‘ਯਾਰੀਆਂ-2’ ਦੇ ਗੀਤ ’ਚ ਕਿਰਪਾਨ ਪਹਿਨਾਉਣਾ ਸਿੱਖ ਧਰਮ ਦਾ ਅਪਮਾਨ ਨਹੀਂ-ਹਾਈ ਕੋਰਟ
ਚੰਡੀਗੜ੍ਹ, 11 ਸਤੰਬਰ (ਪ੍ਰੋ. ਅਵਤਾਰ ਸਿੰਘ) – ਫ਼ਿਲਮ ‘ਯਾਰੀਆਂ-2’ ਦੇ ਇਕ ਗੀਤ ਵਿਚ ਗੈਰ-ਅੰਮ੍ਰਿਤਧਾਰੀ ਅਦਾਕਾਰ ਨੂੰ ਕਿਰਪਾਨ ਪਹਿਨੇ ਦਿਖਾਉਣ ਦੇ ਮਾਮਲੇ ’ਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਫ਼ਿਲਮ ਦੇ ਨਿਰਦੇਸ਼ਕ, ਸਹਿ-ਨਿਰਦੇਸ਼ਕ ਅਤੇ ਨਿਰਮਾਤਾ ਨੂੰ ਰਾਹਤ ਦਿੰਦਿਆਂ ਉਨ੍ਹਾਂ ਖ਼ਿਲਾਫ਼ ਦਰਜ ਐਫ਼.
ਚੰਡੀਗੜ੍ਹ, 11 ਸਤੰਬਰ (ਪ੍ਰੋ. ਅਵਤਾਰ ਸਿੰਘ) – ਫ਼ਿਲਮ ‘ਯਾਰੀਆਂ-2’ ਦੇ ਇਕ ਗੀਤ ਵਿਚ ਗੈਰ-ਅੰਮ੍ਰਿਤਧਾਰੀ ਅਦਾਕਾਰ ਨੂੰ ਕਿਰਪਾਨ ਪਹਿਨੇ ਦਿਖਾਉਣ ਦੇ ਮਾਮਲੇ ’ਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਫ਼ਿਲਮ ਦੇ ਨਿਰਦੇਸ਼ਕ, ਸਹਿ-ਨਿਰਦੇਸ਼ਕ ਅਤੇ ਨਿਰਮਾਤਾ ਨੂੰ ਰਾਹਤ ਦਿੰਦਿਆਂ ਉਨ੍ਹਾਂ ਖ਼ਿਲਾਫ਼ ਦਰਜ ਐਫ਼.ਆਈ.ਆਰ. ਅਤੇ ਇਸ ਨਾਲ ਸਬੰਧਿਤ ਸਮੁੱਚੀ ਕਾਰਵਾਈ ਰੱਦ ਕਰ ਦਿੱਤੀ ਹੈ। ਅਦਾਲਤ ਨੇ ਸਪੱਸ਼ਟ ਕੀਤਾ ਕਿ ਕਿਸੇ ਧਾਰਮਿਕ ਚਿੰਨ੍ਹ ਜਾਂ ਪ੍ਰਤੀਕ ਨੂੰ ਕਲਾਤਮਕ ਢੰਗ ਨਾਲ ਪੇਸ਼ ਕਰਨਾ ਆਪਣੇ ਆਪ ਵਿਚ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲਾ ਅਪਰਾਧ ਨਹੀਂ ਬਣ ਜਾਂਦਾ। ਸ਼ਿਕਾਇਤਕਰਤਾ ਹਰਪ੍ਰੀਤ ਸਿੰਘ ਵਲੋਂ ਦੋਸ਼ ਲਗਾਇਆ ਗਿਆ ਸੀ ਕਿ ਗੀਤ ਵਿਚ ਅਦਾਕਾਰ ਨਿਜ਼ਾਨ ਜਾਫ਼ਰੀ ਨੂੰ ਸ਼੍ਰੀ ਸਾਹਿਬ ਅਰਥਾਤ ਕਿਰਪਾਨ ਪਹਿਨੇ ਦਿਖਾਇਆ ਗਿਆ ਹੈ। ਸ਼ਿਕਾਇਤ ਅਨੁਸਾਰ ਸਿੱਖ ਪ੍ਰੰਪਰਾ ਮੁਤਾਬਕ ਕਿਰਪਾਨ ਅੰਮ੍ਰਿਤਧਾਰੀ ਸਿੱਖ ਹੀ ਧਾਰਨ ਕਰ ਸਕਦਾ ਹੈ ਅਤੇ ਗੈਰ-ਅੰਮ੍ਰਿਤਧਾਰੀ ਵਿਅਕਤੀ ਨੂੰ ਕਿਰਪਾਨ ਪਹਿਨੇ ਦਿਖਾਉਣਾ ਸਿੱਖ ਭਾਈਚਾਰੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲਾ ਹੈ। ਸ਼ਿਕਾਇਤ ਵਿਚ ਨਿਰਦੇਸ਼ਕ ਰਾਧਿਕਾ ਰਾਓ, ਸਹਿ-ਨਿਰਦੇਸ਼ਕ ਵਿਨੈ ਸਪਰੂ ਅਤੇ ਨਿਰਮਾਤਾ ਭੂਸ਼ਣ ਕੁਮਾਰ ’ਤੇ ਦੋਸ਼ ਲਗਾਇਆ ਗਿਆ ਸੀ ਕਿ ਉਨ੍ਹਾਂ ਨੇ ਇਹ ਚਿੱਤਰਣ ਜਾਣਬੁੱਝ ਕੇ ਕੀਤਾ। ਇਸ ਆਧਾਰ ’ਤੇ ਭਾਰਤੀ ਦੰਡਾਵਲੀ ਦੀ ਧਾਰਾ 295-ਏ ਤਹਿਤ ਐਫ਼.ਆਈ.ਆਰ. ਦਰਜ ਕੀਤੀ ਗਈ ਸੀ। ਜਸਟਿਸ ਸ਼ਾਲਿਨੀ ਸਿੰਘ ਨਾਗਪਾਲ ਨੇ ਧਾਰਾ 295-ਏ ਦੇ ਪ੍ਰਬੰਧਾਂ ਦੀ ਵਿਆਖਿਆ ਕਰਦਿਆਂ ਕਿਹਾ ਕਿ ਸਿਰਫ਼ ਕਿਸੇ ਧਾਰਮਿਕ ਚਿੰਨ੍ਹ ਜਾਂ ਪ੍ਰਤੀਕ ਦਾ ਚਿੱਤਰਣ ਕਰ ਦੇਣਾ ਇਸ ਧਾਰਾ ਤਹਿਤ ਅਪਰਾਧ ਸਾਬਤ ਕਰਨ ਲਈ ਕਾਫ਼ੀ ਨਹੀਂ ਹੈ। ਇਸ ਲਈ ਇਸ ਗੱਲ ਦਾ ਸਬੂਤ ਹੋਣਾ ਜ਼ਰੂਰੀ ਹੈ ਕਿ ਚਿੱਤਰਣ ਜਾਣਬੁੱਝ ਕੇ ਅਤੇ ਬਦਨੀਤੀ ਨਾਲ ਕਿਸੇ ਧਰਮ ਜਾਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਉਦੇਸ਼ ਨਾਲ ਕੀਤਾ ਗਿਆ ਸੀ।