28-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-10-2026

ਆਓ ਕਰੀਏ 'ਪਰਦੇ' ਦੀ ਗੱਲ

ਆਓ ਕਰੀਏ 'ਪਰਦੇ' ਦੀ ਗੱਲ

Ad Position 21
No active advertisement
ਅਜੀਤ ਡੈਸਕ 29-10-2026

ਉਂਝ ਤਾਂ 'ਪਰਦੇ ਦੀ ਗੱਲ' ਜੇਕਰ 'ਪਰਦੇ 'ਚ ਰਹੇ' ਤਾਂ ਚੰਗਾ ਹੈ ਪਰ ਆਪਣੇ ਘਰ ਨੂੰ  ਖ਼ੂਬਸੂਰਤ ਬਣਾਉਣ  ਲਈ ਜੇਕਰ  'ਪਰਦੇ ਦੀ ਗੱਲ' ਸਭ ਨਾਲ ਸਾਂਝੀ  ਵੀ  ਕਰਨੀ ਵੀ ਪਏ ਤਾਂ ਕੋਈ ਮਾੜੀ ਗੱਲ ਨਹੀਂ ਹੈ | ਸੋ, ਆਓ ਅੱਜ 'ਪਰਦੇ' ਦੀ ਗੱਲ ਕਰਦੇ ਹਾਂ |

ਪਰਦੇ ਦਾ ਮੱੁਖ ਮਕਸਦ ਬਾਹਰੋਂ ਆਉਂਦੀ ਗ਼ੈਰ-ਲੋੜੀਂਦੀ  ਰੌਸ਼ਨੀ, ਹਵਾ ਅਤੇ ਆਵਾਜ਼ ਨੂੰ  ਰੋਕਣ ਦੇ ਨਾਲ-ਨਾਲ ਕਿਸੇ ਸ਼ਖ਼ਸ ਦੀ ਨਿੱਜਤਾ ਕਾਇਮ ਰੱਖਣਾ ਵੀ ਹੁੰਦਾ ਹੈ | ਇਹ ਕਮਰੇ ਅੰਦਰਲੀ ਗਰਮੀ ਜਾਂ ਸਰਦੀ  ਨੂੰ  ਵੀ ਪ੍ਰਭਾਵਿਤ ਕਰਦੇ ਹਨ | ਸੱਚੀ ਗੱਲ ਤਾਂ ਇਹ ਵੀ ਹੈ ਕਿ ਸੁੰਦਰ ਅਤੇ ਆਕਰਸ਼ਕ ਪਰਦੇ ਕਿਸੇ ਕਮਰੇ ਜਾਂ ਘਰ ਦੀ ਸੁੰਦਰਤਾ ਅਤੇ ਸਜਾਵਟ ਨੂੰ  ਚਾਰ ਚੰਨ ਲਗਾ ਦਿੰਦੇ ਹਨ |
ਸੁੱਘੜ-ਸਿਆਣੀਆਂ ਨਾਰੀਆਂ ਅਤੇ ਹੋਮ ਡੈਕੋਰੇਟਰਸ ਦਾ ਮੰਨਣਾ ਹੈ ਕਿ ਪਰਦਿਆਂ ਦੀਆਂ ਮੁੱਖ ਕਿਸਮਾਂ ਵਿੱਚ 'ਕੈਨਵਸ ਪਰਦੇ', 'ਸੂਤੀ ਪਰਦੇ', 'ਪੋਲਿਸਟਰ ਪਰਦੇ', 'ਮਖ਼ਮਲ ਪਰਦੇ', 'ਲਿਨਨ ਪਰਦੇ', 'ਥਰਮਲ ਪਰਦੇ' ਅਤੇ 'ਬਲੈਕਆਊਟ ਪਰਦੇ' ਆਦਿ ਕਿਸਮਾਂ ਸ਼ਾਮਿਲ ਹਨ | ਕੈਨਵਸ ਪਰਦੇ ਦਰਅਸਲ ਮਜ਼ਬੂਤ ਅਤੇ ਟਿਕਾਊ ਹੁੰਦੇ ਹਨ ਤੇ ਇਨ੍ਹਾਂ ਦੀ ਵਰਤੋਂ ਬਾਹਰੀ ਵਰਤੋਂ Ñਲਈ ਕੀਤੀ ਜਾਂਦੀ ਹੈ | ਸੂਤੀ ਪਰਦੇ ਹਲਕੇ ਅਤੇ ਸਾਹ ਲੈਣ ਯੋਗ ਹੁੰਦੇ ਹਨ | ਪੋਲਿਸਟਰ ਪਰਦੇ ਟਿਕਾਊ ਅਤੇ ਵੱਟ ਨਾ ਪੈਣ ਵਾਲੇ ਹੁੰਦੇ ਹਨ | ਮਖ਼ਮਲੀ ਪਰਦੇ ਭਾਰੇ ਅਤੇ ਸ਼ਾਨਦਾਰ ਹੁੰਦੇ ਹਨ ਤੇ ਅਕਸਰ ਹੀ ਵਿਸ਼ੇਸ਼ ਮਹਿਮਾਨਾਂ ਵਾਲੇ ਕਮਰਿਆਂ ਵਿਚ ਵਰਤੇ ਜਾਂਦੇ ਹਨ | ਲਿਨਨ ਦੇ ਪਰਦੇ ਹਲਕੇ ਅਤੇ ਹਵਾਦਾਰ ਹੁੰਦੇ ਹਨ, ਜਦੋਂ ਕਿ ਥਰਮਲ ਪਰਦੇ ਗਰਮੀ ਅਤੇ ਠੰਢਕ ਦੋਵਾਂ ਨੂੰ  ਕਮਰੇ ਅੰਦਰ ਹੀ ਰੋਕਣ ਲਈ ਡਿਜ਼ਾਇਨ ਕੀਤੇ ਗਏ ਹੁੰਦੇ ਹਨ | ਬਲੈਕਆਊਟ ਪਰਦੇ ਤਾਂ ਕਮਰੇ ਅੰਦਰ ਹਨੇਰਾ ਕਰਨ ਲਈ ਵਰਤੇ ਜਾਂਦੇ ਹਨ | ਅਜਿਹੇ ਪਰਦਿਆਂ ਦੀ ਵਰਤੋਂ ਜ਼ਿਆਦਾ ਕਰਕੇ ਬੈੱਡਰੂਮ ਅੰਦਰ ਜਾਂ ਫਿਰ ਹੋਮ ਥੀਏਟਰ ਵਾਲੇ ਕਮਰੇ ਵਿੱਚ ਕੀਤੀ ਜਾਂਦੀ ਹੈ | ਪਰਦਿਆਂ ਦੀਆਂ ਉਪਰੋਕਤ ਕਿਸਮਾਂ ਨੂੰ  ਉਨ੍ਹਾਂ ਲਈ ਢੁਕਵੇਂ ਕਮਰਿਆਂ ਵਿਚ ਹੀ ਵਰਤਿਆ ਜਾਣਾ ਚਾਹੀਦਾ ਹੈ | ਪਰਦੇ ਟੰਗਣ ਜਾਂ ਖ਼ਰੀਦਣ ਤੋਂ ਪਹਿਲਾਂ ਸੰਬੰਧਿਤ ਕਮਰੇ ਵਿਚਲੇ ਪੇਂਟ ਅਤੇ ਫ਼ਰਨੀਚਰ ਦੇ ਰੰਗ ਦਾ ਖਿਆਲ ਜ਼ਰੂਰ ਰੱਖਿਆ ਜਾਣਾ ਚਾਹੀਦਾ ਹੈ | ਇਸ ਦੇ ਨਾਲ ਹੀ ਸੰਬੰਧਿਤ ਖਿੜਕੀ ਜਾਂ ਦਰਵਾਜ਼ੇ ਦੀ ਲੰਬਾਈ ਅਤੇ ਚੌੜਾਈ ਦਾ ਵੀ ਪੂਰਾ ਨਾਪ ਪਹਿਲਾਂ ਲਿਆ ਹੋਇਆ ਹੋਣਾ ਚਾਹੀਦਾ ਹੈ | ਪਰਦੇ ਦਾ ਕੱਪੜਾ ਹੰਢਣਸਾਰ ਅਤੇ ਆਕਰਸ਼ਕ ਹੋਣਾ ਚਾਹੀਦਾ ਹੈ | ਕੀਮਤ ਪੱਖੋਂ ਕਿਫ਼ਾਇਤੀ ਪਰਦੇ ਲੈਣ ਦੀ ਕੋਸ਼ਿਸ਼ ਤਾਂ ਹਰੇਕ ਗ੍ਰਹਿਣੀ ਨੂੰ  ਕਰਨੀ ਚਾਹੀਦੀ ਹੈ ਪਰ ਪਰਦੇ ਦੀ ਕੁਆਲਿਟੀ ਭਾਵ ਗੁਣਵੱਤਾ ਨਾਲ ਕਦੇ ਵੀ ਸਮਝੌਤਾ ਨਹੀਂ ਕੀਤਾ ਜਾਣਾ ਚਾਹੀਦਾ ਹੈ |
ਘਰ ਵਿਚ ਵਰਤੇ  ਜਾ ਰਹੇ ਪਰਦਿਆਂ ਦੀ ਵਰਤੋਂ ਅਤੇ ਸਾਂਭ-ਸੰਭਾਲ ਪ੍ਰਤੀ ਸਾਵਧਾਨੀ ਘਰ ਦੇ ਹਰੇਕ ਮੈਂਬਰ ਵਲੋਂ ਵਰਤੀ ਜਾਣੀ ਚਾਹੀਦੀ ਹੈ | ਪਰਦਿਆਂ ਨੂੰ  ਇਕ ਨਿਯਮਿਤ ਸਮੇਂ ਪਿੱਛੋਂ ਧੋ ਲੈਣਾ ਚਾਹੀਦਾ ਹੈ ਤੇ ਪਰਦੇ ਖ਼ਰੀਦਣ ਸਮੇਂ ਸਾਨੂੰ ਇਹ ਗੱਲ ਪਤਾ ਹੋਣੀ ਚਾਹੀਦੀ ਹੈ ਕਿ ਕਿਹੜੇ ਪਰਦੇ ਹੱਥ ਨਾਲ ਧੋਣੇ ਹਨ ਤੇ ਕਿਹੜੇ ਮਸ਼ੀਨ ਵਿਚ  ਜਾਂ ਫਿਰ  ਕਿਹੜੇ ਪਰਦੇ ਗਰਮ ਪਾਣੀ ਨਾਲ ਧੋਣੇ ਹਨ ਤੇ ਕਿਹੜੇ ਠੰਢੇ ਪਾਣੀ ਨਾਲ? ਉਂਜ ਧੋਣ ਪਿੱਛੋਂ ਪਰਦਿਆਂ ਨੂੰ  ਸਿੱਧਾ ਧੱੁਪ ਵਿਚ ਰੱਖ ਕੇ ਸੁਕਾਉਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ | ਇਹ ਵੀ ਧਿਆਨ ਰੱਖਣਾ ਚਾਹੀਦਾ ਹੈ ਕਿ ਚੰਗੇ ਪਰਦੇ ਉਹ ਪਰਦੇ ਹੁੰਦੇ ਹਨ, ਜਿਨ੍ਹਾਂ ਦੀ ਸਾਂਭ-ਸੰਭਾਲ ਆਸਾਨ ਅਤੇ ਘੱਟ ਮਿਹਨਤ ਵਾਲੀ ਹੋਵੇ | ਪਰਦਿਆਂ ਦੀ ਲੰਬਾਈ ਅਸਲ ਥਾਂ ਦੀ ਲੰਬਾਈ ਤੋਂ ਤਿੰਨ-ਚਾਰ ਇੰਚ ਵੱਧ ਪਰ ਚੌੜਾਈ ਇਕ ਜਾਂ ਦੋ ਇੰਚ ਹੀ ਜ਼ਿਆਦਾ ਰੱਖਣੀ ਚਾਹੀਦੀ ਹੈ | ਇਹ ਪਰਦੇ ਸੰਬੰਧਿਤ ਖਿੜਕੀ ਜਾਂ ਦਰਵਾਜ਼ੇ ਦੇ ਉੱਪਰਲੇ ਸਿਰੇ ਤੋਂ ਛੇ ਇੰਚ ਉੱਚੇ ਟੰਗਣੇ ਚਾਹੀਦੇ ਹਨ | ਗਰਮੀਆਂ ਦੀ ਰੱੁਤ ਵਿਚ ਪਰਦੇ ਹਲਕੇ ਰੰਗਾਂ ਵਾਲੇ ਅਤੇ ਪਤਲੇ ਕੱਪੜੇ ਵਾਲੇ ਹੋਣੇ ਚਾਹੀਦੇ ਹਨ | ਭੜਕੀਲੇ ਰੰਗਾਂ ਵਾਲੇ ਅਤੇ ਬਹੁਤੇ ਰੰਗ-ਬਿਰੰਗੇ ਪਰਦੇ ਵੀ ਕਮਰੇ ਦੀ ਸ਼ਾਨ ਨੂੰ  ਘਟਾ ਦਿੰਦੇ ਹਨ | ਇਸ ਲਈ ਅਜਿਹੇ ਪਰਦੇ ਲਗਾਉਣ ਤੋਂ ਪਰਹੇਜ਼ ਹੀ ਕਰਨਾ ਚਾਹੀਦਾ ਹੈ |

-410, ਚੰਦਰ ਨਗਰ, ਬਟਾਲਾ |  ਮੋ.97816-46008

Ad Position 22
No active advertisement
ਪਿਛਲੀ ਖ਼ਬਰ ਸ੍ਰੀਮਤੀ ਜੀ ਪ੍ਰਾ0! ਅਗਲੀ ਖ਼ਬਰ ਬੱਚਿਆਂ ਨੂੰ ਬਚਪਨ ਤੋਂ ਹੀ ਕਿਰਤ ਨਾਲ ਜੋੜੋ
Ad Position 24