ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੀਆਂ ਹਲਕਾ ਵਾਰ ਮੀਟਿੰਗਾਂ ’ਚ ਹੋ ਰਹੇ ਭਰਵੇਂ ਇਕੱਠ
ਮੋਗਾ, 5 ਅਗਸਤ (ਸੁਰਿੰਦਰਪਾਲ ਸਿੰਘ)-ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਜ਼ਿਲ੍ਹਾ ਮੋਗਾ ਅਕਾਲੀ ਜਥੇ ਦੀ ਮੀਟਿੰਗ ਹਲਕਾ ਨਿਹਾਲ ਸਿੰਘ ਵਾਲਾ ਦੇ ਪਿੰਡ ਬੱਧਨੀ ਵਿਖੇ ਹੋਈ। ਨੌਜਵਾਨ ਆਗੂ ਗੁਰਜੀਤ ਸਿੰਘ ਸੋਨਾ ਤੇ ਪ੍ਰੀਤਮ ਸਿੰਘ ਕੁੱਸਾ ਵਲੋਂ ਉਲੀਕੇ ਪ੍ਰੋਗਰਾਮ ‘ਚ ਸ਼ਮੂਲੀਅਤ ਕਰਦਿਆਂ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਵਲੋਂ ਜੋ ਹਲਕਾ ਵਾਰ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ ਉਸ ਵਿਚ ਆਮ ਲੋਕਾਂ ਦਾ ਭਰਪੂਰ ਸਮਰਥਨ ਮਿਲ ਰਿਹਾ ਹੈ।
ਮੋਗਾ, 5 ਅਗਸਤ (ਸੁਰਿੰਦਰਪਾਲ ਸਿੰਘ)-ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਜ਼ਿਲ੍ਹਾ ਮੋਗਾ ਅਕਾਲੀ ਜਥੇ ਦੀ ਮੀਟਿੰਗ ਹਲਕਾ ਨਿਹਾਲ ਸਿੰਘ ਵਾਲਾ ਦੇ ਪਿੰਡ ਬੱਧਨੀ ਵਿਖੇ ਹੋਈ। ਨੌਜਵਾਨ ਆਗੂ ਗੁਰਜੀਤ ਸਿੰਘ ਸੋਨਾ ਤੇ ਪ੍ਰੀਤਮ ਸਿੰਘ ਕੁੱਸਾ ਵਲੋਂ ਉਲੀਕੇ ਪ੍ਰੋਗਰਾਮ ‘ਚ ਸ਼ਮੂਲੀਅਤ ਕਰਦਿਆਂ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਵਲੋਂ ਜੋ ਹਲਕਾ ਵਾਰ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ ਉਸ ਵਿਚ ਆਮ ਲੋਕਾਂ ਦਾ ਭਰਪੂਰ ਸਮਰਥਨ ਮਿਲ ਰਿਹਾ ਹੈ। ਅੱਜ ਦੀ ਇਸ ਮੀਟਿੰਗ ਤੋਂ ਬਾਅਦ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਵਿਚ ਦਿਨ ਦਿਹਾੜੇ ਕਤਲੋਂ ਗਾਰਤ ਅਤੇ ਲੁੱਟਾਂ ਖੋਹਾਂ ਹੋ ਰਹੀਆਂ ਹਨ ਪਰ ਸਰਕਾਰ ਦਾ ਧਿਆਨ ਆਪਣੀ ਰਾਜਨੀਤੀ ਕਰਨ ਵੱਲ ਲੱਗਿਆ ਹੋਇਆ ਹੈ ਜਿਸ ਕਰ ਕੇ ਪੰਜਾਬ ਨੂੰ ਸੁਹਿਰਦ ਅਤੇ ਮਜ਼ਬੂਤ ਲੀਡਰਸ਼ਿਪ ਦੀ ਜ਼ਰੂਰਤ ਹੈ। ਅੱਜ ਦੀ ਮੀਟਿੰਗ ‘ਚ ਔਰਤਾਂ ਦੀ ਵੱਡੀ ਗਿਣਤੀ ਵਿਚ ਸ਼ਮੂਲੀਅਤ ਕਾਰਨ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਜਿਸ ਪਾਰਟੀ ਵੱਲ ਔਰਤਾਂ ਦਾ ਸਮਰਥਨ ਹੋ ਜਾਵੇ, ਉਸ ਦੀ ਹਮੇਸ਼ਾ ਜਿੱਤ ਹੁੰਦੀ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਔਰਤਾਂ ਨੂੰ ਵੱਧ ਤੋਂ ਵੱਧ ਟਿਕਟਾਂ ਦੇਵੇਗਾ। ਅੱਜ ਦੀ ਮੀਟਿੰਗ ‘ਚ ਜ਼ਿਲ੍ਹਾ ਮੋਗਾ ਦੇ ਸੀਨੀਅਰ ਆਗੂ ਬੂਟਾ ਸਿੰਘ ਰਣਸੀਂਹ, ਹਲਕਾ ਨਿਹਾਲ ਸਿੰਘ ਵਾਲਾ ਤੋਂ ਹਰਮਨ ਸਿੰਘ ਪੁਰਾਣੇ ਵਾਲਾ, ਬਾਘਾ ਪੁਰਾਣਾ ਹਲਕੇ ਤੋਂ ਰੇਸ਼ਮ ਸਿੰਘ ਠੱਠੀ ਭਾਈ, ਮੋਗਾ ਤੋਂ ਗੁਰਪ੍ਰੀਤਮ ਸਿੰਘ ਚੀਮਾ, ਚਰਨਜੀਤ ਸਿੰਘ ਦੀਨਾ ਤੇ ਐਸ.ਸੀ. ਵਿੰਗ ਦੇ ਆਗੂ ਚਰਨ ਸਿੰਘ ਮਾਨ ਨੇ ਵੀ ਮੀਟਿੰਗ ‘ਚ ਬੋਲਦਿਆਂ ਪਾਰਟੀ ਨਾਲ ਡਟ ਕੇ ਚੱਲਣ ਦਾ ਐਲਾਨ ਕੀਤਾ। ਪਾਰਟੀ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ ਜ਼ਿਲ੍ਹਾ ਮੋਗਾ ਦੇ ਸੀਨੀਅਰ ਆਗੂ ਬੂਟਾ ਸਿੰਘ ਰਣਸੀਂਹ ਅਤੇ ਸਾਰੇ ਆਗੂਆਂ ਨਾਲ ਸਲਾਹ ਕਰ ਕੇ ਪ੍ਰੀਤਮ ਸਿੰਘ ਕੁੱਸਾ ਨੂੰ ਜ਼ਿਲ੍ਹਾ ਮੋਗਾ ਦੀ ਜ਼ਿੰਮੇਵਾਰੀ ਦਿੱਤੀ। ਮੀਟਿੰਗ ‘ਚ ਪਾਰਟੀ ਦੇ ਸਕੱਤਰ ਜਨਰਲ ਗੁਰਪ੍ਰਤਾਪ ਸਿੰਘ ਵਡਾਲਾ ਨੇ ਕਿਹਾ ਕਿ ਪੰਥਕ ਏਕਤਾ ਸਮੇਂ ਦੀ ਮੁੱਖ ਲੋੜ ਹੈ ਪਰੰਤੂ ਪੰਜਾਬ ਤੇ ਪੰਥ ਦੇ ਮਸਲਿਆਂ ਨੂੰ ਮੁੱਖ ਰੱਖ ਕੇ ਹੋਣੀ ਚਾਹੀਦੀ ਹੈ ਨਾ ਕਿ ਅਹੁਦੇਦਾਰੀਆਂ ਤੇ ਰੁਤਬਿਆਂ ਨੂੰ ਅੱਗੇ ਰੱਖ ਕੇ। ਯੂਥ ਅਕਾਲੀ ਦਲ ਦੇ ਪ੍ਰਧਾਨ ਗੁਰਜੀਤ ਸਿੰਘ ਤਲਵੰਡੀ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜਲਦੀ ਹੀ ਯੂਥ ਦੇ ਢਾਂਚੇ ਦਾ ਵਿਸਥਾਰ ਕੀਤਾ ਜਾਵੇਗਾ। ਉਨ੍ਹਾਂ ਪਾਰਟੀ ਪ੍ਰਧਾਨ ਕੋਲ ਨੌਜਵਾਨਾਂ ਨੂੰ ਵੱਧ ਤੋਂ ਵੱਧ ਟਿਕਟਾਂ ਦੇਣ ਦੀ ਅਪੀਲ ਵੀ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ‘ਚ ਨੌਜਵਾਨ ਦਿਸ਼ਾਹੀਣ ਹੋਇਆ ਪਿਆ ਹੈ। ਇਸ ਕਰ ਕੇ ਜਲਦੀ ਹੀ ਨੌਜਵਾਨਾਂ ਲਈ ਕੋਈ ਠੋਸ ਪ੍ਰੋਗਰਾਮ ਉਲੀਕਿਆ ਜਾਵੇਗਾ। ਇਸ ਮੀਟਿੰਗ ‘ਚ ਪਾਰਟੀ ਦੇ ਦਫ਼ਤਰ ਸਕੱਤਰ ਜਗਜੀਤ ਸਿੰਘ ਕੋਹਲੀ ਵੀ ਵਿਸ਼ੇਸ਼ ਤੌਰ ‘ਤੇ ਸ਼ਾਮਿਲ ਹੋਏ। ਸਟੇਜ ਦੀ ਕਾਰਵਾਈ ਗੁਰਪ੍ਰੀਤਮ ਸਿੰਘ ਮੋਗਾ ਨੇ ਬਾਖ਼ੂਬੀ ਨਿਭਾਈ। ਮੀਟਿੰਗ ‘ਚ ਹੋਰਨਾਂ ਤੋਂ ਇਲਾਵਾ ਦਵਿੰਦਰ ਸਿੰਘ ਸੰਤ ਸਿਪਾਹੀ ਵੀ ਸ਼ਾਮਿਲ ਸਨ। ਅਵਤਾਰ ਸਿੰਘ ਕਲੇਰ ਸਾਬਕਾ ਰਾਜ ਸੂਚਨਾ ਕਮਿਸ਼ਨਰ ਪੰਜਾਬ, ਜਥੇਦਾਰ ਪ੍ਰੀਤਮ ਸਿੰਘ, ਸੋਨਾ ਫਾਈਨੈਂਸ ਵਾਲਾ, ਚਰਨਜੀਤ ਸਿੰਘ ਦੀਨਾ ਸਾਹਿਬ, ਰਾਮ ਸਿੰਘ ਬੱਧਨੀ ਕਲਾਂ, ਚਰਨ ਸਿੰਘ ਮਾਨ ਬੱਧਨੀ ਕਲਾਂ, ਚਮਕੌਰ ਸਿੰਘ ਮੱਲੇਆਣਾ, ਅਜਮੇਰ ਸਿੰਘ, ਜਗਰੂਪ ਸਿੰਘ, ਹੀਰਾ ਸਿੰਘ ਕੇਵਲ ਟੀ.ਵੀ. ਵਾਲਾ, ਲਵਪ੍ਰੀਤ ਸਿੰਘ, ਕਾਲਾ ਸਿੰਘ, ਮੇਜਰ ਸਿੰਘ, ਮੁਖ਼ਤਿਆਰ ਸਿੰਘ, ਸੋਨੀ ਸਿੰਘ ਬੱਧਨੀ ਕਲਾਂ, ਗੇਜੀ ਸਿੰਘ ਬੱਧਨੀ ਕਲਾਂ, ਕਰਮਾ ਮੈਂਬਰ ਪੰਚਾਇਤ ਆਦਿ ਹਾਜ਼ਰ ਸਨ।