ਪਿੰਡਾਂ ’ਚ ਤੂਫ਼ਾਨ ਤੇ ਗੜਿਆਂ ਨੇ ਮਚਾਇਆ ਕਹਿਰ ਨਵੀਂ ਫ਼ੈਕਟਰੀ ਹੋਈ ਤਬਾਹ, ਕਿਸਾਨ ਦੀ ਮੌਤ
ਸ੍ਰੀ ਮੁਕਤਸਰ ਸਾਹਿਬ, 15 ਅਕਤੂਬਰ (ਹਰਮਹਿੰਦਰ ਪਾਲ)-ਬੀਤੇ ਬੁੱਧਵਾਰ ਨੂੰ ਦੇਰ ਰਾਤ ਸ੍ਰੀ ਮੁਕਤਸਰ ਸਾਹਿਬ ਲਾਗਲੇ ਪਿੰਡ ਸਰਾਏਨਾਗਾ, ਮਰਾੜ੍ਹ ਕਲਾਂ, ਵੜਿੰਗ, ਚੱਕ ਕਲਿਆਣ ਆਦਿ ਪਿੰਡਾਂ ’ਚ ਤੂਫ਼ਾਨ ਤੇ ਗੜ੍ਹਿਆਂ ਨੇ ਭਾਰੀ ਬਰਬਾਦੀ ਕਰ ਦਿੱਤੀ। ਸੈਂਕੜੇ ਏਕੜ ਰਕਬੇ ’ਚ ਝੋਨੇ ਦੀ ਖੜ੍ਹੀ ਫ਼ਸਲ ਖੇਤਾਂ ’ਚ ਵਿਛ ਗਈ।
ਸ੍ਰੀ ਮੁਕਤਸਰ ਸਾਹਿਬ, 15 ਅਕਤੂਬਰ (ਹਰਮਹਿੰਦਰ ਪਾਲ)-ਬੀਤੇ ਬੁੱਧਵਾਰ ਨੂੰ ਦੇਰ ਰਾਤ ਸ੍ਰੀ ਮੁਕਤਸਰ ਸਾਹਿਬ ਲਾਗਲੇ ਪਿੰਡ ਸਰਾਏਨਾਗਾ, ਮਰਾੜ੍ਹ ਕਲਾਂ, ਵੜਿੰਗ, ਚੱਕ ਕਲਿਆਣ ਆਦਿ ਪਿੰਡਾਂ ’ਚ ਤੂਫ਼ਾਨ ਤੇ ਗੜ੍ਹਿਆਂ ਨੇ ਭਾਰੀ ਬਰਬਾਦੀ ਕਰ ਦਿੱਤੀ। ਸੈਂਕੜੇ ਏਕੜ ਰਕਬੇ ’ਚ ਝੋਨੇ ਦੀ ਖੜ੍ਹੀ ਫ਼ਸਲ ਖੇਤਾਂ ’ਚ ਵਿਛ ਗਈ। ਇਸੇ ਤਰ੍ਹਾਂ ਪਿੰਡ ਮਰਾੜ੍ਹ ਕਲਾਂ ਵਿਚ ਕਰੋੜਾਂ ਰੁਪਏ ਦੀ ਲਾਗਤ ਨਾਲ ਬਣਾਈ ਜਾ ਰਹੀ ਝੋਨੇ ਦੀ ਪਰਾਲੀ ਤੋਂ ਵਰਤੋਂ ਯੋਗ ਵਸਤਾਂ ਬਣਾਉਣ ਵਾਲੀ ‘ਗਰੀਨ ਗੋਲਡ ਬਾਇਓਮਾਸ’ ਫ਼ੈਕਟਰੀ ਤਬਾਹ ਹੋ ਗਈ। ਪਸ਼ੂਆਂ ਦੇ ਵਾੜੇ ਉਡ ਗਏ। ਪਿੰਡ ਚੱਕ ਕਲਿਆਣ ਦਾ ਇਕ ਕਿਸਾਨ ਪਸ਼ੂਆਂ ਦੇ ਵਾੜੇ ਵਿਚੋਂ ਪਸ਼ੂ ਬਾਹਰ ਕੱਢਣ ਲੱਗਿਆ ਤਾਂ ਵਾੜੇ ਦੀ ਛੱਤ ਉਸ ਉਪਰ ਡਿੱਗ ਗਈ ਤੇ ਉਸਦੀ ਥਾਂ ’ਤੇ ਹੀ ਮੌਤ ਹੋ ਗਈ। ਗਰੀਬ ਦੇ ਘਰਾਂ ਢਹਿ ਗਏ। ਲੋਕਾਂ ਦੀ ਮੰਗ ਹੈ ਕਿ ਸਰਕਾਰ ਇਸ ਨੁਕਸਾਨ ਦੀ ਪੂਰਤੀ ਲਈ ਫੌਰੀ ਕਾਰਵਾਈ ਕਰੇ। ਇਸ ਦੌਰਾਨ ਪਿੰਡ ਮਰਾੜ੍ਹ ਕਲਾਂ ਦੇ ਕਿਸਾਨ ਆਗੂ ਰਾਜਬਲਵਿੰਦਰ ਸਿੰਘ ਮਰਾੜ੍ਹ ਤੇ ਕਿਸਾਨ ਸਾਹਿਬ ਸਿੰਘ ਨੇ ਦੱਸਿਆ ਕਿ ਇਸ ਖੇਤਰ ਵਿਚ ਅਜੇ 90 ਪ੍ਰਤੀਸ਼ਤ ਝੋਨੇ ਦੀ ਵਢਾਈ ਨਹੀਂ ਹੋਈ। ਇਹ ਝੋਨਾ ਇਕ ਹਫ਼ਤੇ ਦੇ ਅੰਦਰ ਵੱਢਿਆ ਜਾਣਾ ਸੀ, ਪਰ ਬੀਤੀ ਰਾਤ ਆਏ ਝੱਖੜ ਨੇ ਖੇਤਾਂ ਵਿਚ ਖੜ੍ਹਾ ਸਾਰਾ ਝੋਨਾ ਜੜ੍ਹਾਂ ਤੋਂ ਸਿੱਟ ਦਿੱਤਾ, ਜਿਸ ਕਰਕੇ ਇਸ ਦੀ ਵਢਾਈ ਵੀ ਨਹੀਂ ਹੋਣੀ ਤੇ ਜਿੰਨ੍ਹੀ ਕੁ ਵਢਾਈ ਹੋਵੇਗੀ ਉਸ ਦੀ ਕੁਆਲਟੀ ਮਾੜੀ ਹੋਣ ਕਰਕੇ ਵੇਚੀ ਨਹੀਂ ਜਾਣੀ। ਉਨ੍ਹਾਂ ਦੱਸਿਆ ਕਿ ਛੇ ਮਹੀਨਿਆਂ ’ਚ ਪਾਇਆ ਮੁਆਵਜ਼ਾ ਇਕ ਰਾਤ ’ਚ ਹੀ ਬਰਬਾਦ ਹੋ ਗਿਆ। ਕਿਸਾਨਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਫ਼ਸਲ ਦੇ ਖ਼ਰਾਬੇ ਦੀ ਗਿਰਦਾਵਰੀ ਕਰਵਾਕੇ ਇਸਦਾ ਮੁਆਵਜ਼ਾ ਦਿੱਤੇ ਜਾਣ ਦਾ ਹੁਕਮ ਜਾਰੀ ਕੀਤਾ ਜਾਵੇ। ਪਿੰਡ ਮਰਾੜ੍ਹਕਲਾਂ ਵਿਖੇ 9 ਵਰ੍ਹਿਆਂ ਦੀ ਕਮਾਈ ਕਰਕੇ ਕੈਨੇਡਾ ਤੋਂ ਵਰਤੇ ਨੌਜਵਾਨ ਜਗਮੋਹਨ ਸਿੰਘ ਨੇ ਆਪਣੀ ਸਾਰੀ ਪੂੰਜੀ ਤੇ ਹੋਰ ਕਰਜ਼ਾ ਲੈ ਕੇ ‘ਗਰੀਨ ਗੋਲਡ ਬਾਇਓਮਾਸ’ ਫ਼ੈਕਟਰੀ ਲਗਾਈ ਸੀ। ਇਸ ਫ਼ੈਕਟਰੀ ’ਚ ਝੋਨੇ ਦੀ ਪਰਾਲੀ ਤੋਂ ਵਰਤੋਂ ਯੋਗ ਵਸਤਾਂ ਬਣਾਈਆਂ ਜਾਣੀਆਂ ਸਨ। ਇਹ ਫ਼ੈਕਟਰੀ ਦੋ ਸਾਲਾਂ ਤੋਂ ਬਣ ਰਹੀ ਸੀ ਤੇ ਕੁਝ ਦਿਨਾਂ ਤੱਕ ਚਾਲੂ ਹੋ ਜਾਣੀ ਸੀ, ਪਰ 14 ਅਕਤੂਬਰ ਦੀ ਰਾਤ ਨੁੂੰ ਆਏ ਤੇਜ਼ ਤੂਫ਼ਾਨ ਨੇ ਫ਼ੈਕਟਰੀ ਤਾਸ਼ ਦੇ ਪੱਤਿਆਂ ਵਾਂਗ ਉਡਾ ਦਿੱਤੀ। ਜਗਮੋਹਨ ਸਿੰਘ ਨੇ ਡਾਢੇ ਦੁਖੀ ਮਨ ਨਾਲ ਦੱਸਿਆ ਕਿ ਉਹ 9 ਸਾਲ ਲਗਾ ਕੇ ਕੈਨੇਡਾ ਤੋਂ ਪੰਜਾਬ ਵਿਚ ਪੱਕੇ ਤੌਰ ’ਤੇ ਰਹਿਣ ਤੇ ਕਾਰੋਬਾਰ ਕਰਨ ਵਾਸਤੇ ਆਇਆ ਸੀ। ਕਾਫ਼ੀ ਖ਼ਰਚਾ ਕਰਕੇ ਇਹ ਫ਼ੈਕਟਰੀ ਲਗਾਈ ਸੀ, ਪਰ ਇਕ ਰਾਤ ’ਚ ਉਸ ਦੇ ਸਾਰੇ ਸੁਪਨੇ ਢੇਰੀ ਹੋ ਗਏ ਤੇ ਅੱਗੋਂ ਭਵਿੱਖ ਵੀ ਧੁੰਦਲਾ ਹੋ ਗਿਆ। ਅਗਾਂਹਵਧੂ ਕਿਸਾਨ ਸੁਖਬੀਰ ਸਿੰਘ ਮਰਾੜ੍ਹ ਤੇ ਰਾਜਬਲਵਿੰਦਰ ਸਿੰਘ ਹੋਰਾਂ ਨੇ ਵੀ ਦੱਸਿਆ ਕਿ ਜਗਮੋਹਨ ਸਿੰਘ ਹੋਰ ਨੌਜਵਾਨਾਂ ਤੇ ਪ੍ਰਵਾਸੀਆਂ ਲਈ ਰੋਲ ਮਾਡਲ ਸੀ, ਪਰ ਹੁਣ ਉਹ ਭਾਰੀ ਸੰਕਟ ਵਿਚ ਘਿਰ ਗਿਆ ਹੈ। ਇਸ ਲਈ ਸਰਕਾਰ ਨੂੰ ਕੁਦਰਤੀ ਆਫ਼ਤ ਮੰਨਦੇ ਹੋਏ ਉਸਦਾ ਕਰਜ਼ਾ ਮੁਆਫ਼ੀ ਤੇ ਹੋਰ ਲਾਭ ਦੇਣੇ ਚਾਹੀਦੇ ਹਨ ਤਾਂ ਜੋ ਉਹ ਆਪਣੀ ਫੈਕਟਰੀ ਚਾਲੂ ਕਰ ਸਕੇ।