04-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-10-2026

ਪੰਜਾਬ ਦੀ ਸਿਆਸਤ ’ਚ ਚੋਣ ਸਰਗਰਮੀ ਤੇਜ਼, ਪ੍ਰਮੁੱਖ ਧਿਰਾਂ ਆਪੋ-ਆਪਣੇ ਪੱਤੇ ਖੋਲ੍ਹਣ ਲੱਗੀਆਂ ਸੱਤਪਾਲ ਸਿੰਘ ਸਿਵੀਆਂ

ਬਠਿੰਡਾ, 4 ਅਕਤੂਬਰ- ਪੰਜਾਬ ਵਿਧਾਨ ਸਭਾ ਚੋਣਾਂ ਨੂੰ ਹੁਣ ਕੁਝ ਹੀ ਮਹੀਨੇ ਬਾਕੀ ਰਹਿ ਜਾਣ ਕਾਰਨ ਸੂਬੇ ਦਾ ਸਿਆਸੀ ਮਾਹੌਲ ਲਗਾਤਾਰ ਗਰਮਾਉਂਦਾ ਜਾ ਰਿਹਾ ਹੈ। ਸੱਤਾ ’ਤੇ ਕਾਬਜ਼ ਆਮ ਆਦਮੀ ਪਾਰਟੀ ਵਲੋਂ ਆਪਣੀ ਸਰਕਾਰ ਦੇ ਕਾਰਜਕਾਲ ਦੌਰਾਨ ਕੀਤੇ ਕੰਮਾਂ ਤੇ ਲੋਕ ਭਲਾਈ ਦੀਆਂ ਸਕੀਮਾਂ ਨੂੰ ਲੈ ਕੇ ਮੁੜ ਜ਼ਮੀਨੀ ਪੱਧਰ ’ਤੇ ਜਾਣ ਦੀ ਤਿਆਰੀ ਵਿੱਢ ਦਿੱਤੀ ਹੈ, ਜਦਕਿ ਵਿਰੋਧੀ ਧਿਰਾਂ ਵੀ ਆਪਣੇ-ਆਪਣੇ ਮੁੱਦਿਆਂ ਨਾਲ ਲੋਕਾਂ ਵਿਚ ਪਹੁੰਚ ਬਣਾਉਣ ਲਈ ਸਰਗਰਮ ਹੋ ਗਈਆਂ ਹਨ।

Ad Position 21
No active advertisement
ਅਜੀਤ ਡੈਸਕ 05-10-2026
ਬਠਿੰਡਾ, 4 ਅਕਤੂਬਰ- ਪੰਜਾਬ ਵਿਧਾਨ ਸਭਾ ਚੋਣਾਂ ਨੂੰ ਹੁਣ ਕੁਝ ਹੀ ਮਹੀਨੇ ਬਾਕੀ ਰਹਿ ਜਾਣ ਕਾਰਨ ਸੂਬੇ ਦਾ ਸਿਆਸੀ ਮਾਹੌਲ ਲਗਾਤਾਰ ਗਰਮਾਉਂਦਾ ਜਾ ਰਿਹਾ ਹੈ। ਸੱਤਾ ’ਤੇ ਕਾਬਜ਼ ਆਮ ਆਦਮੀ ਪਾਰਟੀ ਵਲੋਂ ਆਪਣੀ ਸਰਕਾਰ ਦੇ ਕਾਰਜਕਾਲ ਦੌਰਾਨ ਕੀਤੇ ਕੰਮਾਂ ਤੇ ਲੋਕ ਭਲਾਈ ਦੀਆਂ ਸਕੀਮਾਂ ਨੂੰ ਲੈ ਕੇ ਮੁੜ ਜ਼ਮੀਨੀ ਪੱਧਰ ’ਤੇ ਜਾਣ ਦੀ ਤਿਆਰੀ ਵਿੱਢ ਦਿੱਤੀ ਹੈ, ਜਦਕਿ ਵਿਰੋਧੀ ਧਿਰਾਂ ਵੀ ਆਪਣੇ-ਆਪਣੇ ਮੁੱਦਿਆਂ ਨਾਲ ਲੋਕਾਂ ਵਿਚ ਪਹੁੰਚ ਬਣਾਉਣ ਲਈ ਸਰਗਰਮ ਹੋ ਗਈਆਂ ਹਨ। ਇਸ ਸਮੇਂ ਪੰਜਾਬ ਦੀ ਸਿਆਸਤ ਮੁੱਖ ਤੌਰ ’ਤੇ ‘ਆਪ’, ਕਾਂਗਰਸ, ਭਾਜਪਾ, ਸ਼੍ਰੋਮਣੀ ਅਕਾਲੀ ਦਲ (ਬਾਦਲ), ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਤੇ ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਮੁਕਾਬਲੇ ਵੱਲ ਵਧਦੇ ਹੋਏ ਦਿਖਾਈ ਦੇ ਰਹੇ ਹਨ । ਕਾਂਗਰਸ ਹਾਈਕਮਾਨ ਨੇ ਸਾਬਕਾ ਹਾਕੀ ਕਪਤਾਨ ਅਤੇ ਜਲੰਧਰ ਕੈਂਟ ਤੋਂ ਵਿਧਾਇਕ ਪਰਗਟ ਸਿੰਘ ਨੂੰ ਪੰਜਾਬ ਕਾਂਗਰਸ ਦਾ ਨਵਾਂ ਪ੍ਰਧਾਨ ਨਿਯੁਕਤ ਕਰਕੇ ਸੂਬਾ ਇਕਾਈ ਵਿਚ ਨਵੀਂ ਊਰਜਾ ਭਰਨ ਦੀ ਕੋਸ਼ਿਸ਼ ਕੀਤੀ ਹੈ । ਪਰਗਟ ਸਿੰਘ ਲਈ ਸਭ ਤੋਂ ਵੱਡੀ ਚੁਣੌਤੀ ਸਿਰਫ਼ ‘ਆਪ’ ਵਿਰੁੱਧ ਮੋਰਚਾ ਖੋਲ੍ਹਣਾ ਨਹੀਂ, ਸਗੋਂ ਪੰਜਾਬ ਕਾਂਗਰਸ ਅੰਦਰਲੇ ਧੜਿਆਂ ਤੇ ਵੱਖ-ਵੱਖ ਮੁੱਖ ਮੰਤਰੀ ਅਹੁਦੇ ਦੇ ਦਾਅਵੇਦਾਰਾਂ ਨੂੰ ਇਕ ਮੰਚ ’ਤੇ ਲਿਆਉਣਾ ਹੋਵੇਗੀ। ਇਸੇ ਤਰ੍ਹਾਂ ਸੂਬੇ ਦੀ ‘ਆਪ’ ਸਰਕਾਰ ਵਲੋਂ ਵਿਕਾਸ, ਸਿੱਖਿਆ, ਸਿਹਤ, ਬਿਜਲੀ, ਰੁਜ਼ਗਾਰ ਅਤੇ ਲੋਕ ਭਲਾਈ ਦੇ ਕੰਮਾਂ ਨੂੰ ਘਰ-ਘਰ ਲਿਜਾਉਣ ਦੀ ਰਣਨੀਤੀ ਬਣਾਈ ਜਾ ਰਹੀ ਹੈ ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਨਸ਼ਿਆਂ ਦੇ ਮੁੱਦੇ ਨੂੰ ‘ਆਪ’ ਸਰਕਾਰ ਨੂੰ ਘੇਰਨ ਲਈ ਮੁੱਖ ਹਥਿਆਰ ਬਣਾਇਆ ਹੋਇਆ ਹੈ । ਪੰਜਾਬ ਦੀ ਖੇਤਰੀ ਪਾਰਟੀ ਹੋਣ ਦਾ ਦਮ ਭਰਨ ਵਾਲੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਨੇ ਵੀ ਹੁਣ ਚੋਣ ਮੈਦਾਨ ਵਿਚ ਆਪਣੀ ਸਰਗਰਮੀ ਤੇਜ਼ ਕਰ ਦਿੱਤੀ ਹੈ । ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ 6 ਅਕਤੂਬਰ ਤੋਂ ਪੰਜਾਬ ਦੇ ਸਾਰੇ ਵਿਧਾਨ ਸਭਾ ਹਲਕਿਆਂ ਵਿਚ ਘਰ-ਘਰ ਮੁਹਿੰਮ ਸ਼ੁਰੂ ਕਰਨ ਅਤੇ 10 ਨਵੰਬਰ ਤੋਂ ਤਲਵੰਡੀ ਸਾਬੋ ਤੋਂ ਸੂਬਾ ਪੱਧਰੀ ਬੱਸ ਯਾਤਰਾ ਸ਼ੁਰੂ ਕਰਨ ਦਾ ਐਲਾਨ ਕੀਤਾ ਗਿਆ ਹੈ। ਇਸੇ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ (ਪੁਨਰ-ਸੁਰਜੀਤ) ਵੀ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਆਪਣਾ ਸੰਗਠਨਾਤਮਕ ਢਾਂਚਾ ਤੇਜ਼ੀ ਨਾਲ ਖੜ੍ਹਾ ਕਰਨ ਵਿਚ ਲੱਗਾ ਹੋਇਆ ਹੈ। ਗਿਆਨੀ ਹਰਪ੍ਰੀਤ ਸਿੰਘ ਦੀ ਅਗਵਾਈ ਵਾਲੀ ਇਸ ਧਿਰ ਨੇ ਪੰਥਕ ਏਕਤਾ ਨੂੰ ਆਪਣੀ ਸਿਆਸੀ ਰਣਨੀਤੀ ਦਾ ਅਹਿਮ ਹਿੱਸਾ ਬਣਾਇਆ ਹੈ । ਦੂਜੇ ਪਾਸੇ ਪੰਥਕ ਤੇ ਪੰਜਾਬ ਹਿਤੈਸ਼ੀ ਹੋਣ ਅਤੇ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਤੋਂ ਬਚਾਉਣ ਦੇ ਨਾਅਰੇ ਨਾਲ ਲੋਕਾਂ ਤੱਕ ਪਹੁੰਚ ਰਹੇ ਸੰਸਦ ਮੈਂਬਰ ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਦੀ ਅਗਵਾਈ ਵਾਲੇ ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਵਲੋਂ ਪੰਥਕ ਅਤੇ ਨੌਜਵਾਨ ਵੋਟ ਨੂੰ ਆਪਣੇ ਪੱਖ ਵਿਚ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ । ਪਾਰਟੀ ਵਿਚ ਨਵੇਂ ਚਿਹਰਿਆਂ ਦੀਆਂ ਸ਼ਮੂਲੀਅਤਾਂ ਇਸ ਗੱਲ ਦਾ ਸੰਕੇਤ ਹਨ ਕਿ ਇਹ ਧਿਰ ਰਵਾਇਤੀ ਅਕਾਲੀ ਵੋਟ ਵਿਚ ਆਪਣੀ ਥਾਂ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਕੁੱਲ ਮਿਲਾ ਕੇ, ਪੰਜਾਬ ਦੀ ਸਿਆਸਤ ਵਿਚ ਹੁਣ ਮੁਕਾਬਲਾ ਸਿਰਫ਼ ਸਰਕਾਰ ਬਨਾਮ ਵਿਰੋਧੀ ਧਿਰ ਨਹੀਂ ਰਿਹਾ। ਕਾਂਗਰਸ ਆਪਣੇ ਨਵੇਂ ਸੂਬਾ ਪ੍ਰਧਾਨ ਰਾਹੀਂ ਸੰਗਠਨ ਨੂੰ ਇੱਕਜੁੱਟ ਕਰਨ, ‘ਆਪ’ ਆਪਣੇ ਪੰਜ ਸਾਲ ਦੇ ਕੰਮਾਂ ਨੂੰ ਚੋਣੀ ਫ਼ਤਵੇ ਵਿਚ ਬਦਲਣ, ਭਾਜਪਾ ਨਸ਼ਿਆਂ ਅਤੇ ਕੇਂਦਰੀ ਸਿਆਸੀ ਤਾਕਤ ਦੇ ਆਧਾਰ ’ਤੇ ਪੈਰ ਪਸਾਰਨ, ਅਕਾਲੀ ਦਲ (ਬ) ਆਪਣੇ ਰਵਾਇਤੀ ਜਨ-ਆਧਾਰ ਨੂੰ ਮੁੜ ਇਕੱਠਾ ਕਰਨ, ਪੁਨਰ ਸੁਰਜੀਤ ਪੰਥਕ ਏਕਤਾ ਰਾਹੀਂ ਪੈਰ ਜਮਾਉਣ ਅਤੇ ਵਾਰਿਸ ਪੰਜਾਬ ਦੇ ਨਵੀਂ ਪੰਥਕ-ਨੌਜਵਾਨ ਸਿਆਸਤ ਦਾ ਆਧਾਰ ਖੜ੍ਹਾ ਕਰਨ ਵਿਚ ਜੁਟਿਆ ਹੋਇਆ ਹੈ। ਇਸ ਲਈ ਅਗਲੇ ਕੁਝ ਮਹੀਨੇ ਪੰਜਾਬ ਦੀ ਸਿਆਸਤ ਵਿਚ ਦਲ-ਬਦਲ, ਗੱਠਜੋੜਾਂ, ਰੈਲੀਆਂ ਅਤੇ ਜਨ ਸੰਪਰਕ ਮੁਹਿੰਮਾਂ ਦੇ ਪੱਖੋਂ ਬੇਹੱਦ ਅਹਿਮ ਰਹਿਣ ਵਾਲੇ ਹਨ।
Ad Position 22
No active advertisement
ਪਿਛਲੀ ਖ਼ਬਰ ਅੱਜ ਤੋਂ ਤੱਕ ਪੰਜਾਬ ’ਚ ਮੀਂਹ ਦੇ ਆਸਾਰ, ਝੋਨੇ ਦੀ ਕਟਾਈ ਵਿਚਾਲੇ ਕਿਸਾਨਾਂ ਦੀ ਵਧੀ ਚਿੰਤਾ ਅਗਲੀ ਖ਼ਬਰ ਪੰਜਾਬ ਇਸ ਸਾਲ ਫਿਰ ਤੋਂ ਦੇਸ਼ ਲਈ 180 ਲੱਖ ਮੀਟ੍ਰਿਕ ਟਨ ਚੌਲਾਂ ਦਾ ਰਿਕਾਰਡ ਯੋਗਦਾਨ ਪਾਉਣ ਲਈ ਤਿਆਰ-ਭਗਵੰਤ ਮਾਨ
Ad Position 24