24-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-10-2026

ਪਾਕਿ ’ਚ 7 ਹਜ਼ਾਰ ਰੁਪਏ ਤੱਕ ਪੁੱਜਾ ਐੱਲ. ਪੀ. ਜੀ. ਸਿਲੰਡਰ

ਅੰਮ੍ਰਿਤਸਰ, 24 ਅਕਤੂਬਰ (ਸੁਰਿੰਦਰ ਕੋਛੜ)-ਪਾਕਿਸਤਾਨ ’ਚ ਰਸੋਈ ਗੈਸ (ਐੱਲ. ਪੀ.

Ad Position 21
No active advertisement
ਪਾਕਿਸਤਾਨ-ਈਰਾਨ ਸਰਹੱਦ ’ਤੇ ਖੜ੍ਹੇ ਐੱਲ. ਪੀ. ਜੀ. ਟੈਂਕਰ। ਤਸਵੀਰ ਰਾਹੀਂ : ਸੁਰਿੰਦਰ ਕੋਛੜ 25-10-2026
ਅੰਮ੍ਰਿਤਸਰ, 24 ਅਕਤੂਬਰ (ਸੁਰਿੰਦਰ ਕੋਛੜ)-ਪਾਕਿਸਤਾਨ ’ਚ ਰਸੋਈ ਗੈਸ (ਐੱਲ. ਪੀ. ਜੀ.) ਦੀ ਕਿੱਲਤ ਕਾਰਨ ਕੀਮਤਾਂ ਅਸਮਾਨੀ ਛੂਹ ਰਹੀਆਂ ਹਨ । ਦੇਸ਼ ’ਚ ਘਰੇਲੂ ਐੱਲ. ਪੀ. ਜੀ. ਸਿਲੰਡਰ ਦੀ ਕੀਮਤ ਕੁਝ ਹੀ ਦਿਨਾਂ ਅੰਦਰ 3,296 ਪਾਕਿਸਤਾਨੀ ਰੁਪਏ ਤੋਂ ਵਧ ਕੇ 7,000 ਰੁਪਏ ਤੱਕ ਪਹੁੰਚ ਗਈ ਹੈ । ਪਾਕਿ ’ਚ ਤੇਲ ਤੇ ਗੈਸ ਰੈਗੂਲੇਟਰੀ ਅਥਾਰਿਟੀ (ਓ. ਆਰ. ਜੀ. ਏ.) ਵਲੋਂ ਐੱਲ. ਪੀ. ਜੀ. ਦੇ ਮਿਆਰੀ ਘਰੇਲੂ ਸਿਲੰਡਰ (11.8 ਕਿੱਲੋ) ਦੀ ਅਧਿਕਾਰਤ ਕੀਮਤ 3,296.23 ਰੁਪਏ ਤੈਅ ਕੀਤੀ ਗਈ ਹੈ। ਇਸ ’ਚ ਡੀਲਰਾਂ ਦਾ ਮੁਨਾਫ਼ਾ, ਸਾਂਭ-ਸੰਭਾਲ ਅਤੇ ਢੋਆ-ਢੁਆਈ ਦੇ ਖ਼ਰਚੇ ਸ਼ਾਮਿਲ ਨਹੀਂ ਹਨ । ਐੱਲ. ਪੀ. ਜੀ. ਸੰਕਟ ਦਾ ਮੁੱਖ ਕਾਰਨ ਈਰਾਨ ਤੋਂ ਹੋਣ ਵਾਲੀ ਗੈਸ ਦੀ ਸਪਲਾਈ ਠੱਪ ਹੋਣਾ ਹੈ । ਦੋਵਾਂ ਦੇਸ਼ਾਂ ਵਿਚਾਲੇ ਦੋ ਮੁੱਖ ਸਰਹੱਦੀ ਚੌਕੀਆਂ ਇਕ ਹਫ਼ਤੇ ਤੋਂ ਬੰਦ ਪਈਆਂ ਹਨ। ਦੋਵੇਂ ਦੇਸ਼ ਸਰਹੱਦ ਬੰਦ ਹੋਣ ਦੇ ਵੱਖੋ-ਵੱਖਰੇ ਕਾਰਨ ਦੱਸ ਰਹੇ ਹਨ; ਪਾਕਿ ਨੇ ਇਸ ਨੂੰ ਸੁਰੱਖਿਆ ਕਾਰਨਾਂ ਅਤੇ ਤਸਕਰੀ ਰੋਕਣ ਦਾ ਕਦਮ ਦੱਸਿਆ ਹੈ, ਜਦਕਿ ਈਰਾਨ ਨੇ ਤਕਨੀਕੀ ਖ਼ਰਾਬੀ ਨੂੰ ਕਾਰਨ ਦੱਸਿਆ ਹੈ । ਪ੍ਰਾਪਤ ਵੇਰਵਿਆਂ ਅਨੁਸਾਰ ਪਾਕਿ ਆਪਣੀ ਕੁੱਲ ਐੱਲ. ਪੀ. ਜੀ. ਲੋੜ ਦਾ ਲਗਭਗ 70 ਫ਼ੀਸਦੀ ਹਿੱਸਾ ਵਿਦੇਸ਼ਾਂ ਤੋਂ ਮੰਗਵਾਉਂਦਾ ਹੈ, ਜਿਸ ’ਚੋਂ ਕਰੀਬ 50 ਫ਼ੀਸਦੀ ਹਿੱਸਾ ਇਕੱਲੇ ਈਰਾਨ ਤੋਂ ਆਉਂਦਾ ਹੈ । ਇਸ ਤੋਂ ਇਲਾਵਾ ਇਰਾਕ ਅਤੇ ਓਮਾਨ ਤੋਂ ਵੀ ਗੈਸ ਆਉਂਦੀ ਹੈ, ਪਰ ਹੋਰਮੁਜ਼ ਸਟ੍ਰੇਟ ’ਚ ਤਣਾਅ ਅਤੇ ਰੁਕਾਵਟਾਂ ਕਾਰਨ ਉੱਥੋਂ ਆਉਣ ਵਾਲੀ ਸਪਲਾਈ ਵੀ ਪ੍ਰਭਾਵਿਤ ਹੋਈ ਹੈ । ਪਾਕਿ ਦੇ ਪੈਟਰੋਲੀਅਮ ਮੰਤਰੀ ਅਲੀ ਪਰਵੇਜ਼ ਮਲਿਕ ਮੁਤਾਬਿਕ ਦੇਸ਼ ’ਚ ਰੋਜ਼ਾਨਾ 6,500 ਤੋਂ 7,000 ਟਨ ਐੱਲ. ਪੀ. ਜੀ. ਦੀ ਲੋੜ ਪੈਂਦੀ ਹੈ। ਇਸ ’ਚੋਂ ਸਿਰਫ਼ 2,000 ਤੋਂ 2,500 ਟਨ ਗੈਸ ਹੀ ਦੇਸ਼ ’ਚ ਤਿਆਰ ਹੁੰਦੀ ਹੈ, ਜਦਕਿ ਬਾਕੀ ਦਰਾਮਦ ’ਤੇ ਨਿਰਭਰ ਕਰਦੀ ਹੈ। ਪਾਕਿਸਤਾਨ ਐੱਲ. ਪੀ. ਜੀ. ਐਸੋਸੀਏਸ਼ਨ ਦੇ ਚੇਅਰਮੈਨ ਇਰਫ਼ਾਨ ਖੋਖਰ ਅਨੁਸਾਰ ਇਸ ਵੇਲੇ 11.8 ਕਿੱਲੋ ਦਾ ਸਿਲੰਡਰ ਬਲੋਚਿਸਤਾਨ ’ਚ ਕਰੀਬ 7,000 ਰੁਪਏ, ਲਾਹੌਰ ’ਚ 7,500 ਰੁਪਏ ਅਤੇ ਸਕਰਦੂ ’ਚ 8,200 ਰੁਪਏ ਤੱਕ ਵਿਕ ਰਿਹਾ ਹੈ। ਪੈਟਰੋਲੀਅਮ ਮੰਤਰੀ ਮਲਿਕ ਨੇ ਚਿਤਾਵਨੀ ਦਿੱਤੀ ਕਿ ਵੱਧ ਵਸੂਲੀ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਸਰਹੱਦ ਬੰਦ ਹੋਣ ਕਾਰਨ ਐੱਲ. ਪੀ. ਜੀ. ਟੈਂਕਰਾਂ ਸਮੇਤ ਸੈਂਕੜੇ ਟਰੱਕ ਦੋਵਾਂ ਪਾਸਿਆਂ ’ਤੇ ਫਸੇ ਹੋਏ ਹਨ। ਇਕ ਹਜ਼ਾਰ ਤੋਂ ਵੱਧ ਅਜਿਹੇ ਪਾਕਿਸਤਾਨੀ ਕੰਟੇਨਰ ਵੀ ਫਸੇ ਹਨ ਜਿਨ੍ਹਾਂ ’ਚ ਆਲੂ, ਕੇਲੇ ਅਤੇ ਚੌਲ ਲੱਦੇ ਹੋਏ ਹਨ ਅਤੇ ਉਨ੍ਹਾਂ ਨੂੰ ਈਰਾਨ ਭੇਜਿਆ ਜਾਣਾ ਸੀ।
Ad Position 22
No active advertisement
ਪਿਛਲੀ ਖ਼ਬਰ ਪੈਰਾ ਮੈਡੀਕਲ ਤੇ ਸਿਹਤ ਕਰਮਚਾਰੀ ਫਰੰਟ ਵਲੋਂ ਫਾਰਮੇਸੀ ਕੌਂਸਲ ਦੀ ਕਾਰਵਾਈ ’ਤੇ ਸਵਾਲ ਅਗਲੀ ਖ਼ਬਰ ਬਾਬਾ ਗੁਰਦਿੱਤਾ ਜੀ ਦੇ ਜਨਮ ਦਿਨ ਸੰਬੰਧੀ ਚਾਂਦਪੁਰ ਰੁੜਕੀ ਵਿਖੇ ਸਾਲਾਨਾ ਸਮਾਗਮ
Ad Position 24