ਪੀ . ਏ . ਯੂ . ਦਾ ਸਾਲਾਨਾ ਗੁਲਦਾਊਦੀ ਸ਼ੋਅ 2 ਅਤੇ 3 ਦਸੰਬਰ ਨੂੰ ਹੋਵੇਗਾ
ਲੁਧਿਆਣਾ, 22 ਨਵੰਬਰ (ਜਤਿੰਦਰ ਭੰਬੀ)-ਪੀ. ਏ.
ਲੁਧਿਆਣਾ, 22 ਨਵੰਬਰ (ਜਤਿੰਦਰ ਭੰਬੀ)-ਪੀ.ਏ.ਯੂ. ਦੀ ਪਛਾਣ ਬਣ ਚੁੱਕਾ 29ਵਾਂ ਸਾਲਾਨਾ ਗੁਲਦਾਊਦੀ ਸ਼ੋਅ ਫਲੋਰੀਕਲਚਰ ਅਤੇ ਲੈਂਡ ਸਕੇਪਿੰਗ ਵਿਭਾਗ ਵਲੋਂ ਅਸਟੇਟ ਆਰਗਨਾਈਜ਼ੇਸ਼ਨ ਦੇ ਸਹਿਯੋਗ ਨਾਲ 2-3 ਦਸੰਬਰ ਨੂੰ ਡਾ. ਮਨਮੋਹਨ ਸਿੰਘ ਆਡੀਟੋਰੀਅਮ ਵਿਚ ਕਰਵਾਇਆ ਜਾ ਰਿਹਾ ਹੈ। ਆਧੁਨਿਕ ਪੰਜਾਬੀ ਕਵਿਤਾ ਦੇ ਪਿਤਾਮਾ ਅਤੇ ਕੁਦਰਤ ਦੇ ਕਵੀ ਭਾਈ ਵੀਰ ਸਿੰਘ ਨੂੰ ਸਮਰਪਿਤ ਇਹ ਗੁਲਦਾਊਦੀ ਸ਼ੋਅ ਫੁੱਲ ਪ੍ਰੇਮੀਆਂ ਅਤੇ ਫੁੱਲਾਂ ਦੇ ਦਰਸ਼ਕਾਂ ਲਈ ਬੇਹੱਦ ਖਿੱਚ ਰੱਖਦਾ ਹੈ। ਇਸ ਸ਼ੋਅ ਦਾ ਉਦਘਾਟਨ 2 ਦਸੰਬਰ ਨੂੰ ਬਾਅਦ ਦੁਪਹਿਰ 12.30 ਵਜੇ ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਹਰਵਿੰਦਰ ਸਿੰਘ ਧਾਲੀਵਾਲ ਆਪਣੇ ਕਰ-ਕਮਲਾਂ ਨਾਲ ਕਰਨਗੇ। ਫਲੋਰੀਕਲਚਰ ਅਤੇ ਲੈਂਡ ਸਕੇਪਿੰਗ ਵਿਭਾਗ ਦੇ ਮੁਖੀ ਡਾ. ਪਰਮਿੰਦਰ ਸਿੰਘ ਨੇ ਦੱਸਿਆ ਕਿ ਇਸ ਮੌਕੇ 14 ਵਰਗਾਂ ਵਿਚ ਗੁਲਦਾਊਦੀ ਦੇ ਮੁਕਾਬਲੇ ਕਰਵਾਏ ਜਾਣਗੇ। ਇਹਨਾਂ ਵਿਚ ਇਨਕਰਵਡ, ਰਿਫਲੈਕਸਡ, ਸਪਾਈਡਰ, ਸਜਾਵਟੀ, ਪੋਪਨ/ਬਟਨ ਇਕਹਿਰੇ ਦੋਹਰੇ ਕੋਰੀਅਨ, ਸਪੂਨ, ਐਨੀਮੂਨ ਅਤੇ ਹੋਰ ਕੋਈ ਵੀ ਵਿਸ਼ੇਸ਼ ਪੌਦੇ ਸ਼ਾਮਿਲ ਹਨ। ਇਸ ਤੋਂ ਇਲਾਵਾ ਗੁਲਦਾਊਦੀ ਦੀਆਂ ਜਪਾਨੀ ਅਤੇ ਕੋਰੀਅਨ ਕਿਸਮਾਂ ਦੇ ਮੁਕਾਬਲੇ ਵੀ ਕਰਵਾਏ ਜਾਣਗੇ। ਇਸ ਤੋਂ ਇਲਾਵਾ ਖ਼ਾਸ ਤਰੀਕੇ ਨਾਲ ਸਜਾਈ ਗੁਲਦਾਊਦੀ ਅਤੇ ਗਮਲਿਆਂ ਦੀ ਸਜਾਵਟ ਦੇ ਮੁਕਾਬਲੇ ਵਿਚ ਨਿੱਜੀ ਫੁੱਲ ਪ੍ਰੇਮੀ ਅਤੇ ਸੰਸਥਾਵਾਂ ਭਾਗ ਲੈ ਸਕਣਗੀਆਂ। ਇਸ ਸ਼ੋਅ ਦੇ ਬਹਾਨੇ ਫੁੱਲ ਪ੍ਰੇਮੀਆਂ ਕੋਲ ਸਜਾਵਟੀ ਫੁੱਲਾਂ ਦੀ ਕਾਸ਼ਤ ਲਈ ਮਾਹਿਰਾਂ ਨਾਲ ਗੱਲਬਾਤ ਕਰਨ ਦਾ ਮੌਕਾ ਰਹੇਗਾ। ਡਾ. ਪਰਮਿੰਦਰ ਸਿੰਘ ਨੇ ਕਿਹਾ ਕਿ ਲੁਧਿਆਣਾ ਦੀਆਂ ਬਹੁਤ ਸਾਰੀਆਂ ਬਗੀਚੀਆਂ ਅਤੇ ਪਨੀਰੀ ਕੇਂਦਰ ਬਾਗ਼ਬਾਨੀ ਦੇ ਪ੍ਰੇਮੀਆਂ ਲਈ ਔਜ਼ਾਰਾਂ ਦੀ ਨੁਮਾਇਸ਼ ਅਤੇ ਵਿੱਕਰੀ ਮੁਹੱਈਆ ਕਰਾਉਣਗੇ। ਗੁਲਦਾਊਦੀ ਦੇ ਗਮਲੇ ਵਿਭਾਗ ਦੀ ਸਟਾਲ ਉੱਪਰ ਵਿੱਕਰੀ ਲਈ ਉਪਲਬਧ ਰਹਿਣਗੇ।