ਖੁੱਲ੍ਹੇ ਵਿਚ ਸੁੱਟੀ ਜਾ ਰਹੀ ਪੋਲਟਰੀ ਫਾਰਮ ਦੀ ਬਦਬੂਦਾਰ ਫੀਡ , ਲੋਕਾਂ ਵਿਚ ਰੋਸ
ਡੇਰਾਬੱਸੀ, 31 ਸਤੰਬਰ (ਗੁਰਮੀਤ ਸਿੰਘ)-ਡੇਰਾਬੱਸੀ ਰੇਲਵੇ ਲਾਈਨ ਨੇੜੇ ਫਲਾਈਓਵਰ ਹੇਠਾਂ ਖੁੱਲ੍ਹੇ ਵਿਚ ਪੋਲਟਰੀ ਫਾਰਮ ਦੀ ਬਦਬੂਦਾਰ ਫੀਡ ਸੁੱਟੇ ਜਾਣ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਇਲਾਕਾ ਵਾਸੀਆਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਲੋਕਾਂ ਨੇ ਇਸ ਮਾਮਲੇ ਦੀ ਜਾਂਚ ਕਰਵਾ ਕੇ ਜ਼ਿੰਮੇਵਾਰ ਵਿਅਕਤੀਆਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ।
ਡੇਰਾਬੱਸੀ, 31 ਸਤੰਬਰ (ਗੁਰਮੀਤ ਸਿੰਘ)-ਡੇਰਾਬੱਸੀ ਰੇਲਵੇ ਲਾਈਨ ਨੇੜੇ ਫਲਾਈਓਵਰ ਹੇਠਾਂ ਖੁੱਲ੍ਹੇ ਵਿਚ ਪੋਲਟਰੀ ਫਾਰਮ ਦੀ ਬਦਬੂਦਾਰ ਫੀਡ ਸੁੱਟੇ ਜਾਣ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਇਲਾਕਾ ਵਾਸੀਆਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਲੋਕਾਂ ਨੇ ਇਸ ਮਾਮਲੇ ਦੀ ਜਾਂਚ ਕਰਵਾ ਕੇ ਜ਼ਿੰਮੇਵਾਰ ਵਿਅਕਤੀਆਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ। ਜਾਣਕਾਰੀ ਅਨੁਸਾਰ ਫਲਾਈਓਵਰ ਹੇਠਾਂ ਪਿਛਲੇ ਕੁਝ ਸਮੇਂ ਤੋਂ ਭਾਰੀ ਮਾਤਰਾ ਵਿਚ ਪੋਲਟਰੀ ਫਾਰਮ ਦੀ ਬਦਬੂਦਾਰ ਫੀਡ ਖੁੱਲ੍ਹੇ ਵਿਚ ਸੁੱਟੀ ਜਾ ਰਹੀ ਸੀ। ਇਸ ਕਾਰਨ ਇਲਾਕੇ ਵਿਚ ਤੇਜ਼ ਬਦਬੂ ਫੈਲਣ ਦੇ ਨਾਲ-ਨਾਲ ਵਾਤਾਵਰਨ ਵੀ ਪ੍ਰਭਾਵਿਤ ਹੋ ਰਿਹਾ ਹੈ। ਫੀਡ ਸੁੱਟਣ ਵਾਲੇ ਵਿਅਕਤੀਆਂ ਦਾ ਪਤਾ ਨਾ ਲੱਗਣ ਕਾਰਨ ਲੋਕਾਂ ਵਿਚ ਨਾਰਾਜ਼ਗੀ ਬਣੀ ਹੋਈ ਸੀ। ਸੋਮਵਾਰ ਨੂੰ ਲੋਕਾਂ ਨੇ ਇਕ ਟਰੈਕਟਰ-ਟਰਾਲੀ ਚਾਲਕ ਨੂੰ ਫੀਡ ਸੁੱਟਦੇ ਹੋਏ ਰੰਗੇ ਹੱਥੀਂ ਕਾਬੂ ਕਰ ਲਿਆ। ਮੌਕੇ ’ਤੇ ਮੌਜੂਦ ਲੋਕਾਂ ਨੇ ਇਸ ਦੀ ਵੀਡੀਓ ਵੀ ਬਣਾਈ, ਜੋ ਬਾਅਦ ਵਿਚ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਗਈ। ਇਲਾਕਾ ਵਾਸੀਆਂ ਨੇ ਦੱਸਿਆ ਕਿ ਫਲਾਈਓਵਰ ਦੇ ਬਿਲਕੁਲ ਨੇੜੇ ਕ੍ਰਿਕਟ ਅਕੈਡਮੀ ਅਤੇ ਖੇਡ ਮੈਦਾਨ ਮੌਜੂਦ ਹੈ, ਜਿਥੇ ਰੋਜ਼ਾਨਾ ਦਰਜਨਾਂ ਬੱਚੇ ਖੇਡਣ ਲਈ ਆਉਂਦੇ ਹਨ। ਬਦਬੂ ਕਾਰਨ ਬੱਚਿਆਂ ਅਤੇ ਰਾਹਗੀਰਾਂ ਨੂੰ ਸਾਹ ਲੈਣ ਵਿਚ ਵੀ ਦਿੱਕਤ ਮਹਿਸੂਸ ਹੁੰਦੀ ਹੈ। ਲੋਕਾਂ ਦਾ ਕਹਿਣਾ ਹੈ ਕਿ ਡੇਰਾਬੱਸੀ ਪਹਿਲਾਂ ਹੀ ਪ੍ਰਦੂਸ਼ਣ ਦੀ ਸਮੱਸਿਆ ਨਾਲ ਜੂਝ ਰਿਹਾ ਹੈ ਅਤੇ ਅਜਿਹੇ ਢੰਗ ਨਾਲ ਪੋਲਟਰੀ ਫਾਰਮ ਦੀ ਫੀਡ ਸੁੱਟਣ ਨਾਲ ਹਵਾ ਅਤੇ ਵਾਤਾਵਰਨ ਹੋਰ ਪਲੀਤ ਹੋ ਰਿਹਾ ਹੈ। ਲੋਕਾਂ ਨੇ ਪ੍ਰਸ਼ਾਸਨ ਅਤੇ ਸੰਬੰਧਿਤ ਵਿਭਾਗ ਤੋਂ ਮੰਗ ਕੀਤੀ ਕਿ ਮਾਮਲੇ ਦੀ ਤੁਰੰਤ ਜਾਂਚ ਕਰਕੇ ਖੁੱਲ੍ਹੇ ਵਿਚ ਗੰਦਗੀ ਅਤੇ ਬਦਬੂਦਾਰ ਫੀਡ ਸੁੱਟਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਇਲਾਕੇ ਦੀ ਸਫਾਈ ਕਰਵਾਈ ਜਾਵੇ।