ਚੰਡੀਗੜ੍ਹ ’ਚ ‘ਦੀਵਾਲੀ’ ਦੇ ਤਿਉਹਾਰ ਤੇ ‘ਬੰਦੀ ਛੋੜ ਦਿਵਸ’ ਨੂੰ ਲੈ ਕੇ ਲੋਕਾਂ ’ਚ ਉਤਸ਼ਾਹ, ਬਾਜ਼ਾਰਾਂ ਵਿਚ ਲੱਗੀਆਂ ਰੌਣਕਾਂ
ਚੰਡੀਗੜ੍ਹ, 7 ਨਵੰਬਰ (ਅਜਾਇਬ ਸਿੰਘ ਔਜਲਾ)-‘ਦੀਵਾਲੀ’ ਦੇ ਤਿਉਹਾਰ ਦੇ ਮੱਦੇਨਜ਼ਰ ਤੇ ‘ਬੰਦੀ ਛੋੜ ਦਿਵਸ’ ਸੰਬੰਧੀ ਸ਼ਹਿਰ ਦੇ ਹਰ ਵਰਗ ਵਿਚ ਭਾਰੀ ਉਤਸ਼ਾਹ ਵੇਖਣ ਨੂੰ ਮਿਲਿਆ ਹੈ। ਸਮੁੱਚੇ ਸੈਕਟਰਾਂ ਦੇ ਬਾਜ਼ਾਰਾਂ ਵਿਚ ਵੀ ਭਾਰੀ ਚਹਿਲ ਪਹਿਲ ਰਹੀ।
ਚ
ਚੰਡੀਗੜ੍ਹ ਦੇ ਸੈਕਟਰ-40 ਵਿਖੇ ‘ਬੰਦੀ ਛੋੜ ਦਿਵਸ’ ਸੰਬੰਧੀ ਸਜਾਇਆ ਜਾ ਰਿਹਾ ਗੁਰੂ ਘਰ। ਤਸਵੀਰ : ਕਮਲਜੀਤ ਸਿੰਘ
08-11-2026
ਚੰਡੀਗੜ੍ਹ, 7 ਨਵੰਬਰ (ਅਜਾਇਬ ਸਿੰਘ ਔਜਲਾ)-‘ਦੀਵਾਲੀ’ ਦੇ ਤਿਉਹਾਰ ਦੇ ਮੱਦੇਨਜ਼ਰ ਤੇ ‘ਬੰਦੀ ਛੋੜ ਦਿਵਸ’ ਸੰਬੰਧੀ ਸ਼ਹਿਰ ਦੇ ਹਰ ਵਰਗ ਵਿਚ ਭਾਰੀ ਉਤਸ਼ਾਹ ਵੇਖਣ ਨੂੰ ਮਿਲਿਆ ਹੈ। ਸਮੁੱਚੇ ਸੈਕਟਰਾਂ ਦੇ ਬਾਜ਼ਾਰਾਂ ਵਿਚ ਵੀ ਭਾਰੀ ਚਹਿਲ ਪਹਿਲ ਰਹੀ। ਦੁਕਾਨਦਾਰਾਂ ਵਲੋਂ ਆਪਣੀਆਂ ਦੁਕਾਨਾਂ ਨੂੰ ਵੀ ਖ਼ੂਬ ਸ਼ਿੰਗਾਰਿਆ ਗਿਆ ਹੈ। ਬਾਜ਼ਾਰਾਂ ਵਿਚ ਖ਼ਰੀਦਦਾਰੀ ਕਰਨ ਵਾਲਿਆਂ ਵਿਚ ਬੱਚੇ ਨੌਜਵਾਨ ਅਤੇ ਮਹਿਲਾਵਾਂ ਦੀ ਭਾਰੀ ਆਮਦ ਵੇਖਣ ਨੂੰ ਮਿਲੀ। ਖਾਸ ਕਰਕੇ ਪਟਾਕਿਆਂ ਵਾਲੀਆਂ ਦੁਕਾਨਾਂ ਦੇ ਨਾਲ-ਨਾਲ ਮਠਿਆਈਆਂ ਵਾਲੀਆਂ ਦੁਕਾਨਾਂ ’ਤੇ ਵੀ ਵੱਡੀ ਗਿਣਤੀ ਵਿਚ ਲੋਕਾਂ ਵਲੋਂ ਖ਼ਰੀਦਦਾਰੀ ਕੀਤੀ ਗਈ। ਚੰਡੀਗੜ੍ਹ ਸ਼ਹਿਰ ਦੀ ਇਹ ਵਿਸ਼ੇਸ਼ਤਾ ਰਹੀ ਹੈ ਕਿ ਦੀਵਾਲੀ ਦਾ ਸ਼ੁੱਭ ਦਿਹਾੜਾ ਸਾਰੇ ਧਰਮਾਂ ਦੇ ਲੋਕਾਂ ਵਲੋਂ ਸਾਂਝਾ ਤਿਉਹਾਰ ਹੋਣ ਕਰਕੇ ਗਰਮ ਜੋਸ਼ੀ ਨਾਲ ਮਨਾਇਆ ਜਾਂਦਾ ਹੈ, ਪਰ ਪਿਛਲੇ ਕੁਝ ਸਾਲਾਂ ਤੋਂ ਲੋਕਾਂ ਵਿਚ ਪ੍ਰਦੂਸ਼ਣ ਰਹਿਤ ਦੀਵਾਲੀ ਮਨਾਉਣ ਸੰਬੰਧੀ ਵੀ ਜਾਗਰੂਕਤਾ ਆਈ ਹੈ, ਇਸ ਦਾ ਪ੍ਰਭਾਵ ਵੀ ਸਾਹਮਣੇ ਆਇਆ ਹੈ। ਰੌਸ਼ਨੀਆਂ ਦਾ ਇਹ ਤਿਉਹਾਰ ਬੁਰਾਈ ਉੱਤੇ ਚੰਗਿਆਈ, ਸੰਘਰਸ਼ ’ਤੇ ਸ਼ਾਂਤੀ, ਹਨੇਰੇ ਤੇ ਰੌਸ਼ਨੀ ਦੀ ਜਿੱਤ ਦਾ ਪ੍ਰਤੀਕ ਵੀ ਸਮਝਿਆ ਜਾਂਦਾ ਹੈ। ਇਸੇ ਦੌਰਾਨ ਦੀਵਾਲੀ ਤੋਂ ਕਈ ਮਹੀਨੇ ਪਹਿਲਾਂ ਮਿੱਟੀ ਦੇ ਦੀਵੇ ਬਣਾਉਣ ਦੀਆਂ ਤਿਆਰੀਆਂ ਕਰਨ ਵਾਲੇ ਕਿਰਤੀਆਂ ਦੇ ਘਰ ਆਧੁਨਿਕਤਾ ਕਾਰਨ ਆਰਥਿਕ ਤੌਰ ਤੇ ਹਨੇਰੇ ਵੱਲ ਜ਼ਰੂਰ ਧੱਕੇ ਗਏ ਹਨ। ਇਸ ਕਿੱਤੇ ਵਿਚ ਲੱਗੇ ਕਿਰਤੀਆਂ ਦੀ ਅਗਲੀ ਪੀੜੀ ਆਧੁਨਿਕਤਾ ਦੀ ਮਾਰ ਕਾਰਨ ਕੁਝ ਪੁਸ਼ਤੈਨੀ ਕਲਾ ਦੇ ਇਸ ਕਾਰੋਬਾਰ ਤੋਂ ਵੀ ਮੂੰਹ ਮੋੜਨ ਲੱਗੀ ਹੈ, ਪਰ ਕਦੇ ਸਮਾਂ ਸੀ ਜਦੋਂ ਇਸ ਕਿੱਤੇ ਨਾਲ ਜੁੜੇ ਲੱਖਾਂ ਘਰਾਂ ਦੇ ਚੁੱਲ੍ਹੇ ਇਸ ਕਾਰੋਬਾਰ ਨਾਲ ਚੱਲਦੇ ਸਨ। ਦੂਜੇ ਪਾਸੇ ਸ਼ਹਿਰ ਦੇ ਤਕਰੀਬਨ ਸਾਰੇ ਹੀ ਗੁਰਦੁਆਰਿਆਂ ਵਿਚ ਬੰਦੀ ਛੋੜ ਦਿਵਸ ਨੂੰ ਮਨਾਉਣ ਦੀਆਂ ਤਿਆਰੀਆਂ ਵੀ ਜ਼ੋਰਾਂ ’ਤੇ ਰਹੀਆਂ। ਸਮੁੱਚੇ ਸੈਕਟਰਾਂ ਦੇ ਗੁਰਦੁਆਰਿਆਂ ਨੂੰ ਰੰਗ- ਬਿਰੰਗੀਆ ਰੌਸ਼ਨੀਆਂ ਨਾਲ ਰੁਸ਼ਨਾਇਆ ਗਿਆ ਹੈ। ਤਕਰੀਬਨ ਸਾਰੇ ਹੀ ਪ੍ਰਮੁੱਖ ਗੁਰਦੁਆਰਿਆਂ ਵਿਚ ਇਸ ਮੌਕੇ ਕਥਾਵਾਚਕਾਂ ਦੇ ਨਾਲ-ਨਾਲ ਨਾਮੀ ਕੀਰਤਨੀ ਜਥਿਆਂ ਨੂੰ ਵੀ ਸੰਗਤਾਂ ਦੇ ਸਨਮੁੱਖ ਕੀਤੇ ਜਾਣ ਦੇ ਪ੍ਰੋਗਰਾਮ ਉਲੀਕੇ ਹਨ, ਜੋ ਆਪਣੇ ਮਧੁਰ ਕੀਰਤਨ ਰਾਹੀਂ ਸੰਗਤਾਂ ਨੂੰ ਸਿੱਖ ਇਤਿਹਾਸ ਦੇ ਨਾਲ ਗੁਰਬਾਣੀ ਨਾਲ ਜੋੜਨਗੇ।