22-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2026

ਹੌਸਲੇ, ਮਿਹਨਤ ਅਤੇ ਸਮਰਪਣ ਦੀ ਮਿਸਾਲ : ਪਲਵਿੰਦਰ ਕੌਰ

ਹੌਸਲੇ, ਮਿਹਨਤ ਅਤੇ ਸਮਰਪਣ ਦੀ ਮਿਸਾਲ : ਪਲਵਿੰਦਰ ਕੌਰ

Ad Position 21
No active advertisement
ਅਜੀਤ ਡੈਸਕ 22-10-2026

ਸਿੱਖਿਆ ਸਿਰਫ ਕਿਤਾਬੀ ਗਿਆਨ ਦੇਣ ਦਾ ਨਾਂਅ ਨਹੀਂ, ਸਗੋਂ ਬੱਚੇ ਦੀ ਸੋਚ ਨੂੰ  ਨਵੀਂ ਦਿਸ਼ਾ ਦੇਣ, ਉਸ ਦੇ ਅੰਦਰਲੇ ਹੁਨਰ ਨੂੰ  ਪਛਾਣਨ ਅਤੇ ਉਸ ਨੂੰ  ਆਪਣੇ ਸੁਪਨੇ ਸਾਕਾਰ ਕਰਨ ਦਾ ਮੌਕਾ ਦੇਣ ਦਾ ਨਾਂਅ ਹੈ | ਇਸ ਸੋਚ ਨੂੰ  ਆਪਣੀ ਅਧਿਆਪਨ ਯਾਤਰਾ ਦਾ ਆਧਾਰ ਬਣਾਉਣ ਵਾਲੀ ਮੈਡਮ ਪਲਵਿੰਦਰ ਕੌਰ, ਸਾਇੰਸ ਮਿਸਟ੍ਰੈੱਸ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੋਟ ਖ਼ਾਲਸਾ, ਅੰਮਿ੍ਤਸਰ ਅੱਜ ਵਿਗਿਆਨ ਸਿੱਖਿਆ, ਨਵੀਨਤਾ, ਵਾਤਾਵਰਨ ਸੰਭਾਲ ਅਤੇ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਸਮਰਪਿਤ ਅਧਿਆਪਕਾ ਵਜੋਂ ਆਪਣੀ ਵਿਲੱਖਣ ਪਛਾਣ ਬਣਾ ਚੁੱਕੇ ਹਨ | ਉਨ੍ਹਾਂ ਦਾ ਪੂਰਾ ਜੀਵਨ ਅਤੇ ਅਧਿਆਪਨ ਸ਼ੈਲੀ ਸਿੱਖਿਆ ਜਗਤ ਵਿਚ ਇਕ ਮਿਸਾਲ ਵਜੋਂ ਦੇਖੀ ਜਾਂਦੀ ਹੈ |

ਮੈਡਮ ਪਲਵਿੰਦਰ ਕੌਰ ਨੇ ਐਮ.ਐਸ.ਸੀ. ਅਤੇ ਬੀ.ਐੱਡ ਦੀ ਉੱਚ ਯੋਗਤਾ ਹਾਸਲ ਕੀਤੀ ਹੈ | ਆਰਥਿਕ ਤੌਰ 'ਤੇ ਕਮਜ਼ੋਰ ਅਤੇ ਸਲੱਮ ਖੇਤਰ ਦੇ ਵਿਦਿਆਰਥੀਆਂ ਨਾਲ ਕੰਮ ਕਰਦਿਆਂ ਉਨ੍ਹਾਂ ਨੇ ਸਿੱਖਿਆ ਨੂੰ  ਸਮਾਜਿਕ ਬਦਲਾਅ ਦਾ ਸਭ ਤੋਂ ਵੱਡਾ ਸਾਧਨ ਬਣਾਇਆ ਹੈ | ਉਨ੍ਹਾਂ ਦਾ ਮੰਨਣਾ ਹੈ ਕਿ ਜੇਕਰ ਮਾਰਗ ਦਰਸ਼ਨ ਸਹੀ ਹੋਵੇ ਤਾਂ ਹਰ ਬੱਚਾ ਵੱਡੀਆਂ ਬੁਲੰਦੀਆਂ ਨੂੰ  ਛੂਹ ਸਕਦਾ ਹੈ | ਉਨ੍ਹਾਂ ਦੀ ਸੁਚੱਜੀ ਰਹਿਨੁਮਾਈ ਹੇਠ ਵਿਦਿਆਰਥੀਆਂ ਨੇ ਵਿਗਿਆਨ ਅਤੇ ਨਵੀਨਤਾ ਦੇ ਖੇਤਰ ਵਿਚ ਰਾਜ, ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਮਾਣਯੋਗ ਪ੍ਰਾਪਤੀਆਂ ਕੀਤੀਆਂ ਹਨ |  ਨੈਸ਼ਨਲ ਚਿਲਡਰਨ ਸਾਇੰਸ ਕਾਂਗਰਸ ਵਿਚ ਉਨ੍ਹਾਂ ਦੀ ਰਹਿਨੁਮਾਈ ਹੇਠ ਵਿਦਿਆਰਥੀਆਂ ਦੇ ਰਾਸ਼ਟਰੀ ਪੱਧਰ ਦੇ ਉੱਤੇ ਬੈਸਟ ਪ੍ਰੋਜੈਕਟ ਚੁਣੇ ਜਾ ਚੁੱਕੇ ਹਨ | 
ਇੰਡੀਅਨ ਸਾਇੰਸ ਕਾਂਗਰਸ ਅਤੇ ਇੰਡੀਅਨ ਯੰਗ ਇਨੋਵੇਟਰਜ਼ ਐਂਡ ਇਨਵੈਂਟਰਜ਼ ਚੈਲੇਂਜ ਵਿਚ ਵੀ ਵਿਦਿਆਰਥੀਆਂ ਨੇ ਆਪਣੀ ਵਿਗਿਆਨਕ ਪ੍ਰਤਿਭਾ ਅਤੇ ਉਪਲਬੱਧੀਆਂ ਨਾਲ ਰਾਸ਼ਟਰੀ ਪੱਧਰ 'ਤੇ ਸਫਲਤਾ ਦੇ ਨਵੇਂ ਅਧਿਆਏ ਲਿਖੇ ਹਨ | ਰਾਸ਼ਟਰੀ ਅਵਿਸ਼ਕਾਰ ਅਭਿਆਨ ਅਧੀਨ ਵਿਦਿਆਰਥੀਆਂ ਦੇ ਮਾਡਲਾਂ ਨੇ ਰਾਜ ਪੱਧਰ 'ਤੇ ਜਿੱਤਾਂ ਹਾਸਲ ਕਰ ਕੇ ਨੈਸ਼ਨਲ ਪੱਧਰ ਲਈ ਕੁਆਲੀਫਾਈ ਕੀਤਾ | ਬੀ. ਆਈ. ਐਸ. ਆਨਲਾਈਨ ਨੈਸ਼ਨਲ ਕਵਿੱਜ ਵਿਚ ਵੀ ਉਨ੍ਹਾਂ ਦੇ ਵਿਦਿਆਰਥੀ ਰਾਸ਼ਟਰੀ ਪੱਧਰ 'ਤੇ ਜੇਤੂ ਰਹੇ ਹਨ | ਵਿਦਿਆਰਥੀਆਂ ਦੀਆਂ ਇਨ੍ਹਾਂ ਪ੍ਰਾਪਤੀਆਂ ਦੇ ਨਾਲ ਮੈਡਮ ਪਲਵਿੰਦਰ ਕੌਰ ਦੇ ਆਪਣੇ ਯੋਗਦਾਨ ਨੂੰ  ਵੀ ਵੱਖ-ਵੱਖ ਸੰਸਥਾਵਾਂ ਵਲੋਂ ਵੱਡੇ ਪੱਧਰ 'ਤੇ ਸਨਮਾਨਿਤ ਕੀਤਾ ਗਿਆ ਹੈ | 
ਵਾਤਾਵਰਨ ਸੰਭਾਲ ਉਨ੍ਹਾਂ ਦੇ ਕੰਮ ਦਾ ਸਭ ਤੋਂ ਅਹਿਮ ਪੱਖ ਹੈ | ਈਕੋ ਕਲੱਬ ਇੰਚਾਰਜ ਵਜੋਂ ਉਨ੍ਹਾਂ ਨੇ ਵੇਸਟ ਮੈਨੇਜਮੈਂਟ, ਪਲਾਸਟਿਕ ਮੁਕਤ ਮੁਹਿੰਮ, ਵਰਮੀਕੰਪੋਸਟ, ਕਿਚਨ ਗਾਰਡਨ, ਪਾਣੀ ਸੰਭਾਲ, ਰੁੱਖ ਲਗਾਉਣ ਅਤੇ ਵਾਤਾਵਰਨ ਜਾਗਰੂਕਤਾ ਨੂੰ  ਸਕੂਲ ਜੀਵਨ ਦਾ ਹਿੱਸਾ ਬਣਾਇਆ | 'ਵੇਸਟ ਮੈਨੇਜਮੈਂਟ ਐਂਡ ਅਲਟਰਨੇਟਿਵਜ਼ ਟੂ ਪਲਾਸਟਿਕ ਵਰਗੇ ਪ੍ਰੋਜੈਕਟਾਂ ਰਾਹੀਂ ਵਿਦਿਆਰਥੀਆਂ ਨੇ ਪਲਾਸਟਿਕ ਵੇਸਟ ਬੈਂਕ, ਮੁੜ ਵਰਤੋਂ ਯੋਗ ਸਮੱਗਰੀ ਅਤੇ ਆਲੂ ਦੇ ਛਿਲਕਿਆਂ ਤੋਂ ਸਟਾਰਚ ਬਾਇਓ-ਪਲਾਸਟਿਕ ਵਰਗੀਆਂ ਨਵੀਨਤਾਵਾਂ ਪੇਸ਼ ਕੀਤੀਆਂ, ਜਿਸ ਦੀ ਹਰ ਪਾਸੇ ਸ਼ਲਾਘਾ ਹੋਈ | ਬੋਰਡ ਜਮਾਤਾਂ ਦੇ ਲਗਾਤਾਰ 100 ਫ਼ੀਸਦੀ  ਆਉਂਦੇ ਨਤੀਜੇ ਵੀ ਉਨ੍ਹਾਂ ਦੀ ਲਗਨ, ਮਿਹਨਤ ਅਤੇ ਸਮਰਪਣ ਭਾਵਨਾ ਨੂੰ  ਦਰਸਾਉਂਦੇ ਹਨ |
ਨਿੱਜੀ ਚੁਣੌਤੀਆਂ ਤੋਂ ਮਿਲੀ ਤਾਕਤ : ਮੈਡਮ ਪਲਵਿੰਦਰ ਕੌਰ ਦੀ ਕਹਾਣੀ ਸਿਰਫ਼ ਪੁਰਸਕਾਰਾਂ ਅਤੇ ਪ੍ਰਾਪਤੀਆਂ ਦੀ ਕਹਾਣੀ ਨਹੀਂ, ਸਗੋਂ ਹੌਸਲੇ, ਧੀਰਜ, ਸੰਘਰਸ਼ ਅਤੇ ਸੰਵੇਦਨਸ਼ੀਲਤਾ ਦੀ ਵੀ ਕਹਾਣੀ ਹੈ | ਵਿਸ਼ੇਸ਼ ਦੇਖਭਾਲ ਦੀ ਲੋੜ ਵਾਲੇ ਬੱਚੇ ਦੀ ਮਾਂ ਹੋਣ ਦੇ ਬਾਵਜੂਦ ਉਨ੍ਹਾਂ ਨੇ ਆਪਣੀਆਂ ਨਿੱਜੀ ਜ਼ਿੰਮੇਵਾਰੀਆਂ ਨੂੰ  ਆਪਣੇ ਪੇਸ਼ਵਰ ਜੀਵਨ ਵਿਚ ਕਦੇ ਵੀ ਰੁਕਾਵਟ ਨਹੀਂ ਬਣਨ ਦਿੱਤਾ | ਇਸ ਅਨੁਭਵ ਨੇ ਉਨ੍ਹਾਂ ਵਿਚ ਹਰ ਬੱਚੇ ਦੀਆਂ ਵਿਲੱਖਣ ਲੋੜਾਂ ਨੂੰ  ਸਮਝਣ ਅਤੇ ਉਸ ਨੂੰ  ਅੱਗੇ ਵਧਣ ਲਈ ਪ੍ਰੇਰਿਤ ਕਰਨ ਦੀ ਭਾਵਨਾ ਨੂੰ  ਹੋਰ ਮਜ਼ਬੂਤ ਕੀਤਾ ਹੈ |

-ਅਜੀਤ ਉਪ ਦਫ਼ਤਰ ਮੋਗਾ |
ਮੋਬਾਈਲ : 98551-14484

Ad Position 22
No active advertisement
ਪਿਛਲੀ ਖ਼ਬਰ ਦੁਲਹਣ ਬਣਨ ਤੋਂ ਪਹਿਲਾਂ ਅਗਲੀ ਖ਼ਬਰ ਘਰ 'ਚ ਕਿਵੇਂ ਕਰੀਏ ਵਾਲਾਂ ਨੂੰ ਰੰਗ?
Ad Position 24