ਬੇਮੌਸਮੀ ਬਰਸਾਤ ਤੇ ਤੇਜ਼ ਹਵਾਵਾਂ ਨੇ ਝੋਨੇ ਦੀ ਫ਼ਸਲ ਦਾ ਕੀਤਾ ਭਾਰੀ ਨੁਕਸਾਨ, ਕਿਸਾਨਾਂ ਦੀਆਂ ਉਮੀਦਾਂ ’ਤੇ ਫਿਰਿਆ ਪਾਣੀ
ਬਾਸਮਤੀ ਦੀ ਫ਼ਸਲ ਵਿਛੀ, ਵਾਢੀ ਇਕ ਹਫ਼ਤਾ ਹੋਰ ਪਛੜਨ ਦੇ ਆਸਾਰ
ਮੂਣਕ, 15 ਅਕਤੂਬਰ (ਕੇਵਲ ਸਿੰਗਲਾ, ਪ੍ਰਵੀਨ ਮਦਾਨ )-ਬੇਮੌਸਮੀ ਬਰਸਾਤ ਤੇ ਤੇਜ਼ ਹਵਾਵਾਂ ਨੇ ਝੋਨੇ ਦੀ ਕਾਸ਼ਤ ਕਰਨ ਵਾਲੇ ਕਿਸਾਨਾਂ ਦੀਆਂ ਉਮੀਦਾਂ ਨੂੰ ਵੱਡਾ ਝਟਕਾ ਦਿੱਤਾ ਹੈ। ਲੰਘੇ ਐਤਵਾਰ ਤੇ ਅੱਜ ਸਵੇਰੇ ਹੋਈ ਬਰਸਾਤ ਕਾਰਨ ਪੱਕੇ ਝੋਨੇ ਦੀ ਵਾਢੀ ਮੁੜ ਪੱਛੜ ਗਈ ਹੈ, ਜਦਕਿ ਬਾਸਮਤੀ ਦੀਆਂ ਕਈ ਕਿਸਮਾਂ ਨੂੰ ਵੀ ਭਾਰੀ ਨੁਕਸਾਨ ਪੁੱਜਣ ਦਾ ਖ਼ਦਸ਼ਾ ਹੈ।
ਮੂਣਕ, 15 ਅਕਤੂਬਰ (ਕੇਵਲ ਸਿੰਗਲਾ, ਪ੍ਰਵੀਨ ਮਦਾਨ )-ਬੇਮੌਸਮੀ ਬਰਸਾਤ ਤੇ ਤੇਜ਼ ਹਵਾਵਾਂ ਨੇ ਝੋਨੇ ਦੀ ਕਾਸ਼ਤ ਕਰਨ ਵਾਲੇ ਕਿਸਾਨਾਂ ਦੀਆਂ ਉਮੀਦਾਂ ਨੂੰ ਵੱਡਾ ਝਟਕਾ ਦਿੱਤਾ ਹੈ। ਲੰਘੇ ਐਤਵਾਰ ਤੇ ਅੱਜ ਸਵੇਰੇ ਹੋਈ ਬਰਸਾਤ ਕਾਰਨ ਪੱਕੇ ਝੋਨੇ ਦੀ ਵਾਢੀ ਮੁੜ ਪੱਛੜ ਗਈ ਹੈ, ਜਦਕਿ ਬਾਸਮਤੀ ਦੀਆਂ ਕਈ ਕਿਸਮਾਂ ਨੂੰ ਵੀ ਭਾਰੀ ਨੁਕਸਾਨ ਪੁੱਜਣ ਦਾ ਖ਼ਦਸ਼ਾ ਹੈ। ਚਾਰ ਦਿਨ ਪਹਿਲਾਂ ਹੋਈ ਬਰਸਾਤ ਕਾਰਨ ਕਿਸਾਨਾਂ ਦੀ ਵਾਢੀ ਪਹਿਲਾਂ ਹੀ ਪ੍ਰਭਾਵਿਤ ਹੋਈ ਸੀ। ਮੌਸਮ ਸਾਫ਼ ਹੋਣ ਦੀ ਉਮੀਦ ਨਾਲ ਕਿਸਾਨਾਂ ਨੇ ਵਾਢੀ ਸ਼ੁਰੂ ਕਰਨ ਦੀ ਤਿਆਰੀ ਕੀਤੀ ਸੀ, ਪਰ ਅੱਜ ਸਵੇਰੇ ਮੁੜ ਹੋਈ ਬਰਸਾਤ ਅਤੇ ਤੇਜ਼ ਹਵਾਵਾਂ ਨੇ ਉਨ੍ਹਾਂ ਦੀਆਂ ਮੁਸ਼ਕਿਲਾਂ ਵਧਾ ਦਿੱਤੀਆਂ ਹਨ। ਹਵਾਵਾਂ ਕਾਰਨ ਬਾਸਮਤੀ ਅਤੇ ਹਾਈਬ੍ਰਿਡ ਝੋਨੇ ਦੀਆਂ ਕਈ ਕਿਸਮਾਂ ਖੇਤਾਂ ਵਿਚ ਵਿਛ ਗਈਆਂ ਹਨ, ਜਿਸ ਨਾਲ ਫ਼ਸਲ ਦੇ ਝਾੜ ਅਤੇ ਗੁਣਵੱਤਾ ’ਤੇ ਮਾੜਾ ਅਸਰ ਪੈ ਸਕਦਾ ਹੈ। ਕਿਸਾਨਾਂ ਅਨੁਸਾਰ, ਖੇਤਾਂ ਵਿਚ ਵਿਛੀ ਫ਼ਸਲ ਦੀ ਕੰਬਾਈਨ ਨਾਲ ਵਾਢੀ ਕਰਨੀ ਮੁਸ਼ਕਿਲ ਹੋਵੇਗੀ ਅਤੇ ਕਈ ਖੇਤਾਂ ਵਿਚ ਅਗਲੇ ਪੰਦਰਾਂ ਦਿਨਾਂ ਤੱਕ ਵਾਢੀ ਸੰਭਵ ਨਹੀਂ ਹੋ ਸਕੇਗੀ। ਖੇਤਾਂ ਵਿਚ ਪਾਣੀ ਖੜ੍ਹਾ ਰਹਿਣ ਕਾਰਨ ਫ਼ਸਲ ਖ਼ਰਾਬ ਹੋਣ ਦਾ ਖ਼ਦਸ਼ਾ ਵੀ ਵੱਧ ਗਿਆ ਹੈ। ਬਾਸਮਤੀ ਦੇ ਚੰਗੇ ਭਾਅ ਮਿਲਣ ਦੀ ਉਮੀਦ ਲਾਈ ਬੈਠੇ ਕਿਸਾਨਾਂ ਨੂੰ ਹੁਣ ਆਰਥਿਕ ਨੁਕਸਾਨ ਦਾ ਡਰ ਸਤਾ ਰਿਹਾ ਹੈ। ਦੂਜੇ ਪਾਸੇ, ਝੋਨੇ ਵਿਚ ਨਮੀ ਵਧਣ ਕਾਰਨ ਮੰਡੀਆਂ ਵਿਚ ਖ਼ਰੀਦ ਪ੍ਰਭਾਵਿਤ ਹੋ ਸਕਦੀ ਹੈ। ਪਹਿਲਾਂ ਖ਼ਰੀਦੇ ਝੋਨੇ ਦੀ ਚੁਕਾਈ ਰੁਕਣ ਨਾਲ ਆੜ੍ਹਤੀਆਂ ਅਤੇ ਮਜ਼ਦੂਰਾਂ ਦੀਆਂ ਮੁਸ਼ਕਲਾਂ ਵੀ ਵਧਣ ਦੀ ਸੰਭਾਵਨਾ ਹੈ। ਕਿਸਾਨ ਜਸਵੰਤ ਸਿੰਘ ਮੂਣਕ ਨੇ ਸੂਬਾ ਸਰਕਾਰ ਤੋਂ ਮੰਗ ਕੀਤੀ ਹੈ ਕਿ ਫ਼ਸਲਾਂ ਦੇ ਨੁਕਸਾਨ ਦਾ ਜਾਇਜ਼ਾ ਲੈ ਕੇ ਪ੍ਰਭਾਵਿਤ ਕਿਸਾਨਾਂ ਨੂੰ ਢੁੱਕਵਾਂ ਮੁਆਵਜ਼ਾ ਦਿੱਤਾ ਜਾਵੇ।