ਮੁੱਖ ਮੰਤਰੀ ਨਾਲ ਮੀਟਿੰਗ ਤੋਂ ਨਿਰਾਸ਼ ਮੁਲਾਜ਼ਮਾਂ ਤੇ ਪੈਨਸ਼ਨਰਾਂ ਵਲੋਂ ਵਿਧਾਇਕਾਂ ਦੇ ਘਰਾਂ ਦਾ ਘਿਰਾਓ
ਮਾਨਸਾ, 20 ਸਤੰਬਰ (ਗੁਰਚੇਤ ਸਿੰਘ ਫੱਤੇਵਾਲੀਆ)- ਬੀਤੇ ਦਿਨੀਂ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀ ਮੁੱਖ ਮੰਤਰੀ ਪੰਜਾਬ ਨਾਲ ਡੀ. ਏ.
ਮਾਨਸਾ, 20 ਸਤੰਬਰ (ਗੁਰਚੇਤ ਸਿੰਘ ਫੱਤੇਵਾਲੀਆ)- ਬੀਤੇ ਦਿਨੀਂ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀ ਮੁੱਖ ਮੰਤਰੀ ਪੰਜਾਬ ਨਾਲ ਡੀ.ਏ. ਤੇ ਹੋਰ ਮੰਗਾਂ ਸੰਬੰਧੀ ਹੋਈ ਮੀਟਿੰਗ ’ਚ ਕੋਈ ਸਿੱਟਾ ਨਾ ਨਿਕਲਣ ’ਤੇ ਸਿਰਫ਼ ਭਰੋਸਾ ਮਿਲਣ ਕਾਰਨ ਸਾਂਝੀ ਤਾਲਮੇਲ ਕਮੇਟੀ ਪੰਜਾਬ ਵਲੋਂ ਐਲਾਨੇ ਐਕਸ਼ਨ ਤਹਿਤ ਮੁਲਾਜ਼ਮਾਂ ਤੇ ਪੈਨਸ਼ਨਰਾਂ ਵਲੋਂ ਜ਼ਿਲ੍ਹੇ ਦੇ ਤਿੰਨੇ ਵਿਧਾਇਕਾਂ ਦੇ ਘਰਾਂ ਦਾ ਘਿਰਾਓ ਕੀਤਾ ਗਿਆ। ਮਾਨਸਾ ਵਿਖੇ ਵਿਧਾਇਕ ਡਾ. ਵਿਜੇ ਸਿੰਗਲਾ ਅਤੇ ਸਰਦੂਲਗੜ੍ਹ ਦੇ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਦੀ ਮਾਨਸਾ ਸਥਿਤ ਰਿਹਾਇਸ਼ ਦੇ ਨੇੜੇ ਲਗਾਏ ਧਰਨੇ ਨੂੰ ਸੰਬੋਧਨ ਕਰਦਿਆਂ ਮੁਲਾਜ਼ਮ ਆਗੂ ਪ੍ਰਤਾਪ ਸਿੰਘ ਖੁਡਾਲ, ਕਰਮਜੀਤ ਸਿੰਘ ਤਾਮਕੋਟ, ਹਰਪ੍ਰੀਤ ਸਿੰਘ ਬਿੱਟੂ, ਜਗਦੇਵ ਸਿੰਘ ਘੁਰਕਣੀ, ਦਰਸ਼ਨ ਸਿੰਘ ਅਲੀਸ਼ੇਰ, ਧਰਮਿੰਦਰ ਸਿੰਘ ਹੀਰੇਵਾਲਾ, ਹੰਸਾ ਸਿੰਘ ਡੇਲੂਆਣਾ ਨੇ ਕਿਹਾ ਕਿ ਮੁਲਾਜ਼ਮ ਤੇ ਪੈਨਸ਼ਨਰ ਸਰਕਾਰ ਵਲੋਂ ਐਲਾਨੇ 8 ਪ੍ਰਤੀਸ਼ਤ ਮਾਣ-ਭੱਤੇ ਨਾਲ ਸੰਤੁਸ਼ਟ ਨਹੀਂ ਹਨ। ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਵਲੋਂ ਵਿਧਾਨ ਸਭਾ ਚੋਣਾਂ ਮੌਕੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀਆਂ ਸਾਰੀਆਂ ਮੰਗਾਂ ਪਹਿਲ ਦੇ ਆਧਾਰ ’ਤੇ ਪੂਰੀਆਂ ਕਰਨ ਦਾ ਵਾਅਦਾ ਕੀਤਾ ਗਿਆ ਸੀ ਪਰ ਸੱਤਾ ’ਚ ਸਾਢੇ 4 ਸਾਲ ਬਿਤਾਉਣ ਮਗਰੋਂ ਵੀ ਮੰਗਾਂ ਜਿਉਂ ਦੀਆਂ ਤਿਉਂ ਹਨ ਅਤੇ ਮੁਲਾਜ਼ਮ ਤੇ ਪੈਨਸ਼ਨਰ ਮੰਗਾਂ ਮੰਨਵਾਉਣ ਲਈ ਧਰਨਿਆਂ ’ਤੇ ਬੈਠਣ ਲਈ ਮਜਬੂਰ ਹੋਏ ਹਨ। ਗੁਰਪ੍ਰੀਤ ਸਿੰਘ ਦਲੇਲਵਾਲਾ, ਗੁਰਜੀਤ ਸਿੰਘ ਲਾਲਿਆਂਵਾਲੀ ਅਤੇ ਬਿੱਕਰਜੀਤ ਸਿੰਘ ਸਾਧੂਵਾਲਾ ਨੇ ਕਿਹਾ ਕਿ ਅਨੇਕਾਂ ਵਾਰ ਕੀਤੀਆਂ ਮੀਟਿੰਗਾਂ ’ਚ ਵੀ ਮੰਗਾਂ ਪੂਰੀਆਂ ਕਰਨ ਦੇ ਦਿੱਤੇ ਭਰੋਸੇ ਉਪਰੰਤ ਹਾਲੇ ਤੱਕ ਮੰਗਾਂ ਨੂੰ ਬੂਰ ਨਹੀਂ ਪਿਆ, ਜਿਸ ਕਾਰਨ ਮੁਲਾਜ਼ਮਾਂ ਤੇ ਪੈਨਸ਼ਨਰਾਂ ’ਚ ਰੋਸ ਫੈਲਿਆ ਹੋਇਆ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਸਰਕਾਰ ਵਲੋਂ ਜਾਣ-ਬੁੱਝ ਕੇ ਮੰਗਾਂ ਨੂੰ ਅਣਗੌਲਿਆ ਕੀਤਾ ਜਾ ਰਿਹਾ ਹੈ ਅਤੇ ਲਗਾਤਾਰ ਟਾਲ-ਮਟੋਲ ਦੀ ਨੀਤੀ ਅਪਣਾਈ ਜਾ ਰਹੀ ਹੈ। ਉਨ੍ਹਾਂ ਮੰਗ ਕੀਤੀ ਕਿ ਪੁਰਾਣੀ ਪੈਨਸ਼ਨ ਬਹਾਲ ਕਰਨ, ਮੁਲਾਜ਼ਮ ਵਿਰੋਧੀ ਪੱਤਰ ਵਾਪਸ ਲੈਣ, 18 ਪ੍ਰਤੀਸ਼ਤ ਡੀ.ਏ. ਜਾਰੀ ਕਰਨ, ਮਾਣ-ਭੱਤੇ ’ਚ ਵਾਧਾ, ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਸਮੇਤ ਸਾਰੀਆਂ ਮੰਗਾਂ ਮੰਨੀਆਂ ਜਾਣ। ਆਗੂਆਂ ਨੇ 30 ਸਤੰਬਰ ਨੂੰ ਚੰਡੀਗੜ੍ਹ, 10 ਅਕਤੂਬਰ ਨੂੰ ਸੰਗਰੂਰ ਵਿਖੇ ਸੂਬਾ ਪੱਧਰੀ ਰੈਲੀ ਅਤੇ 21-22 ਅਕਤੂਬਰ ਨੂੰ ਪੰਜਾਬ ਬੰਦ ਦੀਆਂ ਤਿਆਰੀਆਂ ’ਚ ਜੁਟ ਜਾਣ ਦਾ ਸੱਦਾ ਦਿੱਤਾ। ਆਗੂਆਂ ਨੇ ਦੱਸਿਆ ਕਿ ਮੰਗਾਂ ਮੰਨਵਾਉਣ ਲਈ ਸੰਘਰਸ਼ ਪਹਿਲਾਂ ਦੀ ਤਰ੍ਹਾਂ ਜਾਰੀ ਰਹੇਗਾ ਅਤੇ ਇਸ ਨੂੰ ਹੋਰ ਤੇਜ਼ ਕਰਨ ਲਈ ਸਾਂਝੀ ਤਾਲਮੇਲ ਕਮੇਟੀ ਵਲੋਂ 27 ਸਤੰਬਰ ਨੂੰ ਲੁਧਿਆਣਾ ਵਿਖੇ ਸੂਬਾ ਪੱਧਰੀ ਮੀਟਿੰਗ ਵੀ ਸੱਦੀ ਗਈ ਹੈ। ਇਸ ਮੌਕੇ ਜੱਗਾ ਸਿੰਘ ਅਲੀਸ਼ੇਰ, ਸ਼ਿੰਦਰਪਾਲ ਸਿੰਘ, ਸਤਨਾਮ ਸਿੰਘ, ਰੰਗਾ ਰਾਮ, ਲੱਖਣ ਲਾਲ ਮੌੜ, ਗੁਰਚਰਨ ਸਿੰਘ, ਜਸਵੀਰ ਸਿੰਘ ਖ਼ਾਲਸਾ, ਮਨਮੋਹਨ ਸਿੰਘ, ਨਵੀਨ ਕੁਮਾਰ ਬੋਹਾ, ਲਖਵਿੰਦਰ ਸਿੰਘ ਮਾਨ, ਰਾਜਵਿੰਦਰ ਸਿੰਘ ਬਹਿਣੀਵਾਲ, ਬਿੱਕਰ ਸਿੰਘ ਮਾਖਾ, ਸੁਖਵਿੰਦਰ ਸਿੰਘ, ਕੇਵਲ ਸਿੰਘ, ਰਾਮ ਸਿੰਘ ਖੋਖਰ, ਬਿੱਕਰ ਸਿੰਘ ਮਘਾਣੀਆਂ, ਅਜੈਬ ਸਿੰਘ ਅਲੀਸ਼ੇਰ, ਨਵਦੀਪ ਮੱਤੀ, ਗੁਰਜੰਟ ਸਿੰਘ, ਸੰਦੀਪ ਸਿੰਘ ਵਾਲੀਆ ਆਦਿ ਹਾਜ਼ਰ ਸਨ। ਮੁਲਾਜ਼ਮ ਅਤੇ ਪੈਨਸ਼ਨਰ ਮੰਚ ਵਲੋਂ ਵਿਧਾਇਕ ਦੇ ਦਫ਼ਤਰ ਦਾ ਘਿਰਾਓ ਬੁਢਲਾਡਾ ਤੋਂ ਸਵਰਨ ਸਿੰਘ ਰਾਹੀ ਅਨੁਸਾਰ- ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਵਿਧਾਇਕ ਬੁੱਧ ਰਾਮ ਦੇ ਇੱਥੇ ਸਥਿਤ ਦਫ਼ਤਰ ਦਾ ਘਿਰਾਓ ਕੀਤਾ। ਸੰਬੋਧਨ ਕਰਦਿਆਂ ਪੈਨਸ਼ਨਰ ਐਸੋਸੀਏਸ਼ਨ ਦੇ ਪ੍ਰਧਾਨ ਪ੍ਰਗਟ ਸਿੰਘ ਚਹਿਲ, ਚੇਅਰਮੈਨ ਗੁਰਚਰਨ ਸਿੰਘ ਮਾਨ, ਨਰੇਸ਼ ਕਾਂਸਲ, ਗੁਰਮੇਲ ਸਿੰਘ ਬੋੜਾਵਾਲ, ਡਾ. ਕਰਨੈਲ ਸਿੰਘ ਵੈਰਾਗੀ, ਰਘੁਨਾਥ ਸਿੰਗਲਾ, ਨਿਰਮਲ ਸਿੰਘ ਸੈਦੇਵਾਲਾ, ਸੁਖਲਾਲ ਸਿੰਘ ਬਰੇਟਾ, ਕਰਨੈਲ ਸਿੰਘ ਬੋਹਾ, ਦੀਪਕ ਅਤੇ ਜੋਗਿੰਦਰ ਸਿੰਘ ਬਰ੍ਹੇ ਨੇ ਕਿਹਾ ਕਿ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀਆਂ ਸਾਰੀਆਂ ਜਾਇਜ਼ ਅਤੇ ਹੱਕੀ ਮੰਗਾਂ ਮਨਵਾਉਣ ਤੱਕ ਸੰਘਰਸ਼ ਜਾਰੀ ਰੱਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਪਿਛਲੇ ਸਾਢੇ 4 ਸਾਲਾਂ ਤੋਂ ਉਨ੍ਹਾਂ ਨੂੰ ਭਰੋਸਿਆਂ ਤੋਂ ਇਲਾਵਾ ਹੋਰ ਕੁਝ ਨਹੀਂ ਮਿਲਿਆ। ਉਨ੍ਹਾਂ ਇਹ ਵੀ ਕਿਹਾ ਕਿ ਸਰਕਾਰ ਦੇ ਨੁਮਾਇੰਦੇ ਵਿਰੋਧੀ ਧਿਰ ’ਚ ਹੁੰਦੇ ਹੋਏ ਉਨ੍ਹਾਂ ਦੀਆਂ ਮੰਗਾਂ ਦੇ ਸਮਰਥਨ ਲਈ ਧਰਨਿਆਂ ’ਚ ਆ ਕੇ ਬੈਠਦੇ ਸਨ ਪਰ ਹੁਣ ਉਹ ਮੰਗਾਂ ਸੁਣਨ ਲਈ ਵੀ ਤਿਆਰ ਨਹੀਂ। ਇਸ ਮੌਕੇ ਮਿੱਤ ਸਿੰਘ, ਰਾਜਿੰਦਰ ਸਿੰਘ ਜੀ.ਟੀ.ਯੂ., ਵਿਜੇ ਕੁਮਾਰ, ਰਮੇਸ਼ ਕੁਮਾਰ, ਅਵਤਾਰ ਸਿੰਘ, ਹਰਦੇਵ ਸਿੰਘ, ਗੁਰਲਾਲ ਸਿੰਘ, ਭਗਵਾਨ ਦਾਸ, ਜੰਟਾ ਸਿੰਘ, ਬਹਾਦਰ ਸਿੰਘ, ਜੀਵਨ ਸਿੰਘ ਭੋਲਾ, ਬੂਟਾ ਸਿੰਘ, ਅਮਰੀਕ ਸਿੰਘ, ਸੁਖਵੀਰ ਸਿੰਘ ਬੱਛੋਆਣਾ, ਮਨਪ੍ਰੀਤ ਕੌਰ ਦਰੀਆਪੁਰ ਆਦਿ ਹਾਜ਼ਰ ਸਨ।