ਕੈਂਟਰ ’ਚੋਂ 1 ਕੁਇੰਟਲ 80 ਕਿੱਲੋ ਭੁੱਕੀ ਬਰਾਮਦ, ਡਰਾਈਵਰ ਅਤੇ ਕੰਡਕਟਰ ਗ੍ਰਿਫ਼ਤਾਰ
ਬਠਿੰਡਾ, 15 ਸਤੰਬਰ (ਸੱਤਪਾਲ ਸਿੰਘ ਸਿਵੀਆਂ)-ਪੰਜਾਬ ਪੁਲਿਸ ਵਲੋਂ ਨਸ਼ਿਆਂ ਦੇ ਖ਼ਿਲਾਫ਼ ਵਿੱਢੀ ਗਈ ਮੁਹਿੰਮ ਦੇ ਤਹਿਤ ਬਠਿੰਡਾ ਦੇ ਸੀ. ਆਈ.
ਬਠਿੰਡਾ, 15 ਸਤੰਬਰ (ਸੱਤਪਾਲ ਸਿੰਘ ਸਿਵੀਆਂ)-ਪੰਜਾਬ ਪੁਲਿਸ ਵਲੋਂ ਨਸ਼ਿਆਂ ਦੇ ਖ਼ਿਲਾਫ਼ ਵਿੱਢੀ ਗਈ ਮੁਹਿੰਮ ਦੇ ਤਹਿਤ ਬਠਿੰਡਾ ਦੇ ਸੀ.ਆਈ.ਏ. ਸਟਾਫ਼-2 ਨੇ ਇਕ ਕੈਂਟਰ ’ਚੋਂ ਵੱਡੀ ਮਾਤਰਾ ਵਿਚ ਭੁੱਕੀ (ਡੋਡੇ-ਚੂਰਾ ਪੋਸਤ) ਬਰਾਮਦ ਕਰਦਿਆਂ ਕੈਂਟਰ ਦੇ ਡਰਾਈਵਰ ਅਤੇ ਕੰਡਕਟਰ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ਦੇ ਖ਼ਿਲਾਫ਼ ਥਾਣਾ ਸਦਰ ਵਿਚ ਮੁਕੱਦਮਾ ਦਰਜ ਕੀਤਾ ਗਿਆ ਹੈ। ਇਸ ਸੰਬੰਧੀ ਸੀ.ਆਈ.ਏ. ਸਟਾਫ਼-2 ਦੇ ਸਹਾਇਕ ਥਾਣੇਦਾਰ ਰਾਜਵੀਰ ਸਿੰਘ ਨੇ ਦੱਸਿਆ ਕਿ ਜਦੋਂ ਉਨ੍ਹਾਂ ਵਲੋਂ ਆਪਣੀ ਪੁਲਿਸ ਪਾਰਟੀ ਨਾਲ ਬਠਿੰਡਾ ਦੇ ਮਲੋਟ ਰੋਡ ’ਤੇ ਸ਼ੱਕੀ ਵਿਅਕਤੀਆਂ ਸੰਬੰਧੀ ਗਸ਼ਤ ਕੀਤੀ ਜਾ ਰਹੀ ਸੀ ਤਾਂ ਇਸ ਦੌਰਾਨ ਰਿੰਗ ਰੋਡ ਉੱਪਰ ਸ਼ੱਕ ਦੇ ਆਧਾਰ ’ਤੇ ਇਕ ਕੈਂਟਰ ਨੂੰ ਰੋਕਿਆ ਗਿਆ ਤੇ ਜਦੋਂ ਉਸ ਦੀ ਤਲਾਸ਼ੀ ਲਈ ਤਾਂ ਕੈਂਟਰ ਦੇ ਅੰਦਰੋਂ 9 ਬੋਰੀਆਂ ਡੋਡੇ ਭੁੱਕੀ ਚੂਰਾ ਦੇ ਬਰਾਮਦ ਹੋਏ, ਜਿਨ੍ਹਾਂ ਦਾ ਵਜ਼ਨ 1 ਕੁਇੰਟਲ 80 ਕਿੱਲੋ ਦਰਜ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਵੱਡੀ ਮਾਤਰਾ ’ਚ ਭੁੱਕੀ ਬਰਾਮਦ ਹੋਣ ’ਤੇ ਤੁਰੰਤ ਕੈਂਟਰ ਦੇ ਡਰਾਈਵਰ ਅਤੇ ਕੰਡਕਟਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ, ਜਿਨ੍ਹਾਂ ਦੀ ਪਹਿਚਾਣ ਸਤਨਾਮ ਸਿੰਘ ਵਾਸੀ ਧੋਬੀਆਣਾ ਬਸਤੀ ਅਤੇ ਬਲਜਿੰਦਰ ਸਿੰਘ ਵਾਸੀ ਅਮਰਪੁਰਾ ਬਸਤੀ ਬਠਿੰਡਾ ਵਜੋਂ ਹੋਈ ਹੈ ਤੇ ਇਨ੍ਹਾਂ ਦੇ ਖ਼ਿਲਾਫ਼ ਥਾਣਾ ਸਦਰ ਬਠਿੰਡਾ ’ਚ ਨਸ਼ਾ ਰੋਕੂ ਕਾਨੂੰਨ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ। ਰਾਜਵੀਰ ਸਿੰਘ ਨੇ ਦੱਸਿਆ ਕਿ ਮੁੱਢਲੀ ਪੁੱਛ-ਗਿੱਛ ਦੌਰਾਨ ਕਥਿਤ ਦੋਸ਼ੀਆਂ ਨੇ ਦੱਸਿਆ ਕਿ ਉਹ ਇਹ ਭੁੱਕੀ ਮੱਧ ਪ੍ਰਦੇਸ਼ ਦੀ ਨੀਮਚ ਮੰਡੀ ਦੇ ਇਕ ਢਾਬੇ ਤੋਂ ਖ਼ਰੀਦ ਕੇ ਲਿਆਏ ਹਨ, ਜਿਸ ਨੂੰ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਸਮੇਤ ਹੋਰ ਵੱਖ-ਵੱਖ ਖੇਤਰਾਂ ਵਿਚ ਸਪਲਾਈ ਕੀਤਾ ਜਾਣਾ ਸੀ। ਉਨ੍ਹਾਂ ਕਿਹਾ ਕਿ ਹੋਰ ਪੁੱਛ-ਗਿੱਛ ਲਈ ਕਥਿਤ ਦੋਸ਼ੀਆਂ ਨੂੰ ਅਦਾਲਤ ਵਿਚ ਪੇਸ਼ ਕਰਕੇ ਉਨ੍ਹਾਂ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ।