ਖੇਤੀਬਾੜੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਵੇਰਕਾ ਮਿਲਕ ਪਲਾਂਟ ਦਾ ਕੀਤਾ ਵਿੱਦਿਅਕ ਦੌਰਾ
ਬਠਿੰਡਾ, 20 ਸਤੰਬਰ (ਪ੍ਰੀਤਪਾਲ ਸਿੰਘ ਰੋਮਾਣਾ)- ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਇੰਸਟੀਚਿਊਟ ਆਫ਼ ਐਗਰੀਕਲਚਰ, ਬਠਿੰਡਾ ਦੇ ਬੀ. ਐੱਸ.
ਬਠਿੰਡਾ, 20 ਸਤੰਬਰ (ਪ੍ਰੀਤਪਾਲ ਸਿੰਘ ਰੋਮਾਣਾ)- ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਇੰਸਟੀਚਿਊਟ ਆਫ਼ ਐਗਰੀਕਲਚਰ, ਬਠਿੰਡਾ ਦੇ ਬੀ.ਐੱਸ.ਸੀ. ਐਗਰੀਕਲਚਰ (ਆਨਰਜ਼) ਪ੍ਰੋਗਰਾਮ ਦੇ ਪਹਿਲੇ ਅਤੇ ਦੂਜੇ ਸਾਲ ਦੇ ਵਿਦਿਆਰਥੀਆਂ ਵਲੋਂ ਵੇਰਕਾ ਮਿਲਕ ਪਲਾਂਟ ਬਠਿੰਡਾ ਦਾ ਵਿੱਦਿਅਕ ਦੌਰਾ ਕੀਤਾ ਗਿਆ। ਇਹ ਦੌਰਾ ਇੰਸਟੀਚਿਊਟ ਆਫ਼ ਐਗਰੀਕਲਚਰ, ਬਠਿੰਡਾ ਦੇ ਐਸੋਸੀਏਟ ਡੀਨ ਡਾ. ਅਵਤਾਰ ਸਿੰਘ ਦੀ ਅਗਵਾਈ ਹੇਠ ਕਰਵਾਇਆ ਗਿਆ। ਦੌਰੇ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਆਧੁਨਿਕ ਡੇਅਰੀ ਪ੍ਰੋਸੈਸਿੰਗ ਪਲਾਂਟ ਦੀ ਕਾਰਜਪ੍ਰਣਾਲੀ ਸਬੰਧੀ ਵਿਹਾਰਕ ਜਾਣਕਾਰੀ ਦੇਣਾ ਅਤੇ ਦੁੱਧ ਦੀ ਪ੍ਰੋਸੈਸਿੰਗ, ਗੁਣਵੱਤਾ ਜਾਂਚ, ਪੈਕਿੰਗ ਤੇ ਵੱਖ-ਵੱਖ ਡੇਅਰੀ ਉਤਪਾਦਾਂ ਦੀ ਤਿਆਰੀ ਬਾਰੇ ਜਾਣੂ ਕਰਵਾਉਣਾ ਸੀ। ਇਸ ਦੌਰਾਨ ਵਿਦਿਆਰਥੀਆਂ ਨੇ ਦੁੱਧ ਦੀ ਖ਼ਰੀਦ, ਆਈਸਕ੍ਰੀਮ ਯੂਨਿਟ, ਘਿਓ ਯੂਨਿਟ, ਮਾਈਕ੍ਰੋਬਾਇਓਲੋਜੀ ਲੈਬ, ਕੁਆਲਿਟੀ ਅਸ਼ੋਰੈਂਸ, ਪੈਕਿੰਗ ਅਤੇ ਉਤਪਾਦਾਂ ਦੀ ਵੰਡ ਸਮੇਤ ਵੱਖ-ਵੱਖ ਪ੍ਰਕਿਰਿਆਵਾਂ ਦਾ ਅਧਿਐਨ ਕੀਤਾ। ਇਸ ਮੌਕੇ ਵਿਦਿਆਰਥੀਆਂ ਨੂੰ ਕਲਾਸ-ਰੂਮ ਵਿਚ ਪ੍ਰਾਪਤ ਕੀਤੀ ਸਿਧਾਂਤਕ ਸਿੱਖਿਆ ਨੂੰ ਡੇਅਰੀ ਅਤੇ ਫੂਡ ਪ੍ਰੋਸੈਸਿੰਗ ਖੇਤਰ ਦੀ ਵਿਹਾਰਕ ਜਾਣਕਾਰੀ ਨਾਲ ਜੋੜਨ ਦਾ ਮੌਕਾ ਮਿਲਿਆ। ਡਾ. ਲਵਜੀਤ ਕੌਰ ਸਹਾਇਕ ਪ੍ਰੋਫੈਸਰ ਅਤੇ ਡਾ. ਕੁਮਿੰਦਰ ਕੌਰ ਟੀਚਿੰਗ ਅਸਿਸਟੈਂਟ ਨੇ ਪੂਰੇ ਦੌਰੇ ਦੌਰਾਨ ਵਿਦਿਆਰਥੀਆਂ ਦੇ ਨਾਲ ਰਹਿ ਕੇ ਉਨ੍ਹਾਂ ਨੂੰ ਲੋੜੀਂਦੀ ਜਾਣਕਾਰੀ ਦਿੱਤੀ। ਦੌਰੇ ਦੇ ਪ੍ਰਬੰਧਾਂ ਲਈ ਪ੍ਰਭਸ਼ਰਨ ਸਿੰਘ ਅਤੇ ਤਰਨਵੀਰ ਸਿੰਘ ਸਰਾਂ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ। ਡਾ. ਅਵਤਾਰ ਸਿੰਘ ਨੇ ਕਿਹਾ ਕਿ ਇਸ ਵਿੱਦਿਅਕ ਦੌਰੇ ਨਾਲ ਵਿਦਿਆਰਥੀਆਂ ਲਈ ਜਾਣਕਾਰੀ ਭਰਪੂਰ ਅਤੇ ਲਾਹੇਵੰਦ ਤਜਰਬਾ ਹੋਇਆ ਹੈ, ਜਿਸ ਰਾਹੀਂ ਹੁਣ ਉਨ੍ਹਾਂ ਨੂੰ ਡੇਅਰੀ ਉਦਯੋਗ ਦੀ ਕਾਰਜਪ੍ਰਣਾਲੀ ਅਤੇ ਗੁਣਵੱਤਾ ਤੇ ਸੁਰੱਖਿਅਤ ਡੇਅਰੀ ਉਤਪਾਦਾਂ ਦੀ ਤਿਆਰੀ ਸਬੰਧੀ ਵਿਹਾਰਕ ਗਿਆਨ ਹਾਸਲ ਹੋਇਆ।