ਮਾਛੀਵਾੜਾ ਸਾਹਿਬ (ਲੁਧਿਆਣਾ), 12 ਨਵੰਬਰ (ਰਾਜਦੀਪ ਸਿੰਘ ਅਲਬੇਲਾ) - ਬੀਤੀ ਰਾਤ ਕੁਹਾੜਾ ਰੋਡ ’ਤੇ ਚੋਰ ਸੜਕ ’ਤੇ ਖੜ੍ਹੇ ਇਕ ਟਰੱਕ ਦੇ 8 ਟਾਇਰ ਚੋਰੀ ਕਰਕੇ ਲੈ ਗਏ। ਮਾਂਗਟ ਕਾਲੋਨੀ ਦੇ ਵਾਸੀ ਗਿਆਨ ਸਿੰਘ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਕਿ ਉਹ ਟਰਾਂਸਪੋਰਟ ਦਾ ਕੰਮ ਕਰਦਾ ਹੈ ਅਤੇ ਉਸਨੇ ਆਪਣਾ ਇਕ ਟਰੱਕ ਪੀਬੀ 10 ਐੱਚਡੀ 2488 ਘਰ ਦੇ ਬਾਹਰ ਖੜ੍ਹਾ ਕੀਤਾ ਹੋਇਆ ਸੀ।
ਜਦੋਂ ਉਸਨੇ ਸਵੇਰੇ ਉੱਠ ਕੇ ਦੇਖਿਆ ਤਾਂ ਟਰੱਕ ਦੇ 8 ਟਾਇਰ ਰਿੰਮਾਂ ਸਮੇਤ ਚੋਰੀ ਹੋ ਚੁੱਕੇ ਸਨ। ਚੋਰ ਟਰੱਕ ਨੂੰ ਇੱਟਾਂ ਸਹਾਰੇ ਛੱਡ ਕੇ ਚਲੇ ਗਏ। ਟਰਾਂਸਪੋਰਟਰ ਅਨੁਸਾਰ ਉਸਦਾ 3 ਲੱਖ ਤੋਂ ਵੱਧ ਦਾ ਨੁਕਸਾਨ ਹੋਇਆ ਹੈ। ਆਸਪਾਸ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਜਾਂਚ ਦੌਰਾਨ ਪਤਾ ਲੱਗਾ ਕਿ ਇਕ ਜੀਪ ਸ਼ੱਕੀ ਹਾਲਤਾਂ ਵਿਚ ਟਰੱਕ ਕੋਲ ਆ ਕੇ ਰੁਕੀ ਜਿਸ ’ਚੋਂ ਕੁਝ ਵਿਅਕਤੀ ਨਿਕਲਦੇ ਦੇਖੇ ਗਏ। ਪੁਲਿਸ ਵਲੋਂ ਮੌਕੇ ਦੀ ਜਾਂਚ ਕੀਤੀ ਗਈ ਅਤੇ ਟਰਾਂਸਪੋਰਟਰ ਦੀ ਸ਼ਿਕਾਇਤ ਤੋਂ ਬਾਅਦ ਚੋਰਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।