ਦਿਆਨੰਦ ਹਸਪਤਾਲ ਦੇ ਡਾਕਟਰ ਨੂੰ ਮ੍ਰਿਤਕ ਅੰਗ ਦਾਨ ਤੇ ਅੰਗ ਬਦਲਣ ਦੇ ਖੇਤਰ ’ਚ ਸ਼ਾਨਦਾਰ ਕਾਰਗੁਜ਼ਾਰੀ ਲਈ ਮਿਲਿਆ ਰਾਸ਼ਟਰੀ ਸਨਮਾਨ
ਲੁਧਿਆਣਾ, 6 ਅਗਸਤ (ਡਾ. ਤਰਲੋਚਨ ਸਿੰਘ)-ਦਿਆਨੰਦ ਹਸਪਤਾਲ ਦੇ ਡਾ.
ਲੁਧਿਆਣਾ, 6 ਅਗਸਤ (ਡਾ. ਤਰਲੋਚਨ ਸਿੰਘ)-ਦਿਆਨੰਦ ਹਸਪਤਾਲ ਦੇ ਡਾ. ਪੀ.ਐਲ. ਗੌਤਮ, ਪ੍ਰੋਫੈਸਰ ਅਤੇ ਮੁਖੀ, ਕ੍ਰਿਟੀਕਲ ਕੇਅਰ ਮੈਡੀਸਨ ਵਿਭਾਗ ਅਤੇ ਟਰਾਂਸਪਲਾਂਟ ਕੋਆਰਡੀਨੇਟਰ ਸੰਦੀਪ ਸਿੰਘ ਨੂੰ ਭਾਰਤ ਸਰਕਾਰ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਅਧੀਨ ਨੈਸ਼ਨਲ ਆਰਗਨ ਐਂਡ ਟਿਸ਼ੂ ਟਰਾਂਸਪਲਾਂਟ ਆਰਗੇਨਾਈਜ਼ੇਸ਼ਨ ਵਲੋਂ ‘ਮ੍ਰਿਤਕ ਅੰਗ ਦਾਨ ਅਤੇ ਅੰਗ ਬਦਲਣ ਦੇ ਖੇਤਰ ਵਿਚ ਸ਼ਾਨਦਾਰ ਕਾਰਗੁਜ਼ਾਰੀ’ ਲਈ ਰਾਸ਼ਟਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਇਹ ਪੁਰਸਕਾਰ ਬੀਤੇ ਦਿਨੀਂ ਨਵੀਂ ਦਿੱਲੀ ਵਿਚ ਮਨਾਏ ਗਏ 16ਵੇਂ ਭਾਰਤੀ ਅੰਗ ਦਾਨ ਦਿਵਸ ਮੌਕੇ ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਰਾਜ ਮੰਤਰੀ ਅਨੁਪ੍ਰਿਆ ਪਟੇਲ ਵਲੋਂ ਪ੍ਰਦਾਨ ਕੀਤਾ ਗਿਆ। ਇਹ ਸਨਮਾਨ ਦਿਆਨੰਦ ਹਸਪਤਾਲ ਵਲੋਂ ਅੰਗ ਦਾਨ ਅਤੇ ਅੰਗ ਬਦਲਣ ਦੇ ਖੇਤਰ ਵਿਚ ਦਿੱਤੇ ਗਏ ਵਿਲੱਖਣ ਯੋਗਦਾਨ ਅਤੇ ਅੰਤਿਮ ਪੜਾਅ ਦੇ ਅੰਗ ਫ਼ੇਲ੍ਹ ਹੋਣ ਨਾਲ ਜੂਝ ਰਹੇ ਮਰੀਜ਼ਾਂ ਨੂੰ ਨਵੀਂ ਜ਼ਿੰਦਗੀ ਦੇਣ ਲਈ ਟੀਮ ਦੀ ਅਟੱਲ ਵਚਨਬੱਧਤਾ ਦਾ ਪ੍ਰਤੀਕ ਹੈ। ਡਾ. ਪੀ.ਐਲ. ਗੌਤਮ ਨੇ ਕਿਹਾ ਕਿ ਅੰਗ ਦਾਨ ਦੁੱਖ ਦੀ ਘੜੀ ਵਿਚ ਮਨੁੱਖਤਾ ਅਤੇ ਦਇਆ ਦਾ ਸਭ ਤੋਂ ਉਚਾ ਰੂਪ ਹੈ। ਆਪਣੇ ਪਿਆਰੇ ਨੂੰ ਖੋਹਣ ਦੇ ਬਾਵਜੂਦ ਅੰਗ ਦਾਨ ਕਰਨ ਦਾ ਫ਼ੈਸਲਾ ਦਿਲ, ਜਿਗਰ, ਫੇਫੜੇ, ਗੁਰਦੇ ਦੀ ਗੰਭੀਰ ਬਿਮਾਰੀ ਨਾਲ ਜੂਝ ਰਹੇ ਮਰੀਜ਼ਾਂ ਨੂੰ ਨਵਾਂ ਜੀਵਨ ਦਿੰਦਾ ਹੈ। ਉਨ੍ਹਾਂ ਕਿਹਾ ਕਿ ਅਸੀਂ ਉਨ੍ਹਾਂ ਮ੍ਰਿਤਕ ਦਾਨੀਆਂ ਦੇ ਪਰਿਵਾਰਾਂ ਦੇ ਹਮੇਸ਼ਾ ਰਿਣੀ ਰਹਾਂਗੇ, ਜਿਨ੍ਹਾਂ ਦੇ ਨਿਸ਼ਕਾਮ ਫ਼ੈਸਲਿਆਂ ਨੇ ਅੰਗ ਦਾਨ ਪ੍ਰਤੀ ਸਮਾਜ ਦੀ ਸੋਚ ਅਤੇ ਵਿਸ਼ਵਾਸ ਨੂੰ ਬਦਲਣ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਇਹ ਸਨਮਾਨ ਅਸਲ ਵਿਚ ਉਨ੍ਹਾਂ ਦਾਨੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ, ਟਰਾਂਸਪਲਾਂਟ ਟੀਮ ਦੇ ਹਰ ਮੈਂਬਰ ਅਤੇ ਗ੍ਰੀਨ ਕੋਰੀਡੋਰ ਸਮੇਤ ਲੋੜੀਂਦੀ ਪ੍ਰਸ਼ਾਸਨਿਕ ਸਹਾਇਤਾ ਮੁਹੱਈਆ ਕਰਵਾਉਣ ਵਾਲੀਆਂ ਸਰਕਾਰੀ ਏਜੰਸੀਆਂ ਨੂੰ ਸਮਰਪਿਤ ਹੈ। ਇਹ ਸਾਨੂੰ ਅੰਗ ਦਾਨ ਬਾਰੇ ਜਾਗਰੂਕਤਾ ਵਧਾਉਣ, ਟਰਾਂਸਪਲਾਂਟ ਸੇਵਾਵਾਂ ਨੂੰ ਹੋਰ ਮਜ਼ਬੂਤ ਕਰਨ ਅਤੇ ਵਧੇਰੇ ਜਾਨਾਂ ਬਚਾਉਣ ਲਈ ਨਿਰੰਤਰ ਕੰਮ ਕਰਨ ਦੀ ਪ੍ਰੇਰਨਾ ਦਿੰਦਾ ਹੈ। ਹਸਪਤਾਲ ਮੈਨੇਜਿੰਗ ਸੁਸਾਇਟੀ ਦੇ ਸਕੱਤਰ ਬਿਪਿਨ ਗੁਪਤਾ ਨੇ ਪੂਰੀ ਟਰਾਂਸਪਲਾਂਟ ਟੀਮ ਨੂੰ ਵਧਾਈ ਦਿੰਦਿਆਂ ਕਿਹਾ ਕਿ ਨੋਟੋ ਵਲੋਂ ਮਿਲਿਆ ਇਹ ਰਾਸ਼ਟਰੀ ਸਨਮਾਨ ਹਸਪਤਾਲ ਲਈ ਬਹੁਤ ਮਾਣ ਵਾਲੀ ਗੱਲ ਹੈ। ਸੁਸਾਇਟੀ ਡਾ. ਪੀ.ਐਲ. ਗੌਤਮ, ਡਾ. ਗੁਰਸਾਗਰ ਸਿੰਘ ਸਹੋਤਾ, ਡਾ. ਸੰਗਮ ਪਪਨੇਜਾ, ਡਾ. ਸੁਨੀਤ ਕਥੂਰੀਆ, ਸੰਦੀਪ ਸਿੰਘ ਅਤੇ ਪੂਰੀ ਬਹੁ-ਵਿਭਾਗੀ ਟੀਮ ਨੂੰ ਇਸ ਸ਼ਾਨਦਾਰ ਪ੍ਰਾਪਤੀ ਲਈ ਦਿਲੋਂ ਵਧਾਈ ਦਿੰਦੀ ਹੈ। ਪ੍ਰਿੰਸੀਪਲ ਡਾ. ਜੀ. ਐਸ. ਵਾਂਡਰ ਨੇ ਕਿਹਾ ਕਿ ਨੋਟੋ ਵਲੋਂ ਮਿਲਿਆ ਇਹ ਰਾਸ਼ਟਰੀ ਸਨਮਾਨ ਅੰਗ ਬਦਲਣ ਦੇ ਖੇਤਰ ਵਿਚ ਹਸਪਤਾਲ ਦੀ ਉਤਕ੍ਰਿਸ਼ਟਤਾ ਦਾ ਪ੍ਰਮਾਣ ਹੈ। ਇਹ ਸਨਮਾਨ ਸਾਡੀ ਬਹੁ-ਵਿਭਾਗੀ ਟੀਮ ਦੀ ਮਿਹਨਤ, ਮਰੀਜ਼ਾਂ ਅਤੇ ਦਾਨੀ ਪਰਿਵਾਰਾਂ ਦੇ ਵਿਸ਼ਵਾਸ ਅਤੇ ਨੈਤਿਕ ਅੰਗ ਦਾਨ ਅਤੇ ਵਿਸ਼ਵ-ਪੱਧਰੀ ਟਰਾਂਸਪਲਾਂਟ ਸੇਵਾਵਾਂ ਨੂੰ ਮਜ਼ਬੂਤ ਕਰਨ ਲਈ ਸਾਡੀ ਲਗਾਤਾਰ ਵਚਨਬੱਧਤਾ ਨੂੰ ਦਰਸਾਉਂਦਾ ਹੈ।