ਬਲਟਾਣਾ ’ ਚ ਬੇਖ਼ੌਫ਼ ਝਪਟਮਾਰ ਬੱਚੀ ਸਮੇਤ ਜਾ ਰਹੀ ਔਰਤ ਦੀ ਵਾਲੀ ਝਪਟ ਕੇ ਹੋਇਆ ਫ਼ਰਾਰ ਹਫ਼ਤੇ ਦੌਰਾਨ ਝਪਟਮਾਰੀ ਦੀ ਤੀਜੀ ਵਾਰਦਾਤ ਕਾਰਨ ਲੋਕਾਂ ਨੇ ਪੁਲਿਸ ਦੀ ਸੁਰੱਖਿਆ ’ਤੇ ਚੁੱਕੇ ਸਵਾਲ
ਜ਼ੀਰਕਪੁਰ, 19 ਅਕਤੂਬਰ (ਮਨਿੰਦਰ ਸਿੰਘ)-ਬਲਟਾਣਾ ਇਲਾਕੇ ‘ਚ ਪਿਛਲੇ ਇਕ ਹਫ਼ਤੇ ਦੌਰਾਨ ਦਿਨ-ਦਿਹਾੜੇ ਝਪਟਮਾਰੀ ਦੀਆਂ ਤਿੰਨ ਵਾਰਦਾਤਾਂ ਸਾਹਮਣੇ ਆ ਚੁੱਕੀਆਂ ਹਨ। ਤਾਜ਼ਾ ਘਟਨਾ ਸੋਮਵਾਰ ਸ਼ਾਮ ਕਰੀਬ 4 ਵਜੇ ਪੀਰ ਬਾਬਾ ਰੋਡ ‘ਤੇ ਵਾਪਰੀ, ਜਿਥੇ ਕਿ ਮੋਟਰਸਾਈਕਲ ਸਵਾਰ ਝਪਟਮਾਰ ਇਕ ਔਰਤ ਦੀ ਕੰਨਾਂ ‘ਚ ਪਾਈ ਸੋਨੇ ਦੀ ਵਾਲੀ ਝਪਟ ਕੇ ਫ਼ਰਾਰ ਹੋ ਗਿਆ।
ਜ਼ੀਰਕਪੁਰ, 19 ਅਕਤੂਬਰ (ਮਨਿੰਦਰ ਸਿੰਘ)-ਬਲਟਾਣਾ ਇਲਾਕੇ ‘ਚ ਪਿਛਲੇ ਇਕ ਹਫ਼ਤੇ ਦੌਰਾਨ ਦਿਨ-ਦਿਹਾੜੇ ਝਪਟਮਾਰੀ ਦੀਆਂ ਤਿੰਨ ਵਾਰਦਾਤਾਂ ਸਾਹਮਣੇ ਆ ਚੁੱਕੀਆਂ ਹਨ। ਤਾਜ਼ਾ ਘਟਨਾ ਸੋਮਵਾਰ ਸ਼ਾਮ ਕਰੀਬ 4 ਵਜੇ ਪੀਰ ਬਾਬਾ ਰੋਡ ‘ਤੇ ਵਾਪਰੀ, ਜਿਥੇ ਕਿ ਮੋਟਰਸਾਈਕਲ ਸਵਾਰ ਝਪਟਮਾਰ ਇਕ ਔਰਤ ਦੀ ਕੰਨਾਂ ‘ਚ ਪਾਈ ਸੋਨੇ ਦੀ ਵਾਲੀ ਝਪਟ ਕੇ ਫ਼ਰਾਰ ਹੋ ਗਿਆ। ਘਟਨਾ ਸਮੇਂ ਔਰਤ ਆਪਣੀ ਬੱਚੀ ਨਾਲ ਪੈਦਲ ਘਰ ਵਾਪਸ ਜਾ ਰਹੀ ਸੀ। ਸੈਣੀ ਵਿਹਾਰ ਫੇਜ਼-3 ਦੀ ਵਸਨੀਕ ਸ਼ੀਤਲ ਸ਼ਰਮਾ ਦੇ ਪਤੀ ਰੋਹਿਤ ਸ਼ਰਮਾ ਨੇ ਦੱਸਿਆ ਕਿ ਉਸ ਦੀ ਪਤਨੀ ਬੱਚੀ ਸਮੇਤ ਬਾਜ਼ਾਰ ਗਈ ਸੀ। ਵਾਪਸੀ ਸਮੇਂ ਪੀਰ ਬਾਬਾ ਰੋਡ ‘ਤੇ ਪਿੱਛਿਓਂ ਆਏ ਇਕ ਮੋਟਰਸਾਈਕਲ ਸਵਾਰ ਨੇ ਉਸ ਦੀ ਪਤਨੀ ਦੇ ਸੱਜੇ ਕੰਨ ਦੀ ਸੋਨੇ ਦੀ ਵਾਲੀ ਝਪਟ ਲਈ ਅਤੇ ਮੁੱਖ ਬਾਜ਼ਾਰ ਵੱਲ ਫ਼ਰਾਰ ਹੋ ਗਿਆ। ਵਾਲੀ ਝਪਟਣ ਤੋਂ ਬਾਅਦ ਉਸ ਦੀ ਪਤਨੀ ਨੇ ਮੁਲਜ਼ਮ ਦਾ ਪਿੱਛਾ ਵੀ ਕੀਤਾ, ਪਰ ਉਹ ਬੜੀ ਹੀ ਤੇਜੀ ਨਾਲ ਫ਼ਰਾਰ ਹੋ ਗਿਆ। ਉਨ੍ਹਾਂ ਦੱਸਿਆ ਕਿ ਮੁਲਜ਼ਮ ਨੇ ਹੈਲਮਟ ਪਹਿਨਿਆ ਹੋਇਆ ਸੀ ਅਤੇ ਉਸ ਦੀ ਪਿੱਠ ‘ਤੇ ਸਵਿੱਗੀ ਕੰਪਨੀ ਦਾ ਸੰਤਰੀ ਰੰਗ ਦਾ ਬੈਗ ਲਟਕਿਆ ਹੋਇਆ ਸੀ। ਉਨ੍ਹਾਂ ਖ਼ਦਸ਼ਾ ਪ੍ਰਗਟਾਇਆ ਕਿ ਮੁਲਜ਼ਮ ਮੁੱਖ ਬਾਜ਼ਾਰ ਰਾਹੀਂ ਸੈਕਟਰ-19 ਪੰਚਕੂਲਾ ਵੱਲ ਫ਼ਰਾਰ ਹੋਇਆ ਸੀ। ਪੀੜਤਾ ਦੇ ਪਤੀ ਵਲੋਂ ਆਨਲਾਈਨ 112 ਨੰਬਰ ‘ਤੇ ਸ਼ਿਕਾਇਤ ਦੇਣ ਤੋਂ ਬਾਅਦ ਪੁਲਿਸ ਮੌਕੇ ‘ਤੇ ਪਹੁੰਚੀ। ਪੁਲਿਸ ਮੁਲਾਜ਼ਮ ਪਵਨ ਕੁਮਾਰ ਨੇ ਦੱਸਿਆ ਕਿ ਪੀੜਤਾ ਅਤੇ ਉਸ ਦੇ ਪਤੀ ਦੇ ਬਿਆਨ ਦਰਜ ਕਰ ਲਏ ਗਏ ਹਨ ਅਤੇ ਮੁਲਜ਼ਮ ਦੀ ਪਛਾਣ ਲਈ ਆਸ-ਪਾਸ ਦੇ ਖੇਤਰ ‘ਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ। ਇਲਾਕਾ ਵਾਸੀਆਂ ਨੇ ਕਿਹਾ ਕਿ ਤਿਉਹਾਰਾਂ ਦੇ ਦਿਨਾਂ ‘ਚ ਪੁਲਿਸ ਵਲੋਂ ਸੁਰੱਖਿਆ ਦੇ ਪੁਖ਼ਤਾ ਪ੍ਰਬੰਧਾਂ ਬਾਰੇ ਦਾਅਵੇ ਕਰਨ ਦੇ ਬਾਵਜੂਦ ਭੀੜ-ਭੜੱਕੇ ਵਾਲੇ ਇਲਾਕਿਆਂ ‘ਚ ਅਜਿਹੀਆਂ ਵਾਰਦਾਤਾਂ ਹੋਣਾ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਪੁਲਿਸ ਗਸ਼ਤ ਵਧਾਉਣ ਅਤੇ ਨਾਕਾਬੰਦੀ ਕਰਕੇ ਮਾੜੇ ਅਨਸਰਾਂ ਵਿਰੁੱਧ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ।