ਖਰੜ ਦੀਆਂ ਬੁਨਿਆਦੀ ਸਮੱਸਿਆਵਾਂ ਦੇ ਹੱਲ ਲਈ ‘ ਆਪ ’ ਸਰਕਾਰ ਨੇ ਕੁਝ ਨਹੀਂ ਕੀਤਾ - ਰਣਜੀਤ ਸਿੰਘ ਗਿੱਲ
ਖਰੜ, 19 ਅਕਤੂਬਰ (ਗੁਰਮੁੱਖ ਸਿੰਘ ਮਾਨ)-ਭਾਜਪਾ ਪੰਜਾਬ ਦੇ ਸੂਬਾਈ ਮੀਤ ਪ੍ਰਧਾਨ ਰਣਜੀਤ ਸਿੰਘ ਗਿੱਲ ਨੇ ਕਿਹਾ ਕਿ ਖਰੜ ਨਗਰ ਕੌਂਸਲ ਪੰਜਾਬ ਦੀਆਂ ਅਮੀਰ ਨਗਰ ਕੌਂਸਲਾਂ ‘ਚੋਂ ਇਕ ਹੈ ਅਤੇ ਕੌਂਸਲ ਦੇ ਖਾਤਿਆਂ ‘ਚ ਕਰੋੜਾਂ ਰੁ. ਜਮ੍ਹਾਂ ਹੋਣ ਦੇ ਬਾਵਜੂਦ ਸ਼ਹਿਰ ਦੇ ਲੋਕ ਖ਼ਰਾਬ ਗਲੀਆਂ, ਟੁੱਟੀਆਂ ਸੜਕਾਂ ਅਤੇ ਪਾਣੀ ਦੀ ਨਿਕਾਸੀ ਦੇ ਪੁਖ਼ਤਾ ਪ੍ਰਬੰਧਾਂ ਦੀ ਘਾਟ ਵਰਗੀਆਂ ਸਮੱਸਿਆਵਾਂ ਨਾਲ ਜੂਝ ਰਹੇ ਹਨ।
ਖਰੜ, 19 ਅਕਤੂਬਰ (ਗੁਰਮੁੱਖ ਸਿੰਘ ਮਾਨ)-ਭਾਜਪਾ ਪੰਜਾਬ ਦੇ ਸੂਬਾਈ ਮੀਤ ਪ੍ਰਧਾਨ ਰਣਜੀਤ ਸਿੰਘ ਗਿੱਲ ਨੇ ਕਿਹਾ ਕਿ ਖਰੜ ਨਗਰ ਕੌਂਸਲ ਪੰਜਾਬ ਦੀਆਂ ਅਮੀਰ ਨਗਰ ਕੌਂਸਲਾਂ ‘ਚੋਂ ਇਕ ਹੈ ਅਤੇ ਕੌਂਸਲ ਦੇ ਖਾਤਿਆਂ ‘ਚ ਕਰੋੜਾਂ ਰੁ. ਜਮ੍ਹਾਂ ਹੋਣ ਦੇ ਬਾਵਜੂਦ ਸ਼ਹਿਰ ਦੇ ਲੋਕ ਖ਼ਰਾਬ ਗਲੀਆਂ, ਟੁੱਟੀਆਂ ਸੜਕਾਂ ਅਤੇ ਪਾਣੀ ਦੀ ਨਿਕਾਸੀ ਦੇ ਪੁਖ਼ਤਾ ਪ੍ਰਬੰਧਾਂ ਦੀ ਘਾਟ ਵਰਗੀਆਂ ਸਮੱਸਿਆਵਾਂ ਨਾਲ ਜੂਝ ਰਹੇ ਹਨ। ਖਰੜ ਵਰਗੇ ਤੇਜ਼ੀ ਨਾਲ ਵਿਕਸਿਤ ਹੋ ਰਹੇ ਸ਼ਹਿਰ ‘ਚ ਬੁਨਿਆਦੀ ਸਹੂਲਤਾਂ ਦੀ ਅਜਿਹੀ ਹਾਲਤ ਚਿੰਤਾਜਨਕ ਹੈ। ਰਣਜੀਤ ਸਿੰਘ ਗਿੱਲ ‘ਲੋਕ ਮਿਲਣੀ ਪ੍ਰੋਗਰਾਮ’ ਤਹਿਤ ਖਰੜ ਦੇ ਵਾ. ਨੰ. 4 ਵਿਖੇ ਵਾਰਡ ਵਾਸੀਆਂ ਦੀ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਆਮ ਆਦਮੀ ਪਾਰਟੀ ਦੀ ਸਰਕਾਰ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਹਲਕਾ ਖਰੜ ਦੇ ਲੋਕਾਂ ਨੇ 2017 ਅਤੇ 2022 ਦੀਆਂ ਵਿਧਾਨ ਸਭਾ ਚੋਣਾਂ ‘ਚ ਆਮ ਆਦਮੀ ਪਾਰਟੀ ਨੂੰ ਮੌਕਾ ਦਿੱਤਾ ਸੀ, ਪਰ ਇਸ ਦੇ ਬਾਵਜੂਦ ਲੋਕ ਅੱਜ ਵੀ ਬੁਨਿਆਦੀ ਸਹੂਲਤਾਂ ਲਈ ਸੰਘਰਸ਼ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਵਲੋਂ ਹਰ ਵਾਰ ਚਿਹਰੇ ਬਦਲ ਕੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਪਰ ਹੁਣ ਖਰੜ ਦੇ ਲੋਕ ਹਕੀਕਤ ਨੂੰ ਸਮਝ ਚੁੱਕੇ ਹਨ ਅਤੇ ਸ਼ਹਿਰ ਦੇ ਵਿਕਾਸ ਲਈ ਅਸਲ ਬਦਲਾਅ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਹਲਕਾ ਖਰੜ ਮੇਰਾ ਪਰਿਵਾਰ ਹੈ ਅਤੇ ਮੈਂ ਆਪਣੇ ਪਰਿਵਾਰ ਦੇ ਦੁੱਖ-ਸੁੱਖ ‘ਚ ਹਮੇਸ਼ਾ ਸ਼ਰੀਕ ਹੁੰਦਾ ਰਿਹਾ ਹਾਂ। ਉਨ੍ਹਾਂ ਕਿਹਾ ਕਿ ਲੋਕ ਸੇਵਾ ਮੇਰੇ ਲਈ ਸਿਰਫ਼ ਇਕ ਜ਼ਿੰਮੇਵਾਰੀ ਨਹੀਂ, ਸਗੋਂ ਲੋਕਾਂ ਨਾਲ ਜੁੜੇ ਰਹਿਣ ਦਾ ਇਕ ਜਜ਼ਬਾ ਹੈ। ਇਸ ਮੌਕੇ ਨਰਿੰਦਰ ਰਾਣਾ, ਡਾ. ਸੁਨੀਲ, ਅਰੁਣ, ਰਾਮ ਗੋਪਾਲ, ਪ੍ਰੀਤੀ ਰਾਣਾ, ਸੰਨੀ ਠਾਕੁਰ, ਸੋਹਨ, ਦਿਨੇਸ਼, ਲਵਲੀ, ਸੁਖਮਨਜੀਤ ਕੌਰ, ਐਡਵੋਕੇਟ ਜਰਨੈਲ ਸਿੰਘ, ਰਮਨ ਕੁਮਾਰ, ਐਡਵੋਕੇਟ ਦੀਪਕ, ਨਿਖਿਲ ਮੇਰਾ, ਰਚਿਤ ਕਸ਼ੱਯਪ, ਸੋਹਣ ਸਿੰਘ, ਪਵਨ ਕੁਮਾਰ , ਰੌਸ਼ਨ ਰਾਹੁਲ, ਮੇਜਰ ਸਿੰਘ, ਸੁਰੇਸ਼ ਸੰਤੇਮਾਜਰਾ, ਮਿਹਰ ਸਿੰਘ ਅਤੇ ਸੁਰਜੀਤ ਸਿੰਘ ਸਮੇਤ ਹੋਰ ਪਤਵੰਤੇ ਹਾਜ਼ਰ ਸਨ।