ਬੰਦ ਮਕਾਨ ’ਚੋਂ ਆਟੋ ਚਾਲਕ ਦੀ ਲਾਸ਼ ਬਰਾਮਦ
ਪੰਚਕੂਲਾ, 29 ਨਵੰਬਰ (ਕਪਿਲ)-ਪੰਚਕੂਲਾ ਦੇ ਸੈਕਟਰ-19 ਸਥਿਤ ਆਸ਼ਿਆਨਾ ਕੰਪਲੈਕਸ ਵਿਚਲੇ ਇਕ ਬੰਦ ਮਕਾਨ ਦੇ ਕਮਰੇ ‘ਚੋਂ ਲਾਸ਼ ਮਿਲਣ ਨਾਲ ਇਲਾਕੇ ‘ਚ ਸਨਸਨੀ ਫੈਲ ਗਈ ਹੈ। ਮ੍ਰਿਤਕ ਦੀ ਪਛਾਣ ਓਮ ਪ੍ਰਕਾਸ਼ ਵਜੋਂ ਹੋਈ ਹੈ, ਜੋ ਕਿ ਆਟੋ ਚਲਾਉਣ ਦਾ ਕੰਮ ਕਰਦਾ ਸੀ।
ਪੰਚਕੂਲਾ, 29 ਨਵੰਬਰ (ਕਪਿਲ)-ਪੰਚਕੂਲਾ ਦੇ ਸੈਕਟਰ-19 ਸਥਿਤ ਆਸ਼ਿਆਨਾ ਕੰਪਲੈਕਸ ਵਿਚਲੇ ਇਕ ਬੰਦ ਮਕਾਨ ਦੇ ਕਮਰੇ ‘ਚੋਂ ਲਾਸ਼ ਮਿਲਣ ਨਾਲ ਇਲਾਕੇ ‘ਚ ਸਨਸਨੀ ਫੈਲ ਗਈ ਹੈ। ਮ੍ਰਿਤਕ ਦੀ ਪਛਾਣ ਓਮ ਪ੍ਰਕਾਸ਼ ਵਜੋਂ ਹੋਈ ਹੈ, ਜੋ ਕਿ ਆਟੋ ਚਲਾਉਣ ਦਾ ਕੰਮ ਕਰਦਾ ਸੀ। ਜਾਣਕਾਰੀ ਅਨੁਸਾਰ ਉਸ ਦੀ ਲਾਸ਼ ਪਿਛਲੇ ਦੋ ਦਿਨਾਂ ਤੋਂ ਕਮਰੇ ‘ਚ ਪਈ ਸੀ। ਇਸ ਸੰਬੰਧੀ ਸੈਕਟਰ-19 ਪੁਲਿਸ ਚੌਕੀ ਦੇ ਇੰਚਾਰਜ ਕਮਲਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਆਸ਼ਿਆਨਾ ਕੰਪਲੈਕਸ ਦੇ ਇਕ ਬੰਦ ਪਏ ਮਕਾਨ ਵਿਚਲੇ ਇਕ ਕਮਰੇ ‘ਚ ਕਿਸੇ ਦੀ ਲਾਸ਼ ਪਈ ਹੈ। ਸੂਚਨਾ ਮਿਲਣ ‘ਤੇ ਪੁਲਿਸ ਟੀਮ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ। ਮ੍ਰਿਤਕ ਦੀ ਪਤਨੀ ਦੀ ਕੋਰੋਨਾ ਕਾਲ ਦੌਰਾਨ ਮੌਤ ਹੋ ਗਈ ਸੀ, ਜਦਕਿ ਉਸ ਦੇ ਬੱਚੇ ਵੀ ਉਸ ਦੇ ਨਾਲ ਨਹੀਂ ਰਹਿੰਦੇ ਸਨ। ਉਹ ਕਮਰੇ ‘ਚ ਇਕੱਲਾ ਹੀ ਰਹਿੰਦਾ ਸੀ। ਘਟਨਾ ਦੀ ਜਾਂਚ ਲਈ ਸੀਨ ਆਫ਼ ਕ੍ਰਾਈਮ ਦੀ ਟੀਮ ਨੂੰ ਵੀ ਮੌਕੇ ‘ਤੇ ਬੁਲਾਇਆ ਗਿਆ। ਪੁਲਿਸ ਨੇ ਲਾਸ਼ ਨੂੰ ਆਪਣੇ ਕਬਜ਼ੇ ‘ਚ ਲੈਣ ਉਪਰੰਤ ਸਥਾਨਕ ਸੈਕਟਰ-6 ਦੇ ਸਿਵਲ ਹਸਪਤਾਲ ਵਿਚਲੇ ਮੁਰਦਾਘਰ ਵਿਖੇ ਰਖਵਾ ਦਿੱਤਾ ਹੈ। ਪੁਲਿਸ ਅਨੁਸਾਰ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਹੀ ਲਾਸ਼ ਵਾਰਸਾਂ ਦੇ ਹਵਾਲੇ ਕੀਤੀ ਜਾਵੇਗੀ। ਮੌਤ ਦੇ ਅਸਲ ਕਾਰਨਾਂ ਬਾਰੇ ਵੀ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਪਤਾ ਚੱਲ ਸਕੇਗਾ।