08-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-10-2026

‘ ਆਪ’ ਆਗੂਆਂ ਨੇ ਭਾਜਪਾ ਦਫ਼ਤਰ ਦੇ ਬਾਹਰ ਕੀਤਾ ਜ਼ਬਰਦਸਤ ਰੋਸ ਪ੍ਰਦਰਸ਼ਨ

ਲੁਧਿਆਣਾ, 7 ਅਕਤੂਬਰ (ਡਾ. ਤਰਲੋਚਨ ਸਿੰਘ)-ਸੀ.

Ad Position 21
No active advertisement
ਭਾਜਪਾ ਦਫ਼ਤਰ ਦੇ ਬਾਹਰ ਤਾਇਨਾਤ ਵੱਡੀ ਗਿਣਤੀ ‘ਚ ਪੁਲਿਸ ਮੁਲਾਜ਼ਮ। ਤਸਵੀਰ: ਸੇਵਕ ਸਿੰਘ 08-10-2026
ਲੁਧਿਆਣਾ, 7 ਅਕਤੂਬਰ (ਡਾ. ਤਰਲੋਚਨ ਸਿੰਘ)-ਸੀ.ਬੀ.ਆਈ. ਵਲੋਂ ਮੁੱਖ ਮੰਤਰੀ ਕੈਂਪਸ ਵਿਖੇ ਕੀਤੀ ਛਾਪਾਮਾਰੀ ਦੇ ਖ਼ਿਲਾਫ਼ ਆਮ ਆਦਮੀ ਪਾਰਟੀ ਨੇ ਅੱਜ ਦੁੱਗਰੀ ਸਥਿਤ ਭਾਜਪਾ ਦਫ਼ਤਰ ਦੇ ਬਾਹਰ ਜ਼ਬਰਦਸਤ ਰੋਸ ਪ੍ਰਦਰਸ਼ਨ ਕਰਦਿਆਂ ਕੇਂਦਰ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ। ਪੁਲਿਸ ਵਲੋਂ ਭਾਜਪਾ ਦਫ਼ਤਰ ਦੇ ਬਾਹਰ ਪੂਰੀ ਤਰ੍ਹਾਂ ਨਾਲ ਬੈਰੀਕੇਡਿੰਗ ਕੀਤੀ ਹੋਈ ਸੀ। ਇਸ ਮੌਕੇ ਸਥਿਤੀ ਉਦੋਂ ਤਣਾਅਪੂਰਨ ਹੋ ਗਈ, ਜਦੋਂ ਭਾਜਪਾ ਤੇ ਆਮ ਆਦਮੀ ਪਾਰਟੀ ਦੇ ਵਰਕਰ ਆਹਮੋ-ਸਾਹਮਣੇ ਹੋ ਗਏ। ਵਿਧਾਨ ਸਭਾ ਹਲਕਾ ਪੂਰਬੀ ਤੋਂ ‘ਆਪ’ ਦੇ ਵਿਧਾਇਕ ਦਲਜੀਤ ਸਿੰਘ ਭੋਲਾ ਗਰੇਵਾਲ ਪੁਲਿਸ ਵਲੋਂ ਕੀਤੀ ਬੈਰੀਕੇਡਿੰਗ ਉਪਰ ਚੜ ਗਏ ਅਤੇ ਕੇਂਦਰ ਸਰਕਾਰ ਖ਼ਿਲਾਫ਼ ਭਾਰੀ ਨਾਅਰੇਬਾਜ਼ੀ ਕੀਤੀ। ਇਸ ਮੌਕੇ ਵੱਡੀ ਗਿਣਤੀ ‘ਚ ਮੌਜੂਦ ਪੁਲਿਸ ਅਧਿਕਾਰੀਆਂ ਨੇ ਭਾਰੀ ਮਸ਼ੱਕਤ ਤੋਂ ਬਾਅਦ ਮਾਹੌਲ ਨੂੰ ਸ਼ਾਂਤਪੂਰਨ ਕੀਤਾ। ਇਸ ਮੌਕੇ ਰੋਸ ਪ੍ਰਦਰਸ਼ਨ ਨੂੰ ਸੰਬੋਧਨ ਕਰਦਿਆਂ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਜਤਿੰਦਰ ਖੰਗੂੜਾ, ਯੂਥ ਵਿੰਗ ਦੇ ਪ੍ਰਧਾਨ ਅਮਰਿੰਦਰ ਸਿੰਘ ਐਮ.ਪੀ. ਜਵੱਦੀ ਅਤੇ ਹੋਰ ਆਗੂਆਂ ਨੇ ਕਿਹਾ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਆਪਣੀ ਹਾਰ ਨੂੰ ਸਾਹਮਣੇ ਦੇਖ ਭਾਜਪਾ ਹੁਣ ਈ.ਡੀ. ਅਤੇ ਸੀ.ਬੀ.ਆਈ. ਦਾ ਸਹਾਰਾ ਲੈ ਕੇ ਚੋਣਾਂ ਜਿੱਤਣਾ ਚਾਹੁੰਦੀ ਹੈ, ਜਿਸ ਨੂੰ ਕਿ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦਾ ਕੋਈ ਵੀ ਮੰਤਰੀ, ਵਿਧਾਇਕ ਜਾਂ ਆਗੂ ਕੇਂਦਰ ਸਰਕਾਰ ਦੀਆਂ ਇਨ੍ਹਾਂ ਕਾਰਵਾਈਆਂ ਤੋਂ ਡਰਨ ਵਾਲਾ ਨਹੀਂ ਹੈ, ਬਲਕਿ ਇਨ੍ਹਾਂ ਕਾਰਵਾਈਆਂ ਦਾ ਡਟ ਕੇ ਮੁਕਾਬਲਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਪ੍ਰਤੀ ਲੋਕਾਂ ਦਾ ਵੱਧ ਰਿਹਾ ਮੋਹ ਵਿਰੋਧੀ ਪਾਰਟੀਆਂ ਕੋਲੋਂ ਹਜ਼ਮ ਨਹੀਂ ਹੋ ਰਿਹਾ, ਜਿਸ ਨੂੰ ਦੇਖਦੇ ਹੋਏ ਕੇਂਦਰ ਸਰਕਾਰ ਕੋਝੀਆਂ ਹਰਕਤਾਂ ’ਤੇ ਉਤਰ ਆਈ ਹੈ। ਉਨ੍ਹਾਂ ਸਖ਼ਤ ਲਹਿਜ਼ੇ ਵਿਚ ਕਿਹਾ ਕਿ ਭਾਜਪਾ ਇਕ ਗੱਲ ਭੁੱਲ ਰਹੀ ਹੈ ਕਿ ਪੰਜਾਬੀ ਕਦੇ ਵੀ ਧੌਂਸ ਨਾਲ ਚੜ੍ਹ ਕੇ ਆਏ ਬੰਦੇ ਦੀ ਈਨ ਨਹੀਂ ਮੰਨਦੇ ਫੇਰ ਉਹ ਭਾਵੇਂ ਕਿੰਨਾ ਵੀ ਤਾਕਤਵਰ ਕਿਉਂ ਨਾ ਹੋਵੇ। ਉਨ੍ਹਾਂ ਇਤਿਹਾਸ ਦੇ ਪੰਨੇ ਫਰੋਲਦਿਆਂ ਕਿਹਾ ਕਿ ਦੁਨੀਆ ਜਿੱਤਣ ਵਾਲੇ ਸਿਕੰਦਰ ਨੂੰ ਪੋਰਸ ਨੇ ਹੀ ਰੋਕਿਆ ਸੀ, ਜੋ ਕਿ ਪੰਜਾਬੀ ਸੀ ਅਤੇ ਭਾਜਪਾ ਦਾ ਰੱਥ ਵੀ ਹੁਣ ਪੰਜਾਬੀ ਹੀ ਰੋਕਣਗੇ। ਇਸ ਮੌਕੇ ਰੋਸ ਪ੍ਰਦਰਸ਼ਨ ਨੂੰ ਸੰਬੋਧਨ ਕਰਦਿਆਂ ਵਿਧਾਨ ਸਭਾ ਹਲਕਾ ਪੂਰਬੀ ਤੋਂ ਵਿਧਾਇਕ ਦਲਜੀਤ ਸਿੰਘ ਭੋਲਾ ਗਰੇਵਾਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਹੁੰਦੀ ਚੜ੍ਹਾਈ ਨੂੰ ਕੇਂਦਰ ਸਰਕਾਰ ਨਾਕਾਮ ਨਹੀਂ ਕਰ ਸਕਦੀ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਈ.ਡੀ. ਅਤੇ ਸੀ.ਬੀ.ਆਈ. ਦੇ ਸਹਾਰੇ ਆਮ ਆਦਮੀ ਪਾਰਟੀ ਦੇ ਜੁਝਾਰੂ ਵਰਕਰਾਂ ਨੂੰ ਰੋਕਣਾ ਚਾਹੁੰਦੀ ਹੈ, ਪਰ ਇਹ ਕੇਂਦਰ ਸਰਕਾਰ ਦੀ ਗ਼ਲਤ ਫਹਿਮੀ ਹੈ, ਜਿਸ ਨੂੰ ਉਹ ਕਦੇ ਵੀ ਪੂਰਾ ਨਹੀਂ ਹੋਣ ਦੇਣਗੇ। ਉਨ੍ਹਾਂ ਕਿਹਾ ਕਿ ਹਰ ਆਮ ਆਦਮੀ ‘ਆਪ’ ਸਰਕਾਰ ਨਾਲ ਜੁੜਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਲੋਕ ਭਾਜਪਾ ਨੂੰ ਮੂੰਹ ਨਹੀਂ ਲਗਾਉਣਗੇ। ਉਨ੍ਹਾਂ ਸਪਸ਼ਟ ਕੀਤਾ ਕਿ ਭਾਜਪਾ ਇਹ ਭਰਮ ਪਾਲੀ ਬੈਠੀ ਹੈ ਕਿ ਸ਼ਾਇਦ ਪੰਜਾਬੀ ਭੁੱਲ ਗਏ ਹਨ ਕਿ ਸਾਡੇ 750 ਦੇ ਕਰੀਬ ਕਿਸਾਨ ਦਿੱਲੀ ਦੀਆਂ ਸਰਹੱਦਾਂ ‘ਤੇ ਸ਼ਹੀਦ ਹੋਏ ਸਨ। ਉਨ੍ਹਾਂ ਕਿਹਾ ਕਿ ਪੰਜਾਬੀ ਭਾਜਪਾ ਦੀਆਂ ਕੋਝੀਆਂ ਚਾਲਾਂ ਨੂੰ ਭਲੀ-ਭਾਂਤ ਸਮਝਦੇ ਹਨ, ਜਿਨ੍ਹਾਂ ਵਿਚ ਪੰਜਾਬ ਯੂਨੀਵਰਸਿਟੀ ‘ਤੇ ਕਬਜ਼ੇ ਦੀ ਕੋਸ਼ਿਸ਼, ਬੀ.ਬੀ.ਐਮ.ਬੀ. ਨੂੰ ਹਥਿਆਉਣ ਦੀ ਸਾਜ਼ਿਸ਼, ਕਦੇ ਚੰਡੀਗੜ੍ਹ ‘ਤੇ ਕਬਜ਼ੇ ਦੀ ਕੋਸ਼ਿਸ਼ ਕਰਨਾ ਸ਼ਾਮਿਲ ਹਨ। ਇਸ ਦੇ ਉਲਟ ਪੰਜਾਬੀ ਆਪਣੇ ਹੱਕਾਂ ਦੀ ਰਾਖੀ ਕਰਨੀ ਜਾਣਦੇ ਹਨ। ਵਿਰੋਧ ਪ੍ਰਦਰਸ਼ਨ ਮੌਕੇ ਵਿਧਾਇਕ ਅਸ਼ੋਕ ਪਰਾਸ਼ਰ ਪੱਪੀ, ਦਲਜੀਤ ਸਿੰਘ ਭੋਲਾ ਗਰੇਵਾਲ, ਕੁਲਵੰਤ ਸਿੰਘ ਸਿੱਧੂ, ਜੀਵਨ ਸਿੰਘ ਸੰਗੋਵਾਲ, ਹਾਕਮ ਸਿੰਘ ਠੇਕੇਦਾਰ, ਲੋਕ ਸਭਾ ਇੰਚਾਰਜ ਸ਼ਰਨਪਾਲ ਸਿੰਘ ਮੱਕੜ, ਚੇਅਰਮੈਨ ਹੇਮਰਾਜ ਰਾਜੀ, ਲੁਧਿਆਣਾ ਦਿਹਾਤੀ ਦੇ ਪ੍ਰਧਾਨ ਤੇਜਪਾਲ ਸਿੰਘ ਗਿੱਲ, ਸਕੱਤਰ ਵਿਜੇ ਬੈਕਟਰ, ਸਕੱਤਰ ਨਿਧੀ ਗੁਪਤਾ, ਗੁਰਵੀਰ ਬਾਜਵਾ ਗੋਲੂ, ਹਨੀ ਬੇਦੀ, ਸੰਦੀਪ ਬੈਂਸ, ਅਜੇ ਮਿੱਤਲ, ਦਵਿੰਦਰ ਸਿੰਘ ਵਰਮਾ, ਰਾਧਾ ਮਲਹੋਤਰਾ, ਪਰਮਿੰਦਰ ਸਿੰਘ ਸੰਧੂ, ਕਰਨ ਸ਼ਰਮਾ, ਰਵਿੰਦਰ ਪਾਲ ਸਿੰਘ ਪਾਲੀ, ਪੁਨੀਤ ਸਾਹਨੀ, ਵਰੁਣ ਮਹਿਤਾ, ਅਜਿੰਦਰ ਪਾਲ ਕੌਰ, ਮਨੀਸ਼ਾ ਕਪੂਰ, ਪਰਮਵੀਰ ਸਿੰਘ ਪ੍ਰਿੰਸ, ਵਿਜੇ ਸਿੰਘ, ਕਪਿਲ ਸਿੱਧੂ, ਰਾਜਕੁਮਾਰ ਅਗਰਵਾਲ, ਹਰਮੋਹਨ ਸਿੰਘ ਗੁੱਡੂ, ਅਨੀਸ ਖਾਨ, ਸਤਨਾਮ ਸਿੰਘ ਸਨੀ ਮਾਸਟਰ, ਬਲਵਿੰਦਰ ਸਿੰਘ ਵੀ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਮੋਦੀ ਦੇ 25 ਸਾਲਾਂ ਦੇ ਜਨਤਕ ਜੀਵਨ ਨੂੰ ਸਮਰਪਿਤ ਭਾਜਪਾ ਨੇ ਕੱਢੀ ਸੇਵਾ ਜੋਤੀ ਯਾਤਰਾ ਅਗਲੀ ਖ਼ਬਰ ਰੱਦ ਫ਼ੈਸਲਾ ਰਾਤੋ-ਰਾਤ ਬਦਲ ਕੇ 84 ਕਰੋੜ ਦਾ ਸਵੀਪਿੰਗ ਟੈਂਡਰ ਪਾਸ
Ad Position 24