ਪਰਾਗਪੁਰ ਵਿਖੇ ਹੋਈ ਚੋਰੀ ਦੇ ਮਾਮਲੇ ਵਿਚ ਪੀੜਤ ਪਰਿਵਾਰ ਨੇ ਇਨਸਾਫ਼ ਦੀ ਲਗਾਈ ਗੁਹਾਰ
ਡੇਰਾਬੱਸੀ, 12 ਅਕਤੂਬਰ (ਰਣਬੀਰ ਸਿੰਘ ਪੜ੍ਹੀ)- ਡੇਰਾਬੱਸੀ ਦੇ ਨੇੜਲੇ ਪਿੰਡ ਪਰਾਗਪੁਰ ਵਿਖੇ ਜਗਰਾਤੇ ਦੌਰਾਨ ਇਕ ਘਰ ਵਿਚੋਂ ਲੱਖਾਂ ਰੁ. ਦੇ ਸੋਨੇ ਦੇ ਗਹਿਣੇ ਅਤੇ 33 ਹਜ਼ਾਰ ਰੁ.
ਪ
ਪੀੜਤ ਮਨਪ੍ਰੀਤ ਕੌਰ ਦੀ ਤਸਵੀਰ।
13-10-2026
ਡੇਰਾਬੱਸੀ, 12 ਅਕਤੂਬਰ (ਰਣਬੀਰ ਸਿੰਘ ਪੜ੍ਹੀ)- ਡੇਰਾਬੱਸੀ ਦੇ ਨੇੜਲੇ ਪਿੰਡ ਪਰਾਗਪੁਰ ਵਿਖੇ ਜਗਰਾਤੇ ਦੌਰਾਨ ਇਕ ਘਰ ਵਿਚੋਂ ਲੱਖਾਂ ਰੁ. ਦੇ ਸੋਨੇ ਦੇ ਗਹਿਣੇ ਅਤੇ 33 ਹਜ਼ਾਰ ਰੁ. ਦੀ ਨਕਦੀ ਚੋਰੀ ਹੋਣ ਦੇ ਮਾਮਲੇ ਵਿਚ ਪੀੜਤ ਪਰਿਵਾਰ ਦੀਆਂ ਮੁਸ਼ਕਿਲਾਂ ਘਟਣ ਦਾ ਨਾਂ ਨਹੀਂ ਲੈ ਰਹੀਆਂ। ਪਰਿਵਾਰ ਵਲੋਂ ਐਤਵਾਰ ਨੂੰ ਵਰ੍ਹਦੇ ਮੀਂਹ ਵਿਚ ਥਾਣਾ ਡੇਰਾਬੱਸੀ ਪਹੁੰਚ ਕੇ ਲਿਖਤੀ ਸ਼ਿਕਾਇਤ ਦੇਣ ਦੇ ਬਾਵਜੂਦ ਸੋਮਵਾਰ ਸ਼ਾਮ ਤੱਕ ਪੁਲਿਸ ਦਾ ਕੋਈ ਅਧਿਕਾਰੀ ਘਟਨਾ ਸਥਾਨ ਦਾ ਜਾਇਜ਼ਾ ਲੈਣ ਨਹੀਂ ਪਹੁੰਚਿਆ। ਇਸ ਕਾਰਨ ਆਪਣੀ ਜ਼ਿੰਦਗੀ ਭਰ ਦੀ ਜਮ੍ਹਾਂ ਪੂੰਜੀ ਗੁਆ ਚੁੱਕੇ ਪਰਿਵਾਰ ਦੀ ਚਿੰਤਾ ਹੋਰ ਵਧ ਗਈ ਹੈ। ਪੀੜਤ ਮਹਿਲਾ ਮਨਪ੍ਰੀਤ ਕੌਰ ਨੇ ਭਰੇ ਮਨ ਨਾਲ ਦੱਸਿਆ ਕਿ ਉਨ੍ਹਾਂ ਦੇ ਪਰਿਵਾਰ ਨੇ ਮਿਹਨਤ ਨਾਲ ਜੋੜੇ ਗਹਿਣੇ ਅਤੇ ਨਕਦੀ ਘਰ ਵਿਚ ਸੰਭਾਲ ਕੇ ਰੱਖੇ ਹੋਏ ਸਨ, ਜਿਨ੍ਹਾਂ ਦੇ ਚੋਰੀ ਹੋਣ ਕਾਰਨ ਪੂਰਾ ਪਰਿਵਾਰ ਮਾਨਸਿਕ ਪ੍ਰੇਸ਼ਾਨੀ ਵਿਚੋਂ ਲੰਘ ਰਿਹਾ ਹੈ। ਉਨ੍ਹਾਂ ਕਿਹਾ ਕਿ ਸਭ ਤੋਂ ਵੱਡੀ ਚਿੰਤਾ ਇਸ ਗੱਲ ਦੀ ਹੈ ਕਿ ਜੇਕਰ ਸਮੇਂ ਸਿਰ ਕਾਰਵਾਈ ਨਾ ਹੋਈ ਤਾਂ ਚੋਰੀ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਵਿਅਕਤੀ ਗਹਿਣਿਆਂ ਅਤੇ ਨਕਦੀ ਨੂੰ ਖੁਰਦ-ਬੁਰਦ ਕਰ ਸਕਦੇ ਹਨ। ਅਜਿਹਾ ਹੋਣ ਦੀ ਸੂਰਤ ਵਿਚ ਉਨ੍ਹਾਂ ਦੀ ਮਿਹਨਤ ਦੀ ਕਮਾਈ ਵਾਪਸ ਮਿਲਣ ਦੀਆਂ ਉਮੀਦਾਂ ਵੀ ਧੁੰਦਲੀਆਂ ਪੈ ਸਕਦੀਆਂ ਹਨ। ਸ਼ਿਕਾਇਤ ਤੋਂ ਬਾਅਦ ਵੀ ਪੁਲਿਸ ਦੀ ਉਡੀਕ ਮਨਪ੍ਰੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਵਲੋਂ ਐਤਵਾਰ ਨੂੰ ਥਾਣੇ ਵਿਚ ਸ਼ਿਕਾਇਤ ਦਿੱਤੀ ਗਈ ਸੀ। ਉਨ੍ਹਾਂ ਮੁਤਾਬਿਕ ਉਸ ਸਮੇਂ ਛੁੱਟੀ ਹੋਣ ਕਾਰਨ ਸੋਮਵਾਰ ਨੂੰ ਮਾਮਲਾ ਦੇਖਣ ਦੀ ਗੱਲ ਆਖੀ ਗਈ ਸੀ, ਪ੍ਰੰਤੂ ਸੋਮਵਾਰ ਸ਼ਾਮ ਤੱਕ ਨਾ ਤਾਂ ਕੋਈ ਪੁਲਿਸ ਮੁਲਾਜ਼ਮ ਘਰ ਪਹੁੰਚਿਆ ਅਤੇ ਨਾ ਹੀ ਉਨ੍ਹਾਂ ਨੂੰ ਪੁਲਿਸ ਵਲੋਂ ਜਾਂਚ ਸੰਬੰਧੀ ਕੋਈ ਫ਼ੋਨ ਆਇਆ। ਉਨ੍ਹਾਂ ਕਿਹਾ ਕਿ ਪਰਿਵਾਰ ਨੂੰ ਉਮੀਦ ਸੀ ਕਿ ਸ਼ਿਕਾਇਤ ਮਿਲਣ ਮਗਰੋਂ ਪੁਲਿਸ ਜਲਦੀ ਕਾਰਵਾਈ ਕਰੇਗੀ ਤਾਂ ਜੋ ਚੋਰੀ ਹੋਇਆ ਸਾਮਾਨ ਬਰਾਮਦ ਹੋ ਸਕੇ। ਜ਼ਿਕਰਯੋਗ ਹੈ ਕਿ ਪਿੰਡ ਪਰਾਗਪੁਰ ਦੇ ਵਸਨੀਕ ਨਰਿੰਦਰ ਸਿੰਘ ਪੁੱਤਰ ਅਜਮੇਰ ਸਿੰਘ ਦਾ ਪਰਿਵਾਰ ਪਿੰਡ ਵਿਚ ਕਰਵਾਏ ਜਾ ਰਹੇ ਸਾਂਝੇ ਜਗਰਾਤੇ ਵਿਚ ਸ਼ਾਮਿਲ ਹੋਣ ਗਿਆ ਸੀ। ਇਸੇ ਦੌਰਾਨ ਘਰ ਵਿਚੋਂ ਡੇਢ ਤੋਲੇ ਦਾ ਸੋਨੇ ਦਾ ਹਾਰ, ਪੰਜ ਸੋਨੇ ਦੀਆਂ ਅੰਗੂਠੀਆਂ, ਝਾਂਜਰਾਂ, ਕੰਗਣ ਅਤੇ 33 ਹਜ਼ਾਰ ਰੁ. ਦੀ ਨਕਦੀ ਚੋਰੀ ਹੋ ਗਈ ਸੀ। ਪਰਿਵਾਰ ਨੇ ਇਸ ਵਾਰਦਾਤ ਵਿਚ ਆਪਣੇ ਸਕੇ ਭਤੀਜੇ ਈਸ਼ੂ ਸੈਣੀ ਅਤੇ ਉਸ ਦੇ ਇਕ ਸਾਥੀ ਦੀ ਕਥਿਤ ਸ਼ਮੂਲੀਅਤ ਦੇ ਦੋਸ਼ ਲਗਾਏ ਹਨ। ਉੱਚ ਅਧਿਕਾਰੀਆਂ ਤੋਂ ਤੁਰੰਤ ਕਾਰਵਾਈ ਦੀ ਮੰਗ ਪੀੜਤ ਮਹਿਲਾ ਨੇ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਉਨ੍ਹਾਂ ਦੀ ਸ਼ਿਕਾਇਤ ’ਤੇ ਬਿਨਾਂ ਹੋਰ ਦੇਰੀ ਕੀਤੇ ਜਾਂਚ ਸ਼ੁਰੂ ਕਰਵਾਈ ਜਾਵੇ। ਉਨ੍ਹਾਂ ਮੰਗ ਕੀਤੀ ਕਿ ਵਾਰਦਾਤ ਲਈ ਜ਼ਿੰਮੇਵਾਰ ਪਾਏ ਜਾਣ ਵਾਲੇ ਵਿਅਕਤੀਆਂ ਨੂੰ ਜਲਦੀ ਕਾਬੂ ਕਰਕੇ ਚੋਰੀ ਹੋਏ ਗਹਿਣੇ ਅਤੇ ਨਕਦੀ ਬਰਾਮਦ ਕਰਵਾਈ ਜਾਵੇ ਤਾਂ ਜੋ ਪਰਿਵਾਰ ਨੂੰ ਰਾਹਤ ਮਿਲ ਸਕੇ। ਡੀ. ਐਸ. ਪੀ. ਡੇਰਾਬੱਸੀ ਨਾਲ ਇਸ ਬਾਬਤ ਸੰਪਰਕ ਕਰਨ ਤੇ ਵੀ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ।