ਪੁਣੇ, 29 ਨਵੰਬਰ (ਪੀ.ਟੀ.ਆਈ.)-ਖੇਡ ਮੰਤਰੀ ਮਨਸੁਖ ਮਾਂਡਵੀਆ ਨੇ ਭਾਰਤ ਦੀ ਪਹਿਲੀ ਉਲੰਪਿਕ ਫ਼ਿਲਮ ਜਾਰੀ ਕੀਤੀ, ਜਿਸ ’ਚ ਖੇਡ ਜਗਤ ਦੀਆਂ ਦਿੱਗਜ ਹਸਤੀਆਂ ਮੀਰਾਬਾਈ ਚਾਨੂ, ਸ਼ੀਤਲ ਦੇਵੀ ਤੇ ਸਮ੍ਰਿਤੀ ਮੰਧਾਨਾ ਦੇ ਨਾਲ-ਨਾਲ ਅਦਾਕਾਰ ਆਯੁਸ਼ਮਾਨ ਖੁਰਾਨਾ ਵੀ ਨਜ਼ਰ ਆਏ। ਇਹ ਫ਼ਿਲਮ ‘ਫਿਟ ਇੰਡੀਆ ਸੰਡੇਜ਼ ਆਨ ਸਾਈਕਲ’ ਦੇ ਇਤਿਹਾਸਕ 100ਵੇਂ ਐਡੀਸ਼ਨ ਦੇ ਮੌਕੇ ’ਤੇ ਜਾਰੀ ਕੀਤੀ ਗਈ। ਇਹ ਫ਼ਿਲਮ ‘ਇੰਡੀਆ ਰੈਡੀ ਫਾਰ ਉਲੰਪਿਕ’ ਥੀਮ ਤਹਿਤ ਭਾਰਤ ਦੀ ਉਲੰਪਿਕ ਮੁਹਿੰਮ ਦੀ ਸ਼ੁਰੂਆਤ ਦਾ ਪ੍ਰਤੀਕ ਹੈ।
ਇਹ ਦੇਸ਼ ਦੇ ਖੇਡ ਜਗਤ ’ਚ ਆਏ ਬਦਲਾਅ ਤੇ 2036 ਦੀਆਂ ਉਲੰਪਿਕ ਖੇਡਾਂ ਦੀ ਮੇਜ਼ਬਾਨੀ ਕਰਨ ਦੀ ਭਾਰਤ ਦੀ ਮਹੱਤਵਾਕਾਂਖਾ ਨਾਲ ਜੁੜੀ ਹੋਈ ਹੈ। ਮਾਂਡਵੀਆ ਨੇ ਕਿਹਾ ਕਿ ‘ਫਿਟ ਇੰਡੀਆ ਸੰਡੇਜ਼ ਆਨ ਸਾਈਕਲ’ ਦੇ 100ਵੇਂ ਐਡੀਸ਼ਨ ’ਚ 50,000 ਤੋਂ ਵੱਧ ਸਾਈਕਲ ਸਵਾਰਾਂ ਨੇ ਪੁਣੇ ਦੀਆਂ ਸੜਕਾਂ ’ਤੇ ਸਾਈਕਲ ਚਲਾਈ। ਦੇਸ਼ ਭਰ ’ਚ 40,000 ਥਾਵਾਂ ’ਤੇ ਇਹ ਕਰਵਾਈ ਗਈ। ਭਾਰਤ ਦੇ ਨੌਜਵਾਨ ਫਿਟਨੈੱਸ ਨੂੰ ਅਪਣਾ ਰਹੇ ਹਨ, ਕਿਉਂਕਿ 2047 ਤੱਕ ਵਿਕਸਿਤ ਭਾਰਤ ਦੇ ਨਾਗਰਿਕਾਂ ਦਾ ਤੰਦਰੁਸਤ ਰਹਿਣਾ ਬਹੁਤ ਜ਼ਰੂਰੀ ਹੈ।
ਉਨ੍ਹਾਂ ਕਿਹਾ ਕਿ ‘ਸਾਈਕਲ ਆਨ ਸੰਡੇ’ ਦਾ 100ਵਾਂ ਪ੍ਰੋਗਰਾਮ ਭਾਰਤ ਵਲੋਂ 2036 ਦੀਆਂ ਉਲੰਪਿਕ ਖੇਡਾਂ ਦੀ ਮੇਜ਼ਬਾਨੀ ਲਈ ਲਗਾਈ ਜਾਣ ਵਾਲੀ ਬੋਲੀ ਨੂੰ ਸਮਰਪਿਤ ਹੈ। ਇਸ ਪ੍ਰੋਗਰਾਮ ਵਿੱਚ 50,000 ਸਾਈਕਲ ਸਵਾਰਾਂ ਦੇ ਨਾਲ-ਨਾਲ ਭਾਰਤੀ ਉਲੰਪਿਕ ਸੰਘ ਦੇ ਸੀ.ਈ.ਓ. ਰਘੂਰਾਮ ਅਈਅਰ, ਉਲੰਪੀਅਨ ਪ੍ਰਿਯੰਕਾ ਗੋਸਵਾਮੀ, ਜੈਸਮੀਨ ਲੈਂਬੋਰੀਆ, ਪ੍ਰੀਤੀ ਪਵਾਰ, ਸੰਦੀਪ ਕੁਮਾਰ, ਆਸ਼ੀਸ਼ ਕੁਮਾਰ ਚੌਧਰੀ ਅਤੇ ਸ਼ਰਾਬਨੀ ਨੰਦਾ ਨੇ ਵੀ ਹਿੱਸਾ ਲਿਆ।