ਠੰਢ ਦੀ ਲਹਿਰ ਦੌਰਾਨ ਪਸ਼ੂਆਂ ਤੇ ਪੋਲਟਰੀ ਨੂੰ ਠੰਢ ਤੋਂ ਬਚਾਉਣ ਲਈ ਸਾਵਧਾਨੀਆਂ ਵਰਤਣ ਪਸ਼ੂ ਪਾਲਕ– ਡਾ. ਸੋਨਿੰਦਰ ਕੌਰ
ਸਰਦੀਆਂ ਵਿੱਚ ਪਸ਼ੂਆਂ ਦੀ ਖੁਰਾਕ ਤੇ ਰਹਿਣ-ਸਹਿਣ ਦੇ ਪ੍ਰਬੰਧਾਂ ਵੱਲ ਵਿਸ਼ੇਸ਼ ਧਿਆਨ ਦੇਣ ਦੀ ਅਪੀਲ
ਪਟਿਆਲਾ, 29 ਨਵੰਬਰ (ਗੁਰਵਿੰਦਰ ਸਿੰਘ ਔਲਖ)-ਸਰਦੀਆਂ ਦੇ ਮੌਸਮ ਵਿਚ ਠੰਢ ਦੀਆਂ ਲਹਿਰਾਂ ਦੌਰਾਨ ਪਸ਼ੂਆਂ ਨੂੰ ਸਰੀਰਕ ਤਾਪਮਾਨ ਬਰਕਰਾਰ ਰੱਖਣ ਲਈ ਵਧੇਰੇ ਊਰਜਾ ਦੀ ਲੋੜ ਹੁੰਦੀ ਹੈ, ਜਿਸ ਕਾਰਨ ਉਨ੍ਹਾਂ ਦੀ ਖੁਰਾਕ ਦੀ ਮਾਤਰਾ ਅਤੇ ਪੌਸ਼ਟਿਕ ਤੱਤਾਂ ਦੀ ਲੋੜ ਵੀ ਵਧ ਜਾਂਦੀ ਹੈ। ਤਾਪਮਾਨ ਵਿਚ ਅਚਾਨਕ ਤਬਦੀਲੀ ਪਸ਼ੂਆਂ, ਖ਼ਾਸ ਕਰਕੇ ਗਾਵਾਂ ਤੇ ਮੱਝਾਂ ਦੀ ਸਿਹਤ ਅਤੇ ਪ੍ਰਜਨਨ ਸਮਰੱਥਾ ਨੂੰ ਵੀ ਪ੍ਰਭਾਵਿਤ ਕਰ ਸਕਦੀ ਹੈ।
ਪਟਿਆਲਾ, 29 ਨਵੰਬਰ (ਗੁਰਵਿੰਦਰ ਸਿੰਘ ਔਲਖ)-ਸਰਦੀਆਂ ਦੇ ਮੌਸਮ ਵਿਚ ਠੰਢ ਦੀਆਂ ਲਹਿਰਾਂ ਦੌਰਾਨ ਪਸ਼ੂਆਂ ਨੂੰ ਸਰੀਰਕ ਤਾਪਮਾਨ ਬਰਕਰਾਰ ਰੱਖਣ ਲਈ ਵਧੇਰੇ ਊਰਜਾ ਦੀ ਲੋੜ ਹੁੰਦੀ ਹੈ, ਜਿਸ ਕਾਰਨ ਉਨ੍ਹਾਂ ਦੀ ਖੁਰਾਕ ਦੀ ਮਾਤਰਾ ਅਤੇ ਪੌਸ਼ਟਿਕ ਤੱਤਾਂ ਦੀ ਲੋੜ ਵੀ ਵਧ ਜਾਂਦੀ ਹੈ। ਤਾਪਮਾਨ ਵਿਚ ਅਚਾਨਕ ਤਬਦੀਲੀ ਪਸ਼ੂਆਂ, ਖ਼ਾਸ ਕਰਕੇ ਗਾਵਾਂ ਤੇ ਮੱਝਾਂ ਦੀ ਸਿਹਤ ਅਤੇ ਪ੍ਰਜਨਨ ਸਮਰੱਥਾ ਨੂੰ ਵੀ ਪ੍ਰਭਾਵਿਤ ਕਰ ਸਕਦੀ ਹੈ। ਇਹ ਜਾਣਕਾਰੀ ਪਸ਼ੂ ਪਾਲਣ ਵਿਭਾਗ ਪਟਿਆਲਾ ਦੇ ਡਿਪਟੀ ਡਾਇਰੈਕਟਰ ਡਾ. ਸੋਨਿੰਦਰ ਕੌਰ ਨੇ ਦਿੰਦਿਆਂ ਪਸ਼ੂ ਪਾਲਕਾਂ ਨੂੰ ਸਰਦੀਆਂ ਦੌਰਾਨ ਪਸ਼ੂਆਂ ਅਤੇ ਪੋਲਟਰੀ ਦੀ ਸੁਰੱਖਿਆ ਲਈ ਵਿਸ਼ੇਸ਼ ਸਾਵਧਾਨੀਆਂ ਵਰਤਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਰਾਤ ਸਮੇਂ ਪਸ਼ੂਆਂ ਦੇ ਬਾੜਿਆਂ ਨੂੰ ਚਾਰੇ ਪਾਸਿਓਂ ਢੱਕ ਕੇ ਰੱਖਿਆ ਜਾਵੇ, ਤਾਂ ਜੋ ਠੰਢੀਆਂ ਹਵਾਵਾਂ ਸਿੱਧੀਆਂ ਪਸ਼ੂਆਂ ਤੱਕ ਨਾ ਪਹੁੰਚਣ। ਇਸ ਲਈ ਪਰਾਲੀ ਦੀ ਵਰਤੋਂ ਕੀਤੀ ਜਾ ਸਕਦੀ ਹੈ। ਛੋਟੇ, ਕਮਜ਼ੋਰ ਅਤੇ ਨਵਜੰਮੇ ਪਸ਼ੂਆਂ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇ ਅਤੇ ਪਸ਼ੂਆਂ ਤੇ ਪੋਲਟਰੀ ਨੂੰ ਠੰਢ ਤੋਂ ਬਚਾਉਣ ਲਈ ਸੁਰੱਖਿਅਤ ਅੰਦਰੂਨੀ ਥਾਵਾਂ ’ਤੇ ਰੱਖਿਆ ਜਾਵੇ। ਪਸ਼ੂਆਂ ਲਈ ਹਰ ਸਮੇਂ ਲੋੜੀਂਦਾ ਸਾਫ਼ ਪਾਣੀ ਵੀ ਉਪਲਬਧ ਹੋਣਾ ਚਾਹੀਦਾ ਹੈ। ਡਾ. ਸੋਨਿੰਦਰ ਕੌਰ ਨੇ ਕਿਹਾ ਕਿ ਸਰਦੀਆਂ ਵਿੱਚ ਪਸ਼ੂਆਂ ਦੀ ਖੁਰਾਕ ਵਿੱਚ ਲੋੜ ਅਨੁਸਾਰ ਪੌਸ਼ਟਿਕ ਤੱਤ ਅਤੇ ਖੁਰਾਕੀ ਪੂਰਕ ਸ਼ਾਮਲ ਕੀਤੇ ਜਾਣ। ਉਨ੍ਹਾਂ ਨੂੰ ਉੱਚ ਗੁਣਵੱਤਾ ਵਾਲਾ ਚਾਰਾ ਮੁਹੱਈਆ ਕਰਵਾਇਆ ਜਾਵੇ, ਤਾਂ ਜੋ ਸਰੀਰਕ ਤਾਪਮਾਨ ਬਰਕਰਾਰ ਰੱਖਣ ਲਈ ਲੋੜੀਂਦੀ ਊਰਜਾ ਮਿਲ ਸਕੇ। ਇਸ ਤੋਂ ਇਲਾਵਾ ਪਸ਼ੂਆਂ ਦੇ ਹੇਠਾਂ ਸੁੱਕੀ ਤੂੜੀ ਅਤੇ ਪਰਾਲੀ ਵਿਛਾਈ ਜਾਵੇ, ਜਿਸ ਨਾਲ ਉਨ੍ਹਾਂ ਨੂੰ ਨਿੱਘ ਮਿਲੇਗਾ। ਉਨ੍ਹਾਂ ਦੱਸਿਆ ਕਿ ਪਸ਼ੂ ਪਾਲਣ ਵਿਭਾਗ ਵੱਲੋਂ ਗਊਸ਼ਾਲਾ ਰਾਜਪੁਰਾ, ਗਊਸ਼ਾਲਾ ਹਰਿਆਊ ਕਲਾਂ, ਅਗਰਵਾਲ ਗਊਸ਼ਾਲਾ ਸਮਾਣਾ ਅਤੇ ਤੇਜ ਬਾਗ ਕਲੋਨੀ ਗਊਸ਼ਾਲਾ ਵਿਖੇ ਵਿਸ਼ੇਸ਼ ਕੈਂਪ ਲਗਾ ਕੇ ਪਸ਼ੂਆਂ ਦੀ ਸਰਦੀਆਂ ਦੌਰਾਨ ਦੇਖਭਾਲ ਅਤੇ ਪੋਸ਼ਣ ਸੰਬੰਧੀ ਲੋੜਾਂ ਬਾਰੇ ਜਾਣਕਾਰੀ ਦਿੱਤੀ ਗਈ ਹੈ। ਡਾ. ਸੋਨਿੰਦਰ ਕੌਰ ਨੇ ਪਸ਼ੂ ਪਾਲਕਾਂ ਨੂੰ ਅਪੀਲ ਕੀਤੀ ਕਿ ਪਸ਼ੂਆਂ ਦੇ ਬਾੜਿਆਂ ਵਿਚ ਅਜਿਹਾ ਪ੍ਰਬੰਧ ਕੀਤਾ ਜਾਵੇ, ਜਿੱਥੇ ਸਰਦੀਆਂ ਵਿਚ ਵੱਧ ਤੋਂ ਵੱਧ ਧੁੱਪ ਪਹੁੰਚ ਸਕੇ ਅਤੇ ਠੰਢੀਆਂ ਹਵਾਵਾਂ ਤੋਂ ਬਚਾਅ ਰਹੇ। ਉਨ੍ਹਾਂ ਕਿਹਾ ਕਿ ਸਰਦੀਆਂ ਦੌਰਾਨ ਪਸ਼ੂਆਂ ਦੀ ਸਿਹਤ, ਖੁਰਾਕ ਅਤੇ ਰਹਿਣ-ਸਹਿਣ ਦੇ ਪ੍ਰਬੰਧਾਂ ਵਿੱਚ ਕਿਸੇ ਕਿਸਮ ਦੀ ਅਣਗਹਿਲੀ ਨਾ ਵਰਤੀ ਜਾਵੇ।