ਡਾ. ਕਮਲਜੀਤ ਕੌਰ ਦਾ ਜਨਮ 1944 ਈ . ਨੂੰ ਨਾਨਕੇ ਪਿੰਡ ਚੁੱਘਾ ਖ਼ੁਰਦ ਮੋਗਾ ਵਿਖੇ ਹੋਇਆ | ਉਨ੍ਹਾਂ ਨੇ ਬੀ. ਏ., ਬੀ. ਪੀ. ਐੱਡ.., ਐਮ. ਏ. (ਫਿਜ਼ੀਕਲ ਐਜੂਕੇਸ਼ਨ) ਅਤੇ ਐਮ. ਏ. (ਪੰਜਾਬੀ) ਅਤੇ ਪੀ.ਐੱਚ. ਡੀ. ਆਦਿ ਦੀਆਂ ਡਿਗਰੀਆਂ ਪ੍ਰਾਪਤ ਕੀਤੀਆਂ |

ਕਾਲਜ ਸਮੇਂ ਉਨ੍ਹਾਂ ਨੇ ਗਿੱਧਾ, ਲੋਕ ਨਾਚ, ਗਰੁੱਪ ਡਾਂਸ, ਲੰਬੀ ਹੇਕ ਵਾਲੇ ਗੀਤਾਂ 'ਚ ਹਮੇਸ਼ਾ ਅੱਵਲ ਦਰਜਾ ਪ੍ਰਾਪਤ ਕੀਤਾ ਹੈ | ਇਸ ਦੇ ਨਾਲ-ਨਾਲ ਉਹ ਹਾਕੀ, ਖੋ-ਖੋ, ਵਾਲੀਬਾਲ ਅਤੇ ਐਥਲੈਟਿਕਸ ਵਿਚ ਵੀ ਹਮੇਸ਼ਾ ਜੇਤੂ ਰਹੀ ਹੈ | ਡਿਸਕਸ ਥਰੋ ਅਤੇ ਜੈਵਲਿਨ 'ਚ ਤਗਮੇ ਜਿੱਤ ਕੇ ਉਨ੍ਹਾਂ ਨੇ ਖੇਡ-ਮੈਦਾਨ 'ਚ ਆਪਣੀ ਵਿਲੱਖਣ ਪਛਾਣ ਸਥਾਪਿਤ ਕੀਤੀ ਹੈ | ਉਹ ਖ਼ਾਲਸਾ ਕਾਲਜ ਫ਼ਾਰ ਵੁਮੈਨ, ਸਿੱਧਵਾਂ (1967) 'ਚ ਚਾਰ ਸਾਲਾਂ ਤੱਕ ਲਗਾਤਾਰ ''ਆਲ ਰਾਊਾਡ ਸ਼ਖ਼ਸੀਅਤ'' ਵਜੋਂ ਜਾਣੀ ਜਾਂਦੀ ਰਹੀ ਹੈ | 1969 'ਚ ਉਨ੍ਹਾਂ ਨੂੰ ਪੰਜਾਬ ਹਾਕੀ ਐਵਾਰਡ ਪ੍ਰਾਪਤ ਹੋਇਆ | ਉਨ੍ਹਾਂ ਦੀ ਖੇਡ-ਮਨਸ਼ਾ ਸਿਰਫ਼ ਮੈਦਾਨ ਤੱਕ ਸੀਮਤ ਨਹੀਂ ਰਹੀ, ਸਗੋਂ ਉਨ੍ਹਾਂ ਨੇ ਖੇਡਾਂ ਨੂੰ ਅਨੁਸ਼ਾਸਨ ਅਤੇ ਜੀਵਨ-ਦਰਸ਼ਨ ਦਾ ਪ੍ਰਤੀਕ ਮੰਨਿਆ ਹੈ | ਬਾਅਦ 'ਚ ਉਨ੍ਹਾਂ ਨੇ ਐੱਸ.ਡੀ. ਕਾਲਜ ਫ਼ਾਰ ਵੁਮੈਨ, ਮੋਗਾ (1969–2004) 'ਚ ਫਿਜ਼ੀਕਲ ਐਜੂਕੇਸ਼ਨ ਲੈਕਚਰਾਰ ਵਜੋਂ ਸੇਵਾ ਕੀਤੀ | ਡਾ. ਕਮਲਜੀਤ ਕੌਰ ਨੇ 1969 'ਚ ਪੰਜਾਬੀ ਗਿੱਧੇ ਦਾ ਕੱਲਰ ਐਵਾਰਡ ਜਿੱਤਿਆ ਅਤੇ ਸਾਬਕਾ ਮੁੱਖ ਮੰਤਰੀ ਹਰਚਰਨ ਸਿੰਘ ਬਰਾੜ ਵਲੋਂ ''ਕਲੀਨ ਆਫ਼ ਗਿੱਧਾ'' ਦਾ ਖ਼ਿਤਾਬ ਹਾਸਿਲ ਕੀਤਾ ਹੈ | ਗਿੱਧੇ ਦੇ ਰਾਹੀਂ ਪੰਜਾਬੀ ਔਰਤ ਦੇ ਜਜ਼ਬਾਤਾਂ ਨੂੰ ਲੋਕ ਗੀਤ, ਸੁਹਾਗ, ਘੋੜੀਆਂ ਅਤੇ ਤੀਆਂ-ਤਿ੍ੰਝਣਾਂ ਦੀ ਰੂਪਕ ਭਾਸ਼ਾ 'ਚ ਪੇਸ਼ ਕੀਤਾ ਹੈ | ਉਨ੍ਹਾਂ ਦੀ ਲੰਬੀ ਹੇਕ ਵਾਲੀ ਆਵਾਜ਼, ਰੰਗਾਂ ਵਾਲਾ ਪਹਿਰਾਵਾ ਅਤੇ ਭਾਵਾਂ ਨਾਲ ਭਰੀ ਪੇਸ਼ਕਸ਼ ਹਰ ਦਰਸ਼ਕ ਨੂੰ ਪੰਜਾਬੀ ਮਿੱਟੀ ਨਾਲ ਜੋੜ ਦਿੰਦੀ ਹੈ | ਡਾ. ਕਮਲਜੀਤ ਕੌਰ ਨੇ ਇੱਕ ਡਿਜੀਟਲ ਕਦਮ ਚੁੱਕਦੇ ਹੋਏ ਯੂ ਟਿਊਬ ਚੈਨਲ ''ਪੰਜਾਬ ਦਾ ਅਨਮੋਲ ਵਿਰਸਾ'' ਸ਼ੁਰੂ ਕੀਤਾ | ਉਨ੍ਹਾਂ ਆਪਣੇ ਹੱਥਾਂ ਨਾਲ ਫੁਲਕਾਰੀ, ਚੋਪ, ਵੋਟੇ, ਗੁੱਡੀਆਂ, ਪਟੋਲੇ, ਦਰੀਆਂ, ਪੀੜ੍ਹੀਆਂ, ਮੰਜੇ, ਪੱਖੇ, ਨੇਤਰੇ, ਚਰਖੇ ਆਦਿ ਲੋਕ-ਕਲਾਤਮਕ ਕੰਮ ਵੀ ਕੀਤੇ ਹਨ | ਉਹ ਹਰ ਕਰਾਫ਼ਟ 'ਚ ਮਹਿਲਾ ਦੇ ਮਿਹਨਤੀ ਹੱਥਾਂ ਦੀ ਖ਼ੁਸ਼ਬੂ ਅਤੇ ਵਿਰਸੇ ਦੀ ਮਿੱਟੀ ਦੀ ਗਰਮੀ ਮਹਿਸੂਸ ਕਰਦੇ ਹਨ | ਡਾ. ਕਮਲਜੀਤ ਕੌਰ ਨੇ ਆਪਣਾ ਅਧਿਆਪਕ ਜੀਵਨ ਖ਼ਾਲਸਾ ਕਾਲਜ ਫ਼ਾਰ ਵੁਮੈਨ, ਅੰਮਿ੍ਤਸਰ ਤੋਂ ਸ਼ੁਰੂ ਕੀਤਾ ਅਤੇ 2004 ਤੱਕ ਐੱਸ.ਡੀ. ਕਾਲਜ ਫ਼ਾਰ ਵੁਮੈਨ, ਮੋਗਾ 'ਚ ਸੇਵਾ ਨਿਭਾਈ ਹੈ | ਉਨ੍ਹਾਂ ਦੀ ਅਗਵਾਈ 'ਚ ਪੜ੍ਹਨ ਵਾਲੀਆਂ ਪੀੜ੍ਹੀਆਂ ਅੱਜ ਪੰਜਾਬੀ ਸੱਭਿਆਚਾਰ ਦੀਆਂ ਦੂਤ ਬਣ ਕੇ ਦੇਸ਼-ਵਿਦੇਸ਼ 'ਚ ਚਮਕ ਰਹੀਆਂ ਹਨ | ਡਾ. ਕਮਲਜੀਤ ਕੌਰ ਨੂੰ ਆਪਣੇ ਜੀਵਨ ਵਿਚ ਬੇਸ਼ੁਮਾਰ ਐਵਾਰਡ, ਸਨਮਾਨ ਅਤੇ ਖ਼ਿਤਾਬ ਮਿਲੇ ਹਨ, ਜਿਨ੍ਹਾਂ 'ਚ ਸਾਬਕਾ ਮੁੱਖ ਮੰਤਰੀ ਪੰਜਾਬ ਹਰਚਰਨ ਸਿੰਘ ਬਰਾੜ ਵਲੋਂ ਮਿਲਿਆ ਐਵਾਰਡ 'ਕਲੀਨ ਆਫ਼ ਗਿੱਧਾ' ਤੋਂ ਇਲਾਵਾ ਹਾਕੀ ਕੱਲਰ ਐਵਾਰਡ-1969, ਪੰਜਾਬ ਸਟੇਟ ਸੋਫਟ ਹਾਲ ਪੈਟਰਨ ਐਵਾਰਡ (22 ਸਾਲਾਂ ਦੀ ਸੇਵਾ, ਪੰਜਾਬੀ ਲੋਕ-ਧਾਰਾ ਦੇ ਪ੍ਰਚਾਰ ਅਤੇ ਸੰਭਾਲ ਲਈ ਜੀਵਨ ਉਪਲਬਧੀ ਸਨਮਾਨ ਸਮੇਤ ਡਾ. ਕਮਲਜੀਤ ਕੌਰ ਨੂੰ ਪੰਜਾਬੀ ਸੱਭਿਆਚਾਰ, ਸਿੱਖਿਆ ਅਤੇ ਲੋਕ-ਧਾਰਾ ਪ੍ਰਤੀ ਯੋਗਦਾਨ ਲਈ ਕਈ ਰਾਜ ਪੱਧਰੀ ਸਨਮਾਨ ਸ਼ਾਮਿਲ ਹਨ | ਡਾ. ਕਮਲਜੀਤ ਕੌਰ (ਬੇਬੇ ਬੋਹੜ) ਦਾ ਜੀਵਨ ਪੰਜਾਬੀ ਔਰਤ ਦੀ ਸ਼ਕਤੀ, ਸਮਰਪਣ ਅਤੇ ਸੰਜਮ ਦੀ ਕਹਾਣੀ ਹੈ | ਉਹ ਸਾਬਤ ਕਰ ਚੁੱਕੇ ਹਨ ਕਿ ਇੱਕ ਕੁੜੀ ਆਪਣੇ ਅੰਦਰ ਸੰਸਕਿ੍ਤੀ ਦੀ ਰਖਵਾਲੀ ਵੀ ਕਰ ਸਕਦੀ ਹੈ ਤੇ ਵਿਕਾਸ ਲਈ ਮਾਰਗ ਦਰਸ਼ਕ ਵੀ ਬਣ ਸਕਦੀ ਹੈ | ਉਨ੍ਹਾਂ ਦਾ ਜੀਵਨ ਨਵੀਂ ਪੀੜ੍ਹੀ ਲਈ ਇੱਕ ਸੁਨੇਹਾ ਹੈ ''ਪੰਜਾਬੀ ਹੋਣ ਦਾ ਮਤਲਬ ਸਿਰਫ਼ ਬੋਲੀ ਬੋਲਣਾ ਨਹੀਂ, ਸਗੋਂ ਉਸ ਬੋਲੀ ਦੀ ਰੂਹ ਨੂੰ ਜਿਊਣਾ ਹੈ | ਉਹ ਸੱਚਮੁੱਚ ਬੇਬੇ ਬੋਹੜ, ਗਿੱਧਿਆਂ ਦੀ ਰਾਣੀ, ਵਿਰਸੇ ਦੀ ਸ਼ਾਹੂਕਾਰਨੀ ਅਤੇ ਸੱਭਿਆਚਾਰ ਦੀ ਲੋਅ ਹੈ, ਜਿਨ੍ਹਾਂ ਨੇ ਆਪਣੀ ਉਮਰ ਦੀ ਹਰ ਧੜਕਣ ਪੰਜਾਬੀਅਤ ਦੀ ਸੁਗੰਧ 'ਚ ਵਾਰ ਦਿੱਤੀ ਹੈ | ''ਜਦ ਤੱਕ ਪੰਜਾਬ ਦੀ ਮਿੱਟੀ ਦੀ ਖ਼ੁਸ਼ਬੂ ਕਾਇਮ ਰਹੇਗੀ, ਬੇਬੇ ਬੋਹੜ ਦਾ ਨਾਂਅ ਉਸ ਨਾਲ ਜੁੜਿਆ ਰਹੇਗਾ, ਕਿਉਂਕਿ ਉਹ ਸਿਰਫ਼ ਇੱਕ ਸ਼ਖ਼ਸੀਅਤ ਨਹੀਂ, ਸਗੋਂ ਸੱਭਿਆਚਾਰ ਦੀ ਅਮਰ ਆਵਾਜ਼ ਹੈ |
-ਪ੍ਰਤੀਨਿਧ 'ਅਜੀਤ'
ਮੋਬਾਈਲ : 99885-49598