ ਅਤੇ ਘੱਟ ਖਰਚੇ ਵਾਲੀ ਹੈ | ਖੇਤਾਂ ਵਿਚ 75 ਤੋਂ 225 ਸੈਂਟੀਮੀਟਰ ਚੌੜਾਈ ਅਤੇ 25-30 ਸੈਂਟੀਮੀਟਰ ਉਚਾਈ ਵਾਲੇ ਬੈੱਡ ਤਿਆਰ ਕੀਤੇ ਜਾਂਦੇ ਹਨ | ਅਰਧ-ਗੋਲਾਕਾਰ ਹੂਪਸ, ਸਰੀਏ (ਲਚਕੀਲੇ ਲੋਹੇ ਦੀਆਂ ਰਾਡਾਂ) ਤੋਂ ਬਣਾਏ ਜਾਂਦੇ ਹਨ ਅਤੇ 2.0-2.5 ਮੀਟਰ ਦੀ ਦੂਰੀ 'ਤੇ ਲਗਾਏ ਜਾਂਦੇ ਹਨ | ਇਨ੍ਹਾਂ ਅਰਧ-ਗੋਲਿਆਂ ਉੱਪਰ 20 ਮਾਈਕ੍ਰੋਨ (100 ਗੇਜ) ਪਲਾਸਟਿਕ ਦੀ ਸ਼ੀਟ ਵਿਛਾ ਕੇ ਕਿਨਾਰਿਆਂ ਨੂੰ  ਮਿੱਟੀ ਨਾਲ ਦਬਾ ਦਿੱਤਾ ਜਾਂਦਾ ਹੈ | ਸੁਰੰਗਾਂ ਦੀ ਉਚਾਈ ਆਮ ਤੌਰ 'ਤੇ 45-75 ਸੈਂਟੀਮੀਟਰ ਦੇ ਵਿਚਕਾਰ ਰੱਖੀ ਜਾਂਦੀ ਹੈ ਤਾਂ ਜੋ ਤ੍ਰੇਲ ਜਾਂ ਮੀਂਹ ਦਾ ਪਾਣੀ ਪਲਾਸਟਿਕ ਦੀ ਸ਼ੀਟ 'ਤੇ ਇਕੱਠਾ ਨਾ ਹੋਵੇ | ਇਹ ਢਾਂਚਾ ਆਮ ਤੌਰ 'ਤੇ ਨਵੰਬਰ ਦੇ ਅਖੀਰ ਜਾਂ ਦਸੰਬਰ ਦੇ ਸ਼ੁਰੂ ਵਿਚ ਬੈਂਗਣ ਜਾਂ ਸ਼ਿਮਲਾ ਮਿਰਚ ਦੇ ਬੂਟੇ ਚੰਗੀ ਤਰ੍ਹਾਂ ਸਥਾਪਿਤ ਹੋਣ ਤੋਂ ਬਾਅਦ ਜਾਂ ਖੀਰੇ ਦੀ ਬਿਜਾਈ ਤੋਂ ਤੁਰੰਤ ਬਾਅਦ ਬਣਾਇਆ ਜਾਂਦਾ ਹੈ | ਪਲਾਸਟਿਕ ਸ਼ੀਟ ਨਾਲ ਢਕਣਾ ਇਹ ਯਕੀਨੀ ਬਣਾਉਂਦਾ ਹੈ ਕਿ ਸੁਰੰਗ ਅੰਦਰਲਾ ਵਾਤਾਵਰਨ ਗਰਮ ਤੇ ਸਥਿਰ ਰਹੇ, ਜਿਸ ਨਾਲ ਸਰਦੀਆਂ ਦੌਰਾਨ ਪੌਦਿਆਂ ਨੂੰ  ਸੁਰੱਖਿਆ ਮਿਲਦੀ ਹੈ |
ਤਕਨੀਕ ਦੇ ਫ਼ਾਇਦੇ-ਨੀਵੀਆਂ ਸੁਰੰਗਾਂ ਵਿਚ ਸਬਜ਼ੀਆਂ ਦੀ ਕਾਸ਼ਤ ਲਈ ਲੋੜੀਂਦਾ ਸ਼ੁਰੂਆਤੀ ਨਿਵੇਸ਼ ਪੋਲੀਹਾਊਸ ਵਰਗੇ ਹੋਰ ਸੁਰੱਖਿਅਤ ਖੇਤੀ ਦੇ ਤਰੀਕਿਆਂ ਨਾਲੋਂ ਬਹੁਤ ਘੱਟ ਹੈ, ਜੋ ਇਸਨੂੰ ਛੋਟੇ ਅਤੇ ਸੀਮਾਂਤ ਕਿਸਾਨਾਂ ਲਈ ਢੁਕਵਾਂ ਬਣਾਉਂਦਾ ਹੈ | ਇਨ੍ਹਾਂ ਸੁਰੰਗਾਂ ਨੂੰ  ਬਣਾਉਣਾ ਅਤੇ ਬਾਅਦ ਦੇ ਸਾਲਾਂ ਵਿਚ ਦੁਬਾਰਾ ਵਰਤੋਂ ਵਿਚ ਲਿਆਉਣਾ ਵੀ ਸੌਖਾ ਹੈੈ, ਜਿਸ ਨਾਲ ਲਾਗਤ ਹੋਰ ਵੀ ਘਟ ਜਾਂਦੀ ਹੈ | ਇਸ ਤਕਨੀਕ ਹੇਠ ਉਗਾਈਆਂ ਜਾਣ ਵਾਲੀਆਂ ਸਬਜ਼ੀਆਂ ਆਮ ਖੁੱਲ੍ਹੇ ਖੇਤਾਂ ਵਿਚ ਉਗਾਈਆਂ ਸਬਜ਼ੀਆਂ ਨਾਲੋਂ 25-40 ਦਿਨ ਪਹਿਲਾਂ ਤੁੜਾਈ ਲਈ ਤਿਆਰ ਹੋ ਜਾਂਦੀਆਂ ਹਨ, ਜਿਸ ਨਾਲ ਮੰਡੀ ਵਿਚ ਵਧੇਰੇ ਕੀਮਤਾਂ ਮਿਲਦੀਆਂ ਹਨ ਤੇ ਬਿਹਤਰ ਮੁਨਾਫ਼ਾ ਯਕੀਨੀ ਬਣਦਾ ਹੈ | ਸੁਰੰਗਾਂ ਪੌਦਿਆਂ ਨੂੰ  ਠੰਢ, ਠੰਢੀਆਂ ਹਵਾਵਾਂ, ਮੀਂਹ ਤੇ ਇੱਥੋਂ ਤੱਕ ਕਿ ਘੱਟ ਗੜੇਮਾਰੀ ਤੋਂ ਬਚਾ ਕੇ ਫ਼ਸਲਾਂ ਦੇ ਨੁਕਸਾਨ ਨੂੰ  ਵੀ ਘਟਾਉਂਦੀਆਂ ਹਨ | ਪੌਦਿਆਂ ਦਾ ਵਿਕਾਸ ਤੇਜ਼ ਹੁੰਦਾ ਹੈ ਅਤੇ ਉਪਜ ਦਾ ਆਕਾਰ, ਰੰਗ ਤੇ ਫ਼ਲਾਂ ਦੀ ਇਕਸਾਰਤਾ ਵੀ ਵਧਦੀ ਹੈ  |
ਸਿਫਾਰਸ਼ ਫ਼ਸਲਾਂ ਤੇ ਸਮਾਂ-ਸਾਰਨੀਆਂ-ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਦੁਆਰਾ ਨੀਵੀਆਂ ਸੁਰੰਗਾਂ ਹੇਠ ਖੀਰਾ, ਬੈਂਗਣ ਤੇ ਸ਼ਿਮਲਾ ਮਿਰਚ ਦੀ ਕਾਸ਼ਤ ਦੀ ਸਿਫ਼ਾਰਸ਼ ਕੀਤੀ ਜਾਂਦੀ ਹੈ | 
ਖੀਰਾ-ਇਹ ਨੀਵੀਂਆਂ ਸੁਰੰਗਾਂ ਹੇਠ ਕਾਸ਼ਤ ਲਈ ਸਭ ਤੋਂ ਵੱਧ ਲਾਭਦਾਇਕ ਫ਼ਸਲਾਂ 'ਚੋਂ ਇਕ ਹੈ | ਖੀਰੇ ਦੀ ਬਿਜਾਈ ਨਵੰਬਰ ਦੇ ਦੂਜੇ ਪੰਦ੍ਹਰਵਾੜੇ ਵਿਚ 1.5-2.5 ਮੀਟਰ ਚੌੜਾਈ ਵਾਲੇ ਬੈੱਡਾਂ ਦੇ ਦੋਵੇਂ ਪਾਸੇ 45 ਸੈਂਟੀਮੀਟਰ ਦੀ ਦੂਰੀ 'ਤੇ ਕੀਤੀ ਜਾਂਦੀ ਹੈ | ਲਚਕੀਲੇ ਲੋਹੇ ਦੇ ਲਗਭਗ ਦੋ ਮੀਟਰ ਲੰਬੇ ਹੂਪ ਅੰਤਰਾਲਾਂ 'ਤੇ ਲਾਏ ਜਾਂਦੇ ਹਨ ਅਤੇ 100 ਗੇਜ ਪਲਾਸਟਿਕ ਸ਼ੀਟ ਨਾਲ ਢਕੇ ਜਾਂਦੇ ਹਨ | ਇਹ ਢਾਂਚਾ ਦਸੰਬਰ ਅਤੇ ਜਨਵਰੀ ਦੌਰਾਨ ਪੌਦਿਆਂ ਨੂੰ  ਠੰਢ ਤੋਂ ਬਚਾਉਂਦਾ ਹੈ | ਇਸ ਵਿਧੀ ਨਾਲ ਲਗਾਏ ਖੀਰੇ ਦੀ ਤੁੜਾਈ ਆਮ ਫ਼ਸਲ ਤੋਂ ਲਗਭਗ ਇਕ ਮਹੀਨਾ ਪਹਿਲਾਂ ਫਰਵਰੀ ਦੇ ਪਹਿਲੇ ਹਫ਼ਤੇ ਵਿਚ ਸ਼ੁਰੂ ਹੋ ਜਾਂਦੀ ਹੈ |
ਬੈਂਗਣ-ਬੈਂਗਣ ਦੇ ਪੌਦੇ ਠੰਢ ਪ੍ਰਤੀ ਸੰਵੇਦਨਸ਼ੀਲ ਹੁੰਦੇ ਹਨ, ਪਰ ਸੁਰੰਗਾਂ ਇਸਦੇ ਵਾਧੇ ਲਈ ਇਕ ਅਨੁਕੂਲ ਵਾਤਾਵਰਨ ਪ੍ਰਦਾਨ ਕਰਦੀਆਂ ਹਨ | ਬੈਂਗਣ ਦੇ ਬੀਜ ਅਕਤੂਬਰ ਵਿਚ ਬੀਜੇ ਜਾਂਦੇ ਹਨ ਅਤੇ ਪਨੀਰੀ ਨੂੰ  ਨਵੰਬਰ ਦੇ ਪਹਿਲੇ ਪੰਦ੍ਹਰਵਾੜੇ ਵਿਚ ਕਤਾਰਾਂ ਵਿਚਕਾਰ 90 ਸੈਂਟੀਮੀਟਰ ਅਤੇ ਪੌਦਿਆਂ ਵਿਚਕਾਰ 30 ਸੈਂਟੀਮੀਟਰ ਦੀ ਦੂਰੀ ਰੱਖਦੇ ਹੋਏ ਬੈੱਡਾਂ 'ਤੇ ਲਾਇਆ ਜਾਂਦਾ ਹੈ | ਦਸੰਬਰ ਤੇ ਜਨਵਰੀ ਦੌਰਾਨ ਪੌਦਿਆਂ ਨੂੰ  ਠੰਢ ਤੋਂ ਬਚਾਉਣ ਲਈ ਨੀਵੀਂਆਂ ਸੁਰੰਗਾਂ ਦਾ ਢਾਂਚਾ ਵਰਤਿਆ ਜਾਂਦਾ ਹੈ | ਇਸ ਤਰਾਂ ਮਾਰਚ ਦੇ ਅਖੀਰ ਤੱਕ ਪਹਿਲੀ ਤੁੜਾਈ ਸ਼ੁਰੂ ਹੋ ਜਾਂਦੀ ਹੈ | 
ਸ਼ਿਮਲਾ ਮਿਰਚ-ਸ਼ਿਮਲਾ ਮਿਰਚ ਦੇ ਬੀਜ ਅਕਤੂਬਰ ਮਹੀਨੇ 'ਚ ਬੀਜੇ ਜਾਂਦੇ ਹਨ ਤੇ ਨਵੰਬਰ ਦੇ ਅਖੀਰ ਵਿਚ ਕਤਾਰਾਂ ਅਤੇ ਪੌਦਿਆਂ ਵਿਚਕਾਰ ਕ੍ਰਮਵਾਰ 130 ਸੈਂਟੀਮੀਟਰ ਅਤੇ 30 ਸੈਂਟੀਮੀਟਰ ਦੀ ਦੂਰੀ ਬਣਾਈ ਰੱਖਦੇ ਹੋਏ ਬੈੱਡਾਂ 'ਤੇ ਲਾਏ ਜਾਂਦੇ ਹਨ | ਪੌਦਿਆਂ ਨੂੰ  ਦਸੰਬਰ ਦੇ ਅੱਧ ਤੋਂ ਫਰਵਰੀ ਦੇ ਸ਼ੁਰੂ ਤੱਕ 100 ਗੇਜ ਪਲਾਸਟਿਕ ਸ਼ੀਟਾਂ ਨਾਲ ਢਕਿਆ ਜਾਂਦਾ ਹੈ | ਇਸ ਤਰ੍ਹਾਂ ਕਾਸ਼ਤ ਕਰਨ ਨਾਲ ਤੁੜਾਈ ਫਰਵਰੀ ਦੇ ਅੱਧ ਤੋਂ ਸ਼ੁਰੂ ਹੁੰਦੀ ਹੈ ਤੇ ਵਧੇਰੇ ਮੁਨਾਫ਼ਾ ਯਕੀਨੀ ਬਣਦਾ ਹੈ |
ਫ਼ਸਲ ਪ੍ਰਬੰਧਨ-ਨੀਵੀਆਂ ਸੁਰੰਗਾਂ ਹੇਠ ਸਬਜ਼ੀਆਂ ਦੀ ਲੋੜ ਅਨੁਸਾਰ ਸਿੰਚਾਈ ਕੀਤੀ ਜਾਂਦੀ ਹੈ | ਸੁਰੰਗਾਂ ਫ਼ਸਲ ਦੇ ਨਾਲ ਨਦੀਨਾਂ ਦੇ ਵਾਧੇ ਨੂੰ  ਵੀ ਵਧਾਉਂਦੀਆਂ ਹਨ, ਇਸ ਲਈ ਜੇ ਮਲਚਿੰਗ ਦੀ ਵਰਤੋਂ ਨਾ ਕੀਤੀ ਜਾਵੇ ਤਾਂ ਨਿਯਮਤ ਤੌਰ ਤੇ ਗੋਡੀ ਦੁਆਰਾ ਨਦੀਨਾਂ ਦੀ ਰੋਕਥਾਮ ਦੀ ਲੋੜ ਜ਼ਰੂਰੀ ਹੈ | ਗੋਡੀ ਨੂੰ  ਧੁੱਪ ਵਾਲੇ ਦਿਨਾਂ ਵਿਚ ਕੀਤਾ ਜਾਣਾ ਚਾਹੀਦਾ ਹੈ | ਨੀਵੀਆਂ ਸੁਰੰਗਾਂ ਪੌਦਿਆਂ ਲਈ ਅਨੁਕੂਲ ਵਿਕਾਸ ਸਥਿਤੀਆਂ ਪ੍ਰਦਾਨ ਕਰਦੀਆਂ ਹਨ, ਜਿਸ ਕਾਰਨ ਪੌਦੇ ਕੋਮਲ ਰਹਿੰਦੇ ਹਨ, ਇਸ ਲਈ ਫਰਵਰੀ ਦੇ ਅੱਧ ਤੋਂ ਤਾਪਮਾਨ ਵਧਣ ਦੌਰਨ ਪੌਦਿਆਂ ਨੂੰ  ਸਖ਼ਤ ਕਰਨ ਲਈ ਸੁਰੰਗਾਂ ਨੂੰ  ਹੌਲੀ-ਹੌਲੀ ਖੋਲਣਾ ਸ਼ੁਰੂ ਕਰੋ | ਸੁਰੰਗਾਂ ਨੂੰ  ਦਿਨ ਵੇਲੇ ਖੋਲਿ੍ਹਆ ਜਾਂਦਾ ਹੈ ਅਤੇ ਸ਼ਾਮ ਵੇਲੇ ਦੁਬਾਰਾ ਲਗਾ ਦਿੱਤਾ ਜਾਂਦਾ ਹੈ | ਇਸ ਤਰੀਕੇ ਨਾਲ ਸੁਰੰਗਾਂ ਨੂੰ  ਖੋਲਣ ਅਤੇ ਬੰਦ ਕਰਨ ਦੀ ਪ੍ਰਕਿਰਿਆ ਨੂੰ  ਕਈ ਦਿਨ ਜਾਰੀ ਰੱਖੋ  | ਇਸ ਤੋਂ ਬਾਅਦ ਹਰ ਸਬਜ਼ੀ ਲਈ ਸਿਫ਼ਾਰਸ਼ਾਂ ਅਨੁਸਾਰ ਦੇਖਭਾਲ ਕਰੋੋ |
ਸਾਵਧਾਨੀਆਂ-ਸੁਰੰਗਾਂ ਬਣਾਉਣ ਤੋਂ ਪਹਿਲਾਂ, ਇਹ ਯਕੀਨੀ ਬਣਾਓ ਕਿ ਫ਼ਸਲ ਨਦੀਨਾਂ, ਕੀੜਿਆਂ ਅਤੇ ਬਿਮਾਰੀਆਂ ਤੋਂ ਮੁਕਤ ਹੈ | ਫ਼ਸਲ ਲਈ ਵੱਧ ਤੋਂ ਵੱਧ ਸੂਰਜ ਦੀ ਰੌਸ਼ਨੀ ਅਤੇ ਠੰਢੀਆਂ ਹਵਾਵਾਂ ਤੋਂ ਬਚਾਅ ਲਈ ਲਈ ਬੈੱਡ ਪੂਰਬ-ਪੱਛਮ ਦਿਸ਼ਾ ਵਿਚ ਤਿਆਰ ਕਰੋ | ਬੇਢੰਗ ਆਕਾਰ ਵਾਲੇ ਲੋਹੇ ਦੇ ਸਰੀਏ ਕਾਰਨ ਪਲਾਸਟਿਕ ਸ਼ੀਟ 'ਤੇ ਤ੍ਰੇਲ ਜਾਂ ਮੀਂਹ ਦਾ ਪਾਣੀ ਇਕੱਠਾ ਹੋ ਸਕਦਾ ਹੈ, ਜੋ ਪੌਦਿਆਂ ਲਈ ਨੁਕਸਾਨ ਦੇਹ ਸਾਬਿਤ ਹੋ ਸਕਦਾ ਹੈ | ਢਾਂਚੇ ਨੂੰ  ਸਮਰਥਨ ਦੇਣ ਲਈ ਪਲਾਸਟਿਕ ਸ਼ੀਟ ਦੇ ਕਿਨਾਰਿਆਂ ਨੂੰ  ਮਿੱਟੀ ਨਾਲ ਚੰਗੀ ਤਰ੍ਹਾਂ ਢਕਿਆ ਜਾਣਾ ਚਾਹੀਦਾ ਹੈ | ਨਿਯਮਤ ਫ਼ਸਲ ਤੇ ਨਦੀਨਾਂ ਦੀ ਜਾਂਚ ਜ਼ਰੂਰੀ ਹੈ | ਇਸ ਸਮੇਂ ਧਿਆਨ ਰੱਖੋ ਕਿ ਸੁਰੰਗਾਂ ਜ਼ਿਆਦਾ ਨਮੀ ਬਣਾਈ ਰੱਖਦੀਆਂ ਹਨ, ਜਿਸ ਕਾਰਨ ਬਿਮਾਰੀਆਂ ਸ਼ੁਰੂ ਹੋ ਸਕਦੀਆਂ ਹਨ | ਪਲਾਸਟਿਕ ਸ਼ੀਟ ਨੂੰ  ਪੂਰੀ ਤਰ੍ਹਾਂ ਹਟਾਉਣ ਤੋਂ ਪਹਿਲਾਂ ਪੌਦਿਆਂ ਨੂੰ  ਸਖ਼ਤ ਕਰਨਾ ਜ਼ਰੂਰੀ ਹੈ ਤਾਂ ਕਿ ਪੌਦਿਆਂ ਦਾ ਗਰਮੀ ਨਾਲ ਨੁਕਸਾਨ ਨਾ ਹੋਵੇ |
 
-ਪੀ.ਏ.ਯੂ. ਕ੍ਰਿਸ਼ੀ ਵਿਗਿਆਨ ਕੇਂਦਰ, ਬਾਹੋਵਾਲ (ਹੁਸ਼ਿਆਰਪੁਰ) | ਮੋਬਾਈਲ : 9988181540
Ad Position 22
No active advertisement
ਪਿਛਲੀ ਖ਼ਬਰ ਪਸ਼ੂਆਂ ਦੇ ਖੁਰਾਂ ਦੀ ਸੰਭਾਲ ਤੇ ਲੰਗੜੇਪਣ ਦੀ ਰੋਕਥਾਮ ਅਗਲੀ ਖ਼ਬਰ ਪੱਤਝੜ, ਖ਼ੁਸ਼ ਆਮਦੀਦ!
Ad Position 24