ਚੰਡੀਗੜ੍ਹ ’ ਚ ਪੰਜਾਬ ਕਲਾ ਭਵਨ ਵਿਖੇ ਸਾਹਿਤਕਾਰ ਡਾ . ਮਨਮੋਹਨ ਨੂੰ ‘ ਭੂਸ਼ਨ ਧਿਆਨਪੁਰੀ ਯਾਦਗਾਰੀ ਐਵਾਰਡ ’ ਨਾਲ ਕੀਤਾ ਸਨਮਾਨਿਤ ਵਿਦਵਾਨਾਂ, ਕਵੀਆਂ ਤੇ ਲੇਖਕਾਂ ਨੇ ਕੀਤੀ ਭਰਵੀਂ ਸ਼ਿਰਕਤ
ਚੰਡੀਗੜ੍ਹ, 6 ਸਤੰਬਰ (ਅਜਾਇਬ ਸਿੰਘ ਔਜਲਾ) - ਸਥਾਨਕ ਪੰਜਾਬ ਕਲਾ ਭਵਨ ਵਿਖੇ ਪੰਜਾਬ ਕਲਾ ਪਰਿਸ਼ਦ ਦੇ ਸਹਿਯੋਗ ਨਾਲ ਸਵਪਨ ਫਾਊਂਡੇਸ਼ਨ, ਪਟਿਆਲਾ ਵਲੋਂ, ਇਕ ਮਿਆਰੀ ਸਾਹਿਤਕ ਸਮਾਰੋਹ ਕਰਵਾਇਆ ਗਿਆ। ਇਸ ਸਮਾਰੋਹ ਅੱਜ ਉੱਘੇ ਸਾਹਿਤਕਾਰ, ਚਿੰਤਕ, ਭਾਸ਼ਾ ਵਿਗਿਆਨੀ ਡਾ.
ਚੰਡੀਗੜ੍ਹ, 6 ਸਤੰਬਰ (ਅਜਾਇਬ ਸਿੰਘ ਔਜਲਾ) - ਸਥਾਨਕ ਪੰਜਾਬ ਕਲਾ ਭਵਨ ਵਿਖੇ ਪੰਜਾਬ ਕਲਾ ਪਰਿਸ਼ਦ ਦੇ ਸਹਿਯੋਗ ਨਾਲ ਸਵਪਨ ਫਾਊਂਡੇਸ਼ਨ, ਪਟਿਆਲਾ ਵਲੋਂ, ਇਕ ਮਿਆਰੀ ਸਾਹਿਤਕ ਸਮਾਰੋਹ ਕਰਵਾਇਆ ਗਿਆ। ਇਸ ਸਮਾਰੋਹ ਅੱਜ ਉੱਘੇ ਸਾਹਿਤਕਾਰ, ਚਿੰਤਕ, ਭਾਸ਼ਾ ਵਿਗਿਆਨੀ ਡਾ. ਮਨਮੋਹਨ ਨੂੰ ‘ਭੂਸ਼ਨ ਧਿਆਨਪੁਰੀ ਯਾਦਗਾਰੀ, ਲਾਈਫ ਟਾਈਮ ਅਚੀਵਮੈਂਟ ਐਵਾਰਡ’ ਨਾਲ ਸਨਮਾਨਿਤ ਕੀਤਾ ਗਿਆ,ਜਿਸ ਵਿਚ 51000 ਰੁਪਏ, ਇਕ ਦੁਸ਼ਾਲਾ ਤੇ ਸਨਮਾਨ ਪੱਤਰ ਪ੍ਰਦਾਨ ਕੀਤਾ ਗਿਆ। ਇਸ ਮੌਕੇ ਸਨਮਾਨ ਪੱਤਰ ਸ਼ਾਇਰਾ ਸੰਦੀਪ ਜਸਵਾਲ ਵਲੋਂ ਪੜਿ੍ਹਆ ਗਿਆ। ਸਮਾਰੋਹ ਦੇ ਕੋਆਰਡੀਨੇਟਰ ਸੁਖਵਿੰਦਰ ਸਿੱਧੂ ਨੇ ਕਿਹਾ ਕਿ ਡਾ. ਮਨਮੋਹਨ ਸਾਡਾ ਬੌਧਿਕ ਸਰਮਾਇਆ ਹੈ ਤੇ ਇਨ੍ਹਾਂ ਨੂੰ ਸਨਮਾਨਿਤ ਕਰਕੇ ਅਸੀਂ ਖ਼ੁਦ ਸਨਮਾਨਿਤ ਮਹਿਸੂਸ ਕਰ ਰਹੇ ਹਾਂ। ਉਨ੍ਹਾਂ ਆਏ ਵਿਦਵਾਨਾਂ,ਕਵੀਆਂ, ਲੇਖਕਾਂ ਤੇ ਹੋਰ ਸ਼ਖ਼ਸੀਅਤਾਂ ਜੀ ਆਇਆਂ ਵੀ ਆਖਿਆ ਗਿਆ। ਉਪਰੰਤ ਬੁਲਾਰੇ ਵਜੋਂ ਉੱਘੇ ਆਲੋਚਕ ਡਾ. ਤੇਜਿੰਦਰ ਸਿੰਘ ਨੇ ਕਿਹਾ ਡਾ. ਮਨਮੋਹਨ ਨੇ ਪੰਜਾਬੀ ਅਕਾਦਿਮਕਾ ਵਿਚ ਵੱਡਾ ਤੇ ਵੱਖਰਾ ਕੰਮ ਕੀਤਾ ਹੈ। ਉਨ੍ਹਾਂ ਕਿਹਾ ਮਨਮੋਹਨ ਦੇ ਕੰਮ ਅਧਿਐਨ ਨਾਲ ਬਾਸੀਪਨ ਟੁੱਟਦਾ ਹੈ ਅਤੇ ਇਨ੍ਹਾਂ ਨੇ ਵੀਹਵੀਂ ਸਦੀ ਦੀ ਸੰਕਲਪਿਕ ਸ਼ਬਦਾਬਲੀ ਤਿਆਰ ਕੀਤੀ ਹੈ। ਉਨ੍ਹਾਂ ਕਿਹਾ ਕਿ ਅਖ਼ਬਾਰਾਂ ਵਾਸਤੇ ਲਿਖਦਿਆਂ ਵੀ ਉਨ੍ਹਾਂ ਆਪਣੇ ਵਜ਼ਨ ਦਾ ਪੱਲਾ ਨਹੀਂ ਛੱਡਿਆ। ਇਹ ਦੀਆਂ ਲਿਖਤਾਂ ਨਾਲ ਆਮ ਬੰਦੇ ਤੀਕ ਬਾਖ਼ੂਬੀ ਪਹੁੰਚੇ ਹਨ। ਇਸ ਤੋਂ ਬਾਅਦ ਡਾ.ਹਰਪ੍ਰੀਤ ਨੇ ਮਨਮੋਹਨ ਹੋਰਾਂ ਦੀ ਕਵਿਤਾ ਬਾਰੇ ਬੋਲਦਿਆਂ ਕਿਹਾ ਕਿ ਇਨ੍ਹਾਂ ਦੀ ਕਵਿਤਾ ਹਾਸ਼ਿਆਗਤ ਲੁਕਾਈ ਅਤੇ ਗਿਆਨ, ਪ੍ਰਤੀਰੋਧ, ਸੰਵਾਦ ਦੀ ਕਵਿਤਾ ਹੈ। ਉਨ੍ਹਾਂ ਕਿਹਾ ਕਿ ਡਾ. ਮਨਮੋਹਨ ਨੇ ਕਾਵਿ-ਚਿੰਤਨ ਦਾ ਫੈਲਾਅ ਇਤਿਹਾਸ ਮਿਥਿਹਾਸ ਤੋਂ ਲੈ ਕੇ ਵਰਤਮਾਨ ਤਕ ਫੈਲਿ ਆ ਹੋਇਆ ਹੈ। ਪੰਜਾਬ ਯੂਨੀਵਰਸਿਟੀ ਤੋਂ ਅੰਗਰੇਜ਼ੀ ਵਿਭਾਗ ਦੀ ਸਹਾਇਕ ਪ੍ਰੋਫੈਸਰ ਡਾ. ਰਵਿੰਦਰ ਕੌਰ ਨੇ ਸਨਮਾਨਿਤ ਸ਼ਖ਼ਸੀਅਤ ਦੇ ਨਾਵਲਾਂ : ਨਿਰਵਾਣ, ਮਨ ਪੰਖੀ ਭਇਓ ਤੇ ਸਹਿਜ ਗੁਫ਼ਾ ਮਹਿ ਆਸਨ ਬਾਰੇ ਬੋਲਦਿਆਂ ਕਿਹਾ ਕਿ ਇਹ ਨਾਵਲ ਕਿਸੇ ਇਕ ਕੈਟਾਗਿਰੀ ਵਿਚ ਨਹੀਂ ਆਉਂਦੇ। ਇਹਨਾਂ ਵਿਚ ਮਨੁੱਖਤਾ ਹੈ। ਇਹਨਾਂ ਵਿਚ ਸਵਾਲ ਉਠਾਏ ਗਏ ਹਨ। ਉੱਘੇ ਕਹਾਣੀਕਾਰ ਭੁਪਿੰਦਰ ਸਿੰਘ ਮਾਨ ਨੇ ਕਿਹਾ ਕਿ ਡਾ. ਮਨਮੋਹਨ ਦੀ ਲਿਖਤ ਸਧਾਰਨ ਤੋਰ ਨਹੀਂ ਤੁਰਦੀ ਤੇ ਆਪਣੀ ਸ਼ੈਲੀ ਆਪ ਵਿਕਸਤ ਕੀਤੀ ਹੈ। ਮੰਡਲ ਵਿਚੋਂ ਬੋਲਦਿਆਂ ਪ੍ਰਸਿੱਧ ਕਹਾਣੀਕਾਰ ਬਲੀਜੀਤ ਨੇ ਭੂਸ਼ਨ ਧਿਆਨਪੁਰੀ ਤੇ ਡਾ. ਮਨਮੋਹਨ ਬਾਰੇ ਭਾਵਪੂਰਤ ਗੱਲਾਂ ਕੀਤੀਆਂ। ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਦੇ ਮੁਖੀ ਡਾ. ਮਨਜਿੰਦਰ ਸਿੰਘ ਨੇ ਕਿਹਾ ਪੰਜਾਬੀ ਵਿਚ ਲਿਖਣ ਦੀ ਕਾਹਲ ਜ਼ਿਆਦਾ ਹੈ। ਜੇਕਰ ਡਾ. ਮਨਮੋਹਨ ਨੇ ਪੰਜਾਹ ਕਿਤਾਬਾਂ ਲਿਖੀਆਂ ਹਨ ਤਾਂ ਪੰਜ ਹਜ਼ਾਰ ਪੜ੍ਹੀਆਂ ਵੀ ਨੇ। ਉਨ੍ਹਾਂ ਅਗਾਂਹ ਕਿਹਾ ਇਹਨਾਂ ਦਾ ਗਲਪ ਧਿਰ ਮੁਕਤ ਹੈ। ਉਨ੍ਹਾਂ ਨੇ ਮਨਮੋਹਨ ਹੋਰਾਂ ਦੀ ਨਵ ਪ੍ਰਕਾਸ਼ਿਤ ਕਿਤਾਬ ਨਿਮਖ ਨ ਵੀਸਰੇ ’ਤੇ ਵੀ ਗੱਲ ਕੀਤੀ। ਇਸੇ ਦੌਰਾਨ ਉੱਘੇ ਆਲੋਚਕ ਡਾ. ਪ੍ਰਵੀਨ ਕੁਮਾਰ ਨੇ ਆਪਣੀ ਗੱਲ ਕਰਦੇ ਹੋਏ ਕਿਹਾ ਕਿ ਸਾਹਿਤ ਨੂੰ ਗਿਆਨ ਇੰਦਰੀਆਂ ਵਿਚੋਂ ਹੀ ਦੇਖਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਮਨਮੋਹਨ ਆਤਮ ਦਾ ਟਰੈਂਡ ਲਿਆਉਣ ਵਾਲੇ ਮੋਢੀ ਲੇਖਕ ਹਨ। ਆਖ਼ਰ ਵਿਚ ਉੱਘੇ ਵਿਦਵਾਨ ਡਾ. ਰੌਣਕੀ ਰਾਮ ਨੇ ਪ੍ਰਧਾਨਗੀ ਭਾਸ਼ਨ ਦਿੰਦੇ ਹੋਏ ਮਨਮੋਹਨ ਨੂੰ ਸਨਮਾਨ ’ਤੇ ਵਧਾਈ ਦਿੱਤੀ। ਉਨ੍ਹਾਂ ਅੱਜ ਦੇ ਪਰਚਿਆਂ ਨੂੰ ਸੰਤੁਲਿਤ ਦੱਸਿਆ। ਉਨ੍ਹਾਂ ਕਿਹਾ ਕਿ ਸੰਵਾਦ ਜ਼ਰੂਰੀ ਹੈ। ਉਨ੍ਹਾਂ ਚੁੱਪ ਨੂੰ ਜ਼ਰੂਰੀ ਸਥਾਨ ਦੱਸਿਆ। ਧੰਨਵਾਦੀ ਸ਼ਬਦ ਬੋਲਦਿਆਂ ਸੰਸਥਾ ਦੇ ਪ੍ਰਧਾਨ ਡਾ. ਕੁਲਪਿੰਦਰ ਸ਼ਰਮਾ ਨੇ ਸਾਰੇ ਆਏ ਸਰੋਤਿਆਂ ਦਾ ਧੰਨਵਾਦ ਕਰਦਿਆਂ ਡਾ.ਮਨਮੋਹਨ ਦੇ ਸਨਮਾਨ ਨੂੰ ਸੰਸਥਾ ਦੀ ਪ੍ਰਾਪਤੀ ਦੱਸਿਆ। ਅੱਜ ਦੇ ਸਮਾਗਮ ਵਿਚ ਉੱਘੇ ਲੇਖਕ ਜਸਵੀਰ ਸਮਰ, ਡਾ. ਸ਼ਾਮ ਸਿੰਘ, ਭੁਪਿੰਦਰ ਮਲਿਕ, ਡਾ. ਕੰਵਲਜੀਤ, ਗੁਲ ਚੌਹਾਨ, ਗੋਵਰਧਨ ਗੱਬੀ, ਗੁਰਪ੍ਰੀਤ ਡੈਣੀ, ਸੁਰਜੀਤ ਸੁਮਨ, ਵਿਜੇ ਕਪੂਰ, ਰੇਖਾ ਮਿੱਤਲ, ਸੁਭਾਸ਼ ਭਾਸਕਰ ਤੋਂ ਇਲਾਵਾ ਸਰੂਪ ਸਿਆਲਵੀ, ਸਤਨਾਮ ਸ਼ੋਕਰ, ਕਹਾਣੀਕਾਰ ਪਰਮਜੀਤ ਮਾਨ, ਜਸਪਾਲ, ਗੁਰਦਰਸ਼ਨ ਮਾਵੀ, ਬੀ. ਢਿੱਲੋਂ ਆਦਿ ਨੇ ਵੀ ਸ਼ਿਰਕਤ ਕੀਤੀ।