ਕਿੰਗਰਾ ਕੱਸੀ ’ਤੇ ਬਣ ਰਹੇ ਪੁਲ ਕਾਰਨ ਲਾਂਘੇ ਲਈ ਬਣਾਇਆ ਆਰਜੀ ਰਸਤਾ ਦੇ ਰਿਹਾ ਹਾਦਸਿਆਂ ਨੂੰ ਸੱਦਾ
ਸਾਦਿਕ , 7 ਨਵੰਬਰ ( ਗੁਰਭੇਜ ਸਿੰਘ ਚੌਹਾਨ )- ਫ਼ਿਰੋਜ਼ਪੁਰ - ਸਾਦਿਕ - ਸ੍ਰੀ ਮੁਕਤਸਰ ਹਾਈਵੇ ਦਾ ਕਈ ਸਾਲਾਂ ਤੋਂ ਨਿਰਮਾਣ ਚੱਲ ਰਿਹਾ ਹੈ । ਇਸ ਸੜਕ ਨੂੰ ਮੁਕੰਮਲ ਕਰਨ ਲਈ ਕੁਝ ਕੱਸੀਆਂ ਦੇ ਪੁਲਾਂ ਦਾ ਨਿਰਮਾਣ ਅਜੇ ਕਰਨਾ ਬਾਕੀ ਹੈ ।
ਸਾਦਿਕ , 7 ਨਵੰਬਰ ( ਗੁਰਭੇਜ ਸਿੰਘ ਚੌਹਾਨ )- ਫ਼ਿਰੋਜ਼ਪੁਰ - ਸਾਦਿਕ - ਸ੍ਰੀ ਮੁਕਤਸਰ ਹਾਈਵੇ ਦਾ ਕਈ ਸਾਲਾਂ ਤੋਂ ਨਿਰਮਾਣ ਚੱਲ ਰਿਹਾ ਹੈ । ਇਸ ਸੜਕ ਨੂੰ ਮੁਕੰਮਲ ਕਰਨ ਲਈ ਕੁਝ ਕੱਸੀਆਂ ਦੇ ਪੁਲਾਂ ਦਾ ਨਿਰਮਾਣ ਅਜੇ ਕਰਨਾ ਬਾਕੀ ਹੈ । ਸਾਦਿਕ ਨੇੜੇ ਪਿੰਡ ਕਿੰਗਰਾ ਦੀ ਕੱਸੀ ’ ਤੇ ਪੁਲ ਦਾ ਨਿਰਮਾਣ ਸ਼ੁਰੂ ਕੀਤਾ ਗਿਆ ਹੈ ਅਤੇ ਟਰੈਫ਼ਿਕ ਦੀ ਆਵਾਜਾਈ ਲਈ ਕੱਸੀ ਨੂੰ ਮਿੱਟੀ ਨਾਲ ਭਰਕੇ ਆਰਜੀ ਰਸਤਾ ਬਣਾਇਆ ਗਿਆ ਹੈ । ਇਹ ਰਸਤਾ ਜਲਦਬਾਜ਼ੀ ਤੇ ਅਣਗਹਿਲੀ ਨਾਲ ਤਿਆਰ ਕੀਤਾ ਗਿਆ ਹੈ । ਇਸ ਵਿਚ ਪਾਈ ਮਿੱਟੀ ਦੀ ਪੂਰੀ ਤਰਾਂ ਲਤੜਾਈ ਨਾ ਹੋਣ ਕਰਕੇ ਭਾਰੀ ਵਾਹਨ ਇਸ ਰਸਤੇ ਵਿਚ ਖੁੱਭ ਜਾਂਦੇ ਹਨ । ਰਸਤੇ ਦੇ ਕਿਨਾਰਿਆਂ ਦੀ ਮਿੱਟੀ ’ ਤੇ ਲਤੜਾਈ ਨਾ ਹੋਣ ਕਾਰਨ ਮਿੱਟੀ ਦੀਆਂ ਢਿਗਾਂ ਆਪਣੇ ਆਪ ਡਿੱਗ ਰਹੀਆਂ ਹਨ । ਰੱਬ ਨਾ ਕਰੇ ਜੇ ਕੋਈ ਭਾਰੀ ਵਾਹਨ ਇਸ ਰਸਤੇ ਦੇ ਕਿਨਾਰੇ ’ ਤੇ ਰਾਤ ਬਰਾਤੇ ਚੜ੍ਹ ਗਿਆ ਤਾਂ ਉਹ ਸਿੱਧਾ ਡੂੰਘੇ ਖੱਡੇ ਵਿਚ ਡਿੱਗੇਗਾ ਅਤੇ ਪਤਾ ਨਹੀਂ ਕਿਸ ਬਦਕਿਸਮਤ ਰਾਹਗੀਰ ਦੀ ਬਲੀ ਲਵੇਗਾ । ਰਸਤੇ ਦੇ ਕਿਨਾਰੇ ’ ਤੇ ਕੋਈ ਬੋਰੀਆਂ ਵਗੈਰਾ ਵੀ ਭਰਕੇ ਨਹੀਂ ਲਾਈਆਂ ਤਾਂ ਜੋ ਡਰਾਈਵਰ ਨੂੰ ਕਿਨਾਰੇ ਦਾ ਪਤਾ ਲੱਗ ਸਕੇ । ਕਈਵਾਰ ਇੱਥੇ ਵੱਡੇ ਟਰੱਕ ਫਸ ਚੁੱਕੇ ਹਨ ਅਤੇ ਰਸਤਾ ਬੰਦ ਰਿਹਾ ਹੈ । ਇਕ ਮੋਟਰਸਾਈਕਲ ਸਵਾਰ ਦੀ ਵੀ ਇੱਥੇ ਮੌਤ ਹੋ ਚੁੱਕੀ ਦੱਸੀ ਗਈ ਹੈ । ਜਦ ਦੀ ਇਹ ਸੜਕ ਬਣਨ ਲੱਗੀ ਹੋਈ ਹੈ , ਇਸਦਾ ਠੇਕੇਦਾਰ ਕਈ ਤਰਾਂ ਦੀਆਂ ਅਣਗਹਿਲੀਆਂ ਕਰਕੇ ਚਰਚਾ ਵਿਚ ਹੀ ਰਿਹਾ ਹੈ । ਸੜਕ ਕਿਸੇ ਵੀ ਪਾਸਿਉਂ ਪੂਰੀ ਤਰਾਂ ਮੁਕੰਮਲ ਤਿਆਰ ਨਹੀਂ ਕੀਤੀ ਗਈ ਅਤੇ ਸਮਾਂ ਵੀ ਬਹੁਤ ਲਗਾਇਆ ਜਾ ਰਿਹਾ ਹੈ । ਬੀਤੇ ਦਿਨ ਕਿਰਤੀ ਕਿਸਾਨ ਯੂਨੀਅਨ ਦੇ ਆਗੂਆਂ ਨੇ ਵੀ ਇਸ ਆਰਜੀ ਰਸਤੇ ’ ਤੇ ਪੁੱਜ ਕੇ ਸਵਾਲ ਉਠਾਏ ਸੀ ਅਤੇ ਹੋਣ ਵਾਲੇ ਹਾਦਸਿਆਂ ਦਾ ਖਦਸ਼ਾ ਜ਼ਾਹਿਰ ਕੀਤਾ ਸੀ । ਇੱਥੋਂ ਦੀ ਬਹੁਤ ਸਾਰੇ ਬੱਸਾਂ ਦੇ ਟਾਈਮ , ਭਾਰ ਢੋਣ ਵਾਲੇ ਘੋੜੇ ਟਰਾਲੇ , ਪਰਾਲੀ ਦੀਆਂ ਗੱਠਾਂ ਵਾਲੀਆਂ ਟਰਾਲੀਆਂ , ਝੋਨੇ ਦੀਆਂ ਟਰਾਲੀਆਂ ਅਤੇ ਹੋਰ ਸੈਂਕੜੇ ਵਾਹਨ ਗੁਜ਼ਰਦੇ ਹਨ । ਇਲਾਕਾ ਨਿਵਾਸੀਆਂ ਨੇ ਪ੍ਰਸ਼ਾਸਨ ਨੂੰ ਇਸ ਪਾਸੇ ਤੁਰੰਤ ਧਿਆਨ ਦੇਣ ਦੀ ਮੰਗ ਕੀਤੀ ਹੈ ਤਾਂ ਜੋ ਕੋਈ ਅਣਹੋਣੀ ਨਾ ਵਰਤੇ ।