ਖੰਨਾ, 21 ਸਤੰਬਰ (ਹਰਜਿੰਦਰ ਸਿੰਘ ਲਾਲ)-ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਆਪਣੀ ਚੋਣ ਮੁਹਿੰਮ ਦਾ ਆਗਾਜ਼ ਕਰ ਦਿੱਤਾ। ਇਸ ਮੌਕੇ ਉਨ੍ਹਾਂ ਨੇ ਆਮ ਆਦਮੀ ਪਾਰਟੀ ਵਲੋਂ ਪੰਜਾਬ ਵਿਚ ਸਰਕਾਰ ਦੀਆਂ ਵੱਖ-ਵੱਖ ਭਲਾਈ ਯੋਜਨਾਵਾਂ ਤੇ ਸਹੂਲਤਾਂ ਨੂੰ ਦਰਸਾਉਂਦਾ ਇਕ ਪੈਂਫਲੈਟ ਜਾਰੀ ਕੀਤਾ ਗਿਆ ਹੈ। ਪੈਂਫਲੈਟ ਵਿਚ ‘ਮਾਨ ਦੇ ਮੁਨਾਫ਼ੇ-ਜੋ ਕਿਹਾ, ਉਹ ਕੀਤਾ, ਹਰ ਗਾਰੰਟੀ ਪੂਰੀ’ ਦਾ ਸੁਨੇਹਾ ਦਿੱਤਾ ਗਿਆ ਹੈ ਅਤੇ ਦਾਅਵਾ ਕੀਤਾ ਗਿਆ ਹੈ ਕਿ ਇਕ ਆਮ ਪੰਜਾਬੀ ਪਰਿਵਾਰ ਨੂੰ ਵੱਖ-ਵੱਖ ਸਰਕਾਰੀ ਯੋਜਨਾਵਾਂ ਰਾਹੀਂ ਸਾਲਾਨਾ ਕਰੀਬ 1,82,000 ਦਾ ਲਾਭ ਮਿਲਦਾ ਹੈ। ਪੈਂਫਲੈਟ ਵਿਚ ਮਾਵਾਂ-ਧੀਆਂ ਨੂੰ ਹਰ ਮਹੀਨੇ 1,000 ਦੀ ਵਿੱਤੀ ਸਹਾਇਤਾ, ਬਿਜਲੀ ਬਿੱਲ ਵਿਚ ਰਾਹਤ, ਔਰਤਾਂ ਲਈ ਬੱਸਾਂ ਵਿਚ ਮੁਫ਼ਤ ਸਫ਼ਰ, ਸਰਕਾਰੀ ਸਕੂਲਾਂ ਵਿਚ ਫੀਸ-ਕਿਤਾਬਾਂ-ਵਰਦੀ ਦੀ ਸਹੂਲਤ, ਬੁਢਾਪਾ ਪੈਨਸ਼ਨ, ਆਮ ਆਦਮੀ ਕਲੀਨਿਕਾਂ ਰਾਹੀਂ ਮੁਫ਼ਤ ਦਵਾਈਆਂ ਤੇ ਟੈਸਟ, ਰਾਸ਼ਨ ਤੇ ਮੁਫ਼ਤ ਤੀਰਥ ਯਾਤਰਾ ਵਰਗੀਆਂ ਸਹੂਲਤਾਂ ਨੂੰ ਜੋੜਿਆ ਗਿਆ ਹੈ। ਖੰਨਾ ਦੇ ਪੁਰਾਣੇ ਤੇ ਪ੍ਰਮੁੱਖ ਸੁਭਾਸ਼ ਬਾਜ਼ਾਰ ਤੋਂ ਆਮ ਆਦਮੀ ਪਾਰਟੀ ਵਲੋਂ ‘ਮਾਨ ਤੇ ਬਚਤ’ ਮੁਹਿੰਮ ਦੀ ਸ਼ੁਰੂਆਤ ਕੀਤੀ। ਇਸ ਮੌਕੇ ਪੰਜਾਬ ਦੇ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਬਾਜ਼ਾਰ ਦੇ ਦੁਕਾਨਦਾਰਾਂ ਧੰਨਵਾਦ ਕਰਦਿਆਂ ਪੰਜਾਬ ਸਰਕਾਰ ਵਲੋਂ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਵੱਖ-ਵੱਖ ਸਹੂਲਤਾਂ ਦਾ ਜ਼ਿਕਰ ਕੀਤਾ। ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਕਿਹਾ ਕਿ ਬਿਜਲੀ ਬਿੱਲਾਂ ਵਿਚ ਰਾਹਤ, ਮਹਿਲਾਵਾਂ ਲਈ ਮੁਫ਼ਤ ਬੱਸ ਸਫ਼ਰ, ਸਰਕਾਰੀ ਸਕੂਲਾਂ ਵਿਚ ਸਿੱਖਿਆ, ਬੁਢਾਪਾ ਅਤੇ ਵਿਧਵਾ ਪੈਨਸ਼ਨ, ਆਮ ਆਦਮੀ ਕਲੀਨਿਕਾਂ ਰਾਹੀਂ ਮੁਫ਼ਤ ਇਲਾਜ, ਰਾਸ਼ਨ ਸਕੀਮ, ਤੀਰਥ ਯਾਤਰਾ, ਖੇਤੀਬਾੜੀ ਮੋਟਰਾਂ ਦੇ ਬਿਜਲੀ ਕੁਨੈਕਸ਼ਨ, ਅਸ਼ੀਰਵਾਦ ਯੋਜਨਾ ਅਤੇ ਐੱਸ. ਸੀ-ਬੀ. ਸੀ ਪਰਿਵਾਰਾਂ ਨਾਲ ਸਬੰਧਤ ਯੋਜਨਾਵਾਂ ਸਮੇਤ ਕਈ ਸਹੂਲਤਾਂ ਲੋਕਾਂ ਨੂੰ ਮਿਲ ਰਹੀਆਂ ਹਨ। ਉਨ੍ਹਾਂ ਦਾਅਵਾ ਕੀਤਾ ਕਿ ਇਨ੍ਹਾਂ ਸਾਰੀਆਂ ਸਰਕਾਰੀ ਸਹੂਲਤਾਂ ਨੂੰ ਜੋੜਿਆ ਜਾਵੇ ਤਾਂ ਇਕ ਪਰਿਵਾਰ ਨੂੰ ਸਾਲਾਨਾ ਲਗਪਗ 1 ਲੱਖ 82 ਹਜ਼ਾਰ ਰੁਪਏ ਤੱਕ ਦੀ ਬਚਤ ਹੋ ਰਹੀ ਹੈ। ਸੌਂਦ ਨੇ ਕਿਹਾ ਕਿ ਵੱਖ-ਵੱਖ ਪਰਿਵਾਰਾਂ ਨੂੰ ਸਰਕਾਰੀ ਯੋਜਨਾਵਾਂ ਦੇ ਹਿਸਾਬ ਨਾਲ 14, 15, 16, 18 ਜਾਂ 20 ਹਜ਼ਾਰ ਰੁਪਏ ਤੱਕ ਦਾ ਮਹੀਨਾਵਾਰ ਲਾਭ ਹੋ ਸਕਦਾ ਹੈ। ਇਸ ਮੌਕੇ ਮੰਤਰੀ ਸੌਂਦ ਨੇ ਸੁਭਾਸ਼ ਬਾਜ਼ਾਰ ਦੇ ਦੁਕਾਨਦਾਰਾਂ ਦੀਆਂ ਸਮੱਸਿਆਵਾਂ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਬਾਜ਼ਾਰ ਵਿਚ ਬਿਜਲੀ ਦੀਆਂ ਖੁੱਲ੍ਹੀਆਂ ਤਾਰਾਂ ਕਾਰਨ ਸ਼ਾਰਟ ਸਰਕਟ ਦੀ ਸਮੱਸਿਆ ਬਣੀ ਰਹਿੰਦੀ ਸੀ। ਉਨ੍ਹਾਂ ਦੇ ਅਨੁਸਾਰ ਹੁਣ ਖੁੱਲ੍ਹੀਆਂ ਤਾਰਾਂ ਨੂੰ ਕੇਬਲਾਂ ਵਿਚ ਤਬਦੀਲ ਕਰਨ ਅਤੇ ਬਿਜਲੀ ਦੇ ਟਰਾਂਸਫਾਰਮਰ ਸਮੇਤ ਹੋਰ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ। ਤਰੁਨਪ੍ਰੀਤ ਸਿੰਘ ਸੌਂਦ ਨੇ ਕਿਹਾ ਕਿ ਬਾਜ਼ਾਰ ਦੇ ਦੁਕਾਨਦਾਰਾਂ ਦੀਆਂ ਮੰਗਾਂ ਨੂੰ ਸਰਕਾਰ ਤੱਕ ਪਹੁੰਚਾ ਕੇ ਉਨ੍ਹਾਂ ’ਤੇ ਕੰਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਸੁਭਾਸ਼ ਬਾਜ਼ਾਰ ਦੇ ਦੁਕਾਨਦਾਰਾਂ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ। ਇਸ ਮੌਕੇ ਨਗਰ ਕੌਂਸਲ ਪ੍ਰਧਾਨ ਜਤਿੰਦਰ ਪਾਠਕ, ਸੀ. ਮੀਤ ਪ੍ਰਧਾਨ ਹਰੀਸ਼ ਗੁਪਤਾ, ਮੀਤ ਪ੍ਰਧਾਨ ਕਰਨਜੀਤ ਸਿੰਘ ਸਿਫ਼ਤੀ, ਓ. ਐਸ. ਡੀ. ਕਰਨ ਅਰੋੜਾ, ਕੌਂਸਲਰ ਅਮਨ ਕਟਾਰੀਆ, ਸਰਾਫ਼ਾ ਬਾਜਾਰ ਪ੍ਰਧਾਨ ਰਾਕੇਸ਼ ਵਰਮਾ ਬਿੱਟੂ, ਰਾਜ ਲਖੀਆ, ਲਵਲੇਸ਼ ਅਰੋੜਾ, ਕੌਂਸਲਰ ਮਨੀ ਸ਼ਰਮਾ, ਕੌਂਸਲਰ ਪਤੀ ਹੈਪੀ ਮਲਹੋਤਰਾ, ਮਨੂੰ ਮਨੋਚਾ, ਬਲਵੀਰ ਰਾਏ, ਵਿਜੈ ਵਰਮਾ, ਰਵੀ ਵਰਮਾ, ਰਾਜੇਸ਼ ਗੁਪਤਾ ਆਦਿ ਹਾਜ਼ਰ ਸਨ।
ਖੰਨਾ ’ਚ ਸੌਂਦ ਨੇੇ ਕੀਤੀ ਚੋਣ ਪ੍ਰਚਾਰ ਦੀ ਸ਼ੁਰੂਆਤ
ਖੰਨਾ, 21 ਸਤੰਬਰ (ਹਰਜਿੰਦਰ ਸਿੰਘ ਲਾਲ)-ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਆਪਣੀ ਚੋਣ ਮੁਹਿੰਮ ਦਾ ਆਗਾਜ਼ ਕਰ ਦਿੱਤਾ। ਇਸ ਮੌਕੇ ਉਨ੍ਹਾਂ ਨੇ ਆਮ ਆਦਮੀ ਪਾਰਟੀ ਵਲੋਂ ਪੰਜਾਬ ਵਿਚ ਸਰਕਾਰ ਦੀਆਂ ਵੱਖ-ਵੱਖ ਭਲਾਈ ਯੋਜਨਾਵਾਂ ਤੇ ਸਹੂਲਤਾਂ ਨੂੰ ਦਰਸਾਉਂਦਾ ਇਕ ਪੈਂਫਲੈਟ ਜਾਰੀ ਕੀਤਾ ਗਿਆ ਹੈ।
ਆਮ ਆਦਮੀ ਪਾਰਟੀ ਵਲੋਂ ਪੰਜਾਬ ਵਿਚ ਸਰਕਾਰ ਦੀਆਂ ਯੋਜਨਾਵਾਂ ਸੰਬੰਧੀ ਪੈਂਫਲੈਟ ਜਾਰੀ ਕਰਦੇ ਹੋਏ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ। ਤਸਵੀਰ : ਸੋਨੀ ਗਿੱਲ
22-09-2026