ਮਾਨਸਾ ਸ਼ਹਿਰ ’ਚ ਝੋਟੇ ਦੀ ਹੱਤਿਆ ਕਾਰਨ ਦੀਵਾਲੀ ਦਾ ਤਿਉਹਾਰ ਫਿੱਕਾ ਰਿਹਾ ਬੰਦੀ ਛੋੜ ਦਿਵਸ ਮੌਕੇ ਗੁਰੂ ਘਰਾਂ ’ਚ ਦੀਪਮਾਲਾ ਕੀਤੀ
ਮਾਨਸਾ, 9 ਨਵੰਬਰ (ਬਲਵਿੰਦਰ ਸਿੰਘ ਧਾਲੀਵਾਲ/ਰਾਵਿੰਦਰ ਸਿੰਘ ਰਵੀ)-ਨਸ਼ਿਆਂ ਵਿਰੁੱਧ ਲੜਨ ਵਾਲੇ ਨੌਜਵਾਨ ਪਰਵਿੰਦਰ ਸਿੰਘ ਝੋਟੇ ਦੀ ਹੱਤਿਆ ਕਾਰਨ ਇਸ ਵਾਰ ਦੀਵਾਲੀ ਦਾ ਤਿਉਹਾਰ ਫਿੱਕਾ ਹੀ ਰਿਹਾ। ਭਾਵੇਂ ਦੀਵਾਲੀ ਵਾਲੇ ਦਿਨ ਝੋਟਾ ਦਾ ਸਸਕਾਰ ਹਜ਼ਾਰਾਂ ਸੇਜਲ ਅੱਖਾਂ ਨਾਲ ਉਨ੍ਹਾਂ ਦੇ ਖੇਤ ’ਚ ਕਰ ਦਿੱਤਾ ਗਿਆ ਪਰ ਲੋਕਾਂ ਦੇ ਮਨਾਂ ’ਚ ਸੋਗ ਦੀ ਲਹਿਰ ਸੀ।
ਬ
ਬੰਦੀ ਛੋੜ ਦਿਵਸ ਅਤੇ ਦੀਵਾਲੀ ਦੇ ਤਿਉਹਾਰ ਮੌਕੇ ਗੁਰੂ ਘਰ ’ਚ ਦੀਵੇ ਬਾਲਦੀ ਹੋਈ ਇਕ ਔਰਤ। ਤਸਵੀਰ : ਲਕਵਿੰਦਰ ਸ਼ਰਮਾ
10-11-2026
ਮਾਨਸਾ, 9 ਨਵੰਬਰ (ਬਲਵਿੰਦਰ ਸਿੰਘ ਧਾਲੀਵਾਲ/ਰਾਵਿੰਦਰ ਸਿੰਘ ਰਵੀ)-ਨਸ਼ਿਆਂ ਵਿਰੁੱਧ ਲੜਨ ਵਾਲੇ ਨੌਜਵਾਨ ਪਰਵਿੰਦਰ ਸਿੰਘ ਝੋਟੇ ਦੀ ਹੱਤਿਆ ਕਾਰਨ ਇਸ ਵਾਰ ਦੀਵਾਲੀ ਦਾ ਤਿਉਹਾਰ ਫਿੱਕਾ ਹੀ ਰਿਹਾ। ਭਾਵੇਂ ਦੀਵਾਲੀ ਵਾਲੇ ਦਿਨ ਝੋਟਾ ਦਾ ਸਸਕਾਰ ਹਜ਼ਾਰਾਂ ਸੇਜਲ ਅੱਖਾਂ ਨਾਲ ਉਨ੍ਹਾਂ ਦੇ ਖੇਤ ’ਚ ਕਰ ਦਿੱਤਾ ਗਿਆ ਪਰ ਲੋਕਾਂ ਦੇ ਮਨਾਂ ’ਚ ਸੋਗ ਦੀ ਲਹਿਰ ਸੀ। ਬਹੁਤਿਆਂ ਨੇ ਤਾਂ ਆਪਣੇ ਘਰਾਂ ’ਚ ਦੀਵੇ ਤੱਕ ਵੀ ਨਹੀਂ ਜਗਾਏ ਅਤੇ ਨਾ ਹੀ ਮਠਿਆਈਆਂ ਆਦਿ ਨੂੰ ਕੋਈ ਤਰਜੀਹ ਦਿੱਤੀ। ਤਿਉਹਾਰ ਦੇ ਮੱਦੇਨਜ਼ਰ ਬਾਜ਼ਾਰ ਵੀ ਬੇਰੌਣਕੇ ਰਹੇ। ਬੀਤੀ ਦੁਪਹਿਰ ਤੋਂ ਬਾਅਦ ਸਥਾਨਕ ਸ਼ਹਿਰ ਦੇ ਬਾਜ਼ਾਰਾਂ ’ਚ ਭੀੜ ਵੇਖੀ ਗਈ। ਭਾਵੇਂ ਪੰਜਾਬ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਗ੍ਰੀਨ ਪਟਾਕੇ ਚਲਾਉਣ, ਮਠਿਆਈਆਂ ਆਦਿ ਨੂੰ ਵੀ ਢੱਕ ਕੇ ਵੇਚਣ ਦੇ ਹੁਕਮ ਕੀਤੇ ਸਨ ਪਰ ਅਜਿਹੇ ਆਦੇਸ਼ਾਂ ਦੀਆਂ ਸ਼ਰੇਆਮ ਧੱਜੀਆਂ ਉੱਡੀਆਂ। ਜ਼ਿਲ੍ਹੇ ’ਚ ਕਿਤੇ ਵੀ ਕੋਈ ਅਣਸੁਖਾਵੀਂ ਘਟਨਾ ਵਾਪਰਨ ਦੀ ਸੂਚਨਾ ਨਹੀਂ ਹੈ। ਉੱਧਰ ਖ਼ਰੀਦ ਕੇਂਦਰਾਂ ’ਚ ਝੋਨੇ ਦੀਆਂ ਢੇਰੀਆਂ ਵੱਡੀ ਮਾਤਰਾ ’ਚ ਪਈਆਂ ਹਨ, ਜਿਸ ਕਾਰਨ ਬਹੁਤੇ ਕਿਸਾਨਾਂ ਨੇ ਮਜਬੂਰੀ ਵੱਸ ਇਹ ਤਿਉਹਾਰ ਅਨਾਜ ਮੰਡੀਆਂ ’ਚ ਹੀ ਮਨਾਇਆ। ਗੁਰੂ ਘਰਾਂ ’ਚ ਸ਼ਰਧਾਲੂ ਹੋਏ ਨਤਮਸਤਕ ਬੰਦੀ ਛੋੜ ਦਿਵਸ ਮੌਕੇ ਅੱਜ ਸਵੇਰ ਵੇਲੇ ਜ਼ਿਲ੍ਹੇ ਦੇ ਵੱਖ-ਵੱਖ ਗੁਰਦੁਆਰਾ ਸਾਹਿਬਾਨਾਂ ’ਚ ਸ਼ਰਧਾਲੂ ਨਤਮਸਤਕ ਹੋਏ। ਕਾਫ਼ੀ ਗੁਰੂ ਘਰਾਂ ’ਚ ਪਾਠਾਂ ਦੇ ਭੋਗ ਪਾਏ ਗ ਏ। ਦੇਰ ਸ਼ਾਮ ਗੁਰੂ ਘਰਾਂ ’ਚ ਦੀਪਮਾਲਾ ਕੀਤੀ ਗਈ। ਸੰਗਤਾਂ ਨੇ ਵਾਹਿਗੁਰੂ ਦਾ ਸ਼ੁਕਰਾਨਾ ਕਰਦਿਆਂ ਕਿਹਾ ਕਿ ਲੋੜ ਹੈ ਕਿ ਅਜੋਕੇ ਤੇਜ਼ ਤਰਾਰ ਜ਼ਮਾਨੇ ’ਚ ਧਾਰਮਿਕ ਰਹਿਬਰਾਂ ਵਲੋਂ ਦਿੱਤੇ ਆਦੇਸ਼ ਮੁਤਾਬਿਕ ਚੱਲਣ ਦੀ। ਰੋਟਰੀ ਕਲੱਬ ਮਾਨਸਾ ਰੋਇਲ ਨੇ ਦੀਵਾਲੀ ਦਾ ਤਿਉਹਾਰ ਮਨਾਇਆ ਰੋਟਰੀ ਕਲੱਬ ਮਾਨਸਾ ਰਾਇਲ ਵਲੋਂ ਦੀਵਾਲੀ ਦਾ ਤਿਉਹਾਰ ਉਤਸ਼ਾਹ, ਖ਼ੁਸ਼ੀਆਂ ਅਤੇ ਆਪਸੀ ਸਾਂਝ ਨਾਲ ਮਨਾਇਆ ਗਿਆ। ਸਮਾਗਮ ਦੀ ਅਗਵਾਈ ਕਲੱਬ ਦੇ ਚੀਫ਼ ਐਡਵਾਈਜ਼ਰ ਪ੍ਰੇਮ ਅਗਰਵਾਲ, ਪ੍ਰਧਾਨ ਪਰਮਿੰਦਰ ਗੋਇਲ ਅਤੇ ਰੋਟੇਰੀਅਨ ਰਮੇਸ਼ ਜਿੰਦਲ ਵਲੋਂ ਕੀਤੀ ਗਈ। ਵੱਖ-ਵੱਖ ਮਨੋਰੰਜਨ ਗਤੀਵਿਧੀਆਂ ਤੋਂ ਇਲਾਵਾ ਬੱਚਿਆਂ ਦੇ ਰੰਗੋਲੀ ਮੁਕਾਬਲੇ ਕਰਵਾਏ ਗਏ। ਰੋਟਰੀ ਕਲੱਬ ਮਾਨਸਾ ਰੋਇਲ ਵਲੋਂ ਮੁਫ਼ਤ ਸਿਹਤ ਜਾਂਚ ਕੈਂਪ ਵੀ ਲਗਾਇਆ ਗਿਆ। ਇਸ ਮੌਕੇ ਪ੍ਰੋਜੈਕਟ ਚੇਅਰਮੈਨ ਰਾਜ ਕੁਮਾਰ, ਕੋ-ਚੇਅਰਮੈਨ ਜੀਵਨ ਸਿੰਗਲਾ, ਰਾਜ ਕੁਮਾਰ, ਜੀਵਨ ਕੁਮਾਰ, ਰਾਕੇਸ਼ ਸੇਠੀ, ਹਰੀਸ਼ ਗਰਗ, ਡਾ. ਜਨਕ ਰਾਜ ਸਿੰਗਲਾ, ਡਾ. ਸੁਨੀਲ ਬਾਂਸਲ, ਡਾ. ਅਮਿਤ ਗੋਇਲ, ਜਗਦੀਸ਼ ਜੋਗਾ, ਰੋਮੀ ਬਾਂਸਲ, ਕ੍ਰਿਸ਼ਨ ਜੋਗਾ, ਪੁਨੀਤ ਗੋਇਲ, ਕਮਨਦੀਪ ਗੋਇਲ ਆਦਿ ਹਾਜ਼ਰ ਸਨ। ਦੀਵਾਲੀ ਦੇ ਤਿਉਹਾਰ ਮੌਕੇ ਬਾਜ਼ਾਰਾਂ ’ਚ ਲੱਗੀਆਂ ਰੌਣਕਾਂ ਬਰੇਟਾ ਤੋਂ ਜੀਵਨ ਸ਼ਰਮਾ ਅਨੁਸਾਰ- ਬਰੇਟਾ ਖੇਤਰ ਅੰਦਰ ਦੀਵਾਲੀ ਦਾ ਤਿਉਹਾਰ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ। ਸ਼ਹਿਰ ਦੇ ਬਾਜ਼ਾਰਾਂ ’ਚ ਰੌਣਕਾਂ ਲੱਗੀਆਂ ਹੋਈਆਂ ਸਨ । ਬਾਜ਼ਾਰਾਂ ਅੰਦਰ ਕਾਫ਼ੀ ਰਸ਼ ਵੇਖਣ ਨੂੰ ਮਿਲਿਆ। ਲੋਕਾਂ ਵਲੋਂ ਦੀਪਮਾਲਾ, ਮਠਿਆਈਆਂ ਅਤੇ ਹੋਰ ਸਾਮਾਨ ਦੀ ਖ਼ਰੀਦ ਕੀਤੀ ਗਈ। ਹਰ ਸਾਲ ਦੀ ਤਰ੍ਹਾਂ ਲੋਕਾਂ ਵਲੋਂ ਪਟਾਕੇ ਘੱਟ ਹੀ ਖ਼ਰੀਦੇ ਗਏ। ਚਰਚਾ ਰਹੀ ਕਿ ਸ਼ਹਿਰ ’ਚ ਘਟੀਆ ਪੱਧਰ ਦੀ ਮਠਿਆਈ ਜੋ ਕਿ ਨੇੜਲੇ ਹਰਿਆਣੇ ਦੇ ਸ਼ਹਿਰਾਂ ਤੋਂ ਲਿਆਂਦੀ ਗਈ ਹੈ ਵੱਡੇ ਪੱਧਰ ’ਤੇ ਵੇਚੀ ਗਈ। ਝੁਨੀਰ ਵਿਖੇ ਦੀਵਾਲੀ ਦਾ ਤਿਉਹਾਰ ਨਾਲ ਮਨਾਇਆ ਝੁਨੀਰ ਤੋਂ ਸੰਜੀਵ ਸਿੰਗਲਾ ਅਨੁਸਾਰ- ਕਸਬਾ ਝੁਨੀਰ ਵਿਖੇ ਦੀਵਾਲੀ ਦਾ ਤਿਉਹਾਰ ਉਤਸ਼ਾਹ ਅਤੇ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਲੋਕਾਂ ਵਿਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ ਅਤੇ ਬਾਜ਼ਾਰਾਂ ’ਚ ਖੂਬ ਰੌਣਕਾਂ ਰਹੀਆਂ। ਲੋਕਾਂ ਨੇ ਵੱਡੀ ਗਿਣਤੀ ਵਿਚ ਬਾਜ਼ਾਰਾਂ ’ਚ ਖ਼ਰੀਦਦਾਰੀ ਕੀਤੀ। ਸਵੇਰ ਤੋਂ ਲੈ ਕੇ ਸ਼ਾਮ ਤੱਕ ਬਾਜ਼ਾਰਾਂ ਵਿਚ ਲੋਕਾਂ ਦੀ ਭੀੜ ਲੱਗੀ ਰਹੀ ਅਤੇ ਦੁਕਾਨਦਾਰਾਂ ਵਿਚ ਵੀ ਤਿਉਹਾਰ ਨੂੰ ਲੈ ਕੇ ਖ਼ਾਸ ਉਤਸ਼ਾਹ ਦੇਖਣ ਨੂੰ ਮਿਲਿਆ। ਬੰਦੀ ਛੋੜ ਦਿਵਸ ਤੇ ਦੀਵਾਲੀ ਦਾ ਤਿਉਹਾਰ ਲੋਕਾਂ ਨੇ ਭਰੇ ਮਨ ਨਾਲ ਮਨਾਇਆ ਜੌੜਕੀਆਂ ਤੋਂ ਲਕਵਿੰਦਰ ਸ਼ਰਮਾ ਅਨੁਸਾਰ- ਕਸਬੇ ਦੇ ਵੱਖ-ਵੱਖ ਪਿੰਡਾਂ ’ਚ ਇਸ ਵਾਰ ਦੀਵਾਲੀ ਦਾ ਤਿਉਹਾਰ ਫਿਕਾ ਹੀ ਰਿਹਾ। ਪਿੰਡ ਜੌੜਕੀਆਂ ਵਿਚ ਤਾਂ ਦੀਵਾਲੀ ਤੋਂ ਇਕ ਦਿਨ ਪਹਿਲਾਂ ਸੜਕ ਹਾਦਸੇ ’ਚ 3 ਨੌਜਵਾਨਾਂ ਦੀਆਂ ਮੌਤਾਂ ਕਾਰਨ ਕਿਸੇ ਨੇ ਵੀ ਦੀਵਾਲੀ ਦਾ ਤਿਉਹਾਰ ਨਹੀਂ ਮਨਾਇਆ। ਸਿਰਫ਼ ਇਕ ਇਕ ਦੀਵਾ ਹੀ ਲਾਇਆ ਗਿਆ ਜਦਕਿ ਬਾਕੀ ਪਿੰਡਾਂ ’ਚ ਮਾਨਸਾ ਦੇ ਐਂਟੀ ਡਰੱਗ ਟਾਸਕ ਫੋਰਸ ਦੇ ਆਗੂ ਪਰਵਿੰਦਰ ਸਿੰਘ ਝੋਟਾ ਦੀ ਸ਼ਹੀਦੀ ਕਾਰਨ ਲੋਕਾਂ ਨੇ ਦੀਵਾਲੀ ਦਾ ਤਿਉਹਾਰ ਭਰੇ ਮਨ ਨਾਲ ਹੀ ਮਨਾਇਆ। ਬੰਦੀ ਛੋੜ ਦਿਵਸ ਮੌਕੇ ਕਸਬੇ ਦੇ ਵੱਖ-ਵੱਖ ਪਿੰਡਾਂ ’ਚ ਗੁਰਦੁਆਰਾ ਸਾਹਿਬ ’ਚ ਲੋਕਾਂ ਨੇ ਦੀਵੇ ਜਗਾਏ। ਭਾਵੇਂ ਲੋਕਾਂ ਨੇ ਆਪਣੀ ਵਿਤ ਅਨੁਸਾਰ ਖ਼ਰੀਦਦਾਰੀ ਕੀਤੀ ਪਰ ਇਸ ਵਾਰ ਪਟਾਕੇ ਘੱਟ ਮਾਤਰਾ ’ਚ ਚਲਾਏ ਗਏ ਹਨ। ਸਰਪੰਚ ਜਗਸੀਰ ਸਿੰਘ ਜੌੜਕੀਆਂ, ਗੁਰਪ੍ਰੀਤ ਸਿੰਘ ਟਾਂਡੀਆਂ ਨੇ ਦੱਸਿਆ ਕਿ ਭਾਵੇਂ ਕਿ ਇਸ ਵਾਰ ਦੁਕਾਨਦਾਰਾਂ ਨੇ ਦੁਕਾਨਾਂ ਨੂੰ ਪੂਰੀ ਤਰ੍ਹਾਂ ਸਜਾਇਆ ਹੋਇਆ ਸੀ ਪਰ ਲੋਕਾਂ ਨੇ ਇਸ ਵਾਰ ਦੁਕਾਨਾਂ ਤੋਂ ਘੱਟ ਹੀ ਖ਼ਰੀਦੋ ਫ਼ਰੋਖ਼ਤ ਕੀਤੀ, ਜਿਸ ਦਾ ਕਾਰਨ ਝੋਟਾ ਦੀ ਸ਼ਹੀਦੀ ਨੂੰ ਦੱਸਿਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਵੱਡੀ ਗਿਣਤੀ ’ਚ ਲੋਕ ਮਾਨਸਾ ਦੇ ਧਰਨੇ ’ਚ ਸ਼ਮੂਲੀਅਤ ਕਰਦੇ ਰਹੇ ਅਤੇ ਦੀਵਾਲੀ ਵਾਲੇ ਦਿਨ ਇਲਾਕੇ ਦੇ ਵੱਡੀ ਗਿਣਤੀ ’ਚ ਲੋਕ ਸਸਕਾਰ ਵਿਚ ਵੀ ਸ਼ਾਮਿਲ ਸਨ, ਜਿਸ ਲਈ ਉਨ੍ਹਾਂ ਇਸ ਦਾ ਸੋਗ ਮਨਾਇਆ। ਬੰਦੀ ਛੋੜ ਦਿਵਸ ਮੌਕੇ ਔਰਤਾਂ ਨੇ ਗੁਰੂ ਘਰਾਂ ’ਚ ਦੀਵੇ ਲਗਾਏ ਅਤੇ ਬੱਚਿਆਂ ਨੇ ਪਟਾਕੇ ਵੀ ਚਲਾਏ ਹਨ। ਕਸਬੇ ’ਚ ਛਿੱਟ ਪੁੱਟ ਘਟਨਾਵਾਂ ਤੋਂ ਬਾਅਦ ਦੀਵਾਲੀ ਦਾ ਤਿਉਹਾਰ ਅਮਨ ਅਮਾਨ ਨਾਲ ਸਮਾਪਤ ਹੋ ਗਿਆ।