ਡੀ . ਏ . ਵੀ . ਪਬਲਿਕ ਸਕੂਲ , ਪੱਖੋਵਾਲ ਸੜਕ ਵਿਖੇ ਸਾਲਾਨਾ ਵਿਗਿਆਨ ਮੇਲਾ ‘ ਜਿਗਿਆਸਾ 2026’ ਕਰਵਾਇਆ
ਫੁੱਲਾਂਵਾਲ, 22 ਨਵੰਬਰ (ਮਨਜੀਤ ਸਿੰਘ ਦੁੱਗਰੀ) -ਡੀ. ਏ.
ਫੁੱਲਾਂਵਾਲ, 22 ਨਵੰਬਰ (ਮਨਜੀਤ ਸਿੰਘ ਦੁੱਗਰੀ) -ਡੀ.ਏ.ਵੀ. ਪਬਲਿਕ ਸਕੂਲ, ਪੱਖੋਵਾਲ ਸੜਕ, ਲੁਧਿਆਣਾ ਵਿਖੇ ਸਾਲਾਨਾ ਵਿਗਿਆਨ ਮੇਲਾ ‘ਜਿਗਿਆਸਾ 2026’ ਕਰਵਾਇਆ ਗਿਆ, ਜਿਸ ਦਾ ਉਦਘਾਟਨ ਮੁੱਖ ਮਹਿਮਾਨ ਵਜੋਂ ਪਹੁੰਚੇ ਡਾ. ਐੱਸ.ਐੱਸ. ਜੌਹਲ ਵਾਈਸ ਚੇਅਰਮੈਨ ਨੇ ਕੀਤਾ। ਇਸ ਮੌਕੇ ਡਾ. ਅਕਸ਼ੈ ਗਿਰਧਰ ਡੀਨ ਅਕਾਦਮਿਕਸ ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ, ਜਸਵਿੰਦਰ ਕੌਰ ਸਿੱਧੂ ਪ੍ਰਿੰਸੀਪਲ, ਡੀ.ਏ.ਵੀ. ਪਬਲਿਕ ਸਕੂਲ ਬੀ.ਆਰ.ਐੱਸ. ਨਗਰ ਅਤੇ ਏ.ਆਰ.ਓ. ਪੰਜਾਬ ਜ਼ੋਨ-ਐੱਫ, ਡਾ. ਅਨੂ ਵਰਮਾ, ਪ੍ਰਿੰਸੀਪਲ ਪੁਲਿਸ ਡੀ.ਏ.ਵੀ. ਪਬਲਿਕ ਸਕੂਲ, ਲੁਧਿਆਣਾ ਅਤੇ ਕਲੱਸਟਰ ਹੈੱਡ ਅਤੇ ਐੱਲ.ਐੱਮ.ਸੀ. ਦੇ ਸਨਮਾਨਯੋਗ ਮੈਂਬਰ ਰਾਕੇਸ਼ ਜੈਨ ਅਤੇ ਐਡਵੋਕੇਟ ਹਰੀਸ਼ ਰਾਏ ਢਾਂਡਾ ਨੇ ਵਿਸ਼ੇਸ਼ ਮਹਿਮਾਨਾਂ ਵਜੋਂ ਸ਼ਿਰਕਤ ਕੀਤੀ। ‘ਜਿਗਿਆਸਾ 2026’ ਵਿਗਿਆਨਕ ਕਾਢਾਂ ਅਤੇ ਨਵੀਆਂ ਸੰਭਾਵਨਾਵਾਂ ਦਾ ਇਕ ਅਦਭੁਤ ਪ੍ਰਦਰਸ਼ਨ ਰਿਹਾ, ਜਿਸ ਵਿਚ ਜਮਾਤ ਤੀਜੀ ਤੋਂ 12ਵੀਂ ਤੱਕ ਦੇ ਵਿਦਿਆਰਥੀਆਂ ਨੇ ਵੱਖ-ਵੱਖ ਕਾਰਜਸ਼ੀਲ ਅਤੇ ਗੈਰ-ਕਾਰਜਸ਼ੀਲ ਮਾਡਲਾਂ ਰਾਹੀਂ ਆਪਣੀ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਵਿਦਿਆਰਥੀਆਂ ਵਲੋਂ ਤਿਆਰ ਕੀਤੀਆਂ ਵਿਲੱਖਣ ਕਾਢਾਂ ਵਿਚ ਆਰਟੀਫੀਸ਼ੀਅਲ ਇੰਟੈਲੀਜੈਂਸ ਰਾਹੀਂ ਕੂੜੇ ਦੀ ਵੰਡ, ਟਿਕਾਊ ਵਾਤਾਵਰਨ-ਅਨੁਕੂਲ ਘਰ, ਬਾਇਓਕ੍ਰੋਮ ਡੀਕੇ ਮੀਟਰ, ਟੈਸਲਾ ਕੋਇਲ ਰਾਹੀਂ ਇਲੈਕਟ੍ਰੋਮੈਗਨੈਟਿਕ ਫੀਲਡ ਦਾ ਪ੍ਰਦਰਸ਼ਨ, ਲੇਜ਼ਰ ਰਾਹੀਂ ਧੁਨੀ ਤਰੰਗਾਂ ਦਾ ਦ੍ਰਿਸ਼ਟੀਕਰਨ, ਲੇਜ਼ਰ ਸੁਰੱਖਿਆ ਅਲਾਰਮ ਪ੍ਰਣਾਲੀ, ਰੀਜਨਰੇਟਿਵ ਬ੍ਰੇਕਿੰਗ ਸਿਸਟਮ, ਸਮਾਰਟ ਊਰਜਾ ਉਤਪਾਦਨ ਅਤੇ ਵੰਡ ਪ੍ਰਣਾਲੀ, ਜੀਨ ਐਡਿਟਿੰਗ ਮਾਡਲ, ਆਧੁਨਿਕ ਕਾਰਬਨ ਫਿਲਟਰ ਅਤੇ ਹਵਾ ਸ਼ੁਧੀਕਰਨ ਪ੍ਰਣਾਲੀ, ਆਟੋਮੈਟਿਕ ਪੌਦਿਆਂ ਨੂੰ ਪਾਣੀ ਦੇਣ ਵਾਲੀ ਪ੍ਰਣਾਲੀ ਅਤੇ ਡੀ.ਐੱਨ.ਏ. ਦੀ ਬਣਤਰ ਵਿਸ਼ੇਸ਼ ਖਿੱਚ ਦਾ ਕੇਂਦਰ ਰਹੇ। ਪ੍ਰਿੰਸੀਪਲ ਡਾ. ਅਨੁਰਾਧਾ ਭਾਟੀਆ ਨੇ ਵਿਦਿਆਰਥੀਆਂ ਅਤੇ ਵਿਗਿਆਨ ਵਿਭਾਗ ਦੇ ਯਤਨਾਂ ਦੀ ਸ਼ਲਾਘਾ ਕੀਤੀ। ਮੇਲੇ ਦੇ ਅੰਤ ਵਿਚ ਹਰੇਕ ਸ਼੍ਰੇਣੀ ਵਿਚ ਸਰਵੋਤਮ ਮਾਡਲ ਪੇਸ਼ ਕਰਨ ਵਾਲੇ ਵਿਦਿਆਰਥੀਆਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।